ਕੱਲ੍ਹ ਨਵੇਂ ਜਦ ਸਾਲ ਦਾ
ਸੂਰਜ ਸੁਨਹਿਰੀ ਚੜ੍ਹੇਗਾ
ਮੇਰੀਆਂ ਰਾਤਾਂ ਦਾ ਤੇਰੇ
ਨਾਂ ਸੁਨੇਹਾ ਪੜ੍ਹੇਗਾ
ਤੇ ਵਫ਼ਾ ਹਰਫ਼ ਇਕ
ਤੇਰੀ ਤਲੀ ‘ਤੇ ਧਰੇਗਾ।
ਤੂੰ ਵਫ਼ਾ ਦਾ ਹਰਫ਼ ਆਪਣੀ
ਧੁੱਪ ਵਿਚ ਜੇ ਪੜ੍ਹ ਸਕੀ
ਤਾਂ ਤੇਰਾ ਸੂਰਜ ਮੇਰੀਆਂ
ਰਾਤਾਂ ਨੂੰ ਸਜਦਾ ਕਰੇਗਾ
ਤੇ ਰੋਜ਼ ਤੇਰੀ ਯਾਦ ਵਿਚ
ਇਕ ਗੀਤ ਸੂਲੀ ਚੜ੍ਹੇਗਾ।
ਪਰ ਵਫ਼ਾ ਦਾ ਹਰਫ਼ ਇਹ
ਔਖਾ ਹੈ ਏਡਾ ਪੜ੍ਹਨ ਨੂੰ
ਰਾਤਾਂ ਦਾ ਪੈਂਡਾ ਝਾਗ ਕੇ
ਕੋਈ ਸਿਦਕ ਵਾਲਾ ਪੜ੍ਹੇਗਾ
ਅੱਖਾਂ ‘ਚ ਸੂਰਜ ਬੀਜ ਕੇ
ਤੇ ਅਰਥ ਇਸ ਦੇ ਕਰੇਗਾ।
ਤੂੰ ਵਫ਼ਾ ਦਾ ਹਰਫ਼ ਇਹ
ਪਰ ਪੜ੍ਹਨ ਦੀ ਕੋਸਿ਼ਸ਼ ਕਰੀਂ
ਜੇ ਪੜ੍ਹ ਸਕੀ ਤਾਂ ਇਸ਼ਕ ਤੇਰੇ
ਪੈਰ ਸੁੱਚੇ ਫੜੇਗਾ
ਤੇ ਤਾਰਿਆਂ ਦਾ ਤਾਜ
ਤੇਰੇ ਸੀਸ ਉਪਰ ਧਰੇਗਾ।
ਇਹ ਵਫ਼ਾ ਦਾ ਹਰਫ਼ ਪਰ
ਜੇ ਤੂੰ ਕਿਤੇ ਨਾ ਪੜ੍ਹ ਸਕੀ
ਤਾਂ ਮੁੜ ਮੁਹੱਬਤ ‘ਤੇ ਕੋਈ
ਇਤਬਾਰ ਕੀਕਣ ਕਰੇਗਾ
ਤੇ ਧੁੱਪ ਵਿਚ ਇਹ ਹਰਫ਼ ਪੜ੍ਹਨੋਂ
ਹਰ ਜ਼ਮਾਨਾ ਡਰੇਗਾ।
ਦੁਨੀਆ ਦੇ ਆਸ਼ਕ ਬੈਠ ਕੇ
ਤੈਨੂੰ ਖ਼ਤ ਜਵਾਬੀ ਲਿਖਣਗੇ
ਪੁੱਛਣਗੇ ਏਸ ਹਰਫ਼ ਦੀ
ਤਕਦੀਰ ਦਾ ਕੀ ਬਣੇਗਾ
ਪੁੱਛਣਗੇ ਏਸ ਹਰਫ਼ ਨੂੰ
ਧਰਤੀ ‘ਤੇ ਕਿਹੜਾ ਪੜ੍ਹੇਗਾ।
ਦੁਨੀਆ ਦੇ ਆਸ਼ਕਾਂ ਨੂੰ ਵੀ
ਉੱਤਰ ਜੇ ਤੂੰ ਨਾ ਮੋੜਿਆ
ਤਾਂ ਦੋਸ਼ ਮੇਰੀ ਮੌਤ ਦਾ
ਤੇਰੇ ਸਿਰ ਜ਼ਮਾਨਾ ਮੜ੍ਹੇਗਾ
ਤੇ ਜੱਗ ਮੇਰੀ ਮੌਤ ਦਾ
ਸੋਗੀ ਸੁਨੇਹਾ ਪੜ੍ਹੇਗਾ।
Tagged with: kavitavaan ਕਵਿਤਾਵਾਂ Literature Literature ਸਾਹਿਤ Poetry Sad Poetry Shiv Kumar Batalvi Shiv Kumar Btalvi ਸ਼ਿਵ ਕੁਮਾਰ ਬਟਾਲਵੀ
Click on a tab to select how you'd like to leave your comment
- WordPress