ਭਲਾ ਹੋਇਆ ਭੈਣਾਂ ਹੀਰ ਬਚੀ ਜਾਣੋ ਮੰਨ ਮੰਨੇ ਦਾ ਵੈਦ ਹੁਣ ਆਇਆ ਨੀ
ਦੁਖ ਦਰਦ ਗਏ ਸੱਭੇ ਦਿਲ ਵਾਲੇ ਕਾਮਲ ਵਲੀ ਨੇ ਫੇਰੜਾ ਪਾਇਆ ਨੀ
ਜਿਹੜਾ ਛੱਡ ਚੌਧਰੀਆਂ ਚਾਕ ਬਣਿਆ ਵਤ ਓਸ ਨੇ ਜੋਗ ਕਮਾਇਆ ਨੀ
ਜੈਂਦੀ ਵੰਝਲੀ ਦੇ ਵਿੱਚ ਲਾਖ ਮੰਤਰੀ ਓਹੋ ਰੱਬ ਨੇ ਵੈਦ ਮਲਾਇਆ ਨੀ
ਸ਼ਾਖਾਂ ਰੰਗ ਬਰੰਗੀਆਂ ਹੋਣ ਪੈਦਾ ਸਾਵਨ ਮਾਹ ਜਿਫੇ ਮੀਂਹ ਵਸਾਇਆ ਨੀ
ਨਾਲੇ ਸਹਿਤੀ ਦੇ ਹਾਲ ਤੇ ਰੱਬ ਤਰੁਠਾ ਜੋਗੀ ਦਿਲੀਆਂ ਦਾ ਮਾਲਕ ਆਇਆ ਨੀ
ਤਿੰਨਾਂ ਧਿਰਾਂ ਦੀ ਹੋਈ ਮੁਰਾਦ ਹਾਸੋਲ ਧੂਆਂ ਏਸ ਚਰੋਕਣਾ ਪਾਇਆ ਨੀ
ਇਹਦੀ ਫੁਰੀ ਕਲਾਮ ਅਜ ਖੇੜਿਆਂ ਤੇ ਇਸਮ ਆਜ਼ਮ ਅਸਰ ਕਰਾਇਆ ਨੀ
ਅਜਮਾਨ ਜਿਉਂ ਆਂਵਦਾ ਲੈਣ ਵੌਹਟੀ ਅੱਗੋਂ ਸਾਹੁਰਿਆਂ ਪਲੰਘ ਵਛਾਇਆ ਨੀ
ਵੀਰਾ ਰਾਧ ਦੇਖੋ ਏਥੇ ਕੋਈ ਹੋਸੀ ਜੱਗ ਧੂੜ ਭੁਲਾਵੜਾ ਪਾਇਆ ਨੀ
ਮੰਤਰ ਇੱਕ ਤੇ ਪੁਤਲੀਆਂ ਦੋਏਂ ਉੱਡਨ ਅੱਲਾਹ ਵਾਲਿਆਂ ਖੇਲ ਰਚਾਇਆ ਨੀ
ਖਿਸਕੂ ਸ਼ਾਹ ਹੋਰੀ ਅੱਜ ਆਣ ਲੱਥੇ ਤੰਬੂ ਆਣ ਉਧਾਲਵਾਂ ਲਾਇਆ ਨੀ
ਧਰਨਾ ਮਾਰ ਬੈਠਾ ਜੋਗੀ ਮੁੱਦਤਾਂ ਦਾ ਅੱਜ ਖੇੜਿਆਂ ਨੇ ਖੈਰ ਪਾਇਆ ਨੀ
ਕੱਖੋਂ ਲਖ ਕਰ ਦਏ ਖੁਦਾ ਸੱਚਾ ਦੁਖ ਹੀਰ ਦਾ ਰੱਬ ਗਵਾਇਆ ਨੀ
ਉਨ੍ਹਾਂ ਸਿਕਦਿਆਂ ਦੀ ਦੁਆ ਰੱਬ ਸੁਣੀ ਓਸ ਨੱਡੜੀ ਦਾ ਯਾਰ ਆਇਆ ਨੀ
ਭਲਾ ਹੋਇਆ ਜੇ ਕਿਸੇ ਦੀ ਆਸ ਪੁੰਨੀ ਰੱਬ ਵਿਛੜਿਆਂ ਲਾਅਲ ਮਲਾਇਆ ਨੀ
ਸਹਿਤੀ ਆਪਣੇ ਹੱਥ ਇਖਤਿਆਰ ਲੈ ਕੇ ਡੇਰਾ ਡੁਮਾਂ ਦੀ ਕੋਠੜੀ ਪਾਇਆ ਨੀ
ਰੰਨਾਂ ਮੋਹ ਕੇ ਲੈਣ ਸਹਿਜ਼ਾਦਿਆਂ ਨੂੰ ਦੇਖੋ ਇਫਤਰਾ ਕੌਣ ਬਣਾਇਆ ਨੀ
ਆਪੇ ਧਾੜਵੀ ਦੇ ਅੱਗੇ ਮਾਲ ਦਿੱਤਾ ਪਿੱਛੋਂ ਸਾਂਘਰੂ ਢੋਲ ਵਜਾਇਆ ਨੀ
ਭਲਕੇ ਏਥੇ ਨਾ ਹੋ ਵਸਨ ਦੋ ਕੁੜੀਆਂ ਸਾਨੂੰ ਸ਼ਗਨ ਏਹੋ ਨਜ਼ਰ ਆਇਆ ਨੀ
ਵਾਰਸ ਸ਼ਾਹ ਸ਼ੈਤਾਨ ਬਦਨਾਮ ਕਰਸੋ ਲੂਣ ਥਾਲ ਦੇ ਵਿੱਚ ਭਨਾਇਆ ਨੀ
Tagged with: Heer Heer Waris Shah Heer ਹੀਰ kavitavaan ਕਵਿਤਾਵਾਂ Literature Literature ਸਾਹਿਤ Mahaan rachnavanਮਹਾਨ ਰਚਨਾਵਾਂ Poetry Waris Shah Waris Shah ਵਾਰਿਸ ਸ਼ਾਹ ਹੀਰ ਵਾਰਿਸ ਸ਼ਾਹ
Click on a tab to select how you'd like to leave your comment
- WordPress