ਅੱਧੀ ਛੁੱਟੀ ਵੇਲੇ ਸਾਰੇ ਬੱਚੇ ਘੇਰਾ ਬਣਾ ਕੇ ਬੈਠ ਜਾਂਦੇ ਤੇ ਨਾਲ ਲਿਆਂਦੀ ਰੋਟੀ ਰਲ-ਮਿਲ ਕੇ ਖਾਂਦੇ, ਖੇਡਦੇ ਤੇ ਗੱਲਾਂ ਕਰਦੇ। ਇਹਨਾਂ ਵਿੱਚੋਂ ਸਭ ਤੋਂ ਵੱਧ ਛੋਟੀ ਹੀ ਬੋਲਦੀ ਸੀ।
ਛੋਟੀ ਆਪਣੇ ਕਈ ਭੈਣ-ਭਰਾਵਾਂ ਨਾਲ ਝੌਂਪੜਪੱਟੀ ਦੀ ਇਕ ਨਿੱਕੀ ਜਿਹੀ ਝੌਂਪੜੀ ਵਿਚ ਰਹਿੰਦੀ ਸੀ। ਉਹਨੂੰ ਉਹ ਸਿਰਫ ਇਸ ਲਈ ਘਰ ਕਹਿ ਸਕਦੀ ਸੀ ਕਿ ਉਹ ਫੁਟਪਾਥ ਉੱਤੇ ਨਹੀਂ ਸੀ। ਸਾਕੀ ਸੁਵਿਧਾਵਾਂ ਧੁੱਪ, ਪਾਣੀ ਤੇ ਹਵਾ ਫੁਟਪਾਥ ਵਰਗੀਆਂ ਹੀ ਸਨ। ਛੋਟੀ ਦਾ ਪਿਓ ਕਿਤੇ ਭੱਜ ਗਿਆ ਸੀ। ਮਾਂ ਤੇ ਵੱਡੀ ਭੈਣ ਭਾਂਡੇ-ਸਫਾਈ ਦਾ ਕੰਮ ਕਰਦੀਆਂ ਸਨ। ਛੋਟੀ ਅਜੇ ਭਾਂਡੇ-ਬਹੁਕਰ ਕਰਨ ਲਾਇਕ ਨਹੀਂ ਸੀ ਹੋਈ। ਅਜੇ ਉਹ ਆਪ ਹੀ ਇਕ ਨਿੱਕੇ ਜਿਹੇ ਬਰਤਨ ਵਰਗੀ ਦਿੱਸਦੀ ਸੀ। ਇਸਲਈ ਹੀ ਪ੍ਰਾਇਮਰੀ ਸਕੂਲ ਵਿਚ ਪੜ੍ਹਨ ਜਾਂਦੀ ਸੀ। ਉਹ ਅੱਧੀ ਛੁੱਟੀ ਲਈ ਰੋਟੀ ਨਹੀਂ ਲਿਆ ਸਕਦੀ ਸੀ। ਉਹਦੇ ਕਪੜੇ ਜ਼ਰੂਰ ਦੂਜੇ ਬੱਚਿਆਂ ਦੇ ਕਪੜਿਆਂ ਨਾਲੋਂ ਘਟੀਆ ਤੇ ਗੰਦੇ ਰਹਿੰਦੇ, ਪਰ ਉਹਦੇ ਚਿਹਰੇ ਦੀ ਮਾਸੂਮੀਅਤ ਦੂਜੇ ਬੱਚਿਆਂ ਤੋਂ ਘੱਟ ਨਹੀਂ ਸੀ। ਬਾਕੀ ਬੱਚੇ ਵੀ ਅਜੇ ਇੰਨੇ ਵੱਡੇ ਨਹੀਂ ਸਨ ਹੋਏ ਕਿ ਉਹ ਊਚ-ਨੀਚ ਤੇ ਅਮੀਰ-ਗਰੀਬ ਦੇ ਫਰਕ ਨੂੰ ਸਮਝ ਸਕਣ। ਇਸਲਈ ਉਹ ਛੋਟੀ ਨੂੰ ਵੀ ਆਪਣੇ ਨਾਲ ਖਾਣਾ ਖਵਾਉਂਦੇ।
ਛੋਟੀ ਪੜ੍ਹਾਈ ਵਿਚ ਤਾਂ ਜ਼ਿਆਦਾ ਹੁਸ਼ਿਆਰ ਨਹੀਂ ਸੀ. ਪਰ ਉਹ ਇੱਧਰ-ਉੱਧਰ ਦੀਆਂ ਗੱਲਾਂ ਬਹੁਤ ਮਗਨ ਹੋ, ਚੇਹਰੇ ਦੇ ਭਾਵ ਬਣਾ ਬਣਾ ਸੁਣਾਉਂਦੀ। ਦੂਜੇ ਬੱਚੇ ਝਿਜਕ ਕਾਰਨ ਕੁਝ ਘੱਟ ਹੀ ਬੋਲਦੇ, ਇਸਲਈ ਛੋਟੀ ਦਾ ਪ੍ਰਭਾਵ ਉਹਨਾਂ ਉੱਤੇ ਪੈ ਜਾਂਦਾ। ਇਸਲਈ ਵੀ ਉਹ ਛੋਟੀ ਨੂੰ ਅਕਸਰ ਆਪਣੇ ਕੋਲ ਬੁਲਾਉਂਦੇ ਤੇ ਉਹਦੇ ਨੇੜੇ ਬੈਠਣ ਲਈ ‘ਕੁਰਸੀ ਦੌੜ ਦੀ ਰਿਹਰਸਲ’ ਕਰ ਲੈਂਦੇ। ਛੋਟੀ ਨੂੰ ਭਾਵੇਂ ਨਾ ਪਤਾ ਹੋਵੇ, ਪਰ ਉਹਦੇ ਨਿੱਕੇ ਜਿਹੇ ਮਨ ਵਿਚ ਜ਼ਰੂਰ ਇਹ ਗੱਲ ਘਰ ਕਰ ਗਈ ਸੀ ਕਿ ਇਹਨਾਂ ਦਾ ਖਾਂਦੀ ਹਾਂ ਤਾਂ ਇਹਨਾਂ ਨੂੰ ਗੱਲਾਂ ਸੁਣਾ ਕੇ ਰਿਝਾਉਣਾ ਵੀ ਚਾਹੀਦਾ ਹੈ। ਤੇ ਉਹ ਹਰ ਰੋਜ਼ ਰਿਝਾਉਂਦੀ ਵੀ ਸੀ।
ਛੋਟੀ ਅਕਸਰ ਰਾਤ ਨੂੰ ਵੇਖੇ ਸੁਫਨੇ ਦੀਆਂ ਗੱਲਾਂ ਕਰਦੀ। ਕਦੇ ਕਹਿੰਦੀ, ਸੁਫਨੇ ਵਿਚ ਉਹਨੇ ਦਰੱਖਤ ਉੱਤੇ ਰੋਟੀਆਂ ਲੱਗੀਆਂ ਵੇਖੀਆਂ। ਕਦੇ ਕਹਿੰਦੀ, ਸੁਫਨੇ ਵਿਚ ਉਹਨੇ ਇਕ ਅਜਿਹੀ ਰੇਲਗੱਡੀ ਵੇਖੀ, ਜਿਸ ਵਿਚ ਪਹੀਆਂ ਦੀ ਜਗ੍ਹਾ ਰੋਟੀਆਂ ਲੱਗੀਆਂ ਸਨ। ਤੇ ਕਦੇ ਕਹਿੰਦੀ ਕਿ ਇਕ ਰਾਕਸ਼ਸ ਆ ਕੇ ਉਹਦੀਆਂ ਸਾਰੀਆਂ ਰੋਟੀਆਂ ਲੈ ਗਿਆ। ਤੇ ਕਦੇ ਕਹਿੰਦੀ, ‘ਅੱਜ ਸੁਫਨੇ ਵਿਚ ਇਕ ਪਰੀ ਆਈ। ਉਹਨੇ ਮੈਨੂੰ ਜਾਦੂ ਦੀ ਇਕ ਛੜੀ ਦਿੱਤੀ, ਜਿਸਨੂੰ ਘੁਮਾਉਂਦੇ ਹੀ ਮੇਰੇ ਕੋਲ ਢੇਰ ਸਾਰੀਆਂ ਰੋਟੀਆਂ ਆ ਗਈਆਂ। ਤੇ ਫਿਰ ਅਸੀਂ ਸਾਰੇ ਉਨ੍ਹਾਂ ਰੋਟੀਆਂ ਨੂੰ ਖਾਣ ਲੱਗੇ ਤੇ ਉਨ੍ਹਾਂ ਨਾਲ ਖੇਡਣ ਲੱਗੇ।’
ਇਕ ਦਿਨ ਉਹ ਸੁਫਨਾ ਸੁਣਾ ਰਹੀ ਸੀ–“ਕੱਲ੍ਹ ਮੈਂ ਸੁਫਨੇ ’ਚ ਇਕ ਰੋਟੀ ਅਜਿਹੀ ਵੇਖੀ ਕਿ …”
“ਠਹਿਰ, ਰੁਕ ਜਰਾ ਛੋਟੀ! ਤੂੰ ਹਰ ਰੋਜ਼ ਰੋਟੀ ਦੇ ਈ ਸੁਫਨੇ ਸੁਣਾਉਨੀ ਰਹਿਨੀਂ ਐਂ, ਕੀ ਤੈਨੂੰ ਦੂਜੇ ਸੁਫਨੇ ਨਹੀਂ ਆਉਂਦੇ?” ਇਕ ਬੱਚੇ ਨੇ ਪੁੱਛਿਆ।
“ਕੀ ਦੂਜੇ ਸੁਫਨੇ ਵੀ ਹੁੰਦੇ ਹਨ?” ਹੈਰਾਨੀ ਤੇ ਭੋਲੇਪਨ ਨਾਲ ਭਰਿਆ ਛੋਟੀ ਦਾ ਜੁਆਬ ਵੀ ਸੀ ਤੇ ਸਵਾਲ ਵੀ।
–ਘਨਸ਼ਿਆਮ ਅਗਰਵਾਲ