ਜੀ ਆਇਆਂ ਨੂੰ
You are here: Home >> Lekhak ਲੇਖਕ >> ਬਸ਼ੀਰਾ/Bashira

ਬਸ਼ੀਰਾ/Bashira

ਬਸ਼ੀਰਾ ਤੇ ਮੈਂ ਬੜੇ ਚੰਗੇ ਬੇਲੀ ਸਾਂ । ਲੁਕਣ-ਮੀਟੀ ਜਾਂ ਕਿਸੇ ਹੋਰ ਖੇਡ ਵਿੱਚ ਜਦੋਂ ਹਾਣੀ ਬਣਨਾ ਹੁੰਦਾ ਤਾਂ ਅਸੀਂ ਦੋਵੇਂ ਕੋਸ਼ਸ਼ ਕਰਦੇ ਕਿ ਅਸੀਂ ਹਾਣੀ ਬਣੀਏਂ ਜੇ ਕਿਤੇ ਬੰਟਿਆਂ ਤੋਂ, ਦਵਾਤ ਡੁਲ੍ਹਣ ਤੋਂ ਜਾਂ ਬਾਲ-ਉਮਰ ਦੇ ਹੋਰ ਸੈਆਂ ਬਹਾਨਿਆਂ ਤੋਂ ਜੇ ਕੋਈ ਮੇਰੇ ਨਾਲ ਲੜ ਪੈਂਦਾ ਤਾਂ ਉਹ ਨਿੱਤ ਮੇਰੀ ਮਦਦ ਕਰਦਾ।ਜਮਾਤ ਵਿੱਚ ਜੋ ਕੁਝ ਉਸਨੂੰ ਸਮਝ ਨਾ ਪੈਂਦਾ ਤਾਂ ਮੈਂ ਸਮਝਾ ਦੇਂਦਾ। ਇਮਤਿਹਾਨ ਲਈ ਅਸੀਂ ਕੱਠੇ ਤਿਆਰੀ ਕਰਦੇ, ਤੇ ਜਿੰਨਾ ਕੁਝ ਮੈਨੂੰ ਆਉ’ਦਾ ਹੁੰਦਾ ਮੈਂ ਉਹਨੂੰ ਪੜ੍ਹਾ ਦਿੰਦਾ । ਅਸੀਂ ਇਕ ਦੂਜੇ ਦੀ ਬਾਂਹ ਸਾਂ।
ਮੈਂ ਛੋਟਿਆਂ ਹੁੰਦਿਆਂ ਤੋਂ ਬਹੁਤ ਹੀ ਘਟ ਕਦੇ ਰੋਇਆ ਹੋਵਾਂਗਾ ।…ਹਾਂ ਇਕ ਵਾਰ ਦਾ ਚੇਤਾ ਏ ਮੈਂ ਫਰਨ ਫਰਨ ਰੋਈ ਜਾਂਦਾ ਸਾਂ ਤੇ ਬਸ ਹੀ ਨਹੀਂ ਸਾਂ ਕਰਦਾ।ਖੇਡਦਿਆਂ ਖੇਡਦਿਆਂ ਬਸ਼ੀਰੇ ਨੂੰ ਮੱਥੇ ਦੇ ਵਿਚਕਾਰ ਵੱਡਾ ਸਾਰਾ ਕਾਬਲੀ ਭੂੰਡ ਲੜ ਗਿਆ ਸੀ।ਤੇ ਉਹਦੇ ਨੱਕ ਵਿਚੋਂ ਲਹੂ ਦੀ ਤਤੀਰੀ ਛੁੱਟ ਪਈ ਸੀ ਤੇ ਮੈਂ ਬੇਵਸਾ ਜਿਹਾ ਹੋ ਕੇ ਰੋਣ ਲਗ ਪਿਆ ਸਾਂ,…„ਮੈਨੂੰ ਆਪਣੇ ਮੱਥੇ ਵਿੱਚ ਸੋਜ ਚੜ੍ਹਦੀ ਜਾਪੀ ਸੀ…।
