ਜੀ ਆਇਆਂ ਨੂੰ
You are here: Home >> Literature ਸਾਹਿਤ >> ਸੰਤੂ

ਸੰਤੂ

ਅਧਖੜ ਉਮਰ ਦਾ ਸਿਧਰਾ ਜਿਹਾ ਸੰਤੂ ਬੇਮੇਚ ਬੂਟ ਪਾਈ ਪਾਣੀ ਦੀ ਬਾਲਟੀ ਚੁੱਕ ਜਦੋਂ ਪੌੜੀਆਂ ਚੜ੍ਹਨ ਲੱਗਾ ਤਾਂ ਮੈਂ ਉਹਨੂੰ ਸੁਚੇਤ ਕੀਤਾ, ” ਧਿਆਨ ਨਾਲ ਚੜ੍ਹੀਂ । ਪੌੜੀਆਂ ‘ਚ ਕਈ ਥਾਵਾਂ ਤੋਂ ਇੱਟਾਂ ਨਿਕਲੀਆਂ ਹੋਈਐਂ । ਡਿੱਗ ਨਾ ਪਈਂ ।”
” ਚਿੰਤਾ ਨਾ ਕਰੋ ਜੀ, ਮੈਂ ਤਾਂ ਪੰਜਾਹ ਕਿਲੋ ਆਟਾ ਚੁੱਕ ਕੇ ਪੌੜੀਆਂ ਚੜ੍ਹਦਾ ਨਹੀਂ ਡਿੱਗਦਾ ।”
ਤੇ ਸਚਮੁਚ ਵੱਡੀਆਂ-ਵੱਡੀਆਂ ਦਸ ਬਾਲਟੀਆਂ ਪਾਣੀ ਦੀਆਂ ਢੌਂਦੇ ਸੰਤੂ ਦਾ ਪੈਰ ਇਕ ਵਾਰ ਵੀ ਨਹੀਂ ਸੀ ਫਿਸਲਿਆ ।
ਦੋ ਰੁਪਏ ਦਾ ਇੱਕ ਨੋਟ ਅਤੇ ਚਾਹ ਦਾ ਕੱਪ ਦਿੰਦਿਆਂ ਪਤਨੀ ਨੇ ਕਿਹਾ, ” ਸੰਤੂ, ਤੂੰ ਰੋਜ਼ ਆ ਕੇ ਪਾਣੀ ਭਰ ਜਿਆ ਕਰ ।”
ਚਾਹ ਦੀਆਂ ਚੁਸਕੀਆਂ ਲੈਂਦੇ ਸੰਤੂ ਨੇ ਖੁਸ਼ ਹੁੰਦਿਆਂ ਕਿਹਾ, ” ਰੋਜ਼ ਵੀਹ ਰੁਪਏ ਬਣ ਜਾਂਦੇ ਐ ਪਾਣੀ ਦੇ । ਕਹਿੰਦੇ ਐ ਅਜੇ ਮਹੀਨਾ ਪਾਣੀ ਨਹੀਂ ਔਂਦਾ । ਮੌਜਾਂ ਲੱਗ ਗਈਆਂ ।”
ਉਸੇ ਦਿਨ ਨਹਿਰ ਵਿਚ ਪਾਣੀ ਆ ਗਿਆ ਤੇ ਟੂਟੀ ਵਿਚ ਵੀ ।
ਅਗਲੀ ਸਵੇਰ ਪੌੜੀਆਂ ਚੜ੍ਹ ਜਦੋਂ ਸੰਤੂ ਨੇ ਪਾਣੀ ਲਈ ਬਾਲਟੀ ਮੰਗੀ ਤਾਂ ਪਤਨੀ ਨੇ ਕਿਹਾ, ” ਹੁਣ ਤਾਂ ਲੋੜ ਨਹੀਂ, ਰਾਤ ਉੱਪਰ ਈ ਟੂਟੀ ਵਿਚ ਪਾਣੀ ਆ ਗਿਆ ਸੀ ।”
” ਨਹਿਰ ‘ਚ ਪਾਣੀ ਆ ਗਿਆ !” ਸੰਤੂ ਨੇ ਹਉਕਾ ਲਿਆ ਤੇ ਵਾਪਸੀ ਲਈ ਪੌੜੀਆਂ ਵੱਲ ਕਦਮ ਘੜੀਸਣ ਲੱਗਾ । ਕੁਝ ਛਿਣ ਬਾਦ ਹੀ ਕਿਸੇ ਦੇ ਪੌੜੀਆਂ ਵਿੱਚੋਂ ਡਿੱਗਣ ਦੀ ਆਵਾਜ਼ ਆਈ । ਮੈਂ ਭੱਜ ਕੇ ਵੇਖਿਆ, ਸੰਤੂ ਵਿਹੜੇ ਵਿਚ ਮੂਧੇ ਮੂੰਹ ਪਿਆ ਸੀ ।

–ਸ਼ਿਆਮ ਸੁੰਦਰ ਅਗਰਵਾਲ

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar