ਜੀ ਆਇਆਂ ਨੂੰ

ਯਾਤਰਾ, ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਦੇ ਇਤਿਹਾਸਕ ਗੁਰੂਦੁਆਰਿਆਂ ਦੀ
ਅਵਤਾਰ ਸਿੰਘ

ਗੁਰਮਤਿ ਵਿਚ ਜਿਸ ਤਰ੍ਹਾਂ ਨਾਮ ਬਾਣੀ, ਸਿਮਰਣ, ਸੇਵਾ ਅਤੇ ਸਤਿਸੰਗ ਦਾ ਮਹੱਤਵ ਹੈ, ਇਸੇ ਤਰ੍ਹਾਂ ਹੀ ਗੁਰੂ ਇਤਿਹਾਸ ਨਾਲ ਸਬੰਧਤ ਗੁਰਧਾਮ ਅਤੇ ਗੁਰਧਾਮਾਂ ਦੀ ਯਾਤਰਾ ਦੀ ਵੀ ਇਕ ਆਪਣੀ ਵਿਲੱਖਣ ਮਹਿਮਾ ਹੈ।ਗੁਰੂ ਸਾਹਿਬਾਨਾਂ ਨੇ ਜਿੱਥੇ-ਜਿੱਥੇ ਆਪਣੇ ਮੁਬਾਰਕ ਚਰਣ ਪਾਏ, ਉਹ ਜੰਗਲ, ਉਜਾੜ, ਬਿਆਬਾਨ ਵੀ ਪਵਿੱਤਰ ਅਤੇ ਸ਼ੌਭਨੀ ਹੋ ਗਏ ।ਸਿੱਖ ਜਗਤ ਨੇ ਉਨ੍ਹਾਂ ਥਾਂਵਾਂ ਨੂੰ ਸੁੰਦਰ ਗੁਰਧਾਮਾਂ ਵਿਚ ਤਬਦੀਲ ਕਰ ਦਿੱਤਾ ਅਤੇ ਉ ੱਥੇ ਸਤਿਸੰਗ, ਨਾਮ ਬਾਣੀ, ਸ਼ਬਦ-ਕੀਰਤਨ ਦੇ ਪ੍ਰਵਾਹ ਚੱਲਾ ਦਿੱਤੇ।ਜਿੱਥੇ ਜਾਂਦੇ ਹਰ ਗੁਰ ਸਿੱਖ ਆਪਣੇ ਸ਼ਰਧਾ ਤੇ ਪਿਆਰ ਭਰੇ ਹਿਰਦੇ ਨਾਲ ਮਸੱਤਕ ਝੁਕਾ ਕੇ, ਗੁਰੂ ਚਰਨ ਛੋਹ ਪ੍ਰਾਪਤ ਧੂੜੀ ਨੂੰ ਮਸਤਕ ਤੇ ਲਗਾ ਕੇ, ਸਤਿਸੰਗ ਨਾਮ ਬਾਣੀ, ਕੀਰਤਨ ਦੇ ਅੰਮ੍ਰਿਤ ਪ੍ਰਵਾਹ ਮਨ ਦੀਆਂ ਟੁੱਭੀਆਂ ਲਾ ਕੇ ਇਸਨਾਨ ਕਰਦਾ ਹੈ ਅਤੇ ਲੋਕ-ਪਰਲੋਕ ਸੁਹੇਲਾ ਕਰਦਾ ਹੈ। ਗੁਰੂ ਧਾਮਾਂ ਦੇ ਦਰਸ਼ਨ ਕੀਤੀਆਂ ਉਨ੍ਹਾਂ ਨਾਲ ਸਬੰਧਤ ਗੁਰੂ ਦੀ ਕਥਾ, ਸਿੱਖ ਦੇ ਹਿਰਦੇ ਨੂੰ ਸ਼ਰਧਾ ਦੀਆਂ ਤਰੰਗਾਂ ਨਾਲ ਆਨੰਦਿਤ ਕਰਦੀ ਹੈ ਅਤੇ ਸਿੱਖੀ ਦੀਆਂ ਰਹੁਰੀਤਾਂ ਉਪਰ ਚੱਲਣ ਲਈ ਪਰਿਪਕਤਾ ਪ੍ਰਦਾਨ ਕਰਦੀ ਹੈ ।ਸਰਬ ਵਿਦਿਤ ਹੈ ਕਿ ਤਖਤ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਨਾਂਦੇੜ ਅਤੇ ਇਸ ਨਾਲ ਸਬੰਧਤ ਦੂਸਰੇ ਗੁਰੂ ਧਾਮਾਂ ਦੀ ਮਹਿਮਾਂ, ਸਿੱਖ ਜਗਤ ਦੇ ਹਰ ਇਕ ਗੁਰਸਿੱਖ ਮਾਈ ਭਾਈ ਦੇ ਹਿਰਦੇ ਨੂੰ ਖਿੱਚ ਪਾਉਂਦੀ ਹੈ ਅਤੇ ਹਰ ਇਕ ਗੁਰ ਸਿੱਖ ਇੱਥੇ ਦੇ ਗੁਰੂ ਧਾਮਾਂ ਦੇ ਦਰਸ਼ਨ ਯਾਤਰਾ ਦੀ ਲੋਚਾ ਰੱਖਦਾ ਹੈ । ਜਿਹੜਾ ਦਰਸ਼ਨ ਕਰਕੇ ਜਾਂਦਾ ਹੈ, ਉਹ ਬਾਰ-ਬਾਰ ਦਰਸ਼ਨਾਂ ਦੀ ਤਮੰਨਾ ਰੱਖਦਾ ਹੈ ।
ਬੀਤੇ ਦਿਨੀਂ ਮੈਨੂੰ ਵੀ ਆਪਣੇ ਪਰਿਵਾਰ ਨਾਲ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ।ਮੈਂ ਅਤੇ ਮੇਰਾ ਪਰਿਵਾਰ ਸ੍ਰੀ ਅ੍ਰੰਮਿਤਸਰ ਤੋਂ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਜਾਣ ਵਾਲੀ ਸੱਚਖੰਡ ਐਕਸਪ੍ਰੈਸ ਗੱਡੀ ਵਿਚ ਅੰਬਾਲਾ ਤੋਂ ਸਵੇਰੇ ੧੦:੦੦ ਵਜੇ ਬੈਠੇ।ਕਰੀਬ ੩੩ ਘੰਟੇ ਸਫਰ ਕਰਨ ਤੋਂ ਬਾਅਦ ਅਸੀਂ ਅਗਲੇ ਦਿਨ ਸ਼ਾਮ ਨੂੰ ੭:੦੦ ਵਜੇ ਆਪਣੀ ਮੰਜ਼ਿਲ ‘ਤੇ ਪੁੱਜੇ । ਗੱਡੀ ਦਾ ਸਫਰ ਬੜਾ ਸੁਹਾਵਣਾ ਰਿਹਾ।ਗੱਡੀ ਵਿਚ ਜ਼ਿਆਦਾਤਰ ਯਾਤਰੀ ਸਾਡੇ ਵਾਂਗੂ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਹੀ ਜਾ ਰਹੇ ਸਨ।ਇਸ ਲਈ ਗੱਡੀ ਵਿਚ ਸਾਨੂੰ ਘਰ ਵਰਗਾ ਮਾਹੌਲ ਮਿਲਿਆ ਅਤੇ ਪਤਾ ਹੀ ਨਹੀਂ ਲੱਗਿਆ ਕਦੋਂ ਕਰੀਬ ੧੯੦੦ ਕਿਲੋਮੀਟਰ ਦਾ ਸਫਰ ਅਸੀਂ ਤੈਅ ਕਰ ਲਿਆ।
ਰਸਤੇ ਵਿਚ ਅਗਲੇ ਦਿਨ ਦੁਪਹਿਰ ਨੂੰ ਮਨਵਾੜ ਰੇਲਵੇ ਸਟੇਸ਼ਨ ‘ਤੇ ਪੁੱਜਣ ‘ਤੇ ਉੱਥੇ ਦੀਆਂ ਸੰਗਤਾਂ ਨੇ ਰੇਲ ਗੱਡੀ ਵਿਚ ਸਫਰ ਕਰ ਰਹੇ ਸਾਰੇ ਸ਼ਰਧਾਂਲੂਆਂ ਨੂੰ ਦੁਪਹਿਰ ਦਾ ਲੰਗਰ ਛਕਾਇਆ।ਪੁੱਛਣ ‘ਤੇ ਪਤਾ ਲੱਗਿਆ ਕਿ ਇਹ ਲੰਗਰ ਰੋਜਾਨਾ ਦੁਪਹਿਰ ਨੂੰ ਹਜ਼ੂਰ ਸਾਹਿਬ ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂਆਂ ਲਈ ਲਗਾਇਆ ਜਾਂਦਾ ਹੈ।ਇਸੇ ਤਰ੍ਹਾਂ ਨਾਂਦੇੜ ਤੋਂ ਅ੍ਰੰਮਿਤਸਰ ਵਾਪਿਸ ਆਉਣ ‘ਤੇ ਗੱਡੀ ਵਿਚ ਬੈਠੇ ਸ਼ਰਧਾਲੂਆਂ ਲਈ ਖੰਡਵਾ ਰੇਲਵੇ ਸਟੇਸ਼ਨ ‘ਤੇ ਰਾਤ ਦਾ ਲੰਗਰ ਉੱਥੇ ਦੀਆਂ ਸੰਗਤਾਂ ਵੱਲੋਂ ਆਯੋਜਿਤ ਕੀਤਾ ਜਾਂਦਾ ਹੈ।ਇਨ੍ਹਾਂ ਲੰਗਰਾਂ ਨੂੰ ਲੈ ਕੇ ਸ਼ਰਧਾਲੂਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ।
ਸਾਡੀ ਗੱਡੀ ਜਿਸ ਤਰ੍ਹਾਂ ਹੀ ਅਗਲੇ ਦਿਨ ਦੇਰ ਸ਼ਾਮ ੭:੦੦ ਵਜੇ ਸ੍ਰੀ ਹਜ਼ੂਰ ਸਾਹਿਬ ਸਟੇਸ਼ਨ ‘ਤੇ ਪੁੱਜੀ ਤਾਂ ਸਟੇਸ਼ਨ ‘ਤੇ ਗੁਰੂਦੁਆਰਾ ਸੱਚਖੰਡ ਹਜ਼ੂਰ ਸਾਹਿਬ ਅਤੇ ਗੁਰੂਦੁਆਰਾ ਲੰਗਰ ਸਾਹਿਬ ਦੀਆਂ ਬੱਸਾਂ ਖੜੀਆਂ ਹਨ।ਸੇਵਾਦਾਰਾਂ ਨੇ ਬੜੇ ਪਿਆਰ ਨਾਲ ਸ਼ਰਧਾਲੂਆਂ ਨੂੰ ਬੱਸਾਂ ਵਿਚ ਬੈਠਾਇਆ ਅਤੇ ਥੌੜ੍ਹੀ ਦੇਰ ਵਿਚ ਹੀ ਸੰਗਤਾਂ ਨੂੰ ਗੁਰੂਦੁਆਰਿਆਂ ਵਿਚ ਪਹੁੰਚਾ ਦਿੱਤਾ।ਅਸੀਂ ਜ਼ਿਆਦਾਤਰ ਸ਼ਰਧਾਲੂਆਂ ਨਾਲ ਗੁਰੂਦੁਆਰਾ ਲੰਗਰ ਸਾਹਿਬ ਵਿਖੇ ਪੁੱਜੇ।ਗੁਰੂਦੁਆਰਾ ਸਾਹਿਬ ਪੁੱਜਦੇ ਹੀ ਸਾਨੂੰ ਨਾਲ ਲੱਗਦੇ ਗੁਰੂ ਨਾਨਕ ਸਰਾ ਦੇ ਇਕ ਕਮਰੇ ਦੀ ਚਾਬੀ ਮਿਲ ਗਈ ।ਅਸੀਂ ਕਮਰੇ ਵਿਚ ਜਾ ਕੇ ਸਮਾਨ ਰੱਖ ਕੇ ਮੂੰਹ ਹੱਥ ਧੋ ਕੇ ਗੁਰੂਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਲੰਗਰ ਛਕਿਆ।ਇਸ ਤੋਂ ਬਾਅਦ ਅਸੀਂ ਕਮਰੇ ਵਿਚ ਵਾਪਿਸ ਆ ਕੇ ਆਰਾਮ ਕੀਤਾ।ਰੇਲ ਗੱਡੀ ਦਾ ਲੰਬਾ ਸਫਰ ਤੈਅ ਕਰਨ ਨਾਲ ਸਾਨੂੰ ਥੋੜੀ ਥਕਾਵਟ ਹੋ ਗਈ ਸੀ ਇਸ ਲਈ ਸਾਨੂੰ ਸੁਤਿਆਂ ਨੂੰ ਪਤਾ ਹੀ ਨਹੀਂ ਲੱਗਾ, ਕਿ ਕਦੋਂ ਅਗਲਾ ਦਿਨ ਚੜ੍ਹ ਗਿਆ।ਅਗਲੇ ਦਿਨ ਸਵੇਰ ਨੂੰ ਉੱਠ ਕੇ ਅਸੀਂ ਉਥੋਂ ਦੇ ਲੋਕਲ ਇਤਿਹਾਸਕ ਗੁਰੂਦੁਆਰਿਆਂ ਦੇ ਦਰਸ਼ਨ ਕੀਤੇ।ਦੂਜੇ ਅਤੇ ਤੀਜੇ ਦਿਨ ਬਾਹਰਲੇ ਇਤਿਹਾਸਕ ਗੁਰੂਦੁਆਰਿਆਂ ਦੇ ਦਰਸ਼ਨ ਕੀਤੇ।

ਜਿਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ :-
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ, ਨਾਂਦੇੜ
ਕਲਗੀਧਰ ਪਿਤਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਲਾਸਾਨੀ ਜੀਵਨ ਦੀਆਂ ਅੰਤਿਮ ਘੜੀਆਂ ਨਾਲ ਸਬੰਧਤ ਇਹ ਪਵਿੱਤਰ ਅਸਥਾਨ ਖਾਲਸਾ ਪੰਥ ਦੇ ਪੰਜ ਤਖ਼ਤਾਂ ਵਿਚੋਂ ਇਕ ਅਹਿਮ ਤਖ਼ਤ ਹੈ । ਜਿਸ ਦੇ ਦਰਸ਼ਨ ਕਰਨ ਲਈ, ਹਿੰਦੁਸਤਾਨ ਵਿਚੋਂ ਹੀ ਨਹੀਂ, ਸਗੋਂ ਸੰਸਾਰ ਭਰ ਵਿਚੋਂ ਸੰਗਤਾਂ ਇੱਥੇ ਪੁੱਜਦੀਆਂ ਹਨ । ਕਿਉਂਕਿ ਇਹ ਉਹ ਤੀਰਥ ਅਸਥਾਨ ਹੈ, ਜਿਵੇਂ ਮੁਸਲਮਾਨਾਂ ਲਈ ”ਮੱਕਾ” ਅਤੇ ਹਿੰਦੂਆਂ ਲਈ ”ਕਾਸ਼ੀ”।ਇਸ ਦੇ ਦਰਸ਼ਨ ਕਰਨ ਲਈ ਬੱਚਿਆਂ ਤੋਂ ਲੈਕੇ ਬਜੁਰਗਾਂ ਤਕ ਸੱਭਨਾਂ ਦੀਆਂ ਜਿੰਦਗੀਆਂ ਜੀਵਨ ਭਰ ਬੇਚੈਨ ਰਹਿੰਦੀਆਂ ਹਨ।ਇਹ ਉਹ ਸੱਚਖੰਡ ਹੈ ਜਿੱਥੇ ਨਿਰੰਕਾਰ ਹਾਜ਼ਰਾ ਹਜ਼ੂਰ ਹੋ ਕੇ ਵਾਸ ਕਰਦਾ ਹੈ।ਇਸ ਦੇ ਸਬੰਧ ਵਿਚ ਇਹ ਵੀ ਕਿਹਾ ਜਾਂਦਾ ਹੈ ਕਿ ਦਸਮੇਸ਼ ਪਿਤਾ ਹਰ ਸਿੱਖ ਦੀ ਸੱਠ ਸਾਲ ਦੀ ਉਮਰ ਤਕ ਉਡੀਕ ਕਰਦੇ ਹਨ ।ਦਸ਼ਮੇਸ਼ ਪਿਤਾ ਜੀ ਨੇ ਇਸ ਨਾਂਦੇੜ ਨਗਰੀ ਵਿਚ ਅਨੇਕ ਕੌਤਕ ਵਿਖਾਉਣ ਤੋਂ ਬਾਅਦ ਗੁਰੂਦੁਆਰਾ ਨਗੀਨਾ ਘਾਟ ਸਾਹਿਬ ਤੋਂ ਤੀਰ ਚੱਲਾ ਕੇ ਆਪਣਾ ” ਸੱਤਯੁੱਗ ਦਾ ਤਪੋ ਅਸਥਾਨ ” ਪ੍ਰਗਟ ਕੀਤਾ।ਗੁਰੂ ਜੀ ਵੱਲੋਂ ਛੱਡੀਆ ਹੋਇਆ ਤੀਰ ਜਿਸ ਥਾਂ ‘ਤੇ ਜਾ ਕੇ ਲੱਗਿਆ ਉਹ ਇਕ ਮੁਸਲਮਾਨ ਦੀ ਜਮੀਨ ਸੀ।ਉਸ ਨੂੰ ਇਹ ਕਿਹਾ ਗਿਆ ਕਿ ਇਸ ਥਾਂ ‘ਤੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਪੱਸਿਆ ਕੀਤੀ ਹੋਈ ਹੈ ਇਸ ਲਈ ਇਹ ਜਮੀਨ ਖਾਲੀ ਕਰ ਦਿੱਤੀ ਜਾਵੇ ਜਮੀਨ ਦੇ ਮਾਲਕ ਨੇ ਉਹ ਜਮੀਨ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ।ਦਸ਼ਮੇਸ਼ ਪਿਤਾ ਨੇ ਕਿਹਾ ਕਿ ਇਹ ਅਸਥਾਨ ਸਤਿਯੁੱਗ ਤੋਂ ਸਾਡਾ ਚੱਲਿਆ ਆ ਰਿਹਾ ਹੈ ।ਉਸ ਵਕਤ ਗੁਰੂ ਜੀ ਨੇ ਉਸ ਥਾਂ ‘ਤੇ ਖੁਦਾਈ ਕਰਵਾਈ ਤਾਂ ਆਪਣੇ ਸਤਿਗੁਰੀ ਆਸਣ, ਕਰਮੰਡਲ, ਖੜਾਵਾਂ ਤੇ ਮਾਲਾ ਕੱਢਵਾ ਕੇ ਗੁਰੂ ਜੀ ਨੇ ਆਪਣਾ ਸਤਿਯੁਗੀ ਅਸਥਾਨ ਪ੍ਰਗਟ ਕੀਤਾ, ਜੋ ਤੱਪ ਕਰਕੇ ਉਸੇ ਤਰ੍ਹਾਂ ਕਾਇਮ ਸੀ।ਮੁਸਲਮਾਨ ਨੇ ਇਹ ਸੱਭ ਵੇਖ ਕੇ ਗੁਰੂ ਜੀ ਨੂੰ ਜਮੀਨ ਦੇਣ ਲਈ ਹਾਂ ਕਰ ਦਿੱਤੀ।ਸਤਿਗੁਰੂ ਨੇ ਪ੍ਰਸੰਨ ਹੋ ਕੇ ਉਸ ਜਮੀਨ ਦੇ ਮਾਲਕ ਨੂੰ ਇਸ ਅਸਥਾਨ ‘ਤੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਕੀਮਤ ਅਦਾ ਕੀਤੀ ।ਇਸ ਅਸਥਾਨ ‘ਤੇ ਪ੍ਰਗਟ ਹੋਣ ਤੋਂ ਬਾਅਦ ਇੱਥੇ ਦੋਵੇਂ ਵੇਲੇ ਦੀਵਾਨ ਲੱਗਣ ਲੱਗ ਪਏ।ਗੁਰੂ ਜੀ ਨਵੇਂ ਨਵੇਂ ਚੋਜ ਵਰਤਾਉਣ ਲੱਗੇ।ਗੁਰੂ ਜੀ ਦੇ ਵਚਨ ਸੁਣ ਕੇ ਦੂਰ-ਦੂਰ ਤੋਂ ਆਉਂਦੀਆਂ ਸੰਗਤਾਂ ਨਿਹਾਲ ਹੋ ਜਾਂਦੀਆਂ ।ਸਾਰਾ ਹੀ ਨਜਾਰਾ ਆਨੰਦ ਮਈ ਹੋ ਕੇ ਬੈਕੁੰਠ ਧਾਮ ਨੂੰ ਮਾਤ ਪਾਉਣ ਲੱਗਾ।ਹਰ ਰੋਜ ਸੂਰਮੇ ਸ਼ਾਮ ਨੂੰ ਗਤਕਾਬਾਜੀ ਅਤੇ ਸ਼ਸਤਰਾ ਦੇ ਜ਼ੋਹਰ ਵਿਖਾਉਣ ਲੱਗੇ ਦਿਨ-ਪ੍ਰਤੀ ਦਿਨ ਇੱਥੇ ਰੋਣਕਾਂ ਵੱਧਣ ਲੱਗੀਆ ।

ਗੁਰੂ ਮਾਨਿਓ ਗ੍ਰੰਥ – ਗੁਰਤਾ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸੱਚਖੰਡ ਗਮਨ ਪਾਤਸ਼ਾਹੀ ਦਸਵੀਂ
ਸੂਬਾ ਸਰਹਿੰਦ ਦੇ ਨਵਾਬ ਵਜੀਰ ਖਾਂ ਜੋ ਗੁਰੂ ਸਾਹਿਬ ਦੇ ਮਾਸੂਮ ਸਾਹਿਬਜਾਦੀਆਂ ਦੀ ਸ਼ਹੀਦੀ ਦਾ ਮੁੱਖ ਦੋਸ਼ੀ ਸੀ, ਉਸ ਨੂੰ ਇਹ ਯਕੀਨ ਹੋ ਗਿਆ ਸੀ ਕਿ ਜੇਕਰ ਗੁਰੂ ਜੀ ਦਾ ਬਾਦਸ਼ਾਹ ਬਹਾਦਰ ਸ਼ਾਹ ਨਾਲ ਹੋ ਰਿਹਾ ਸਮਝੌਤਾ ਸਿਰੇ ਚੜ੍ਹ ਗਿਆ ਤਾਂ ਉਸ ਦੀ ਖੈਰ ਨਹੀਂ । ਵਜੀਰ ਖਾਂ ਨੇ ਆਪਣੇ ਦੋ ਸਿਪਾਹੀ ਗੁਲਖਾਨ ਅਤੇ ਜਮਸ਼ੇਦ ਖਾਨ ਨੂੰ ਬੜੇ ਭਾਰੀ ਲਾਲਚ ਦੇ ਕੇ ਗੁਰੂ ਜੀ ਨੂੰ ਮਾਰਨ ਲਈ ਉਨ੍ਹਾਂ ਦੇ ਪਿੱਛੇ ਭੇਜਿਆ।ਉਪਰੋਕਤ ਦੋਵੇਂ ਗੁਰੂ ਜੀ ਦਾ ਪਤਾ ਪੁੱਛਦੇ ਪੁੱਛਦੇ ਨਾਂਦੇੜ ਪੁੱਜ ਗਏ ਅਤੇ ਸਵੇਰੇ ਸ਼ਾਮ ਦੀਵਾਨ ਦੀ ਹਾਜ਼ਿਰੀ ਭਰਨ ਲੱਗੇ ਅਤੇ ਨਾਲ ਹੀ ਨਾਲ ਗੁਰੂ ਜੀ ਨੂੰ ਮਾਰਨ ਲਈ ਮੌਕੇ ਦੀ ਉਡੀਕ ਵੀ ਕਰਨ ਲੱਗੇ ।ਇਕ ਦਿਨ ਸ਼ਾਮ ਦੇ ਦੀਵਾਨ ਮਗਰੋਂ, ਗੁਰੂ ਜੀ ਜਦੋਂ ਆਰਾਮ ਕਰ ਰਹੇ ਸਨ ਤਾਂ ਗੁਲ ਖਾਨ ਨੇ ਮੌਕਾ ਵੇਖ ਕੇ ਆਪਣੇ ਕਟਾਰ ਨਾਲ ਗੁਰੂ ਜੀ ਉਪਰ ਵਾਰ ਕਰ ਦਿੱਤਾ ਜੋ ਗੁਰੂ ਜੀ ਦੀ ਵੱਖੀ ਵਿਚ ਲੱਗਾ ।ਗੁਰੂ ਜੀ ਨੇ ਇਕ ਹੱਥ ਨਾਲ ਜਖਮ ਦੱਬਾ ਕੇ ਦੂਜੇ ਹੱਥ ਨਾਲ ਤੇਗ ਵਾਹ ਕੇ ਉਸ ਨੂੰ ਉ ੱਥੇ ਹੀ ਚਿੱਤ ਕਰ ਦਿੱਤਾ ਉਸ ਦਾ ਦੂਜਾ ਸਾਥੀ ਜਮਸ਼ੇਦ ਖਾਨ ਨੱਠਣ ਲੱਗਾ ਤਾਂ ਗੁਰੂ ਦੇ ਸਿੰਘਾਂ ਨੇ ਉਸ ਨੂੰ ਪਾਰ ਬੁਲਾ ਦਿੱਤਾ।ਉਸ ਸਮੇਂ ਸ਼ਹਿਰ ਦੇ ਪ੍ਰਸਿਧ ਹਕੀਮ ਤੇ ਜਿਰਾਹ ਗੁਰੂ ਜੀ ਦੇ ਇਲਾਜ ਲਈ ਹਾਜ਼ਿਰ ਹੋਏ ।ਬਾਦਸ਼ਾਹ ਬਹਾਦਰ ਸ਼ਾਹ ਨੇ ਵੀ ਆਪਣੇ ਸ਼ਾਹੀ ਹਕੀਮ ਭੇਜੇ।ਕੁਝ ਹੀ ਦਿਨਾਂ ਵਿਚ ਜਖਮ ਕੁਝ ਭਰ ਗਿਆ।ਰੋਜਾਨਾ ਦੀ ਤਰ੍ਹਾਂ, ਨਿੱਤ ਨੇਮ ਹੋਣ ਲੱਗਾ ਇਕ ਦਿਨ ਸੱਜੇ ਦੀਵਾਨ ਵਿਚ ਹਾਜ਼ਿਰ ਹੋਏ ਇਕ ਸੌਦਾਗਰ ਦੇ ਇਕ ਭਾਰੀ ਕਮਾਨ ਗੁਰੂ ਜੀ ਨੂੰ ਭੇਂਟ ਕੀਤਾ ਜਿਸ ਨੂੰ ਵੇਖ ਕੇ ਸ਼ਸਤਰਾਂ ਦੇ ਰਸੀਕ ਗੁਰੂ ਜੀ ਅਤਿ ਪ੍ਰਸੰਤਾ ਵਿਚ ਆਏ ਅਤੇ ਜੋਰ ਨਾਲ ਚਿਲ੍ਹਾ ਚੜ੍ਹਾਉਣ ਲੱਗੇ ਚਿਲ੍ਹਾ ਤਾਂ ਚੜ੍ਹ ਗਿਆ, ਪਰ ਗੁਰੂ ਜੀ ਦੇ ਜਖਮਾਂ ਦੇ ਟਾਂਕੇ ਕੜ-ਕੜ ਕਰਕੇ ਟੁੱਟ ਗਏ ।ਜਿਨ੍ਹਾਂ ਨੂੰ ਮੁੜ ਸਿਆਉਣ ਤੋਂ ਗੁਰੂ ਜੀ ਨੇ ਮਨ੍ਹਾਂ ਕਰ ਦਿੱਤਾ , ਗੁਰੂ ਜੀ ਨੇ ਕਿਹਾ ਕਿ ਜੋ ਖੇਡ ਵਾਪਰਨੀ ਸੀ, ਉਹ ਵਾਪਰ ਗਈ ਹੈ ਹੁਣ ਸਾਡਾ ਅੰਤਿਮ ਸਮਾਂ ਨਜਦੀਕ ਆ ਗਿਆ ਹੈ ।ਇਸ ਲਈ ਕਿਸੇ ਕਿਸਮ ਦੇ ਇਲਾਜ ਦੀ ਲੋਂੜ ਨਹੀਂ ਹੈ।ਇਸ ਤੋਂ ਬਾਅਦ ਗੁਰੂ ਜੀ ਨੇ ਸੱਚਖੰਡ ਗਮਨ ਦੀ ਤਿਆਰੀ ਕੀਤੀ ਤਾਂ ਆਪ ਜੀ ਨੂੰ ਅਤਿ ਵਿਆਕੂਲ ਹੋਈ ਅਤੇ ਅੱਖਾਂ ਵਿਚੋਂ ਨੀਰ ਵਹਾਂਦੀ ਸੰਗਤ ਨੇ ਪੁੱਛਿਆ – ਦਾਤਾਰ ਜੀਓ ਸਾਨੂੰ ਕਿਸ ਦੇ ਸਹਾਰੇ ਛੱਡ ਚੱਲੇ ਹੋ।ਸਾਡੀ ਰਹਿਨੁਮਾਈ ਕੌਣ ਕਰੇਗਾ ? ਤਾਂ ਗੁਰੂ ਜੀ ਨੇ ਫਰਮਾਇਆ, ”ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ ”। ਅਸੀਂ ਤੁਹਾਨੂੰ ਧੁਰ ਕੀ ਬਾਣੀ ਸ਼ਬਦ ਗੁਰੂ ਦੇ ਲੜ ਲਾ ਚੱਲੇ ਹਾਂ ਜੋ ਤੁਹਾਡੀ ਹਰ ਸਮੇਂ ਅਧਿਆਤਮਕ ਅਗਵਾਈ ਕਰਦਾ ਰਹੇਗਾ ।ਗੁਰੂ ਜੀ ਨੇ ੭ ਅਕਤੂਬਰ ੧੭੦੮ ਦੇ ਦਿਨ ਪੰਜ ਪੈਸੇ ਅਤੇ ਨਾਰੀਅਲ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਰੱਖ ਕੇ ਮੱਥਾ ਟੇਕਿਆ। ਸ਼ਰਧਾ ਸਹਿਤ ਪ੍ਰਕ੍ਰਿਮਾ ਕਰਕੇ ਗੁਰਿਆਈ ਤਿਲਕ ਲਗਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਦੀ ਗੱਦੀ ਪ੍ਰਦਾਨ ਕੀਤੀ । ਜੁਗੋਂ-ਜੁਗ ਅਟੱਲ ਗੁਰੂ ਜੀ ਨੇ ਦੀਵਾਨ ਵਿਚ ਬੈਠੀ ਸੰਗਤ ਨੂੰ ਮੁਖਾਤਿਵ ਹੋ ਫਰਮਾਇਆ।ਆਗਿਆ ਭਈ ਅਕਾਲ ਕੀ ਤਬੈ ਚਲਾਯੋ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ।।ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਦੀ ਦੇਹ, ਜੋ ਪ੍ਰਭੂ ਕੋ ਮਿਲਬੋ ਚਹੈ ਖੋਜ ਸ਼ਬਦ ਮੈਂ ਲੇਹ ।। ਸੰਮਤ ੧੭੬੫, ਕੱਤਕ ਸੁਦੀ ਪੰਚਮੀ ਵਾਲੇ ਦਿਨ ਭਾਰੀ ਦੀਵਾਨ ਸਜਿਆ, ਜਿਸ ਵਿਚ ਰਾਗੀ ਸਿੰਘਾਂ ਨਾਲ ਅਤਿ ਪਿਆਰ ਨਾਲ ਧੁਰ ਦੀ ਬਾਣੀ ਦਾ ਵੈਰਾਗਮਈ ਕੀਰਤਨ ਕੀਤਾ ।ਉਪਰੰਤ ਅਟੁੱਟ ਲੰਗਰ ਵਰਤਿਆ।ਦੂਰ-ਦੂਰ ਤੋਂ ਆਇਆ ਸੰਗਤਾਂ ਨੇ ਗੁਰੂ ਜੀ ਦੇ ਨੂਰਾਨੀ ਦੀਦਾਰ ਕਰਕੇ ਅੰਮ੍ਰਿਤਮਈ ਵਚਨ ਸੁਣੇ ਤੇ ਹਿਰਦੇ ਵਸਾ ਕੇ ਆਪਣਾ ਜਨਮ ਸਕਾਰਥ ਕੀਤਾ।ਗੁਰੂ ਜੀ ਨੇ ਇਕ ਵੱਡੀ ਚੰਦਨ ਦੀ ਚਿਖਾ ਤਿਆਰ ਕਰਵਾ ਕੇ ਆਸ ਪਾਸ ਸੁੰਦਰ ਕਨਾਤਾਂ ਲੱਗਾ ਦਿੱਤੀਆਂ ।ਸੰਗਤ ਨਾਲ ਬਚਨ ਕੀਤਾ ਕਿ ਅੱਜ ਰਾਤੀ ਅਸੀਂ ਅੰਦਰ ਪ੍ਰਵੇਸ਼ ਕਰਾਂਗੇ ਤੁਸੀਂ ਨਿਰਬਾਣ ਕੀਰਤਨ ਦੀ ਝੜੀ ਲਗਾਈ ਰੱਖਣੀ ਅਤੇ ਅੰਦਰ ਝਾਤੀ ਨਹੀਂ ਮਾਰਨੀ । ਡੇਢ ਪਹਿਰ ਰਾਤ ਰਹਿੰਦੀ ਦਾ ਸਮਾਂ ਸੀ, ਜਦੋਂ ਗੁਰੂ ਜੀ ਨੇ ਸੰਪੂਰਨ ਸ਼ਸਤਰ ਬਸਤਰ ਸਜਾ ਕੇ ਅਰਦਾਸਾ ਸੋਧਿਆ, ਖਾਲਸੇ ਨੂੰ ”ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦੀ ਫਤਹਿ ।” ਬੁਲਾਈ ਅਤੇ ਕਨਾਤਾਂ ਅੰਦਰ ਪ੍ਰਵੇਸ਼ ਕਰ ਗਏ ।ਗੁਰੂ ਜੀ ਇਸ ਤੋਂ ਬਾਅਦ ਪਰਮ ਪੁਰਖ਼ ਪ੍ਰਮਾਤਮਾ ਵਿਚ ਅਭੇਦ ਹੋ ਗਏ।ਜਦੋਂ ਅਗਲੇ ਦਿਨ ਚਿਖਾ ਠੰਡੀ ਹੋਣ ‘ਤੇ ਫਰੋਲੀ ਗਈ ਤਾਂ ਸਿਰਫ ਦਸਤਾਰ ਵਿਚ ਸਜਾਣ ਵਾਲੀ ਇਕ ਛੋਟੀ ਕਿਰਪਾਨ ਹੀ ਮਿਲੀ। ਜਿਸ ਨੂੰ ਇਸ ਅਸਥਾਨ ‘ਤੇ ਸਥਾਪਿਤ ਕਰਕੇ ਥੜਾ ਬਣਾਇਆ ਗਿਆ ਬਾਅਦ ਵਿਚ ਮਹਾਰਾਜਾ ਰਣਜੀਤ ਸਿੰਘ ਨੇ ਮੌਜ਼ੂਦਾ ਗੁਰੂਦੁਆਰਾ ਸਾਹਿਬ ਦੀ ਵਿਸ਼ਾਲ ਇਮਾਰਤ ਦਾ ਨਿਰਮਾਣ ਕਰਵਾਇਆ ਅਤੇ ਗੁਰੂਦੁਆਰਾ ਦੇ ਨਾਂਅ ਜਗੀਰਾਂ ਵੀ ਲਗਵਾਇਆਂ ।ਨਾਂਦੇੜ ਦੇ ਗੁਰੂਦੁਆਰਿਆਂ ਦੀ ਸੇਵਾ ਸੰਭਾਲ ਪਹਿਲਾਂ ਪਹਿਲ ਗੁਰੂ ਜੀ ਦੇ ਨਾਲ ਆਏ ਗੁਰਮੁੱਖ ਪਿਆਰੇ ਭਾਈ ਸੰਤੋਖ ਸਿੰਘ ਜੀ ਆਪਣੇ ਸਾਥੀਆਂ ਨਾਲ ਨਿਭਾਉਂਦੇ ਰਹੇ ਮਗਰੋਂ ਇਹ ਸੇਵਾ ਉਦਾਸੀਆਂ ਦੇ ਹੱਥਾਂ ਵਿਚ ਚੱਲੀ ਗਈ । ਸ਼ੇਰੇ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਕਾਰਜਕਾਲ ਦੌਰਾਨ ਭਾਈ ਜੱਸਾ ਸਿੰਘ ਜੀ ਦੀ ਕਮਾਨ ਹੇਠ ਪੰਜਾਬ ਤੋਂ ਗਏ ਕਾਰੀਗਰਾਂ ਨੇ ਸੱਚਖੰਡ ਸਾਹਿਬ ਦੀ ਨਵੀਂ ਇਮਾਰਤ ਤਿਆਰ ਕੀਤੀ ।ਰਿਆਸਤ ਹੈਦਰਾਬਾਦ ਨੇ ਉਸ ਸਮੇਂ ਦੇ ਚੀਫ ਮਨੀਸਟਰ ਦੀਵਾਨ ਚੰਦੂ ਲਾਲ ਜੀ, ਜੋ ਗੁਰੂ ਘਰ ਦੇ ਵੱਡੇ ਸ਼ਰਧਾਂਲੂ ਸਨ, ਨੇ ਕਰੀਬ ੫੨੫ ਏਕੜ ਜਮੀਨ ਇਸ ਅਸਥਾਨ ਦੇ ਨਾਂਅ ਲੱਗਵਾਈ , ਉਨ੍ਹਾਂ ਪਿਛੋਂ ਤਖ਼ਤ ਸਾਹਿਬ ਦਾ ਪ੍ਰਬੰਧ ਢਿੱਲਾ ਹੋਣ ਕਰਕੇ ਇਸ ਦਾ ਕਾਫੀ ਹਿੱਸਾ ਖੁਰਦ-ਬੁਰਦ ਹੋ ਗਿਆ।ਸੰਨ ੧੯੫੬ ਵਿਚ ਸੂਬਾ ਸਰਕਾਰ ਨੇ ਇਸ ਅਸਥਾਨ ਅਤੇ ਇਸ ਨਾਲ ਸਬੰਧਤ ਗੁਰੂ ਅਸਥਾਨਾਂ ਦੇ ਪ੍ਰਬੰਧ ਲਈ ਐਕਟ ਬਣਾਇਆ, ਜਿਸ ਅਨੁਸਾਰ ਉਸ ਸਮੇਂ ਤੋਂ ਲੈ ਕੇ ਹੁਣ ਤਕ ਸਾਰਾ ਪ੍ਰਬੰਧ ਗੁਰੂਦੁਆਰਾ ਐਕਟ ਹੇਠ ਚੱਲ ਰਿਹਾ ਹੈ । ਗੁਰੂਦੁਆਰਾ ਬੋਰਡ ਦੇ ਵਾਜੂਦ ਵਿਚ ਆਉਣ ਸਮੇਂ ਜੋ ਹਾਲਾਤ ਸਨ, ਅੱਜ ਉਹ ਕਾਫੀ ਬਦਲ ਚੁੱਕੇ ਹਨ।ਪ੍ਰਬੰਧਕਾਂ ਦੀ ਇੱਛਾ ਹੈ ਕਿ ਇਸ ਪਵਿੱਤਰ ਅਸਥਾਨ ਦੀ ਮਾਨਤਾ ਅਤੇ ਪਵਿੱਤਰਤਾ ਨੂੰ ਹੋਰ ਵੱਧਾਇਆ ਜਾਵੇ।ਸੰਨ ੨੦੦੮ ਵਿਚ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੀ ਪਾਵਨ ਧਰਤੀ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾਗੱਦੀ ਤੇ ਸੱਚਖੰਡ ਗਮਨ ਪਾਤਸ਼ਾਹੀ ੧੦ਵੀਂ ਦਾ ੩੦੦ ਸਾਲਾਂ ਪੁਰਬ ਬਹੁਤ ਵੱਡੇ ਪੱਧਰ ‘ਤੇ ਮਨਾਇਆ ਗਿਆ , ਇਸੇ ਦੌਰਾਨ ਗੁਰੂਦੁਆਰਾ ਦੇ ਆਸ-ਪਾਸ ਦਾ ਘੇਰਾ ੩ ਏਕੜ ਤੋਂ ਵੱਧਾ ਕੇ ੮ ਏਕੜ ਦਾ ਕਰ ਦਿੱਤਾ ਗਿਆ । ਇਸ ਦੇ ਆਸੇ-ਪਾਸੇ ਅਲੀਸ਼ਾਨ ਤਿੰਨ ਮੰਜ਼ਿਲੀ ਇਮਾਰਤ ਸੰਗਤਾਂ ਦੀ ਰਿਹਾਇਸ਼ ਲਈ ਉਸਾਰੀ ਗਈ ਹੈ।ਜਿੰਨ੍ਹਾਂ ਪਰਿਵਾਰਾਂ ਨੂੰ ਗੁਰੂਦੁਆਰਾ ਕੰਪਲੈਕਸ ਚੌੜਾ ਕਰਨ ਲਈ ਉਠਾਇਆ ਗਿਆ ਸੀ, ਉਨ੍ਹਾਂ ਲਈ ਮੁੜ ਵਸੇਬਾ ਯੋਜਨਾ ਤਹਿਤ ਗੋਬਿੰਦ ਬਾਗ ਵਿਖੇ ਵਧੀਆ ਮਕਾਨ ਉਸਾਰੇ ਗਏ ।ਜਿਨ੍ਹਾਂ ਵਿਚ ਸੜਕਾਂ, ਬਿਜਲੀ, ਪਾਣੀ, ਪਾਰਕ ਆਦਿ ਦੀਆਂ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ । ਇਸ ਤੋਂ ਇਲਾਵਾ ਸੱਚਖੰਡ ਗੁਰੂਦੁਆਰਾ ਬੋਰਡ ਦੇ ਯਤਨਾਂ ਸਦਕਾ ਨਾਂਦੇੜ ਰੇਲਵੇ ਸਟੇਸ਼ਨ ਦਾ ਨਾਂਅ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਕਰਵਾਇਆ ਗਿਆ , ਨਵੇਂ ਬਣੇ ਏਅਰਪੋਰਟ ਦਾ ਨਾਂਅ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਏਅਰਪੋਰਟ ਰੱਖਵਾਇਆ ਗਿਆ ।ਗੁਦਾਵਰੀ ਨਦੀ ਦੇ ਘਾਟ ਨੂੰ ਕਈ ਕਿਲੋਮੀਟਰ ਤਕ ਪੱਕਾ ਕੀਤਾ ਗਿਆ ਹੈ , ਲੰਗਰ ਹਾਲ ਦੀ ਨਵੀਂ ਇਮਾਰਤ ਦਾ ਨਿਰਮਾਣ ਕੀਤਾ ਗਿਆ । ਗੁਰੂ ਘਰ ਦੇ ਚਾਰ ਦਰਵਾਜਿਆਂ ਦੀ ਬਜਾਏ ਹੁਣ ਵਿਸਥਾਰ ਹੋ ਜਾਣ ਨਾਲ ਸੰਗਤਾਂ ਦੇ ਆਉਣ-ਜਾਣ ਲਈ ੬ ਦਰਵਾਜੇ ਬਣਾਏ ਗਏ ਹਨ।ਆਸ-ਪਾਸ ਦੇ ਖੇਤਰ ਨੂੰ ਵਧੀਆ ਫੁਲਦਾਰ ਪੌਧਿਆਂ ਨਾਲ ਹਰਾ ਭਰਾ ਬਣਾਇਆ ਗਿਆ ਹੈ ।ਗੁਰੂਦੁਆਰਾ ਗੋਬਿੰਦ ਬਾਗ ਦੇ ਇਤਿਹਾਸਕ ਅਸਥਾਨ ‘ਤੇ ਜਿੱਥੇ ਗੁਰੂ ਘਰ ਦੀ ਨਵੀਂ ਇਮਾਰਤ ਤਿਆਰ ਕੀਤੀ ਗਈ ਹੈ, ਉ ੱਥੇ ਵੀ ਸੁੰਦਰ ਬਾਗ ਤਿਆਰ ਕਰਵਾਇਆ ਗਿਆ ਹੈ । ਜਿਸ ਵਿਚ ਦੁਨੀਆ ਦੀ ਉਤਮ ਲੇਜਰ ਤਕਨੀਕ ‘ਤੇ ਪਾਣੀ ਦੇ ਫੁਹਾਰਿਆਂ ਦੀਆਂ ਲਹਿਰਾਂ ਅਤੇ ਸੰਗੀਤ ਦੇ ਸੁੰਦਰ ਸੁਮੇਲ ਨਾਲ ਸਿੱਖ ਇਤਿਹਾਸ ਪੇਸ਼ ਕੀਤਾ ਜਾ ਰਿਹਾ ਹੈ ।ਪੁਰਾਤਨ ਇਤਿਹਾਸਕ ਵਸਤਾਂ ਦੀ ਸਾਂਭ ਸੰਭਾਲ ਲਈ ਬਾਹਰੋ ਆਇਆਂ ਸੰਗਤਾਂ ਨੂੰ ਸਿੱਖ ਧਰਮ ਦੇ ਵਿਲੱਖਣ ਇਤਿਹਾਸ ਦੀ ਜਾਣਕਾਰੀ ਦੇਣ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਅਜਾਇਬਘਰ ਬਣਾਇਆ ਗਿਆ ਹੈ ।ਰੋਜ਼ਾਨਾ ਤੋਂ ਇਲਾਵਾ ਹੋਲੇ ਮਹੱਲੇ ਅਤੇ ਦੁਸਹਿਰੇ ਸਮੇਂ ਲੱਖਾਂ ਦੀ ਗਿਣਤੀ ਵਿਚ ਯਾਤਰੂ ਇਸ ਅਸਥਾਨ ਦੀ ਯਾਤਰਾ ਕਰਨ ਲਈ ਪੁੱਜਦੇ ਹਨ।ਇਸ ਅਸਥਾਨ ‘ਤੇ ਗੁਰਪੁਰਬ ਕੱਤਕ ਸੁਦੀ ਦੂਜ ਅਤੇ ਪੰਚਮੀ ਦੇ ਸਮਾਗਰ ਵੀ ਵੱਡੇ ਪੱਧਰ ‘ਤੇ ਮਨਾਏ ਜਾਂਦੇ ਹਨ ।ਸੰਗਤਾਂ ਦੀ ਰਿਹਾਇਸ਼ ਲਈ ਸੱਚਖੰਡ ਕੰਪਲੈਕਸ ਦੇ ਕਮਰਿਆਂ ਤੋਂ ਇਲਾਵਾ ਸ੍ਰੀ ਗੁਰੂ ਅੰਗਦ ਦੇਵ ਜੀ ਯਾਤਰੀ ਨਿਵਾਸ, ਸ੍ਰੀ ਗੁਰੂ ਅਮਰਦਾਸ ਜੀ ਯਾਤਰੀ ਨਿਵਾਸ, ਸ੍ਰੀ ਗੁਰੂ ਰਾਮਦਾਸ ਜੀ ਯਾਤਰੀ ਨਿਵਾਸ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਐਨ.ਆਰ.ਆਈ.ਨਿਵਾਸ, ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਮਹਾਰਾਜਾ ਰਣਜੀਤ ਸਿੰਘ ਯਾਤਰੀ ਨਿਵਾਸ, ਪੰਜਾਬ ਭਵਨ ਅਤੇ ਐਸ.ਜੀ.ਪੀ.ਸੀ. ਭਵਨ ਆਦਿ ਬਣੇ ਹੋਏ ਹਨ ।ਵਿਦਿਅਕ ਖੇਤਰ ਵਿਚ ਗੁਰਦੁਆਰਾ ਬੋਰਡ ਵੱਲੋਂ ਖਾਲਸਾ ਪ੍ਰਾਇਮਰੀ ਸਕੂਲ, ਸ੍ਰੀ ਹਜ਼ੂਰ ਸਾਹਿਬ ਆਈ.ਟੀ.ਆਈ., ਖਾਲਸਾ ਹਾਈ ਸਕੂਲ, ਬਾਫਨਾ ਰੋਡ, ਨਾਂਦੇੜ ਵਧੀਆ ਪੱਧਰ ‘ਤੇ ਚੱਲ ਰਹੇ ਹਨ।ਪੰਜਵੀਂ ਜਮਾਤ ਤੋਂ ਲੈ ਕੇ ਉ ੱਚੇਰੀ ਵਿਦਿਆ ਪ੍ਰਾਪਤ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਗੁਰਦੁਆਰਾ ਬੋਰਡ ਵੱਲੋਂ ਆਰਥਿਕ ਮਦਦ ਵੀ ਦਿੱਤੀ ਜਾਂਦੀ ਹੈ । ਆਈ.ਟੀ.ਆਈ. ਵਿਚੋਂ ਪਾਸ ਹੋਣ ਵਾਲੇ ਬੱਚਿਆਂ ਲਈ ਆਈ.ਟੀ.ਆਈ. ਕੈਂਪਸ ਵਿਚ ਹੀ ਵੱਖ-ਵੱਖ ਕੰਪਨੀਆਂ ਦੇ ਨੁਮਾਇੰਦਿਆਂ ਵੱਲੋਂ ਨੌਕਰੀਆਂ ਦਿੱਤੀਆਂ ਜਾਂਦੀਆਂ ਹਨ । ਦੂਰ ਦਰਾੜੇ ਪਿੰਡਾਂ ਵਿਚ ਰਹਿਣ ਵਾਲੇ ਸਿੱਖ ਵਿਦਿਆਰਥੀਆਂ ਲਈ ਸ਼ਹਿਰ ਵਿਚ ਰਹਿ ਕੇ ਵਿਦਿਆ ਪ੍ਰਾਪਤ ਕਰਨ ਲਈ ਸਿੱਖ ਹੋਸਟਲ ਚਲਾਇਆ ਜਾ ਰਿਹਾ ਹੈ।ਜਿਸ ਵਿਚ ਵਿਦਿਆਰਥੀਆਂ ਨੂੰ ਮੁਫਤ ਰਿਹਾਇਸ਼ ਦੇ ਨਾਲ-ਨਾਲ ਲੰਗਰ ਪਾਣੀ ਦੀ ਸਹੂਲਤ ਵੀ ਪ੍ਰਦਾਨ ਕੀਤੀ ਜਾ ਰਹੀ ਹੈ।ਧਰਮ ਪ੍ਰਚਾਰ ਖੇਤਰ ਵਿਚ ਗੁਰਦੁਆਰਾ ਬੰਦਾ ਘਾਟ ਸਾਹਿਬ ਵਿਖੇ ਚਲਾਏ ਜਾ ਰਹੇ ਗੁਰਮਤਿ ਸੰਗੀਤ ਵਿਦਿਆਲੇ ਵਿਚੋਂ ਸੈਕੜੇ ਵਣਜਾਰਾ ਸਮਾਜ, ਲੁਬਾਣਾ ਸਮਾਜ ਤੇ ਸ਼ਿਕਲੀਗਰ ਸਮਾਜ ਦੇ ਸਿੱਖ ਬੱਚੇ ਸੰਗੀਤ ਦੀ ਵਿਦਿਆ ਪ੍ਰਾਪਤ ਕਰਕੇ ਵੱਖ-ਵੱਖ ਗੁਰੂ ਘਰਾਂ ਵਿਚ ਸੇਵਾ ਨਿਭਾ ਰਹੇ ਹਨ ।ਬੇਸਹਾਰਾ ਸਿੱਖ ਬਜੁਰਗਾਂ ਦੀ ਸਹੂਲਤ ਲਈ ਗੁਰਦੁਆਰਾ ਬਾਉਲੀ ਸਾਹਿਬ ਦੇ ਨੇੜੇ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਬਿਰਧ ਆਸ਼ਰਮ ਖੋਲ੍ਹਿਆ ਗਿਆ ਹੈ।ਸਿਹਤ ਸੇਵਾਵਾਂ ਮੁਹੱਇਆ ਕਰਵਾਉਣ ਲਈ ਇਕ ਵਧੀਆ ਸ੍ਰੀ ਦਸ਼ਮੇਸ਼ ਹਸਪਤਾਲ ਅਤੇ ਸ੍ਰੀ ਗੁਰੂ ਹਰਕ੍ਰਿਸ਼ਣ ਜੀ ਚਲਦਾ ਫਿਰਦਾ ਹਸਪਤਾਲ ਵੀ ਹਰ ਰੋਜ ਸੈਕੜੇ ਲੋਕਾਂ ਨੂੰ ਰੋਗ ਰਹਿਤ ਕਰਨ ਵਿਚ ਲੱਗੇ ਹੋਏ ਹਨ । ਗੁਰੂਦੁਆਰਾ ਬੋਰਡ ਵੱਲੋਂ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਰੁਝੇਵਿਆਂ ਭਰੀ ਜਿੰਦਗੀ ਵਿਚੋਂ ਕੀਮਤੀ ਸਮਾਂ ਕੱਢ ਕੇ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਅਤੇ ਆਪਣੀ ਜੀਵਨ ਯਾਤਰਾ ਨੂੰ ਸਫਲ ਬਣਾਉਣ ।
ਗੁਰੂਦੁਆਰਾ ਰਤਨਗੜ੍ਹ ਸਾਹਿਬ
ਇਹ ਗੁਰੂਦੁਆਰਾ ਸੱਚਖੰਡ ਸਾਹਿਬ ਤੋਂ ਦੱਖਣ ਦਿਸ਼ਾ ਵੱਲ ੧੮ ਕਿਲੋਮੀਟਰ ਦੀ ਦੂਰੀ ਤੇ ਰਤਨਾਗਿਰੀ ਪਹਾੜੀ ਦੇ ਕੋਲ ਸਥਿਤ ਹੈ । ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸੱਚਖੰਡ ਗਮਨ ਬਾਅਦ ਅਗਲੀ ਸਵੇਰ ਨੂੰ ਇਸ ਅਸਥਾਨ ‘ਤੇ ਇਕ ਸਾਧੂ ਨੂੰ ਘੋੜੇ ਸਮੇਤ ਦਰਸ਼ਨ ਦੇ ਕੇ ਕਿਹਾ ਸੀ ਕਿ ਉਹ ਸਿੱਖਾਂ ਨੂੰ ਦੱਸੇ ਕਿ ਅਸੀਂ ਖਾਲਸੇ ਦੇ ਅੰਗ-ਸੰਗ ਹਾਂ , ਸਾਰੇ ਸਿੱਖ ਗੁਰਬਾਣੀ ਦਾ ਜਾਪ ਕਰਨ , ਜੋ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੇਗਾ ਉਸ ਨੂੰ ਸਾਡੇ ਦਰਸ਼ਨ ਹੋ ਜਾਣਗੇ।ਉਸ ਸਾਧੂ ਨੇ ਸੱਚਖੰਡ ਹਜ਼ੂਰ ਸਾਹਿਬ ਪੁੱਜ ਕੇ ਸੰਗਤਾਂ ਨੂੰ ਗੁਰੂ ਜੀ ਦੇ ਇਹ ਵਚਨ ਸੁਣਾਏ , ਜਦੋਂ ਸੰਗਤਾਂ ਨੇ ਅਸਤਬਲ ਵਿਚ ਗੁਰੂ ਜੀ ਦਾ ਘੋੜਾ ਤੇ ਬਾਜ ਗਾਇਬ ਵੇਖਿਆ ਤਾਂ ਸਾਰਿਆਂ ਨੂੰ ਯਕੀਨ ਹੋ ਗਿਆ ਕਿ ਗੁਰੂ ਜੀ ਘੋੜੇ ਅਤੇ ਬਾਜ ਸਮੇਤ ਸੱਚਖੰਡ ਚੱਲੇ ਗਏ ਹਨ । ਦੁੱਖੀ ਸੰਗਤ ਨੇ ਜਦੋਂ ਗੁਰੂ ਜੀ ਦਾ ਅੰਗੀਠਾ ਫੋਲਿਆ ਤਾਂ ਇਸ ਵਿਚੋਂ ਇਕ ਛੋਟੀ ਕਿਰਪਾਨ ਨਿਕਲੀ, ਜਿਸ ਦੇ ਅੱਜ ਵੀ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਸ਼ਾਮ ਨੂੰ ਰਹਿਰਾਸ ਦੇ ਪਾਠ ਅਤੇ ਆਰਤੀ ਬਾਅਦ ਦੂਜੇ ਸਸ਼ਤਰਾਂ ਨਾਲ ਦਰਸ਼ਨ ਕਰਵਾਏ ਜਾਂਦੇ ਹਨ ।
ਗੁਰੂਦੁਆਰਾ ਸ੍ਰੀ ਲੰਗਰ ਸਾਹਿਬ
ਗੁਰੂਦੁਆਰਾ ਸ੍ਰੀ ਲੰਗਰ ਸਾਹਿਬ ਸ੍ਰੀਮਾਨ ੧੧੧ ਸੰਤ ਬਾਬਾ ਨਿਧਾਨ ਸਿੰਘ ਦੇ ਨਾਂਅ ਨਾਲ ਪ੍ਰਸਿੱਧ ਹੈ ।ਬਾਬਾ ਜੀ ਦਾ ਜਨਮ ੧੮੮੨ ਇਸਵੀਂ ਨੂੰ ਭਾਈ ਉਤਮ ਸਿੰਘ ਜੀ ਦੇ ਘਰ ਪਿੰਡ ਨਡਾਲੋਂ ਜਿਲਾ ਹੁਸ਼ਿਆਰਪੁਰ ਵਿਖੇ ਹੋਇਆ ਸੀ।ਬਾਬਾ ਜੀ ਨੇ ਛੋਟੀ ਅਵਸਥਾ ਵਿਚ ਹੀ ਰੱਬੀ ਲਗਨ ਸੀ ।ਜਦੋਂ ਆਪ ਜੀ ਦੀ ਉਮਰ ੧੮ ਸਾਲ ਹੋ ਗਈ ਤਾਂ ਨਿਰਕਾਰ ਦੀ ਲਗਨ ਵਿਚ ਮਸਤ ਹੁੰਦੇ ਹੋਏ ਪਿੰਡ ਨਾਡਲੋਂ ਅਤੇ ਭਾਈਚਾਰੇ ਦੇ ਮੋਹ ਨੂੰ ਤਿਆਗ ਕੇ ਝਾਂਸੀ ਸ਼ਹਿਰ ਵਿਖੇ ਫੌਜ ਵਿਚ ਭਰਤੀ ਹੋ ਗਏ।ਫੌਜ ਦੀ ਨੌਕਰੀ ਕਰਦੀਆਂ ਸਮਾਧੀ ਲੱਗੀ ਰਹਿੰਦੀ ਅਤੇ ਡਿਊਟੀ ਦਾ ਖਿਆਲ ਵੀ ਨਹੀਂ ਰਹਿੰਦਾ ।ਇਹ ਝੂਠੀ ਨੌਕਰੀ ਚੰਗੀ ਨਾ ਲੱਗੀ ਤੇ ਨੌਕਰੀ ਛੱਡ ਕੇ ਸ੍ਰੀ ਹਜ਼ੂਰ ਸਾਹਿਬ ਨੂੰ ਚਾਲੇ ਪਾ ਦਿੱਤੇ ।ਮੁਸ਼ਕਿਲ ਰਸਤਿਆਂ ਨੂੰ ਤੈਅ ਕਰਦੇ ਹੋਏ ਰੱਬੀ ਮਸਤੀ ਵਿਚ ਸ੍ਰੀ ਹਜ਼ੂਰ ਸਾਹਿਬ ਪੁੱਜ ਗਏ ਇਥੇ ਬਾਬਾ ਜੀ ਨੇ ਬਹੁਤ ਹੀ ਨਿਮਰਤਾ ਭਾਵਨਾ ਨਾਲ ਗੁਰੂ ਦੇ ਭੈਅ ਵਿਚ ਰਹਿ ਕੇ ਮਗਨ ਹੋ ਕੇ ਸੇਵਾ ਕੀਤੀ ।ਇਸ ਤਰ੍ਹਾਂ ਬਾਬਾ ਜੀ ਦਿਨ-ਰਾਤ ਸੇਵਾ ਤੇ ਸਿਮਰਨ ਵਿਚ ਲੱਗੇ ਰਹਿੰਦੇ ਹੋਲੀ-ਹੋਲੀ ਆਪ ਸੰਗਤਾਂ ਵਿਚ ਹਰਮਨ ਪਿਆਰੇ ਹੋ ਗਏ ।ਉਥੋਂ ਦੇ ਪ੍ਰਬੰਧਕਾਂ ਨੂੰ ਇਹ ਚੰਗਾ ਨਹੀਂ ਸੀ ਲੱਗਦਾ, ਇਸ ਲਈ ਉਹ ਤੁਹਾਡੇ ਨਾਲ ਇਰਖਾ ਰੱਖਣ ਲੱਗ ਪਏ , ਇਕ ਦਿਨ ਨਾਰਾਜ ਹੋ ਕੇ ਆਪ ਜੀ ਨੇ ਪੰਜਾਬ ਵਾਪਿਸ ਜਾਣ ਦਾ ਫੈਸਲਾ ਕਰ ਲਿਆ, ਬਾਬਾ ਜੀ ਨਾਂਦੇੜ ਸਟੇਸ਼ਨ ਪੁੱਜੇ, ਰਾਤ ਦਾ ਸਮਾਂ ਸੀ, ਗੱਡੀ ਆਉਣ ਵਿਚ ਕੁਝ ਸਮਾਂ ਬਾਕੀ ਸੀ । ਬਾਬਾ ਜੀ ਆਤਮਿਕ ਅਡੋਲਤਾ ਵਿਚ ਟਿਕੇ ਹੋਏ ਸਮਾਧੀ ਵਿਚ ਲੀਨ ਹੋ ਗਏ ਤਾਂ ਇਕ ਬਹੁਤ ਭਾਰੀ ਲੱਖਾਂ ਸੂਰਜਾਂ ਦੇ ਸਮਾਨ ਪ੍ਰਕਾਸ਼ ਹੋਇਆ ।ਬਾਬਾ ਜੀ ਦੀ ਸਮਾਧੀ ਖੁਲ੍ਹੀ ਤਾਂ ਕੀ ਵੇਖਦੇ ਹਨ ਕਿ ਸਾਹਮਣੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਬਾਜ ਅਤੇ ਘੋੜੇ ਸਮੇਤ ਖੜੇ ਹਨ ।ਬਾਬਾ ਜੀ ਨੇ ਗੁਰੂ ਜੀ ਦੇ ਚਰਣਾਂ ‘ਤੇ ਮਸਤਕ ਰੱਖ ਕੇ ਬੜੇ ਵੈਰਾਗ ਵਿਚ ਆਪਣੀਆਂ ਅੱਖਾਂ ਦੇ ਜਲ ਨਾਲ ਗੁਰੂ ਜੀ ਦੇ ਚਰਣ ਧੋਏ। ਗੁਰੂ ਜੀ ਨੇ ਬਾਬਾ ਜੀ ਨੂੰ ਬਾਹੋਂ ਫੜ ਕੇ ਆਪਣੇ ਸੀਨੇ ਨਾਲ ਲਾ ਲਿਆ ਅਤੇ ਬਚਨ ਉਚਾਰਣ ਕੀਤਾ ਕਿ ਸਾਡਾ ਪੁਰਾਤਨ ਲੰਗਰ ਸਾਹਿਬ ਗੁਦਾਵਰੀ ਕੱਢੇ ਨਾਗੀਨਾ ਘਾਟ ਦੇ ਨੇੜੇ ਹੈ, ਤੁਸੀਂ ਉ ੱਥੋਂ ਜਾ ਕੇ ਲੰਗਰ ਚਲਾਓ , ਨਾਲ ਹੀ ਵਰ ਦਿੱਤਾ ਕਿ ”ਖੀਸਾ ਮੇਰਾ ਤੇ ਹੱਥ ਤੇਰਾ” । ਤੁਹਾਡੇ ਲੰਗਰ ਵਿਚ ਕਦੇ ਵੀ ਤੋਟ ਨਹੀਂ ਆਵੇਗੀ ।ਅਸੀਂ ਆਪ ਪੰਗਤ ਵਿਚ ਬੈਠ ਕੇ ਲੰਗਰ ਛੱਕਿਆ ਕਰਾਂਗੇ ।ਇਹ ਵਰ ਬਖ਼ਸ ਕੇ ਬਾਬਾ ਨਿਧਾਨ ਸਿੰਘ ਜੀ ਨੂੰ ਦਸਮੇਸ਼ ਪਿਤਾ ਜੀ ਨੇ ਬ੍ਰਹਮ ਗਿਆਨ ਦਾ ਪ੍ਰਕਾਸ਼ ਕਰਵਾ ਦਿੱਤਾ ਫਿਰ ਬਾਬਾ ਜੀ ਨੇ ਸਤਿਗੁਰੂ ਦੇ ਪੁਰਾਤਨ ਲੰਗਰ ਸਾਹਿਬ ਵਾਲੀ ਥਾਂ ਨੂੰ ਪਛਾਣ ਕੇ ਆਸਣ ਲਾ ਲਏ ਅਤੇ ਗੁਰੂ ਮਹਾਰਾਜ ਦੀ ਅਪਾਰ ਬਖ਼ਸੀਸ ਸਦਕਾ ਲੰਗਰ ਚਾਲੂ ਕਰ ਦਿੱਤਾ ਜੋ ਅੱਜ ਵੀ ਚੱਲ ਰਿਹਾ ਹੈ।ਸੇਵਾ ਤੇ ਸਿਰਮਨ ਬਾਬਾ ਨਿਧਾਨ ਸਿੰਘ ਜੀ ੪ ਅਗਸਤ ੧੯੪੭ ਨੂੰ ਸ੍ਰੀ ਅਕਾਲ ਪੁਰਖ ਨੂੰ ਪਿਆਰੇ ਹੋ ਗਏ । ਆਪ ਜੀ ਤੋਂ ਬਾਅਦ ਸੰਤ ਬਾਬਾ ਹਰਨਾਮ ਸਿੰਘ ਜੀ ਨੇ ੧੯੭੯ ਤਕ, ਫਿਰ ਸੰਤ ਬਾਬਾ ਆਤਮਾ ਸਿੰਘ ਜੀ ਨੇ ੧੯੮੩ ਤਕ, ਫਿਰ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਨੇ ੨੦੦੫ ਤਕ ਇਸ ਥਾਂ ਦੀ ਸੇਵਾ ਸੰਭਾਲੀ ।ਇਸ ਸਮੇਂ ਸੰਤ ਬਾਬਾ ਨਰਿੰਦਰ ਸਿੰਘ ਜੀ ਅਤੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਦੀ ਸੁਚੱਜੀ ਅਗਵਾਈ ਹੇਠ ਲੰਗਰ ਦੀ ਸੇਵਾ ਦਿਨ ਦੁਗੱਣੀ, ਰਾਤ ਚੌਗਣੀ ਤਰੱਕੀ ‘ਤੇ ਚੱਲ ਰਿਹਾ ਹੈ ।ਗੁਰੂਦੁਆਰਾ ਲੰਗਰ ਸਾਹਿਬ ਵਿਖੇ ੨੪ ਘੰਟੇ ਗੁਰੂ ਦਾ ਅਟੁੱਟ ਲੰਗਰ ਚੱਲਦਾ ਹੈ ਅਤੇ ਬਾਹਰੋ ਆਏ ਸ਼ਰਧਾਂਲੂਆਂ ਲਈ ੧੦੦੦ ਤੋਂ ਵੱਧ ਕਮਰਿਆਂ ਦਾ ਸੁਚੱਜਾ ਪ੍ਰਬੰਧ ਹੈ ।
ਗੁਰੂਦੁਆਰਾ ਨਗੀਨਾ ਘਾਟ ਸਾਹਿਬ
ਇਹ ਗੁਰੂਦੁਆਰਾ ਤਖ਼ਤ ਸੱਚਖੰਡ ਤੋਂ ੧ ਕਿਲੋਮੀਟਰ ਦੀ ਦੂਰੀ ‘ਤੇ ਗੁਦਾਵਰੀ ਕੱਢੇ ਗੁਰੂਦੁਆਰਾ ਲੰਗਰ ਸਾਹਿਬ ਦੇ ਨੇੜੇ ਹੈ ।ਗੁਰੂ ਜੀ ਨੇ ਜਦੋਂ ਇਸ ਅਸਥਾਨ ‘ਤੇ ਪੜਾਅ ਕਰਕੇ ਦੀਵਾਨ ਸਜਾਉਂਣੇ ਸ਼ੁਰੂ ਕੀਤੇ ਸਨ ਤਾਂ ਦੂਰ-ਦੂਰ ਤੋਂ ਸੰਗਤਾਂ ਦਰਸ਼ਨਾਂ ਲਈ ਆ ਕੇ ਭੇਟਾ ਅਰਪਨ ਕਰਕੇ ਖੁਸ਼ੀਆਂ ਪ੍ਰਾਪਤ ਕਰਦੀਆਂ ਸਨ ।ਇਕ ਦਿਨ ਇਕ ਵਣਜਾਰਾ ਸਿੱਖ ਇਕ ਕੀਮਤੀ ਨਗੀਨਾ ਭੇਟ ਕਰਨ ਲਈ ਗੁਰੂ ਜੀ ਪਾਸ ਪੁੱਜਿਆ ਉਸ ਨੇ ਸ਼ਰਧਾ ਸਹਿਤ ਨਗੀਨਾ ਭੇਂਟ ਕੀਤਾ।ਭੇਂਟ ਕੀਤਾ ਨਗੀਨਾ ਗੁਰੂ ਜੀ ਨੇ ਨਾਲ ਵਹਿ ਰਹੀ ਨਦੀ ਗੋਦਾਵਰੀ ਵਿਚ ਸੁੱਟ ਦਿੱਤਾ ।ਵਣਜਾਰਾ ਸਿੱਖ ਇਹ ਵੇਖ ਕੇ ਹੈਰਾਨ ਹੋਇਆ ਅਤੇ ਕੁਝ ਨਾਰਾਜ ਵੀ ਹੋ ਗਿਆ ।ਗੁਰੂ ਜੀ ਨੇ ਉਸ ਦੇ ਮਨ ਦੀ ਅਵਸਥਾ ਜਾਣ ਕੇ ਉਸ ਨੂੰ ਕਿਹਾ ”ਜਰਾ ਨਦੀ ਵਿਚ ਨਿਗਹਾ ਮਾਰ ਕੇ ਵੇਖੋ” ਜਦੋਂ ਉਸ ਵਣਜਾਰੇ ਸਿੱਖ ਨੇ ਨਦੀ ਵਿਚ ਵੇਖਿਆ ਤਾਂ ਹੈਰਾਨ ਹੋ ਗਿਆ । ਨਦੀ ਵਿਚ ਉਸ ਨੇ ਆਪਣੇ ਨਗੀਨੇ ਤੋਂ ਵੀ ਵੱਧ ਕੀਮਤੀ ਕਈ ਨਗੀਨੇ ਵੇਖੇ , ਇਹ ਵੇਖ ਕੇ ਉਸ ਦਾ ਸਾਰਾ ਮਾਣ ਤਾਣ ਖਤਮ ਹੋ ਗਿਆ ਅਤੇ ਗੁਰੂ ਜੀ ਦੇ ਚਰਣਾਂ ‘ਤੇ ਪੈ ਗਿਆ।ਇਸੇ ਅਸਥਾਨ ਤੋਂ ਹੀ ਗੁਰੂ ਜੀ ਨੇ ਤੀਰ ਚਲਾ ਕੇ ਆਪਣਾ ਸਤਿਯੁਗੀ ਤਪੋ ਅਸਥਾਨ ਪ੍ਰਗਟ ਕੀਤਾ ਜੋ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਰ ਨਗਰ ਸਾਹਿਬ ਦੇ ਨਾਂਅ ਨਾਲ ਪ੍ਰਸਿੱਧ ਹੈ।
ਗੁਰੂਦੁਆਰਾ ਬੰਦਾ ਘਾਟ ਸਾਹਿਬ
ਬਾਬਾ ਬੰਦਾ ਸਿੰਘ ਬਹਾਦੁਰ ਸਿੰਘ ਜੀ ਦਾ ਪਹਿਲਾ ਨਾਂਅ ਲੱਛਮਣ ਦਾਸ ਸੀ ।ਰਾਜਪੂਤ ਰਾਮਦੇਵ ਦੇ ਘਰ ੧੬੭੦ ਈਸਵੀਂ ਨੂੰ ਪੈਦੇ ਹੋਏ ਲੱਛਮਣ ਦਾਸ ਨੂੰ ਛੋਟੇ ਹੁੰਦੀਆਂ ਹੀ ਸ਼ਿਕਾਰ ਖੇਡਣ ਦਾ ਸ਼ੌਕ ਸੀ । ਸ਼ਿਕਾਰ ਖੇਡਦੇ ਇਕ ਦਿਨ ਇਕ ਗਰਭਵੱਤੀ ਹਿਰਣੀ ਦਾ ਸ਼ਿਕਾਰ ਹੋ ਗਿਆ , ਜਿਸ ਦੇ ਪੇਟ ਵਿਚੋਂ ਜਨਮ ਲੈਣ ਵਾਲੇ ਦੋ ਬੱਚੇ ਇਸ ਦੀਆਂ ਅੱਖਾਂ ਸਾਹਮਣੇ ਹੀ ਹਿਰਣੀ ਦੇ ਨਾਲ ਤੜਪ-ਤੜਪ ਕੇ ਮਰ ਗਏ । ਇਸ ਦਰਦਨਾਕ ਦ੍ਰਿਸ਼ ਨੇ ਇਸ ਦੀ ਆਤਮਾ ਨੂੰ ਝੰਜੋੜ ਕੇ ਰੱਖ ਦਿੱਤਾ , ਦਿਲ ਵਿਚ ਅਜਿਹਾ ਵੈਰਾਗ ਪੈਦਾ ਹੋਇਆ ਕਿ ਘਰ ਵਾਰ ਤਿਆਗ ਦਿੱਤਾ ।ਕਈ ਸਾਧੂ ਮਹਾਤਮਾ ਦੀ ਸੰਗਤ ਕਰਨ ਤੋਂ ਬਾਅਦ ਆਪ ਮਾਧੋ ਦਾਸ ਬਣ ਕੇ ਸਾਲ ੧੬੯੨ ਇਸਵੀਂ ਵਿਚ ਨਾਂਦੇੜ ਦੇ ਇਸ ਮੁਕਾਮ ‘ਤੇ ਗੁਦਾਵਰੀ ਨਦੀ ਦੇ ਕੱਢੇ ਇਕ ਸੁੰਦਰ ਕੁਟਿਆ ਬਣਾ ਕੇ ਰਹਿਣ ਲੱਗੇ ਅਤੇ ਆਸ ਪਾਸ ਦੇ ਲੋਕਾਂ ਨੂੰ ਆਪਣੀ ਤੰਤਰ-ਮੰਤਰ ਦੀ ਕਲਾ ਨਾਲ ਭਰਮਾਉਣ ਲੱਗੇ । ਜਿਸ ਕਾਰਣ ਲੋਕ ਦੂਰੋ-ਦੂਰੋ ਮਾਧੋ ਦਾਸ ਦੇ ਦਰਸ਼ਨਾਂ ਨੂੰ ਆਉਂਦੇ ਅਤੇ ਆਪਣੀਆਂ ਮੰਨਤਾਂ ਮੰਗਦੇ ।ਮਾਧੋ ਦਾਸ ਬੈਰਾਗੀ ਨੇ ਆਪਣੇ ਤੰਤਰ-ਮੰਤਰ ਵਿਦਿਆ ਦੀ ਗਲਤ ਵਰਤੋਂ ਸ਼ੁਰੂ ਕਰ ਦਿੱਤੀ ਸੀ ।ਗੁਰੂ ਗੋਬਿੰਦ ਸਿੰਘ ਜੀ ਨੂੰ ਜਦੋਂ ਮਾਧੋ ਦਾਸ ਵੱਲੋਂ ਕੀਤੀਆਂ ਜਾ ਰਹੀਆਂ ਕਰਾਮਾਤਾਂ ਦੀ ਜਾਣਕਾਰੀ ਮਿਲੀ ਤਾਂ ਇਕ ਦਿਨ ਗੁਰੂ ਜੀ ਇਸ ਦੀ ਕੁਟੀਆ ਪੁੱਜ ਕੇ ਉਸ ਦੇ ਪਲੰਗ ‘ਤੇ ਬੈਠ ਗਏ । ਮਾਧੋ ਦਾਸ ਕਿਧਰੇ ਬਾਹਰ ਗਿਆ ਹੋਇਆ ਸੀ ।ਮਾਧੋ ਦਾਸ ਦੇ ਚੇਲਿਆਂ ਨੇ ਉਸ ਨੂੰ ਇਸ ਬਾਰੇ ਦੱਸਿਆ। ਮਾਧੋ ਦਾਸ ਦੋੜਿਆ-ਦੋੜਿਆ ਆਪਣੀ ਕੁਟਿਆ ਵਿਚ ਆਇਆ ਅਤੇ ਆਪਣੀਆਂ ਤੰਤਰ ਮੰਤਰ ਦੀਆਂ ਸ਼ਕਤੀਆਂ ਨਾਲ ਪਲੰਗ ਉਲਟਾ ਕਰਕੇ ਗੁਰੂ ਗੋਬਿੰਦ ਸਿੰਘ ਜੀ ‘ਤੇ ਆਪਣੀਆਂ ਕਰਾਮਾਤਾਂ ਦਾ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਨ ਲੱਗਾ । ਗੁਰੂ ਜੀ ਨੇ ਆਪਣੀ ਅਧਿਆਤਿਮਕ ਸ਼ਕਤੀ ਨਾਲ ਇਸ ਦੀਆਂ ਕਰਾਮਾਤਾਂ ਨੂੰ ਬੇਕਾਰ ਕਰ ਦਿੱਤਾ।ਮਾਧੋ ਦਾਸ ਆਪਣੀ ਸ਼ਕਤੀ ਨਾਲ ਗੁਰੂ ਜੀ ਨੂੰ ਹਰਾ ਨਾ ਸਕਿਆ , ਆਖਿਰ ਵਿਚ ਆਪਣੀ ਹਾਰ ਕਬੂਲ ਕਰਕੇ ਗੁਰੂ ਚਰਣਾਂ ਵਿਚ ਢਹਿ ਪਿਆ ਅਤੇ ਕਹਿਣ ਲੱਗਾ, ਮੈਨੂੰ ਬਖ਼ਸ ਲਓ , ਮੈਂ ਆਪ ਜੀ ਦਾ ਹੀ ਬੰਦਾ ਹਾਂ । ਅਗੋ ਗੁਰੂ ਜੀ ਨੇ ਕਿਹਾ ਕਿ ਜੇਕਰ ਤੂੰ ਬੰਦਾ ਹੈ ਤਾਂ ਬੰਦਿਆਂ ਵਾਲੇ ਕੰਮ ਕਰਿਆ ਕਰ ।ਉਹ ਗੁਰੂ ਜੀ ਦਾ ਮੁਰੀਦ ਬਣ ਗਿਆ।ਗੁਰੂ ਗੋਬਿੰਦ ਸਿੰਘ ਨੇ ਉਸ ਨੂੰ ਅੰਮ੍ਰਿਤ ਛੱਕਾ ਕੇ ਉਸ ਦਾ ਨਾਂਅ ਬੰਦਾ ਸਿੰਘ ਰੱਖ ਦਿੱਤਾ।ਜਦੋਂ ਬੰਦਾ ਸਿੰਘ ਨੂੰ ਦਸ਼ਮੇਸ਼ ਪਿਤਾ ਅਤੇ ਸਾਹਿਬਜਾਦੀਆਂ ਨਾਲ ਹੋਇਆ ਦਰਦ ਘਟਨਾਵਾਂ ਦੀ ਜਾਣਕਾਰੀ ਮਿਲੀ ਤਾਂ ਇਸ ਦਾ ਬਦਲਾ ਲੈਣ ਲਈ ਉਸ ਨੇ ਪੰਜਾਬ ਜਾਣ ਵਾਸਤੇ ਗੁਰੂ ਜੀ ਤੋਂ ਆਗਿਆ ਮੰਗੀ ।ਗੁਰੂ ਜੀ ਨੇ ਬੰਦਾ ਸਿੰਘ ਨੂੰ ਆਪਣੇ ਭੱਥੇ ਵਿਚੋਂ ਪੰਜ ਸੁਨਹਿਰੀ ਤੀਰ, ਇਕ ਨਗਾਰਾ, ਇਕ ਨਿਸ਼ਾਨ ਸਾਹਿਬ ਅਤੇ ਪੰਜ ਸਿੰਘ ਦੇ ਕੇ ਪੰਜਾਬ ਵੱਲ ਰਵਾਨਾ ਕਰ ਦਿੱਤਾ ।ਬੰਦਾ ਸਿੰਘ ਨੇ ਪੰਜਾਬ ਦੇ ਸਿੱਖਾਂ ਨੂੰ ਹੁਕਮ ਨਾਮੇ ਭੇਜੇ ਅਤੇ ਯੋਧੇ ਇੱਕਠੇ ਕੀਤੇ।ਉਨ੍ਹਾਂ ਨੇ ਪਹਿਲਾ ਹਮਲਾ ਸੋਨੀਪਤ ਕਰਕੇ ਫਤਿਹ ਕੀਤਾ , ਇੱਥੋਂ ਉਨ੍ਹਾਂ ਨੇ ਗੁਰੂ ਤੇਗ ਬਹਾਦੁਰ ਦੇ ਕਾਤਲ ਸੱਯਦ ਜਲਾਲੂਦੀਨ ਅਤੇ ਛੋਟੇ ਸਾਹਿਬਜਾਦਿਆਂ ਦੇ ਕਾਤਲ ਸਾਸਲਬੇਗ ਤੇ ਬਾਸਲਬੇਗ ‘ਤੇ ਧਾਵਾ ਬੋਲਿਆ ।ਇਸ ਤੋਂ ਬਾਅਦ ਛੋਟੇ ਸਾਹਿਬਜਾਦੀਆਂ ਦੇ ਕਾਤਲ ਅਤੇ ਸਰਹਿੰਦ ਦੇ ਸੂਬੇਦਾਰ ਵਾਜਿਰ ਖਾਂ ਨੂੰ ਮਾਰਿਆ।ਵਾਜਿਰ ਖਾਂ ਦੇ ਅਹੁੱਦੇ ‘ਤੇ ਬਾਬਾ ਬੰਦਾ ਸਿੰਘ ਨੇ ਭਾਈ ਬਾਜ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਬਣਾ ਕੇ ਸਿੱਖ ਰਾਜ ਕਾਇਮ ਕੀਤਾ।ਬਾਬਾ ਬੰਦਾ ਸਿੰਘ ਨੇ ਇਸ ਤਰ੍ਹਾਂ ਕਰਨਾਲ, ਸ਼ਾਹਬਾਦ, ਸਢੌਰਾ, ਸਮਾਨਾ ਆਦਿ ਕਈ ਜੰਗਾਂ ਫਤਿਹ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਂਅ ਦੇ ਸਿੱਕੇ ਅਤੇ ਮੋਹਰਾਂ ਚਲਵਾਇਆ ।ਕਈ ਜੰਗਾਂ ਫਤਿਹ ਕਰਨ ਤੋਂ ਬਾਅਦ ਬੰਦਾ ਸਿੰਘ ਨੂੰ ਬਹਾਦਰ ਦਾ ਖਿਤਾਬ ਮਿਲੀਆ ਅਤੇ ਉਹ ਬੰਦਾ ਸਿੰਘ ਬਹਾਦੁਰ ਦੇ ਨਾਂਅ ਨਾਲ ਜਾਣਨ ਲੱਗ ਪਿਆ।ਪਿੰਡ ਗੁਰਦਾਸ ਨੰਗਲ ਦੀ ਗੜ੍ਹੀ ਭਾਰੀ ਯੁੱਧ ਹੋਇਆ, ਜਿਸ ਵਿਚ ਬਾਬਾ ਬੰਦਾ ਸਿੰਘ ਬਹਾਦੁਰ ਅਤੇ ੭੪੦ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਗਿਆ।ਬਾਬਾ ਬੰਦਾ ਸਿੰਘ ਬਹਾਦੁਰ ਨੂੰ ਹਾਥੀ ਦੀ ਪਿੱਠ ‘ਤੇ ਇਕ ਪਿੰਜਰੇ ਵਿਚ ਬਿਠਾ ਕੇ ਇਕ ਜਲੂਸ ਦੀ ਸ਼ਕਲ ਵਿਚ ਦਿੱਲੀ ਲਿਆਉਂਦਾ ਗਿਆ । ਉਨ੍ਹਾਂ ਦੇ ਨਾਲ ਗ੍ਰਿਫਤਾਰ ਕੀਤੇ ੭੪੦ ਸਿੱਖਾਂ ਨੂੰ ਵੀ ਬੰਦੀ ਬਣਾ ਕੇ ਲਿਆਉਂਦਾ ਗਿਆ । ਇਨ੍ਹਾਂ ਸਾਰੀਆਂ ਨੂੰ ਦਿੱਲੀ ਸ਼ਹਿਰ ਘੁੰਮਾ ਕੇ ਲਾਲ ਕਿਲ੍ਹੇ ਦੇ ਕੋਲ ਰੋਜਾਨਾ ੧੦੦-੧੦੦ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ । ਬਾਬਾ ਬੰਦਾ ਸਿੰਘ ਬਹਾਦੁਰ ਦੇ ੪ ਸਾਲਾਂ ਸਪੁੱਤਰ ਅਜੈ ਸਿੰਘ ਦਾ ਕਲੇਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦੁਰ ਦੇ ਮੂੰਹ ਵਿਚ ਪਾਇਆ ਗਿਆ।ਅੰਤ ਵਿਚ ਬਾਬਾ ਬੰਦਾ ਸਿੰਘ ਬਹਾਦੁਰ ਨੂੰ ਵੀ ਜੰਬੂਰਾਂ ਨਾਲ ਮਾਸ ਨੋਚ-ਨੋਚ ਕੇ ਸ਼ਹੀਦ ਕਰ ਦਿੱਤਾ ਗਿਆ।ਬਾਬਾ ਬੰਦਾ ਸਿੰਘ ਬਹਾਦੁਰ ਨੇ ਜਿਸ ਬਹਾਦੁਰੀ ਨਾਲ ਮੁਗਲਾਂ ਨੂੰ ਟੱਕਰ ਦਿੱਤੀ ਇਸ ‘ਤੇ ਮਾਣ ਮਹਿਸੂਸ ਹੁੰਦਾ ਹੈ , ਨਾਲ ਹੀ ਜਿਸ ਦਲੇਰੀ ਨਾਲ ਉਨ੍ਹਾਂ ਨੇ ਮੌਤ ਨੂੰ ਗਲੇ ਲਾਇਆ ਇਹ ਸੋਚ ਕੇ ਅੱਖਾਂ ਭਰ ਆਉਂਦੀਆਂ ਹਨ । ਬਾਬਾ ਬੰਦਾ ਸਿੰਘ ਬਹਾਦੁਰ ਦਾ ਸਿੱਖ ਇਤਿਹਾਸ ਵਿਚ ਇਕ ਗੌਰਵਮਈ ਇਤਿਹਾਸ ਹੈ । ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਵਾਲੀਆਂ ਸੰਗਤਾਂ ਗੁਦਾਵਰੀ ਨਦੀ ਦੇ ਕੰਢੇ ਸਸ਼ੋਭਿਤ ਇਸ ਮਹਾਨ ਯੋਧੇ ਦੇ ਪਾਵਨ ਅਸਥਾਨ ਗੁਰੂਦੁਆਰਾ ਬੰਦਾ ਘਾਟ ਦੇ ਦਰਸ਼ਨ ਕਰਕੇ ਨਿਹਾਲ ਹੁੰਦੀਆਂ ਹਨ ।
ਗੁਰੂਦੁਆਰਾ ਸੰਗਤ ਸਾਹਿਬ
