ਸੱਸੀ ਹੋਈ ਜਵਾਨ ਸਿਆਣੀ ਸੂਰਜ ਜੋਤ ਸਵਾਈ
ਸਾਹਿਬ ਇਲਮ ਹਯਾ ਹਲੀਮੀ ਅਕਲ ਹੁਨਰ ਚਤੁਰਾਈ
ਮਾਂ ਪਿਉ ਵੇਖ ਕਾਰੀਗਰ ਕੋਈ ਚਾਹੁਣ ਕੀਤੀ ਕੁੜਮਾਈ
ਹਾਸ਼ਿਮ ਸਣੇ ਸੱਸੀ ਮਸਲਾਹਤ ਗ਼ੈਰਤ ਹੋਸ ਸਵਾਈ
ਬਣ ਬਣ ਪੰਚ ਪੰਚਾਇਤ ਧੋਬੀ ਪਾਸ ਅਤੇ ਦੇ ਆਉਣ
ਕਰ ਤਮਸੀਲ ਵਿਹਾਰ ਜਗਤ ਦਾ ਬਾਤ ਹਮੇਸ਼ ਚਲਾਉਣ
ਧਿਆਨ ਸੋਹਣ ਨਹੀਂ ਘਰ ਮਾਪਿਆਂ ਜੀ ਲੱਖ ਰਾਜ ਕਮਾਵਣ
ਹਾਸ਼ਿਮ ਵਾਂਗ ਬਝਾਵਤ ਧੋਬੀ ਬਾਤ ਸੱਸੀ ਵੱਲ ਲਿਆਉਣ
ਇਕ ਦਿਨ ਕੋਲ ਸੱਸੀ ਦੇ ਮਾਂ ਪਿਉ ਬੈਠ ਕਿਤੇ ਗੱਲ ਛੇੜੇ
ਆਖ ਬੱਚਾ ਤੋਂ ਬਾਲਗ਼ ਹੋਈ ਵਾਗ ਤੇਰੀ ਹਥ ਤੇਰੇ
ਧੋਬੀ ਜ਼ਾਤ ਉੱਚੇ ਘਰ ਆਇਓਂ ਫਿਰ ਫਿਰ ਜਾਹਨ ਬਤੇਰੇ
ਹਾਸ਼ਿਮ ਕੌਣ ਤੇਰੇ ਮਨ ਆਵੇ ਆਖ ਸੁਣਾ ਸਵੇਰੇ
ਸੱਸੀ ਮੂਲ ਜਵਾਬ ਨਾ ਕੀਤਾ ਨਾਲ ਪਿਉ ਸ਼ਰਮਾਂਦੀ
ਦਿਲ ਵਿੱਚ ਸੋਜ਼ ਹੋਈ ਪਰ ਆਂਸੂ ਲੇਖ ਲਿਖੇ ਕਰਮਾਨਦੀ
ਢੂੰਡਣ ਸਾਕ ਝੜੋਈ ਜਿੰਦਾ ਮੈਂ ਧੀ ਬਾਦਸ਼ਹਾਨਦੀ
ਹਾਸ਼ਿਮ ਫਿਰ ਨਾ ਨਾਮ ਲੀਉਨੇ ਵੇਖ ਸੱਸੀ ਦਰਮਾਨਦੀ
ਸ਼ਿਰਕਤ ਨਾਲ ਸ਼ਰੀਕ ਅਤੇ ਦੇ ਮਰਦ ਬਖ਼ੀਲ ਫ਼ਸਾਦੀ
ਪਾਸ ਭੰਬੌਰ ਸ਼ਹਿਰ ਦੇ ਵਾਲੀ ਜਾ ਹੋਏ ਫ਼ਰਿਆਦੀ
ਹੋਈ ਜਵਾਨ ਅਤੇ ਘਰ ਬਹੁਟੀ ਸੂਰਤ ਸ਼ਕਲ ਸ਼ਹਿਜ਼ਾਦੀ
ਹਾਸ਼ਿਮ ਕਹਿਆ ਪੁਕਾਰ ਬਖ਼ੀਲਾਂ ਲਾਇਕ ਉਹ ਤੁਸਾਡੀ