ਸ਼ਹਿਰ ਉਤਾਰ ਬਲੋਚ ਸੱਸੀ ਨੇ ਖ਼ਿਦਮਤ ਖ਼ੂਬ ਕਰਾਈ
ਹਾਲ ਹਕੀਕਤ ਹੋਤ ਪੁਨੂੰ ਦੀ ਕੁਲ ਬੂਹਾ ਪੁਛਾਈ
ਖ਼ਾਤਿਰ ਲੋਭ ਕਹੀਵ ਨੇ ਸਾਡਾ ਹੋਤ ਪੁਨੂੰ ਹੈ ਭਾਈ
ਹਾਸ਼ਿਮ ਵੇਖ ਬਲੋਚਾਂ ਦਿੱਤੀਆ ਸ਼ਾਮਤ ਆਨ ਵਿਖਾਈ
ਸੱਸੀ ਸਮਝ ਭਰਾ ਪੁਨੂੰ ਦੇ ਕੈਦ ਬਲੋਚ ਕਰਾਏ
ਹੋਣ ਖ਼ਲਾਸ ਮੁਹਾਲ ਹਵੀਵ ਨੇ ਹੋਤ ਪੁਨੂੰ ਬਣ ਆਏ
ਬੋਲ ਵਗਾਰ ਪਿੱਛੇ ਪਛਤਾਵਨ ਸ਼ਾਮਤ ਆਨ ਫਸਾਏ
ਹਾਸ਼ਿਮ ਬਾ੍ਹਝ ਵਕੀਲੋਂ ਕਾਮਲ ਫਸੀਆਂ ਕੌਣ ਛੁਡਾਏ
ਦੋ ਸਰਦਾਰ ਆਹੇ ਕਰਵਾਣੀ ਹਫ਼ਤ ਹਜ਼ਾਰ ਸ਼ੁਤਰ ਦੇ
ਬਣਨ ਨਾਮ ਬਨਬੀਆ ਦੋਂਵੇਂ ਬੈਠ ਅੰਦੇਸ਼ਾ ਕਰਦੇ
ਪੁਨੂੰ ਬਾ੍ਹਝ ਨਹੀਂ ਛੁਟਕਾਰਾ ਹੋਜ਼ ਦੀਏ ਭਰ ਜ਼ਰ ਦੇ
ਹਾਸ਼ਿਮ ਜ਼ੋਰ ਕਿਹਾ ਪਰ ਮਲਕੇਂ ਮਾਣ ਹੋਵੇ ਵਿਚ ਘਰ ਦੇ
ਉੱਡਣ ਖਟੋਲਾ ਨਾਮ ਕਰਹੀ ਦਾ ਨਾਲ ਕੀਤਾ ਹਮਰਾਹੀ
ਬਣਨ ਹੋ ਅਸਵਾਰ ਸਿਧਾਇਆ ਕੈਚ ਬਣੇ ਬਣ ਰਾਹੀ
ਜਿਉਂ ਜਿਉਂ ਬਹੁਤ ਹੋਏ ਵਿਚ ਮੰਜ਼ਿਲ ਤਿਉਂ ਤਿਉਂ ਚਾਲ ਸਵਾਈ
ਆਸ਼ਿਕ ਉਹ ਪੁਨੂੰ ਪਰ ਆ੍ਹਾ ਹਾਸ਼ਿਮ ਸ਼ੌਕ ਇਲਾਹੀ
ਕੀਚਮ ਸ਼ਹਿਰ ਗਏ ਕਰ ਦੁਹਾਈ ਹੋਤ ਅਲੀ ਦਰਬਾਰੇ
ਰੋਵਣ ਕੂਕ ਸੁਣਾਉਣ ਹਾਲਤ ਜਾ ਬਲੋਚ ਬੀਚਾਰੈ
ਸ਼ਹਿਰ ਭੰਬੌਰ ਬਲੋਚ ਸੱਸੀ ਨੇ ਕੈਦ ਕੀਤੇ ਵੱਲ ਸਾਰੇ
ਹਾਸ਼ਿਮ ਬਾ੍ਹਝ ਪੁਨੂੰ ਨਹੀਂ ਛੁਟਦੇ ਕੈਦ ਰਹਿਣ ਜੱਗ ਚਾਰੇ