ਇਹ ਗੁਰੂਦੁਆਰਾ ਨਾਂਦੇੜ ਸਾਹਿਬ ਦੇ ਪੂਰਬ ਵੱਲ ਬ੍ਰਹਮ ਪੂਰੀ ਮਹੁੱਲੇ ਵਿਚ ਗੋਦਾਵਰੀ ਦੇ ਕਿਨਾਰੇ ਤਖ਼ਤ ਸੱਚਖੰਡ ਤੋਂ ੩ ਕਿਲੋਮੀਟਰ ਦੀ ਦੂਰੀ ‘ਤੇ ਹੈ ।ਸ੍ਰੀ ਗੁਰੂ ਗੋਬਿੰਦ ਸਿੰਘ ਦੀ ਜਦੋਂ ਗੁਰੂਦੁਆਰਾ ਹੀਰਾ ਘਾਟ ਤੋਂ ਨਾਂਦੇੜ ਨਗਰੀ ਵਿਚ ਆਏ ਤਾਂ ਸੱਭ ਤੋਂ ਪਹਿਲਾਂ ਇਸੇ ਥਾਂ ਨੂੰ ਭਾਗ ਲਾਏ।ਨਗਰ ਵਾਸੀ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਦੀਆਂ ਅਤੇ ਕਥਾ ਵਾਰਤਾ ਸੁਣ ਕੇ ਨਿਹਾਲ ਹੁੰਦੀਆਂ।ਇਸ ਅਸਥਾਨ ‘ਤੇ ਪੰਜਾਬ ਤੋਂ ਨਾਲ ਆਈਆਂ ਫੌਜਾਂ ਗੁਰੂ ਜੀ ਪਾਸੋਂ ਤਨਖਾਹ ਦੀ ਮੰਗ ਕਰਨ ਲਗੀਆਂ । ਗੁਰੂ ਜੀ ਨੇ ਗੁਰੂਦੁਆਰਾ ਮਾਲ ਟੇਕਰੀ ਸਾਹਿਬ ਦੇ ਅਸਥਾਨ ਤੋਂ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦਾ ਗੁਪਤ ਖਜਾਨਾ ਸੀ, ਉ ੱਥੋਂ ਸੋਨੇ ਦੀਆਂ ਮੋਹਰਾਂ ਮੰਗਵਾ ਕੇ ਆਪਣੀਆਂ ਫੌਜਾਂ ਵਿਚ ਵੰਡੀਆਂ , ਪੈਦਲ ਫੌਜ ਨੂੰ ਇਕ-ਇਕ ਢਾਲ ਅਤੇ ਘੋੜ ਸਵਾਰ ਫੌਜ ਨੂੰ ਦੋ-ਦੋ ਢਾਲ ਭਰ ਕੇ ਵੰਡੀਆਂ।ਇਹ ਇਤਿਹਾਸਕ ਢਾਲ ਅੱਜ ਵੀ ਸੰਗਤਾਂ ਦੇ ਦਰਸ਼ਨਾਂ ਲਈ ਗੁਰੂਦੁਆਰਾ ਸਾਹਿਬ ਵਿਖੇ ਸਸ਼ੋਭਿਤ ਹੈ ।
ਗੁਰੂਦੁਆਰਾ ਮਾਲ ਟੇਕਰੀ ਸਾਹਿਬ
ਗੁਰੂਦੁਆਰਾ ਮਾਲ ਟੇਕਰੀ ਤਖ਼ਤ ਸੱਚਖੰਡ ਤੋਂ ਉੱਤਰ ਦਿਸ਼ਾ ਵੱਲ ਤਕਰੀਬਨ ੪ ਕਿਲੋਮੀਟਰ ਦੂਰੀ ‘ਤੇ ਇਕ ਟੀਲੇ ‘ਤੇ ਸੁਸ਼ੋਭਿਤ ਹੈ । ਇਸ ਥਾਂ ਦਾ ਪੁਰਾਣਾ ਨਾਂਅ ਚੱਕਰੀ ਮਾਲ ਅਤੇ ਮਾਲ ਟਿੱਲਾ ਸੀ ।ਗੁਰੂ ਨਾਨਕ ਦੇਵ ਜੀ ਨੇ ਸ੍ਰੀ ਲੰਕਾ ਦੀ ਯਾਤਰਾ ਸਮੇਂ ਬਿਦਰ ਜਾਂਦੇ ਹੋਏ ਇਸ ਥਾਂ ‘ਤੇ ਚਰਣ ਪਾਏ ਸਨ।ਗੁਰੂ ਗੋਬਿੰਦ ਸਿੰਘ ਜੀ ਨੇ ਇਸ ਥਾਂ ‘ਤੇ ਰੱਖਿਆ ਗੁਪਤ ਖਜਾਨਾ ਕੱਢਵਾ ਕੇ ਗੁਰੂਦੁਆਰਾ ਸੰਗਤ ਸਾਹਿਬ ਦੇ ਅਸਥਾਨ ‘ਤੇ ਫੌਜਾਂ ਵਿਚ ਵੰਡਿਆਂ।ਇਹ ਅਸਥਾਨ ਗੁਰੂ ਨਾਨਕ ਦੇਵ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜੁੜਿਆ ਹੋਇਆ ਹੈ ।
ਗੁਰੂਦੁਆਰਾ ਸ਼ਿਕਾਰ ਘਾਟ ਸਾਹਿਬ
ਗੁਰੂਦੁਆਰਾ ਸ਼ਿਕਾਰ ਘਾਟ ਨਾਂਦੇੜ ਜਿਲੇ ਦੇ ਪਿੰਡ ਆਮਦੂਰਾ ਵਿਚ ਸਥਿਤ ਹੈ ਅਤੇ ਤਖ਼ਤ ਸੱਚਖੰਡ ਤੋਂ ੧੨ ਕਿਲੋਮੀਟਰ ਦੀ ਦੂਰੀ ‘ਤੇ ਗੋਦਾਵਰੀ ਨਦੀ ਦੇ ਕੱਢੇ ‘ਤੇ ਸਥਿਤ ਹੈ। ਗੁਰੂ ਨਾਨਕ ਦੇਵ ਜੀ ਦਾ ਕਿਸੇ ਸਮੇਂ ਅਤਿ ਸ਼ਰਧਾਲੂ ਰਹੇ, ਪ੍ਰੰਤੂ ਅੰਤ ਸਮੇਂ ਸ਼ਰਾਪਿਆ ਹੋਇਆ ਸਿਆਲਕੋਟ (ਹੁਣ ਪਾਕਿਸਤਾਨ ਵਿਚ) ਦਾ ਵਾਸੀ ਮੁਲਾ ਖੱਤਰੀ, ਜਿਸ ਸਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਹ ਤੁਕਾ ਦਰਜ ਹਨ :- ”ਨਾਲਿ ਕਿਰਾੜਾ ਦੋਸਤੀ ਕੁੜੈ ਕੂੜੀ ਪਾਇ ।। ਮਰਣੁ ਨ ਜਾਪੈ ਮੂਲਿਆ ਆਵੈ ਕਿਤੈ ਕਾਇ । ” ਮੁੱਲੇ ਖੱਤਰੀ ਦੀ ਮੁਕਤੀ ਗੁਰੂ ਜੀ ਨੇ ਦਸਵੇਂ ਜਾਮੇ ਵਿਚ ਕਰਨ ਦਾ ਇਕਰਾਰ ਕੀਤਾ ਸੀ ।ਗੁਰੂ ਗੋਬਿੰਦ ਸਿੰਘ ਜੀ ਨੇ ਇਕ ਦਿਨ ਸ਼ਿਕਾਰ ਖੇਡਦੇ ਸਮੇਂ ਸਹੇ (ਖਰਗੋਸ਼) ਦੀ ਜੂਨੀ ਭੋਗ ਰਹੇ ਮੂਲੇ ਖੱਤਰੀ ਦਾ ਉਧਾਰ ਇਸ ਅਸਥਾਨ ‘ਤੇ ਕਰਕੇ ਗੁਰੂ ਨਾਨਕ ਦੇਵ ਜੀ ਦੇ ਮੂਲੇ ਨਾਲ ਕੀਤੇ ਬਚਨ ਨੂੰ ਪੂਰਾ ਕੀਤਾ। ਇਹ ਗੁਰੂਦੁਆਰਾ ਅੱਜ ਉਸ ਯਾਦ ਨੂੰ ਆਪਣੇ ਵਿਚ ਸਮੋਈ ਬੈਠਾ ਹੈ।
ਗੁਰੂਦੁਆਰਾ ਹੀਰਾ ਘਾਟ ਸਾਹਿਬ
ਇਹ ਗੁਰੂਦੁਆਰਾ ਸੱਚਖੰਡ ਤੋਂ ਕਰੀਬ ੧੮ ਕਿਲੋਮੀਟਰ ਦੂਰ ਹੈ ।ਨਾਂਦੇੜ ਜਿਲੇ ਦੇ ਪਿੰਡ ਬਾਮਾਨਵਾੜਾ ਦੇ ਨੇੜੇ ਗੋਦਾਵਰੀ ਨਦੀ ਕੰਢੇ ਰਮਣੀਕ ਥਾਂ ‘ਤੇ ਇਹ ਅਸਥਾਨ ਸਸ਼ੋਭਿਤ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਨਾਂਦੇੜ ਆਏ ਤਾਂ ਸੱਭ ਤੋਂ ਪਹਿਲਾਂ ਇਸੇ ਥਾਂ ‘ਤੇ ਆਪਣਾ ਡੇਰਾ ਲਾਇਆ।ਇਸ ਪਾਵਨ ਅਸਥਾਨ ‘ਤੇ ਗੁਰੂ ਜੀ ਦਰਬਾਰ ਸਜਾਉਂਦੇ ਅਤੇ ਸੰਗਤਾਂ ਦੂਰ ਦੂਰ ਤੋਂ ਆ ਕੇ ਗੁਰੂ ਜੀ ਦੇ ਦਰਸ਼ਨ ਕਰਦਿਆਂ ਅਤੇ ਭੇਂਟਾਂ ਅਰਪਣ ਕਰਦੀਆਂ ।ਇਕ ਦਿਨ ਸਜੇ ਹੋਏ ਦਰਬਾਰ ਵਿਚ ਬਹਾਦਰਸ਼ਾਹ ਨੇ ਸਤਿਗੁਰੂ ਜੀ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨ ਲਈ ਇਕ ਅਤਿ ਕੀਮਤੀ ਹੀਰਾ ਗੁਰੂ ਜੀ ਨੂੰ ਭੇਂਟ ਕੀਤਾ।ਗੁਰੂ ਜੀ ਨੇ ਇਹ ਹੀਰਾ ਤੁਛ ਜਾਣ ਕੇ ਨਾਲ ਵਹਿ ਰਹੀ ਨਦੀ ਗੋਦਾਵਰੀ ਵਿਚ ਸੁੱਟ ਦਿੱਤਾ ।ਬਹਾਦਰਸ਼ਾਹ ਬੜਾ ਹੈਰਾਨ ਹੋਇਆ, ਮੈਂ ਤਾਂ ਇੰਨ੍ਹੀ ਸ਼ਰਧਾ ਨਾਲ ਇਹ ਕੀਮਤੀ ਹੀਰਾ ਗੁਰੂ ਜੀ ਨੂੰ ਭੇਂਟ ਕੀਤਾ ਸੀ ਸ਼ਾਇਦ ਗੁਰੂ ਜੀ ਨੂੰ ਹੀਰਿਆਂ ਦੀ ਕਦਰ ਨਹੀਂ ਹੈ । ਬਾਦਸ਼ਾਹ ਦੇ ਮਨ ਵਿਚ ਕਈ ਹੋਰ ਵਲਵਲੇ ਉੱਠੇ ਤਾਂ ਜਾਨੀ ਜਾਨ ਸਤਿਗੁਰੂ ਜੀ ਨੇ ਬਾਦਸ਼ਾਹ ਨੂੰ ਕਿਹਾ, ਤੁਸੀਂ ਗੋਦਵਾਰੀ ਵਿਚ ਨਜ਼ਰ ਮਾਰੋ ਅਤੇ ਜਿਹੜਾ ਤੁਹਾਡਾ ਹੀਰਾ ਹੈ ਉਹ ਚੁੱਕ ਲਵੋ ,ਜਦੋਂ ਬਾਦਸ਼ਾਹ ਨੇ ਗੋਦਾਵਰੀ ਦੇ ਅੰਦਰ ਨਿਗਾਹ ਮਾਰੀ ਤਾਂ ਉਸ ਹੀਰੇ ਨਾਲੋਂ ਵੀ ਕਈ ਕੀਮਤੀ ਹੀਰਿਆਂ ਨੂੰ ਵੇਖ ਕੇ ਹੈਰਾਨ ਹੋ ਗਿਆ।ਇਹ ਕੋਤਕ ਵੇਖ ਕੇ ਬਹਾਦਰਸ਼ਾਹ ਦਾ ਹੰਕਾਰ ਨਵਿਰਤ ਹੋ ਗਿਆ।ਉਸ ਦੀ ਗੁਰੂ ਜੀ ਪ੍ਰਤੀ ਸ਼ਰਧਾ ਹੋਰ ਵੀ ਵੱਧ ਗਈ ।ਸਤਿਗੁਰੂ ਜੀ ਦੀ ਛੋਹ ਪ੍ਰਾਪਤ ਇਸ ਪਵਿੱਤਰ ਥਾਂ ‘ਤੇ ਅੱਜ ਗੁਰੂਦੁਆਰਾ ਹੀਰਾ ਘਾਟ ਸਸ਼ੋਭਿਤ ਹੈ ।
ਗੁਰੂਦੁਆਰਾ ਮਾਤਾ ਸਾਹਿਬ ਕੌਰ ਜੀ
ਗੁਰੂਦੁਆਰਾ ਮਾਤਾ ਸਾਹਿਬ ਕੌਰ ਜੀ ਨਾਂਦੇੜ ਜਿਲੇ ਦੇ ਪਿੰਡ ਮੁਗਟ ਵਿਚ ਆਉਂਦਾ ਹੈ । ਇਹ ਨਾਂਦੇੜ ਤੋਂ ਤਕਰੀਬਨ ੧੬ ਕਿਲੋਮੀਟਰ ਦੂਰੀ ‘ਤੇ ਹੈ ਅਤੇ ਗੁਰੂਦੁਆਰਾ ਸ਼ਿਕਾਰ ਘਾਟ ਤੋਂ ੪ ਕਿਲੋਮੀਟਰ ਦੀ ਦੂਰੀ ‘ਤੇ ਹੈ ।ਜਦੋਂ ਗੁਰੂ ਜੀ ਮੂਲੇ ਖੱਤਰੀ ਦਾ ਉਧਾਰ ਕਰਕੇ ਵਾਪਿਸ ਇਸ ਅਸਥਾਨ ‘ਤੇ ਪੁੱਜੇ ਤਾਂ ਇਹ ਵੇਖ ਕੇ ਹੈਰਾਨ ਹੋ ਗਏ ਕਿ ਮਾਤਾ ਜੀ ਸਮਾਧੀ ਵਿਚ ਲੀਨ ਅਡੋਲ ਬੈਠੇ ਹੋਏ ਹਨ ।ਗੁਰੂ ਜੀ ਨੇ ਖੁਸ਼ ਹੋ ਕੇ ਫਰਮਾਇਆ ਕਿ ਇਹ ਆਦਿ ਸ਼ਕਤੀ ਦਾ ਪੁਰਾਤਨ ਅਸਥਾਨ ਹੈ ਜੋ ਇਕ ਦਿਨ ਪੂਜਾ ਸਥਲ ਬਣ ਜਾਵੇਗਾ।ਖਾਲਸੇ ਦੀ ਮਾਤਾ ਸਾਹਿਬ ਕੌਰ ਜੀ ਜੋ ਰੋਹਤਾਸ ਵਾਸੀ ਭਾਈ ਰਾਮੂ ਖਤਰੀ ਦੀ ਸਪੁੱਤਰੀ ਸਨ ।ਸਾਹਿਬ ਕੌਰ ਦਾ ਵਿਆਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਮਤ ੧੭੫੭ ਵਿਚ ਹੋਇਆ ਅਤੇ ਇਨ੍ਹਾਂ ਨੂੰ ਗੁਰੂ ਜੀ ਨੇ ਸਰਬਤ ਖਾਲਸੇ ਦੀ ਮਾਤਾ ਹੋਣ ਦਾ ਮਾਣ ਬਖ਼ਸਿਆ ਹੈ।ਦਸ਼ਮੇਸ਼ ਪਿਤਾ ਜੀ ਜਦੋਂ ਤਕ ਇਸ ਇਲਾਕੇ ਵਿਚ ਰਹੇ ਤਾਂ ਮਾਤਾ ਜੀ ਇਸੇ ਅਸਥਾਨ ‘ਤੇ ਹੀ ਤਪੱਸਿਆ ਕਰਦੇ ਰਹੇ।ਆਪ ਜੀ ਦਾ ਇਹ ਨੇਮ ਸੀ ਕਿ ਸਦਾ ਹੀ ਪਤੀ ਪਰਮੇਸ਼ਵਰ ਦੇ ਦਰਸ਼ਨ ਕਰਕੇ ਲੰਗਰ ਪ੍ਰਸਾਦ ਛੱਕਦੇ ।ਗੁਰੂ ਜੀ ਵੀ ਇੱਥੇ ਪੁੱਜ ਕੇ ਹੀ ਲੰਗਰ ਛੱਕਦੇ ਸਨ।ਗੁਰੂ ਜੀ ਨੇ ਫਰਮਾਇਆ ਕਿ ਇੱਥੇ ਹਰ ਵੇਲੇ ਲੰਗਰ ਪਕਿੱਆ ਕਰੇਗਾ ਅਤੇ ਸੰਗਤਾਂ ਸਵੇਰੇ ਸ਼ਾਮ ਇੱਥੇ ਆ ਕੇ ਲੰਗਰ ਪ੍ਰਸਾਦਾਂ ਛਕਿਆ ਕਰਨਗੀਆਂ ।ਮਾਤਾ ਜੀ ਇਸ ਅਸਥਾਨ ‘ਤੇ ੯ ਮਹੀਨੇ ੯ ਦਿਨ ਰਹੇ।ਇਨ੍ਹਾਂ ਦੀ ਯਾਦ ਵਿਚ ਵੀ ਇੱਥੇ ਸੁੰਦਰ ਗੁਰੂਦੁਆਰੇ ਦਾ ਨਿਰਮਾਣ ਕੀਤਾ ਗਿਆ ਹੈ।
ਗੁਰੂਦੁਆਰਾ ਨਾਨਕਸਰ ਸਾਹਿਬ
ਇਸ ਅਸਥਾਨ ‘ਤੇ ਸ੍ਰੀ ਗੁਰੂ ਨਾਨਕ ਦੇਵ ਜੀ ਬਿਦਰ ਜਾਂਦੇ ਸਮੇਂ ਇਕ ਬੇਰੀ ਹੇਠ ੯ ਦਿਨ ਬੀਤਾਏ ਸਨ।ਇਸ ਸਮੇਂ ਭਾਈ ਮਰਦਾਨਾ ਜੀ ਵੀ ਉਨ੍ਹਾਂ ਦੇ ਨਾਲ ਸਨ। ਉਨ੍ਹਾਂ ਨੇ ਗੁਰੂ ਮਹਾਰਾਜ ਅੱਗੇ ਬੇਨਤੀ ਕੀਤੀ ਕਿ ਇੱਥੇ ਪਾਣੀ ਦੀ ਬਹੁਤ ਘਾਟ ਹੈ।ਗੁਰੂ ਜੀ ਨੇ ਕਿਹਾ ਕਿ ਭਾਈ ਰਬਾਬ ਵਜਾਓ ।ਭਾਈ ਮਰਦਾਨੇ ਨੇ ਰਬਾਬ ਵਜਾਈ ਤਾਂ ਚਮਤਕਾਰ ਹੋਇਆ ਅਤੇ ਇਕ ਸੋਮਾ ਜਲ ਦਾ ਫੁੱਟ ਪਿਆ।ਭਾਈ ਮਰਦਾਨੇ ਨੇ ਜਲ ਛੱਕ ਕੇ ਬੇਨਤੀ ਕੀਤੀ ਕਿ ਮਹਾਰਾਜ ਇਹ ਜਲ ਇੰਨਾ ਜਿਆਦਾ ਮਿੱਠਾ ਕਿਉਂ ਹੈ ਤਾਂ ਸਤਿਗੁਰੂ ਜੀ ਨੇ ਫਰਮਾਇਆ ਕਿ ਇਹ ਦੇਵਤਿਆਂ ਦੀ ਧਰਤੀ ਹੈ ਇਸ ਲਈ ਜਲ ਮਿੱਠਾ ਹੈ ।ਜਦ ਇਹ ਬਚਨ ਚੱਲ ਰਹੇ ਸਨ ਤਾਂ ਇਕ ਕੋਹੜੀ ਗੁਰੂ ਜੀ ਦੀ ਸ਼ਰਣ ਆ ਕੇ ਬੇਨਤੀ ਕਰਨ ਲੱਗਾ ਕਿ ਮਹਾਰਾਜ ਮੇਰਾ ਕੋਹੜ ਦੂਰ ਕਰ ਦਿਓ ।ਗੁਰੂ ਜੀ ਨੇ ਉਸ ਕੋਹੜੀ ਨੂੰ ਉਸ ਜਲ ਦੇ ਸੋਮੇ ਵਿਚ ਇਸ਼ਨਾਨ ਕਰਨ ਲਈ ਕਿਹਾ।ਜਦ ਉਸ ਕੋਹੜੀ ਨੇ ਸੋਮੇ ਵਿਚ ਇਸ਼ਨਾਨ ਕੀਤਾ ਤਾਂ ਉਸ ਦਾ ਕੋਹੜ ਦੂਰ ਹੋ ਗਿਆ।ਇਸ ਸਰੋਵਰ ਵਿਚ ਇਸ਼ਨਾਨ ਕਰਨ ਲਈ ਅੱਜ ਵੀ ਦੂਰ ਦੂਰ ਤੋਂ ਸੰਗਤਾਂ ਪੁੱਜਦੀਆਂ ਹਨ ਅਤੇ ਆਪਣੇ ਦੁੱਖਾਂ ਦਾ ਨਿਵਾਰਣ ਕਰਦੀਆਂ ਹਨ ।
ਗੁਰੂਦੁਆਰਾ ਨਾਨਕਪੁਰੀ ਸਾਹਿਬ
ਗੁਰੂਦੁਆਰਾ ਨਾਨਕਪੁਰੀ, ਗੁਰੂਦੁਆਰਾ ਨਾਨਕਸਰ ਦੇ ਨੇੜੇ ਸਸ਼ੋਭਿਤ ਹੈ ।ਇਥੋਂ ਦੀ ਸਾਖੀ ਹੈ ਕਿ ਗੁਰੂ ਨਾਨਕ ਦੇਵ ਜੀ ਬਿਦਰ ਫੇਰੀ ਦੇ ਦੌਰਾਨ ਇਸ ਅਸਥਾਨ ‘ਤੇ ਰੁੱਕੋ ਸਨ ਅਤੇ ਇੱਥੇ ਹੀ ਸਿੱਧਾਂ ਨਾਲ ਵਿਚਾਰ ਗੋਸ਼ਟੀ ਕੀਤੀ ਸੀ ।ਇਸ ਅਸਥਾਨ ‘ਤੇ ਗੁਰੂ ਜੀ ਦੀਆਂ ਪਵਿੱਤਰ ਖੜਾਵਾਂ ਵੀ ਪਈਆਂ ਹਨ।ਜਿਨ੍ਹਾਂ ਦੇ ਦਰਸ਼ਨ ਕਰਕੇ ਸੰਗਤ ਨਿਹਾਲ ਹੁੰਦੀ ਹੈ ।
ਗੁਰੂਦੁਆਰਾ ਗੋਬਿੰਦ ਬਾਗ
ਇਹ ਗੁਰੂਦੁਆਰਾ ਸਾਹਿਬ ਸੱਚਖੰਡ ਹਜ਼ੂਰ ਸਾਹਿਬ ਦੇ ਨੇੜੇ ਹੈ।ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚਖੰਡ ਗਮਨ ਕਰਨ ਲੱਗੇ, ਤਾਂ ਉਨ੍ਹਾਂ ਨੇ ਹੂਕਮ ਦੇ ਕੇ ਆਪਣੀ ਚਿਖਾ ਲਈ ਚੰਦਨ ਦੀ ਲਕੜੀ ਇਸੇ ਅਸਥਾਨ ਤੋਂ ਮੰਗਵਾਈ ਸੀ ।ਕਿਹਾ ਜਾਂਦਾ ਹੈ ਕਿ ਕਿਸੇ ਸਮੇਂ ਇਹ ਬਾਗ ਬੜਾ ਹੀ ਸੁੰਦਰ ਫੁੱਲਾਂ ਬੂਟਿਆਂ ਨਾਲ ਭਰਿਆ ਹੋਇਆ ਸੀ ।ਇਸ ਅਸਥਾਨ ‘ਤੇ ਗੁਰੂ ਸਾਹਿਬ ਦੇ ਵੇਲੇ ਤੋਂ ਹੀ ਇਕ ਪੁਰਤਾਨ ਲੰਮੀ ਉਮਰ ਦਾ ”ਪੀਲੂ” ਦਾ ਦਰਖਤ ਹੈ।ਜਿਸ ਦੇ ਪੱਤੇ ਗੁਰੂ ਸਾਹਿਬ ਆਪਣੀ ਸੰਗਤ ਨੂੰ ਬਿਮਾਰੀ ਦੇ ਇਲਾਜ ਲਈ ਆਪਣੇ ਹੱਥੀਂ ਦਿੰਦੇ ਸਨ।ਹੁਣ ਵੀ ਕਈ ਲੋਕ ਇਸ ਦਰਖਤ ਦੇ ਪੱਤੇ ਇਲਾਜ ਲਈ ਲੈ ਜਾਂਦੇ ਹਨ।ਅੱਜ ਵੀ ਇਹ ਦਰਖਤ ਇਸ ਅਸਥਾਨ ‘ਤੇ ਸਸ਼ੋਬਿਤ ਹੈ। ਗੁਰੂਦੁਆਰਾ ਗੋਬਿੰਦ ਬਾਗ ਸਾਹਿਬ ਵਿਖੇ ਲੱਖਾਂ ਰੁਪਏ ਦੀ ਲਾਗਤ ਨਾਲ ਜਿੱਥੇ ਬਹੁਤ ਮਨਮੋਹਕ ਵਿਸ਼ਾਲ ਬਾਗ ਤਿਆਰ ਕੀਤਾ ਗਿਆ ਹੈ , ਉ ੱਥੇ ਨਾਲ ਹੀ ਇਸ ਅਸਥਾਨ ‘ਤੇ ਫੁਆਰਿਆਂ ਦੀ ਲਹਿਰਾਂ ਅਤੇ ਸੰਗੀਤ ਦੀਆਂ ਤਰੰਗਾਂ ਦੇ ਸੁਮੇਲ ਨਾਲ ਵਿਸ਼ੇਸ਼ ਲੇਜਰ ਸ਼ੋਅ ਰਾਹੀਂ ਸਿੱਖ ਧਰਮ ਦੇ ਇਤਿਹਾਸ ਨੂੰ ਪੇਸ਼ ਕੀਤਾ ਜਾ ਰਿਹਾ ਹੈ ਜੋ ਆਪਣੇ-ਆਪ ਵਿਚ ਅਦੁੱਤੀ ਹੈ।ਇਸ ਸ਼ੋਅ ਦਾ ਆਯੋਜਨ ਰੋਜਾਨਾ ਰਾਤ ਨੂੰ ੭ ਵਜੇ ਕੀਤਾ ਜਾਂਦਾ ਹੈ ।ਬਾਹਰੋ ਆਏ ਸ਼ਰਧਾਂਲੂ ਵੱਡੀ ਗਿਣਤੀ ਵਿਚ ਇਹ ਸ਼ੋਅ ਵੇਖ ਕੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਗ੍ਰਹਿਣ ਕਰਦੇ ਹਨ ।
ਉਪਰੋਕਤ ਇਤਿਹਾਸਕ ਅਸਥਾਨਾਂ ਤੋਂ ਇਲਾਵਾ ਨਾਂਦੇੜ ਅਤੇ ਇਸ ਦੇ ਆਲੇ-ਦੁਆਲੇ ਕਈ ਹੋਰ ਇਤਿਹਾਸ ਅਸਥਾਨ ਮੌਜ਼ੂਦ ਹਨ । ਜਿਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ :-
੧. ਗੁਰੂਦੁਆਰਾ ਭੱਜਣਗੜ੍ਹ ਸਾਹਿਬ, ਨਾਂਦੇੜ
੨. ਬੁੰਗਾ ਮਾਤਾ ਭਾਗੋ ਜੀ, ਨਾਂਦੇੜ
੩. ਅੰਗੀਠਾ ਭਾਈ ਦਇਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ, ਨਾਂਦੇੜ
੪. ਗੁਰੂਦੁਆਰਾ ਛਾਉਣੀ ਨਿਹਿੰਗ ਸਿੰਘਾ, ਨਾਂਦੇੜ
੫. ਗੁਰੂਦੁਆਰਾ ਬਾਊਲੀ ਸਾਹਿਬ, ਦਮਾਦਮਾ ਸਾਹਿਬ
੬. ਗੁਰੂਦੁਆਰਾ ਦਮਦਮਾ ਸਾਹਿਬ, ਬਸਮਤ ਨਗਰ
੭. ਗੁਰੂਦੁਆਰਾ ਨਾਨਕ ਝੀਰਾ ਸਾਹਿਬ, ਬਿਦਰ
੮. ਗੁਰੂਦੁਆਰਾ ਭਾਈ ਦਇਆ ਸਿੰਘ, ਔਰੰਗਾਬਾਦ
੯. ਗੁਰੂਦੁਆਰਾ ਮਾਤਾ ਭਾਗੋ ਜੀ, ਜਨਵਾੜਾ, ਕਰਨਾਟਕ
੧੦. ਗੁਰੂਦੁਆਰਾ ਬਾਬਾ ਜੋਰਾਵਰ ਸਿੰਘ, ਫਤਿਹ ਸਿੰਘ, ਦੈਗਲੂਰ
੧੧. ਯਾਦਗਾਰ ਭਗਤ ਪਰਮਾਨੰਦ ਦੀ ਅਤੇ ਭਗਤ ਤ੍ਰਿਲੋਚਨ ਜੀ, ਬਾਰਸੀ, ਜਿਲਾ ਸੋਹਲਾਪੁਰ
੧੨. ਜਨਮ ਅਸਥਾਨ ਭਗਤ ਨਾਮਦੇਵ ਜੀ, ਨਰਸੀ ਨਾਮਦੇਉ, ਜਿਲਾ ਹਿੰਗੋਲੀ, ਆਦਿ

ਉਂਝ ਤਾਂ ਪੁਰਾਤਨ ਸਮੇਂ ਤੋਂ ਹੀ ਸ਼ਰਧਾਂਲੂ ਇੱਥੋਂ ਦੇ ਇਤਿਹਾਸਕ ਗੁਰੂਦੁਆਰਿਆਂ ਦੇ ਦਰਸ਼ਨ ਕਰ ਰਹੇ ਹਨ ਪਰ ਜਦੋਂ ਤੋਂ ਸਰਕਾਰ ਵੱਲੋਂ ਅ੍ਰੰਮਿਤਸਰ-ਨਾਂਦੇੜ ਸੱਚਖੰਡ ਐਕਸਪ੍ਰੈਸ ਰੇਲ ਗੱਡੀ ਚਲਾਈ ਹੈ ਇੱਥੇ ਆਉਣ ਵਾਲੇ ਸ਼ਰਧਾਂਲੂਆਂ ਵਿਚ ਭਾਰੀ ਵਾਧਾ ਹੋਇਆ ਹੈ । ਸ਼ਰਧਾਂਲੂਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ।
(ਸਮਾਪਤ)
ਅਵਤਾਰ ਸਿੰਘ
ਸੂਚਨਾ ਤੇ ਲੋਕ ਸੰਪਰਕ ਅਧਿਕਾਰੀ,
ਚੰਡੀਗੜ੍ਹ, ਮੋਬਾਇਲ : ੯੪੧੬੪-੦੭੬੪੧,
ਮਾਰਫਤ ਹਰਪ੍ਰੀਤ ਸਿੰਘ ੦੯੯੯੨੪-੧੪੮੮੮

About hsingh

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar