ਜੀ ਆਇਆਂ ਨੂੰ
You are here: Home >> Literature ਸਾਹਿਤ >> kavitavaan ਕਵਿਤਾਵਾਂ >> ਵਾਸਤਾ ਈ ਮੇਰਾ

ਵਾਸਤਾ ਈ ਮੇਰਾ

ਵਾਸਤਾ ਈ ਮੇਰਾ ;
ਮੇਰੇ ਦਿਲੇ ਦਿਆ ਮਹਿਰਮਾਂ ਵੇ,
ਫੁੱਲੀਆਂ ਕਨੇਰਾਂ ਘਰ ਆ !
ਲਗੀ ਤੇਰੀ ਦੀਦ ਦੀ
ਵੇ ਤੇਹ ਸਾਡੇ ਦੀਦਿਆਂ ਨੂੰ,
ਇਕ ਘੁੱਟ ਚਾਨਣੀ ਪਿਆ !

ਕਾਲੇ ਕਾਲੇ ਬਾਗਾਂ ਵਿਚੋਂ
ਚੰਨਣ ਮੰਗਾਨੀਆਂ ਵੇ,
ਦੇਨੀਆਂ ਮੈਂ ਚੌਂਕੀਆਂ ਘੜਾ !
ਸੋਨੇ ਦਾ ਮੈਂ ਗੜਵਾ –
ਤੇ ਗੰਗਾਜਲ ਦੇਨੀਆਂ ਵੇ
ਮਲ ਮਲ ਵਟਣਾ ਨਹਾ !

ਸੂਹਾ ਰੰਗ ਆਥਣਾਂ-
ਲਲਾਰਨਾਂ ਤੋਂ ਮੰਗ ਕੇ ਵੇ,
ਦੇਨੀਆਂ ਮੈਂ ਚੀਰਾ ਵੇ ਰੰਗਾ,
ਸ਼ੀਸ਼ਾ ਬਣ ਬਹਿਨੀ ਆਂ
ਮੈਂ ਤੇਰੇ ਸਾਹਵੇਂ ਢੋਲਣਾਂ ਵੇ,
ਇਕ ਤੰਦ ਸੁਰਮੇ ਦੀ ਪਾ !

ਨਿੱਤ ਤੇਰੇ ਬਿਰਹੇ ਨੂੰ-
ਛਿਛੜੇ ਵੇ ਆਂਦਰਾਂ ਦੇ
ਹੁੰਦੇ ਨਹੀਉਂ ਸਾਡੇ ਤੋਂ ਖੁਆ !
ਟੁੱਕ ਚਲੇ ਬੇਰੀਆਂ ਵੇ,
ਰਾ-ਤੋਤੇ ਰੂਪ ਦੀਆਂ l
ਮਾਲੀਆ ਵੇ ਆਣ ਕੇ ਉਡਾ !

ਰੁੱਖਾਂ ਸੰਗ ਰੁੱਸ ਕੇ-
ਹੈ ਟੁਰ ਗਈ ਪੇਕੜੇ ਵੇ
ਸਾਵੀ ਸਾਵੀ ਪੱਤਿਆਂ ਦੀ ਭਾ !
ਰੁੱਤਾਂ ਦਾ ਸਪੇਰਾ ਅਜ –
ਭੌਂਰੀਆਂ ਦੀ ਜੀਭ ਉੱਤੇ,
ਗਿਆ ਈ ਸਪੋਲੀਆ ਲੜਾ l

ਥੱਕੀ ਥੱਕੀ ਯਾਦ ਤੇਰੀ,
ਆਈ ਸਾਡੇ ਵਿਰਹੜੇ ਵੇ
ਦਿੱਤੇ ਅਸਾਂ ਪਲੰਘ ਵਿੱਛਾ
ਮਿੱਠੀ- ਮਿੱਠੀ ਮਹਿਕ-
ਚੰਬੇਲੀਆਂ ਦੀ ਪਹਿਰਾ ਦੇਂਦੀ,
ਅੱਧੀ ਰਾਤੀਂ ਗਈ ਊ ਜਗਾ !