ਕਈ ਮੁੰਡੇ ਯਾਰੀ ਤੋਂ ਸੜਦੇ ਹੁੰਦੇ ਸਨ । ਮੈਂ ਜਮਾਤ ਵਿਚ ਪੜ੍ਹਾਈ ਵਿੱਚ ਸਭ ਤੋਂ ਚੰਗਾ ਸਾਂ…ਤੇ ਬਸ਼ੀਰਾ ਖੇਡਾਂ ਦੌੜਾਂ ਵਿੱਚ।ਨਾਲੇ ਬਸ਼ੀਰਾ ਗਾਉਂਦਾ ਬੜਾ ਚੰਗਾ ਸੀ ਤੇ ਸਵੇਰੇ ਪੜ੍ਹਾਈ ਤੋਂ ਪਹਿਲਾਂ ਜਿਹੜੀ ‘ਪਰੇਅਰ’ ਹੁੰਦੀ ਸੀ, ਉਹਦੇ ਵਿੱਚ ਅਗਵਾਈ ਕਰਦਾ ਹੁੰਦਾ ਸੀ ।ਬਸ਼ੀਰਾ ਮੇਰੇ ਤੋਂ ਪਹਿਲਾਂ ਦਾ ਇਸ ਸਕੂਲ ਵਿੱਚ ਪੜ੍ਹਦਾ ਸੀ । ਪਹਿਲੋਂ ਸੁਣਿਆ ਏਂ ਉਹ ਪੜ੍ਹਾਈ ਵਿੱਚ ਬੜਾ ਨਲਾਇਕ ਹੁੰਦਾ ਸੀ।ਮੈਨੂੰ ਆਪਣੇ ਪਿਛਲੇ ਸਕੂਲ ਵਿੱਚ ਡਰਿਲ ਮਾਸਟਰ ਕੋਲੋਂ ਬੜਾ ਡਰ ਲਗਦਾ ਹੁੰਦਾ ਸੀ । ਹਾਕੀ ਫ਼ੁਟ-ਬਾਲ ਤੇ ਹੋਰਨਾਂ ਖੇਡਾਂ ਵਿੱਚੋਂ ਕੁਝ ਵੀ ਮੈਨੂੰ ਨਹੀ’ ਸੀ ਆਉਂਦਾ । ਪਰ ਜਦੋਂ ਦਾ ਮੈਂ ਇਸ ਸਕੂਲ ਵਿੱਚ ਆਇਆ ਸਾਂ, ਮੇਰਾ ਇਹ ਡਰ ਹਟ ਗਿਆ ਸੀ, ਤੇ ਮੈਂ ਖੇਡਾਂ ਵਿੱਚ ਚੰਗਾ ਹੋ ਗਿਆ ਸਾਂ, ਤੇ ਬਸ਼ੀਰਾ ਪੜ੍ਹਾਈ ਵਿੱਚ ਅਜਿਹਾ ਜਾਦੂ ਸੀ ਸਾਡੀ ਯਾਰੀ ਦਾ।
ਬਸ਼ੀਰੇ ਦੀ ਫ਼ੁਟ-ਬਾਲ ਵਿੱਚ ਕਿੱਕ ਬੜੀ ਮਸ਼ਹੂਰ ਹੁੰਦੀ ਸੀ । ਜਦੋਂ ਸਾਡਾ ਮੈਚ ਕਿਸੇ ਹੋਰ ਸਕੂਲ ਨਾਲ ਹੋਣਾ ਹੁੰਦਾ ਤਾਂ ਉਹਨਾਂ ਦੇ ਖਿਡਾਰੀ ਬਸ਼ੀਰੇ ਦੇ ਗੋਡੇ ਗਿੱਟੇ ਭੰਨਣ ਦੀ ਉਡੀਕ ਵਿੱਚ ਹੀ ਰਹਿੰਦੇ … ਪਰ ਘਟ ਈ ਕਦੇ ਉਹਨੂੰ ਸੱਟ ਫੇਟ ਲਗਦੀ।ਤੇ ਉਹ ਫ਼ੁਟ-ਬਾਲ ਨੂੰ ਇੰਜ ਘੁਮਾਉਂਦਾ ਕਿ ਤਕਣ ਵਾਲੇ ਹੈਰਾਨ ਰਹਿ ਜਾਂਦੇ, ਤੇ ਉੱਚੀ ਉੱਚੀ ਉਹਦਾ ਨਾਂ ਲੈ ਕੇ ਉਹਦੀਆਂ ਤਰੀਫਾਂ ਕਰਦੇ।ਇਹ ਤਰੀਫਾਂ ਮੈਨੂੰ ਜਾਪਦੀਆਂ ਲੋਕ ਮੇਰੀਆਂ ਕਰ ਰਹੇ ਹੋਣ । ਤੇ ਮੈਂ ਫ਼ੁਟਬਾਲ ਦੇ ਮੈਚ ਵਾਲੇ ਦਿਨ ਆਪਣੇ ਆਪ ਵਿਚ ਮਿਉਂਦਾ ਨਹੀਂ ਸਾਂ ਹੁੰਦਾ।
ਮੇਰੇ ਘਰ ਦੇ ਮੇਰਾ ਜਨਮ-ਦਿਨ ਮਨਾਉਂਦੇ ਹੁੰਦੇ ਸਨ । ਇਸ ਦਿਨ ਸਾਡੇ ਕਈ ਰਿਸ਼ਤੇਦਾਰ ਮੁੰਡਿਆਂ ਕੁੜੀਆਂ ਨੂੰ ਮਾਤਾ ਜੀ ਸ਼ਹਿਰੋਂ ਬੁਲਾਂਦੇ । ਬੜੇ ਸੁਹਣੇ ਕਪੜੇ ਪਾਈ ਇਹ ਸੁਹਣੇ ਮੁੰਡੇ ਤੇ ਇਹ ਸੁਹਣੀਆਂ ਕੁੜੀਆਂ ਆਉਦੀਆਂ । ਸੁਹਣੀਆਂ ਸੁਗ਼ਾਤਾਂ ਲਈ…ਖਿਡੌਣੇ ਮੇਰੇ ਮਨ ਨੂੰ ਲਲਚਾਂਦੇ ਸਨ, ਟਾਫ਼ੀਆਂ ਤੇ ਚਾਕਲੇਟ ਜਿਨ੍ਹਾਂ ਦੀ ਅਨੋਖੀ ਮਿਠਾਸ ਗਲੇ ਤੇ ਜੀਭ ਵਿੱਚ ਕਿੰਨੀ ਦੇਰ ਜਿਉਂਦੀ ਰਹਿੰਦੀ ਸੀ, ਤੇ ਪਰੀ ਦੇਸ਼ ਦੀ ਸੈਰ ਕਰਾਂਦੀਆਂ ਮੂਰਤਾਂ ਵਾਲੀਆਂ ਕਿਤਾਬਾਂ । ਸੁਹਣੀਆਂ ਕੁੜੀਆਂ ਅੱਖਾਂ ਮਟਕਾ ਮਟਕਾ ਕੇ ਅੰਗਰੇਜ਼ੀ ਵਿੱਚ ਗੌਣ ਗੌਂਦੀਆਂ । ਬਸ਼ੀਰਾ ਝਕਦਿਆਂ ਝਕਦਿਆਂ ਸ਼ਰਮ ਨਾਲ ਦੂਹਰਾ ਹੋਇਆ ਇਕ ਨੁਕਰੇ ਬੈਠਾ ਰਹਿੰਦਾ । ਉਹਨੇ ਗੌਣਾ ਤਾਂ ਕੀ ਉਹਦੇ ਮੂੰਹੋਂ ਗਲ ਵੀ ਇਨ੍ਹਾਂ ਸਾਹਮਣੇ ਨਹੀਂ ਸੀ ਨਿਕਲਦੀ । ਇਹਨਾਂ ਸਾਹਮਣੇ ਉਹ ਘੱਟ ਈ ਕੁਝ ਖਾਂਦਾ, ਮਤੇ ਉਹਦੀ ਕਿਸੇ ਗ਼ਲਤੀ ਤੇ ਇਹ ਸਭ ਵਲੈਤੀ ਮਠਿਆਈ ਵਾਂਗ ਸੁਹਣੇ ਕਾਗ਼ਜ਼ਾਂ ਵਿਚ ਵਲ੍ਹੇਟੇ ਹਸ ਨਾ ਪੈਣ।
ਤੇ ਮੈਨੂੰ ਇਹ ਸਾਰੇ…..ਅੰਗਰੇਜ਼ੀ ਗੌਣ ਗੌ’ਦੀਂਆਂ ਕੁੜੀਆਂ ਤੇ ਸੁਗ਼ਾਤਾਂ-ਲੱਦੇ ਮੁੰਡੇ ਚੰਗੇ ਨਾ ਲਗਦੇ, ਕਿਉਂਕਿ ਬਸ਼ੀਰਾ ਇਹਨਾਂ ਸਾਹਮਣੇ ਹਸਦਾ ਨਹੀਂ ਸੀ, ਹਾਸਾ ਜਿਦ੍ਹੇ ਵਿਚ ਮੈਨੂੰ ਬਾਸਮਤੀ ਖੇਤਾਂ ਦੀ ਮਹਿਕ ਜਾਪਦੀ ਹੁੰਦੀ ਸੀ, ਕਿਉਂਕਿ ਬਸ਼ੀਰਾ ਇਹਨਾਂ ਸਾਹਮਣੇ ਗੌਂਦਾ ਨਹੀਂ ਸੀ, ਗੀਤ ਜਿਨ੍ਹਾਂ ਦੀ ਹੇਕ ਲੰਮ ਸਲੰਮੇ ਰੁੱਖਾਂ ਵਾਂਗ ਸੀ । ਇਹਨਾਂ ਸਾਹਮਣੇ ਬਸ਼ੀਰਾ ਕੁਝ ਇੰਜ ਸੁੰਗੜ ਕੇ ਬਹਿੰਦਾ ਕਿ ਉਹਦਾ ਕੱਦ ਵੀ ਛੋਟਾ ਹੋ ਗਿਆ ਜਾਪਦਾ ।
ਇਹਨਾਂ ਮੁੰਡਿਆਂ ਕੁੜੀਆਂ ਵਿਚੋਂ ਮੈਨੂੰ ਇਕ ਕੁੜੀ ਕਾਂਤੀ ਚੰਗੀ ਲਗਦੀ ਸੀ, ਕਿਉਂਕਿ ਉਹ ਬਸ਼ੀਰੇ ਨਾਲ ਗੱਲ ਕਰਦੀ ਸੀ ਤਾਂ ਉਹਦੇ ਮੂੰਹ ਮੱਥੇ ਤੇ ਕੋਈ ਅਮੀਰੀ ਦੇ ਵੱਟ ਨਹੀਂ ਸੀ ਪੈਂਦੇ, ਤੇ ਉਸਦੇ ਦਿਲ ਵਿਚ ਅੰਗਰੇਜ਼ੀ ਨਹੀਂ ਸੀ ਵੱਸੀ ਹੁੰਦੀ। ਉਹਨੇ ਮੇਰੇ ਲਈ ਲਿਆਂਦੀਆਂ ਸੁਗ਼ਾਤਾਂ ਵਿਚੋਂ ਰੰਗ-ਬਰੰਗੀ ਜਰਸੀ ਬਸ਼ੀਰੇ ਨੂੰ ਵੀ ਦਿੱਤੀ ਸੀ । ਕਾਂਤੀ ਇਸ ਤੋਂ ਮਗਰੋਂ ਜਦੋਂ ਵੀ ਹੱਸਦੀ……ਉਹਦੇ ਹਾਸੇ ਵਿੱਚੋਂ ਵੀ ਮੈਨੂੰ ਬਾਸਮਤੀ ਦੇ ਖੇਤਾਂ ਦੀ ਮਹਿਕ ਆਣ ਲਗ ਪਈ ਸੀ ।
ਮੇਰਾ ਕਮਰਾ, ਮੇਰੀ ਅਲਮਾਰੀ, ਮੇਰਾ ਸੰਦੂਕ…ਸਭ ਕੁਝ ਜਨਮ ਦਿਨ ਦੀਆਂ ਸੁਗ਼ਾਤਾਂ ਨਾਲ ਭਰ ਜਾਂਦੇ । ਪਰ ਮੈਨੂੰ ਇਸ ਲੈਣ ਤੋਂ ਵਧ ਤੋਂ ਵਧ ਅਨੰਦ ਆਪਣੇ ਜਨਮ-ਦਿਨ ਤੇ ਬਸ਼ੀਰੇ ਨੂੰ ਕੁਝ ਯਾਰੀ ਦੀ ਨਿਸ਼ਾਨੀ ਵਜੋਂ ਦੇਣ ਵਿਚ ਆਉਂਦਾ ਮੈਂ ਇਕ ਵਾਰ ਉਹਨੂੰ ਬੜਾ ਵਧੀਆ ਫ਼ੁਟਬਾਲ ਦਿੱਤਾ । ਫ਼ੁਟਬਾਲ ਦਾ ਤਾਂ ਉਹ ਮਦਾਰੀ ਸੀ।ਤੇ ਇਹ ਲੈ ਕੇ ਬੜਾ ਖ਼ੁਸ਼ ਹੋਇਆ ।
ਇਹ ਪਹਿਲਾ ਫ਼ੁਟਬਾਲ ਸੀ ਜਿਹੜਾ ਨਿਰੋਲ ਉਹਦਾ ਆਪਣਾ ਸੀ।
ਅਸੀਂ ਬਾਲ ਪਨ ਦੀਆਂ ਉਡਾਰੀਆਂ ਵਿੱਚ ਕਈ ਥਾਂ, ਕਈ ਸ਼ਹਿਰ, ਕਈ ਧਰਤੀਆਂ ਉਡ ਚੁਕੇ ਸਾਂ ।
“…ਬਸ਼ੀਰਿਆ ਅਸੀਂ ਕਾਲਜ ਵਿਚ ਵੀ ਕੱਠੇ ਪੜ੍ਹਾਂਗੇ…ਤੇ ਤੂੰ ਫ਼ੁਟਬਾਲ ਦੀ ਯੂਨੀਵਰਸਟੀ ਟੀਮ ਵਿਚ ਚੁਣਿਆ ਜਾਏਂਗਾ ।” “ਤੇ ਤੇਜ ਤੂੰ ਬੜੀਆਂ ਕਿਤਾਬਾਂ ਲਿਖੇਂਗਾ । ਮੇਰਾ ਹਾਲ ਵੀ ਲਿਖੀਂ । ਤੇਰੀਆਂ ਕਿਤਾਬਾਂ ਸਾਰੇ ਲੋਕ ਪੜ੍ਹਿਆ ਕਰਨਗੇ । ਕਿਸੇ ਕੋਲ ਤੇਰੀ ਕਿਤਾਬ ਤਕ ਕੇ ਮੈਂ ਮਾਣ ਨਾਲ ਕਿਹਾ ਕਰਾਂਗਾ, “ਇਹ ਮੇਰੇ ਯਾਰ ਨੇ ਲਿਖੀ ਏ ।”
ਫੇਰ ਅਸੀਂ ਪ੍ਰਦੇਸਾਂ ਦੀ ਕੱਠੀ ਸੈਰ ਬਾਰੇ ਸੋਚਦੇ, ਸਮੁੰਦਰ ਦੀਆਂ ਛੱਲਾਂ ਸੁਣਨ ਲਗ ਪੈਂਦੀਆਂ ਤੇ ਫੇਰ ਉਹ ਮੈਨੂੰ ਛੇੜਦਾ :
“ਜਦੋਂ ਅਸੀਂ ਵਾਪਸ ਦੇਸ਼ ਪਰਤਦਿਆਂ ਜਹਾਜ਼ ਤੋ’ ਉਤਰਾਂਗੇ ਤਾਂ ਅਗੇ ਉਹ ਕੁੜੀ ਕਾਂਤੀ ਖਲੋਤੀ ਹੋਏਗੀ । ਉਹ ਤੈਨੂੰ ਹਾਰ ਪਾਏਗੀ, ਤੇ ਮੈਨੂੰ ਵੀ ਕਿਉਂਕਿ ਮੈਂ ਤੇਰਾ ਬੇਲੀ ਵਾਂ । ਤੇ ਫੇਰ ਤੂੰ ਉਹਦੇ ਨਾਲ ਵਿਆਹ ਕਰ ਲਏਂਗਾ ।”
ਤੇ ਪਤਾ ਨਹੀਂ ਕਿਉਂ ਮੇਰੀਆਂ ਲਾਲ ਗੱਲਾਂ ਸੂਹੀਆਂ ਹੋ ਜਾਂਦੀਆਂ ਸਨ ਤੇ ਮੈਂ ਉਹਨੂੰ ਉਤੋਂ ਉਤੋਂ ਝਿੜਕਦਾ, “ਅਜਿਹੀਆਂ ਗੱਲਾਂ ਨਹੀ’ ਕਰੀਦੀਆਂ…ਮੈਂ ਤੇਰੇ ਨਾਲ ਨਹੀਂ ਬੋਲਣਾ,” ਪਰ ਅੰਦਰੋਂ ਇਹ ਗਲ ਮੈਨੂੰ ਬੜਾ ਨਿਘ ਦੇ’ਦੀ ਤੇ ਚੰਗੀ ਚੰਗੀ ਲਗਦੀ ਹੁੰਦੀ ਸੀ…
ਇਕ ਦਿਨ ਬਸ਼ੀਰਾ ਸਕੂਲੇ ਨਾ ਆਇਆ, ਫੇਰ ਦੂਜੇ ਦਿਨ ਵੀ ਨਾ । ਮਲੇਰੀਆ ਬੁਖਾਰ ਦਾ ਮੌਸਮ ਸੀ, ਮੈਂ ਜਾਤਾ ਤਾਪ ਚੜ੍ਹ ਗਿਆ ਹੋਣਾ ਸੂ। ਉਹਦਾ ਪਿੰਡ ਮੇਰੇ ਤੋਂ ਤਿੰਨ ਕੋਹ ਤੇ ਸੀ, ਤੇ ਨਾਲੇ ਮੈਂ ਵੀ ਕੁਝ ਢਿਲਾ ਮੱਠਾ ਸਾਂ ਆਪੀਂ ਪਤਾ ਕਰਨ ਨਾ ਜਾ ਸਕਿਆ ।
ਹੋਰ ਪੰਜ ਸੱਤ ਦਿਨ ਲੰਘ ਗਏ । ਮੈਂ ਉਡੀਕਦਾ ਰਿਹਾ, ਪਰ ਬਸ਼ੀਰਾ ਫੇਰ ਵੀ ਨਾ ਆਇਆ । ਮੈਨੂੰ ਬੜਾ ਫਿਕਰ ਹੋਇਆ, ਨਾਲੇ ਮੈਂ ਉਸ ਬਾਝੋਂ ਕੁਝ ਓਦਰ ਵੀ ਗਿਆ ਸਾਂ । ਮੈਂ ਉਹਦੇ ਪਿੰਡ ਚਲਾ ਗਿਆ।
ਬਾਹਰ ਵਾਰ ਚਰਾਂਦ ਵਿੱਚ ਹੀ ਬਸ਼ੀਰਾ ਇਕ ਮਝ ਚਰਾਂਦਾ ਮਿਲ ਪਿਆ । ਮੈਂ ਉਹਨੂੰ ਪੁਛਿਆ, “ਬਸ਼ੀਰਿਆ ਤੁੰ ਸਕੂਲੇ ਕਿਉਂ ਨਹੀਂ ਆਉਂਦਾ ?”
ਤੇ ਉਹਨੇ ਜੁਆਬ ਦਿਤਾ, “ਮੇਰੇ ਮੀਏਂ ਨੇ ਮੱਝ ਖਰੀਦ ਲਈ ਏ ।”
ਮੈਨੂੰ ਉਦੋਂ ਓਹਦੀ ਗਲ ਸਮਝ ਨਹੀਂ ਸੀ ਆਈ । “ਮੀਏਂ ਨੇ ਮੱਝ ਖਰੀਦ ਲਈ ਏ” ਮੱਝ ਦਾ ਜੋੜ ਮੇਰੀ ਦੁਨੀਆਂ ਵਿਚ ਦੁਧ ਲਸੀ ਨਾਲ ਹੀ ਸੀ।
ਪਰ ਬਸ਼ੀਰੇ ਦੀ ਦੁਨੀਆਂ ਵਿਚ ਤੇ ਕਿੰਨੇ ਹੀ ਲੋਕ ਇਸ ਦੁਨੀਆਂ ਵਿੱਚ ਵਸਦੇ ਹਨ ਜਿਨ੍ਹਾਂ ਲਈ ਮੱਝ ਦਾ ਜੋੜ ਦੁੱਧ ਪੀਣ ਨਾਲ ਨਹੀਂ, ਘਰ ਦੇ ਗੁਜ਼ਾਰੇ ਖਾਤਰ ਠੇਕੇਦਾਰ ਕੋਲ ਸਾਰਾ ਦੁੱਧ ਵੇਚ ਦੇਣ ਨਾਲ ਸੀ, ਸਿੱਪੀ ਸਿੱਪੀ ਦੁੱਧ ਲਈ ਤਰਸਣ ਨਾਲ ਸੀ, ਸਕੂਲੋਂ ਹਟਣ ਤੇ ਬੇਲੀਆਂ ਤੋਂ ਵਿਛੜਨ ਨਾਲ ਸੀ ।
“ਬਸ਼ੀਰਿਆ ! ਉਹ ਫੁਟਬਾਲ ਜਿਹੜਾ ਮੈਂ ਤੈਨੂੰ ਦਿੱਤਾ ਸੀ, ਉਹ ਤੇਰਾ ਪਹਿਲਾ ਤੇ ਅਖੀਰਲਾ ਫੁਟਬਾਲ ਸੀ । ਸ਼ੈਦ ਹਾਲੀ ਵੀ ਉਹ ਸੁੰਗੜਿਆ ਹੋਇਆ ਤੇਰੇ ਦਿਲ ਦੀ ਕਿਸੇ ਨੁਕਰੇ ਅਡੋਲ ਪਿਆ ਹੋਣਾ ਏਂ, ਤੇ ਤੇਰੇ ਪੈਰਾਂ ਵਿੱਚ ਕਿੱਕ ਮਾਰਨ ਦੀ ਸੱਧਰ ਕੜਵਲ ਪਾਂਦੀ ਹੋਏਗੀ ।
ਬਸ਼ੀਰਿਆ, ਮੈਂ ਤੈਨੂੰ ਫ਼ੁਟਬਾਲ ਤਾਂ ਦਿੱਤਾ, ਪਰ ਮੈਂ ਕਲਾ ਤੈਨੂੰ ਖੇਡਣ ਦੀ ਵਿਹਲ ਨਹੀਂ ਸਾਂ ਦੇ ਸਕਦਾ । ਤੂੰ ਕਾਲਜ ਨਾ ਜਾ ਸਕਿਆ, ਯੂਨੀਵਰਸਿਟੀ ਦੀ ਟੀਮ ਵਿਚ ਨਾ ਜਾ ਸਕਿਆ।” ਮੈਂ ਤੇਰਾ ਯਾਰ ਤੇਜ ਲਿਖਣ ਲਗ ਪਿਆ ਹਾਂ । ਚੇਤੇ ਈ ਤੂੰ ਕਿਹਾ ਸੀ, “ਮੇਰਾ ਹਾਲ ਲਿਖੀਂ”, ਮੈਂ ਤੇਰਾ …ਹਾਲ ਲਿਖਾਂਗਾ, ਤੇ ਸਿਰਫ ਲਿਖਾਂਗਾ ਈ ਨਹੀਂ ਮੈਂ ਆਪਣੀ ਲੇਖਣੀ ਰਾਹੀਂ ਉਹ ਜਿੰਦਗੀ ਲਿਆਣ ਲਈ ਸੰਗਰਾਮ ਕਰਾਂਗਾ ਜਿਸ ਵਿੱਚ ਠੇਕੇਦਾਰ ਸਾਰਾ ਚੁੱਧ ਨਹੀਂ ਚੁਕਾ ਲਿਜਾਣਗੇ, ਤੇ ਬਸ਼ੀਰੇ ਦੁੱਧ ਪੀਣਗੇ, ਜਿੱਥੇ ਕਿੱਕ ਮਾਰਨ ਦੀ ਸਧਰ ਸਾਰੀ ਉਮਰ ਕਿਸੇ ਦੇ ਪੈਰਾਂ ਨੂੰ ਕੜਵਲ ਨਹੀਂ ਪਾਂਦੀ ਰਹੇਗੀ, ਤੇ ਜਿਥੇ ਬਸ਼ੀਰੇ ਦੇ ਬਾਲ-ਮਨ ਦੀਆਂ ਉਡਾਰੀਆਂ ਨੂੰ ਇਕ ਸੰਗਲ ਪਾ ਕੇ ਮੱਝ ਦੇ ਕਿਲੇ ਨਾਲ ਕੋਈ ਨਹੀਂ ਬੰਨ੍ਹ ਸਕੇਗਾ…

About Rajinderpal Sandhu

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar