ਹਵੇਲੀ ਅੱਗੇ ਬੈਠਾ ਸਰਪੰਚ ਆਪਣੇ ਹਮੈਤੀਆਂ ਨਾਲ ਮਾਮਲੇ ਨਜਿੱਠਣ ਸਬੰਧੀ ਸਲਾਹ-ਮਸ਼ਵਰਾ ਕਰ ਰਿਹਾ ਸੀ। ਉਹਨਾਂ ਦੇ ਕੋਲ ਹੀ ਰੰਗਰੂਟੀ ਕਰ ਕੇ ਛੁੱਟੀ ਆਇਆ ਸਰਪੰਚ ਦਾ ਮੁੰਡਾ ਆਪਣੀ ਵਰਦੀ ਕਸੀ ਮਿੱਤਰ ਮੰਡਲੀ ਵਿਚ ਬੈਠਾ ਚਟਕਾਰੇ ਲੈ ਲੈ ਕੇ ਰੰਗਰੂਟੀ ਦੀਆਂ ਗੱਲਾਂ ਸੁਣਾ ਰਿਹਾ ਸੀ। ਇਤਨੇ ਨੂੰ ਪਿੰਡ ਛੁੱਟੀ ਆਇਆ ਸੂਬੇਦਾਰ ਨਿਸ਼ਾਨ ਸਿੰਘ ਵਿਹੜੇ ਨੂੰ ਜਾਣ ਲਈ ਹਵੇਲੀ ਅੱਗਿਓਂ ਲੰਘਣ ਲੱਗਾ ਤਾਂ ਸਰਪੰਚ ਦੇ ਮੁੰਡੇ ਨੇ ਉੱਠ ਕੇ ਠਾਹ ਕਰਦਾ ਸੈਲਿਊਟ ਮਾਰਿਆ।
ਸੈਲਿਊਟ ਦਾ ਉੱਤਰ ਦੇ ਕੇ ਜਦੋਂ ਸੂਬੇਦਾਰ ਥੋੜਾ ਜਿਹਾ ਅੱਗੇ ਚਲਾ ਗਿਆ ਤਾਂ ਪਿਛਲੇ ਪਾਸਿਉਂ ਕਿਸੇ ਨੇ ਸ਼ਬਦਾਂ ਦਾ ਵਾਰ ਕੀਤਾ, “ਆਜ਼ਾਦੀ ਤਾਂ ਇਹਨਾਂ ਨੂੰ ਮਿਲੀ ਐ। ਵੇਖਿਆ ਸੂਬੇਦਾਰ ਦਾ ਟੋਹਰ, ਸਰਪੰਚ ਦਾ ਮੁੰਡਾ ਵੀ ਸਲੂਟ ਮਾਰਦੈ।”
“ਭਾਊ ਜੀ, ਬੰਦੇ ਨੂੰ ਕੌਣ ਪੁਛਦੈ। ਇਹ ਤਾਂ ਮੋਢੇ ਤੇ ਲੱਗੇ ਫੁੱਲਾਂ ਦੀ ਇੱਜ਼ਤ ਐ।”
“ਕੋਈ ਨੀ…ਸੂਬੇਦਾਰ ਨੂੰ ਸਨਾਹ ਭੇਜ ਦਿੰਨੇਂ ਆਂ ਕਿ ਹੁਣ ਵਰਦੀ ਪਾ ਕੇ ਪਿੰਡ ਨਾ ਆਇਆ ਕਰੇ।” ਸਰਪੰਚ ਨੇ ਖਲਾਅ ਨੂੰ ਘੂਰਦਿਆਂ ਕਿਹਾ।
–ਹਰਭਜਨ ਖੇਮਕਰਨੀ