ਮਾੜੀ ਮਾੜੀ ਹੋਵੇ ਵੇ
ਕਲੇਜੜੇ ‘ਚ ਪੀੜ ਜੇਹੀ,
ਠੰਡੀ-ਠੰਡੀ ਵਗਦੀ ਊ ਵਾ !
ਪੈਣ ਪਈਆਂ ਦੰਦਲਾਂ ਵੇ
ਨਦੀ ਦਿਆਂ ਪਾਣੀਆਂ ਨੂੰ ;
ਨਾਉਂਦੀ ਕੋਈ ਵੇਖ ਕੇ ਸ਼ੁਆ !

ਪਿੰਡ ਦੀਆਂ ਢੱਕੀਆਂ ਤੇ
ਲੱਕ ਲੱਕ ਉਗਿਆ ਵੇ,
ਪੀਲਾ ਪੀਲਾ ਕਿਰਨਾਂ ਦਾ ਘਾ !
ਰੁੱਕ ਰੁੱਕ ਹੋਈਆਂ –
ਤਰਕਾਲਾਂ ਸਾਨੂੰ ਚੰਨਣਾ ਵੇ,
ਹੋਰ ਸਾਥੋਂ ਰੁਕਿਆ ਨਾ ਜਾ !

ਖੇਡੇ ਤੇਰਾ ਦੁਖੜਾ-
ਅੰਞਾਣਾ ਸਾਡੇ ਆਂਙਣੇ ਜੇ,
ਦੇਨੀਆਂ ਤੜਾਗੀਆਂ ਬਣਾ !
ਮਾਰ ਮਾਰ ਅੱਡੀਆਂ –
ਜੇ ਨੱਚੇ ਤੇਰੀ ਵੇਦਨਾ ਵੇ,
ਦੇਨੀਆਂ ਮੈਂ ਝਾਂਜਰਾਂ ਘੜਾ !

ਉੱਡੀ ਉੱਡੀ ਰੋਹੀਆਂ ਵੱਲੋਂ
ਆਈ ਡਾਰ ਲਾਲੀਆਂ ਦੀ,
ਦਿਲੇ ਦਾ ਗਈ ਬੂਟੜਾ ਹਿਲਾ !
ਥੱਕ ਗਈ ਚੁਬਾਰੀਆਂ ਤੇ
ਕੰਙਨੀ ਖਿਲਾਰਦੀ ਮੈਂ,
ਬੈਠ ਗਈ ਊ ਝੰਗੀਆਂ ‘ਚ ਜਾ

ਸੋਹਣਿਆਂ ਦੁਮੇਲਾਂ ਦੀ-
ਬਲੌਰੀ ਜੇਹੀ ਅੱਖ ਉੱਤੇ,
ਬੱਦਲਾਂ ਦਾ ਮਹਿਲ ਪੁਆ
ਸੂਰਜੇ ਤੇ ਚੰਨ ਦੀਆਂ
ਬਾਰੀਆਂ ਰਖਾ ਦੇ ਵਿਚ,
ਤਾਰੀਆਂ ਦਾ ਮੋਤੀਆ ਲੁਆ !

ਵਾਸਤਾ ਈ ਮੇਰਾ ,
ਮੇਰੇ ਦਿਲੇ ਦਿਆ ਮਹਿਰਮਾਂ ਵੇ,
ਫੁੱਲੀਆਂ ਕਨੇਰਾਂ ਘਰ ਆ !
ਲਗੀ ਤੇਰੀ ਦੀਦ ਦੀ
ਵੇ ਤੇਹ ਸਾਡੇ ਦੀਦਿਆਂ ਨੂੰ,
ਇਕ ਘੁੱਟ ਚਾਨਣੀ ਪਿਆ !

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar