ਰਾਹ ਦਿਨੀਂ ਫੜ ਰਾਹ ਲਿਉ ਨੇਂ ਪਲਕ ਨਾ ਥੀਵਣ ਮਾਣਦੇ
ਸਖ਼ਤ ਮਿਜ਼ਾਜ ਬਲੋਚ ਹਮੇਸ਼ਾ ਫਿਰਨ ਨਸੀਬ ਜਨਹਾਨਦੇ
ਯੂਸੁਫ਼ ਮਿਸਰ ਬਣੇ ਕਰਵਾਣੀ ਵੇਖ ਦੋਬਾਰ ਲਿਜਾਂਦੇ
ਹਾਸ਼ਿਮ ਬਾਦਸ਼ਹਾਂ ਦੁੱਖ ਪਾਵਨ ਸਖ਼ਤ ਜ਼ੰਜੀਰ ਦਿਲਾਂ ਦੇ
ਸ਼ਹਿਰ ਭੰਬੌਰ ਪਿਉ ਨੇਂ ਨਜ਼ਰੀਂ ਆਹਾ ਵਕਤ ਸਵੇਰਾ
ਨਾਲ ਪਿਆਰ ਕੇਤੂ ਨੇ ਕਰਹਾਂ ਚੁਸਤ ਚਾਲਾਕ ਵਧੇਰਾ
ਨਾਲ ਹਿਕਾਰਤ ਬਾਗ਼ ਸੱਸੀ ਦੇ ਜਾ ਕੇਤੂ ਨੇ ਡੇਰਾ
ਹਾਸ਼ਿਮ ਛੋੜ ਦਿੱਤਾ ਵਿਚ ਸ਼ਤਰਾਂ ਚਰਨ ਇਰਾਕ ਚੋ ਫੇਰਾ
ਕਹਿਕਹਾ ਵਾਂਗ ਤਲਸਮੇਂ ਆਹੀਆਂ ਬਾਗ਼ ਚੋਫੀਰ ਦੀਵਾਰਾਂ
ਫ਼ਰਸ਼ ਜ਼ਮੀਨ ਜ਼ਮੁਰਦ ਆਹਾ ਸਾਬਤ ਨਕਸ਼ ਨਗਾਰਾਂ
ਨਹਿਰਾਂ ਹੋਜ਼ ਫੁਹਾਰੇ ਬਰਸਨ ਹਰ ਹਰ ਚੌਂਕ ਬਹਾਰਾਂ
ਹਾਸ਼ਿਮ ਸ਼ੋਰਜਨਾਵਰ ਕਰ ਦੇ ਮੌਰ ਚਕੋਰ ਹਜ਼ਾਰਾਂ
ਘਾਇਲ ਇਸ਼ਕ ਖੜੇ ਗੱਲ ਲਾਲਾ ਨਾਲ ਲਹੂ ਮੁੱਖ ਧੋਤੇ
ਸੇਬ ਅੰਗੂਰ ਅਨਾਰ ਭਰੇ ਰਸ ਚੁੰਜ ਨਾ ਲਾਵਣ ਤੋਤੇ
ਕਮਰੀ ਕੂਕ ਕਰੇ ਫ਼ਰਿਆਦਾਂ ਸੁਰੂ ਆਜ਼ਾਦ ਖਲੋਤੇ
ਹਾਸ਼ਿਮ ਵੇਖ ਬਿਹਾਰ ਚਮਨ ਦੀ ਰੂਹ ਆਵੇ ਵਿਚ ਗ਼ੋਤੇ
ਕੁੱਝ ਬਲਖ਼ੀ ਬਗ਼ਦਾਦੀ ਅਸ਼ਤਰ ਕੁੱਝ ਬਖ਼ਤੀ ਕਨਾਆਨੀ
ਦੋਜ਼ਖ਼ ਪੇਟ ਤੇ ਗਰਦਨ ਚੌੜੀ ਇਜ਼ਰਾਈਲ ਨਿਸ਼ਾਨੀ
ਚਾਰਨ ਬਾਗ਼ ਤੜਾਵਨ ਸ਼ਾਖ਼ਾਂ ਕਰਨ ਬਲੋਚ ਹੈਵਾਨੀ
ਹਾਸ਼ਿਮ ਨਾਲ ਗਮਾਂ ਪੁਨੂੰ ਦੇ ਚਆ ਚਟਰ੍ਹੇ ਕਰਵਾਣੀ