ਜੀ ਆਇਆਂ ਨੂੰ
You are here: Home >> Lekhak ਲੇਖਕ >> Kartar Singh Duggal ਕਰਤਾਰ ਸਿੰਘ ਦੁੱਗਲ >> ਭਗੜੋ ਮੁਣਸਪਿੱਟੀ/Bhagro Munaspitti

ਭਗੜੋ ਮੁਣਸਪਿੱਟੀ/Bhagro Munaspitti

ਭਗੜੋ ਨੂੰ ਲੋਕੀਂ ਮੁਣਸਪਿੱਟੀ ਸੱਦਦੇ ਸਨ, ਉਸ ਦਾ ਖ਼ਾਵੰਦ ਜੋ ਮਰ ਗਿਆ ਸੀ। ਤੇ ਜਿਸ ਦਿਨ ਦਾ ਭਗੜੋ ਦਾ ਬਿਆਰੇ ਦਾ ਬੀਂ, ਇੱਕੋਇੱਕ ਪੁੱਤਰ ਭਰਤੀ ਹੋ ਕੇ ਲਾਮ ਤੇ ਚਲਾ ਗਿਆ, ਉਸ ਨੂੰ ਪਤਾ ਨਹੀਂ ਸੀ ਲੱਗਦਾ, ਉਹ ਆਪਣੇਆਪ ਨਾਲ ਕੀ ਕਰੇ। ਵਿਹਲੀ ਰਹਿ ਰਹਿ ਕੇ ਥੱਕ ਲੱਥੀ ਸੀ। ਇੱਥੋਂ ਉਠਦੀ, ਉਥੇ ਜਾ ਥੱਲ੍ਹਾ ਮਾਰਦੀ। ਗੱਲਾਂ ਕਰ-ਕਰ ਕੇ ਉਹਦੀਆਂ ਗੱਲਾਂ ਮੁੱਕਣ ਲੱਗਦੀਆਂ ਪਰ ਗਰਮੀਆਂ ਦੇ ਦਿਨ ਤੇ ਸਿਆਲੇ ਦੀਆਂ ਤ੍ਰਕਾਲਾਂ ਖ਼ਤਮ ਹੋਣ ਵਿਚ ਨਾ ਆਉਂਦੀਆਂ। ਤੇ ਫੇਰ ਭਗੜੋ ਨੇ ਆਪਣਾ ਮਨ ਪਰਚਾਉਣ ਦਾ ਵਲ ਲੱਭ ਲਿਆ। ਕੁਕੜੀਆਂ ਦੇ ਆਂਡੇ ਇੱਕਠੇ ਕਰ ਕੇ ਉਹ ਪਿੰਡ ਦੇ ਲਾਗੇ ਛਾਉਣੀ ਵਿਚ ਜਾ ਕੇ ਵੇਚ ਆਉਂਦੀ। ਕਦੀ ਤੋਪਖ਼ਾਨੇ ਵਿਚ, ਕਦੀ ਲਾਲ ਕੁੜਤੀ ਦੇ ਕਿਸੇ ਗਲੀ-ਮੁਹੱਲੇ ਵਿਚ, ਕਦੀ ਖ਼ਲਾਸੀ-ਲੈਣ ਵਿਚ। ਪਹਿਲੇ ਇੱਕ ਦਿਨ ਛੱਡ ਕੇ ਜਾਂਦੀ ਸੀ। ਫੇਰ ਹਰ ਰੋਜ਼ ਜਾਣ ਲੱਗ ਪਈ। ਆਪਣੇ ਵਿਹੜੇ ਦੀਆਂ ਕੁਕੜੀਆਂ ਦੇ ਨਾਲ ਆਂਢੀਆਂ ਗੁਆਂਢੀਆਂ ਦੀਆਂ ਕੁਕੜੀਆਂ ਦੇ ਆਂਡੇ ਵੀ ਇੱਕਠੇ ਕਰ ਲੈਂਦੀ। ਪਟਾਰੀ ਵਿਚ ਆਂਡੇ ਰੱਖ ਹੌਲੇ-ਹੌਲੇ ਤੁਰਦੀ। ਸਵੇਰੇ ਖਾ ਪੀ ਕੇ ਘਰੋਂ ਨਿਕਲਦੀ, ਸ਼ਾਮੀ ਰਿੰਨ੍ਹਣ-ਪਕਾਣ ਵੇਲੇ ਮੁੜ ਆਂਦੀ। ਆਂਡਿਆਂ ਦੇ ਉਹਦੇ ਘਰ ਬੱਝੇ ਹੋਏ ਸਨ। ਭਗੜੋ ਨੂੰ ਕੋਈ ਕਾਹਲ ਨਹੀਂ ਸੀ ਹੁੰਦੀ। ਜੀਅ ਕਰਦਾ ਤਾਂ ਕਿਸੇ ਰੁੱਖ ਹੇਠ ਸੁਸਤਾ ਲੈਂਦੀ, ਮਨ ਕਰਦਾ ਤਾਂ ਕਿਸੇ ਪੁਲ ਉਤੇ ਖਲੋ ਕੇ ਹੇਠ ਕਲ-ਕਲ ਕਰਦੇ ਵਗ ਰਹੇ ਪਾਣੀ ਨੂੰ ਵੇਖਣ ਲੱਗ ਪੈਂਦੀ।
ਕਰਦਿਆਂ-ਕਰਦਿਆਂ ਢੇਰ ਸਾਰੇ ਆਂਡੇ ਉਹਦੇ ਹੋ ਜਾਂਦੇ। ਤੇ ਫੇਰ ਭਗੜੋ ਨੇ ਇੱਕ ਬੱਘੀ ਬਣਾ ਲਈ। ਛਾਉਣੀ ਵਿਚ ਕਿਸੇ ਮੇਮ ਦੀ ਟੁੱਟੀ ਹੋਈ ਪੁਰਾਣੀ ਪਰੈਮ ਕਬਾੜੀਏ ਦੇ ਪਈ ਸੀ, ਭਗੜੋ ਨੇ ਉਹ ਖ਼ਰੀਦ ਲਈ ਤੇ ਪਰੈਮ ਵਿਚ ਬੱਚੇ ਦੀ ਥਾਂ ਆਂਡੇ ਰੱਖ ਕੇ ਉਹ ਛਾਉਣੀ ਲੈ ਜਾਂਦੀ, ਸ਼ਾਮੀਂ ਖ਼ਾਲੀ ਪਰੈਮ ਨੂੰ ਰੇੜ੍ਹਦੀ ਪਿੰਡ ਮੁੜ ਆਂਦੀ। ਭਗੜੋ ਸੋਚਦੀ ਇੰਜ ਉਹ ਥੱਕਦੀ ਵੀ ਘੱਟ ਸੀ। ਪਹਿਲੇ ਤਾਂ ਕਦੀ ਸੱਜੇ, ਕਦੀ ਖੱਬੇ ਪਟਾਰੀ ਚੁੱਕ-ਚੁੱਕ ਕੇ ਉਹ ਹਾਰ-ਹੁਟ ਜਾਂਦੀ ਸੀ। ਕਦੀ-ਕਦੀ ਰਾਤੀਂ ਉਹਦੀਆਂ ਬਾਹਵਾਂ, ਇੰਜ ਲੱਗਦਾ, ਜਿਵੇਂ ਚਲਊਂ-ਚਲਊਂ ਕਰ ਰਹੀਆਂ ਹੋਣ ਉਨ੍ਹਾਂ ਵਿਚ ਗਿਲਟ ਪੈ ਜਾਂਦੇ। ਇੱਕੋ ਇੱਕ ਪੁੱਤਰ ਉਹਦਾ ਲਾਮ ‘ਤੇ ਚਲਾ ਗਿਆ ਸੀ। ਭਗੜੋ ਸੋਚਦੀ, ਹੁਣ ਉਹਦਾ ਕੌਣ ਸੀ ਜਿਹੜਾ ਉਹਦੀਆਂ ਮੁੱਠੀਆਂ ਭਰੇ। ਵਿਧਵਾ ਦੀ ਜ਼ਿੰਦਗੀ ਬੜੀ ਖ਼ਵਾਰੀ ਹੁੰਦੀ ਹੈ। ਕਦੀ-ਕਦੀ ਕੱਲ-ਮੁਕੱਲੀ ਤਾਰਿਆਂ ਦੀ ਛਾਵੇਂ ਲੇਟੀ ਭਗੜੋ ਦੀਆਂ ਅੱਖਾਂ ਸੇਜਲ ਹੋ ਜਾਂਦੀਆਂ। ਤੇ ਫੇਰ ਭਗੜੋ ਇੱਕਦਮ ਸੰਭਲ ਜਾਂਦੀ। ਇੰਜ ਵੀ ਕੋਈ ਰੋਇਆ ਕਰਦਾ ਹੈ। ਜੁਗ-ਜੁਗ ਜੀਵੇ ਉਹਦਾ ਪੁੱਤਰ ਲਖਬੀਰ। ਪੁੱਤਰਾਂ ਦੀਆਂ ਮਾਂਵਾਂ ਨੂੰ ਕਿਸੇ ਗੱਲ ਦੀ ਪ੍ਰਵਾਹ ਨਹੀਂ ਹੁੰਦੀ। ਕੇਹੀਆਂ ਸੋਹਣੀਆਂ ਚਿੱਠੀਆਂ ਲਿਖਦਾ ਸੀ। ਭਗੜੋ ਖ਼ੁਸ਼ ਸੀ, ਉਸ ਚਾਰ ਅੱਖਰ ਆਪਣੀ ਜੁਆਨੀ ਵਿਚ ਪੜ੍ਹ ਲਏ ਸਨ। ਹੁਣ ਪੁੱਤਰ ਦੀ ਚਿੱਠੀ ਪੜ੍ਹ ਵੀ ਸਕਦੀ ਸੀ ਤੇ ਉਹਨੂੰ ਚਿੱਠੀ ਲਿਖ ਵੀ ਸਕਦੀ ਸੀ। ਨਹੀਂ ਤੇ ਆਂਢਣਾਂਗੁਆਂਢਣਾਂ, ਇੱਧਰ ਡਾਕੀਆ ਚਿੱਠੀ ਸੁੱਟ ਕੇ ਜਾਂਦਾ, ਉੱਧਰ ਪੈਰੀਂ ਤੱਪੜ ਅੜਾ ਕੇ ਚਿੱਠੀ ਪੜ੍ਹਾਉਣ ਨਿਕਲ ਪੈਂਦੀਆਂ। ਨਾਲੇ ਅਗਲਾ ਜਦੋਂ ਚਿੱਠੀ ਪੜ੍ਹਦਾ ਹੈ, ਕੋਈ ਪਰਦਾ ਥੋੜ੍ਹਾ ਰਹਿੰਦਾ ਹੈ ਨਾ ਚਿੱਠੀ ਲਿਖਣ ਵਾਲੇ ਨੂੰ ਕੋਈ ਸੁਆਦ, ਨਾ ਚਿੱਠੀ ਪਾਉਣ ਵਾਲੇ ਨੂੰ ਕੋਈ ਸੁਆਦ।
ਭਗੜੋ ਦੀ ਬੱਘੀ ਵਿਚ ਚੋਖੀ ਥਾਂ ਹੁੰਦੀ ਸੀ। ਕੁਝ ਦਿਨ ਤੇ ਆਂਡਿਆਂ ਦੇ ਨਾਲ ਉਹ ਫ਼ਾਲਤੂ ਚੂਚੇ ਵੀ ਰੱਖ ਲੈਂਦੀ। ਛਾਉਣੀ ਵਿਚ ਚੂਚਿਆਂ ਦੀ ਬੜੀ ਮੰਗ ਸੀ। ਨਾਲੇ ਭਗੜੋ ਨੇ ਵੇਖਿਆ, ਚੂਚਿਆਂ ਵਿਚ ਉਹਨੂੰ ਚਾਰ ਪੈਸੇ ਵਧੇਰੇ ਬਚ ਜਾਂਦੇ ਸਨ। ਹੌਲੇ-ਹੌਲੇ ਉਹਦੇ ਕੋਲ ਆਂਡੇ ਘਟ ਹੁੰਦੇ ਗਏ ਤੇ ਚੂਚੇ ਜ਼ਿਆਦਾ। ਨਾਲੇ ਆਂਡਿਆਂ ਦੇ ਟੁੱਟਣ ਦਾ ਹਮੇਸ਼ਾਂ ਖ਼ਤਰਾ ਬਣਿਆ ਰਹਿੰਦਾ ਸੀ। ਕਈ ਵਾਰ ਭਗੜੋ ਖ਼ਤਾ ਖਾ ਬੈਠੀ ਸੀ। ਇੱਕ ਦਿਨ ਤਾਂ ਸਾਰੇ ਦੇ ਸਾਰੇ ਉਹਦੇ ਆਂਡੇ ਢੇਰੀ ਹੋ ਗਏ ਸਨ। ਸ਼ਾਮੂ ਦੀ ਢੱਕੀ ਲਹਿੰਦਿਆਂ ਬੱਘੀ ਉਹਦੇ ਹੱਥੋਂ ਛੁੜਕ ਗਈ ਤੇ ਵਿੰਹਦਿਆਂ-ਵਿੰਹਦਿਆਂ ਸਾਹਮਣੇ ਨਾਲੀ ਵਿਚ ਮੂਧੀ ਜਾ ਪਈ ਸੀ। ਸਾਰੇ ਆਂਡੇ ਟੁੱਟ ਕੇ ਨਾਲੀ ਵਿਚ ਵੀਟ ਗਏ ਸਨ।
ਜਦੋਂ ਭਗੜੋ ਦਾ ਇੰਜ ਨੁਕਸਾਨ ਹੁੰਦਾ, ਉਹ ਰਤੀ ਪ੍ਰਵਾਹ ਨਾ ਕਰਦੀ। ‘ਜੁਗ-ਜੁਗ ਜੀਵੇ ਮੇਰਾ ਪੁੱਤਰ ਲੱਖਾ!’ ਉਹ ਆਪਣੇ-ਆਪ ਨੂੰ ਕਹਿੰਦੀ ਤੇ ਸੰਭਲ ਜਾਂਦੀ। ਉਂਜ ਦੀ ਉਂਜ ਸੰਜੀਦਾ, ਖ਼ੁਸ਼। ਕਮਾਊ ਪੁੱਤਰਾਂ ਦੀਆਂ ਮਾਂਵਾਂ ਨੂੰ ਕਾਹਦੀ ਚਿੰਤਾ। ਤੇ ਫੇਰ ਭਗੜੋ ਨੇ ਆਂਡਿਆਂ ਦਾ ਵਪਾਰ ਛੱਡ ਦਿੱਤਾ। ਆਂਡਿਆਂ ਵਿਚੋਂ ਚੂਚੇ ਕੱਢ ਕੇ ਛਾਉਣੀ ਕੁਕੜਕੁਕੜੀਆਂ ਵੇਚਣ ਲਿਜਾਂਦੀ। ਅੱਠ-ਦਸ ਚੂਚੇ ਹਰ ਰੋਜ਼ ਇੱਕਠੇ ਕਰ ਲੈਂਦੀ, ਸ਼ਾਮੀਂ ਵੇਚ ਵੱਟ ਕੇ ਘਰ ਮੁੜ ਆਂਦੀ। ਇਹ ਕੰਮ ਸੁਥਰਾ ਸੀ, ਨਾਲੇ ਇਸ ਵਿਚ ਖ਼ਤਰਾ ਉੱਕਾ ਨਹੀਂ ਸੀ। ਜੇ ਕੋਈ ਚੂਚਾ ਨਾ ਵਿਕਦਾ ਤਾਂ ਉਸ ਨੂੰ ਮੋੜ ਲਿਆਂਦੀ। ਪਰ ਇੰਜ ਕਦੀ ਵਿਰਲਾ ਹੀ ਹੋਇਆ ਸੀ। ਅਕਸਰ ਜਿਤਨੇ ਦਾਣੇ ਭਗੜੋ ਦੀ ਬੱਘੀ ਵਿਚ ਆਂਦੇ ਸਨ, ਸਾਰੇ-ਦੇ-ਸਾਰੇ ਉਹ ਵੇਚ ਵੱਟ ਕੇ ਘਰ ਮੁੜਦੀ।
ਤੇ ਭਗੜੋ ਇਸ ਨਵੇਂ ਧੰਦੇ ਬਾਰੇ ਆਪਣੇ ਪੁੱਤਰ ਨੂੰ ਲਿਖਦੀ ਰਹਿੰਦੀ। ਉਹਦੀ ਤਲਬ ਬੇਸ਼ੱਕ ਹਰ ਮਹੀਨੇ ਦੀ ਪਹਿਲੀ ਤਰੀਕ ਆ ਜਾਂਦੀ, ਡਾਕੀਆ ਮਨੀਆਰਡਰ ਲੈ ਕੇ ਇਹਨੂੰ ਢੂੰਡਦਾ ਰਹਿੰਦਾ ਪਰ ਭਗੜੋ ਨੂੰ ਵਿਹਲੀ ਰਹਿ ਕੇ ਡੋਬ ਪੈਂਦੇ ਸਨ। ਉਸ ਤੇ ਇਹ ਧੰਦਾ ਫੜਿਆ ਸੀ ਤਾਂ ਜੋ ਉਹਦਾ ਮਨ ਲੱਗਿਆ ਰਹੇ। ਨਾਲੇ ਦਿਲ ਭੁੱਲਿਆ ਰਹਿੰਦਾ, ਆਪਣੇ ਇੱਕੋ-ਇੱਕ ਪੁੱਤਰ ਦਾ ਵਿਛੋੜਾ ਨਾ ਸਤਾਂਦਾ, ਨਾਲੇ ਚਾਰ ਪੈਸੇ ਬਣ ਜਾਂਦੇ। ਭਗੜੋ ਸੋਚਦੀ, ਹੁਣ ਜਦੋਂ ਉਹਦਾ ਲਾਡਲਾ ਲਾਮ ਤੋਂ ਮੁੜਿਆ, ਇਹ ਉਸ ਨੂੰ ਵਿਆਹ ਛੱਡੇਗੀ। ਜੇ ਪਹਿਲੇ ਇੰਜ ਕੀਤਾ ਹੁੰਦਾ ਤਾਂ ਉਹ ਲਾਮ ਤੇ ਕਦੀ ਨਾ ਜਾਂਦਾ। ਕਿਸੇ ਦੇ ਦੋ ਨੈਣ ਉਹਨੂੰ ਵਲਿੰਗ ਕੇ ਰੱਖ ਲੈਂਦੇ। ਇੱਕ ਵਾਰ ਥਿੜਕ ਗਈ ਸੀ, ਹੁਣ ਇਹ ਭੁੱਲ ਨਹੀਂ ਹੋਣ ਦੇਵੇਗੀ।
ਹਰ ਚਿੱਠੀ ਵਿਚ ਉਹ ਲਿਖਦਾ, ‘ਮਾਊ, ਤੁਘੀ ਕੰਮ ਕਰਣੇ ਨੀ ਕੇ ਮੁਸੀਬਤ ਪਈ ਵਹੈ? ਕੌਹ ਪੱਕਾ ਪੈਂਡਾ ਟੁਰ ਕੇ ਗੱਛਣੀ ਹੋਸੇਂ, ਕੋਹ ਪੱਕਾ ਪੈਂਡਾ ਟੁਰ ਕੇ ਅਛਣੀ ਹੋਸੇਂ। ਛਾਉਣੀ ਕਿਹੜੀ ਨੇੜੇ ਵਹੈ। ਸ਼ੱਮੂ ਨੀਆਂ ਫਲਾਹੀਆਂ, ਛੱਛ, ਜੱਰਾਹੀ ਨਾ ਪੁਲ, ਤੇ ਟੰਚ ਤੇ ਫੇਰ ਛਾਉਣੀ ਨੀਆਂ ਬਾਰਕਾਂ ਦਿਸਣੀਆਂ ਨੇ।”
ਹਰ ਵਾਰ ਭਗੜੋ ਚਿੱਠੀ ਪੜ੍ਹਦੀ ਤੇ ਅੱਗੋਂ ਹੱਸ ਛੱਡਦੀ। “ਲਾਡਲਾ।” “ਮੈਂਢਾ ਕਲੇਜੇ ਨਾ ਟੋਟਾ।” ਆਪਣੇ ਹੋਠਾਂ ਵਿਚ ਗੁਣਗੁਣਾਂਦੀ ਤੇ ਹੱਸ ਕੇ ਉਹਦੀ ਗੱਲ ਟਾਲ ਜਾਂਦੀ।
ਜਦੋਂ ਉਹਦਾ ਪੋਤਰਾ ਆਇਆ ਤਾਂ ਉਹ ਉਹਨੂੰ ਬੱਘੀ ਵਿਚ ਪਾ ਕੇ ਸੈਰ ਕਰਵਾਇਆ ਕਰੇਗੀ। ਪਿੰਡ ਵਾਲੇ ਪੂੰਦ ਕਰਨ ਤਾਂ ਬੇਸ਼ੱਕ ਕਰਨ। ਭਗੜੋ ਨਹੀਂ ਕਿਸੇ ਤੋਂ ਡਰਨ ਵਾਲੀ। ਉਹਦੇ ਵਿਹੜੇ ਵਿਚ ਜਦੋਂ ਨੂੰਹ ਰਾਣੀ ਦੀ ਗਹਿਮਾ-ਗਹਿਮੀ ਹੋਵੇਗੀ, ਉਹ ਚੂਚੇ ਵੇਚਣੇ ਛੱਡ ਦੇਵੇਗੀ। ਹਵਾਲਦਾਰ ਦੀ ਜਾਈ ਉਹ ਚੂਚੇ ਨਹੀਂ, ਕੁਝ ਹੋਰ ਵੇਚਿਆ ਕਰੇਗੀ। ਅਕਸਰ ਭਗੜੋ ਇਸ ਤਰ੍ਹਾਂ ਦੇ ਸੁਫਨੇ ਵੇਖਦੀ ਰਹਿੰਦੀ।
ਭਾਵੇਂ ਉਹ ਅੰਗਰੇਜ਼ੀ ਨਹੀਂ ਪੜ੍ਹੀ ਸੀ, ਛਾਉਣੀ ਦੇ ਲਾਗੇ ਜੰਮੀ-ਪਲੀ ਤੇ ਵਿਆਹੀ ਭਗੜੋ ਇਸ਼ਾਰਿਆਂ-ਕਿਨਾਇਆਂ ਨਾਲ ਤੇ ਟੁੱਟੀ ਫੁੱਟੀ ਹਿੰਦੁਸਤਾਨੀ ਨਾਲ ਆਪਣਾ ਕੰਮ ਤੋਰ ਲੈਂਦੀ। ਜ਼ਿਆਦਾਤਰ ਆਪਣਾ ਮਾਲ ਉਹ ਟਾਮੀਆਂ ਦੀਆਂ ਚਿੱਟੀ ਚਮੜੀ ਵਾਲੀਆਂ ਮੇਮਾਂ ਜਾਂ ਕਾਲਭਰਮੀਆਂ ਕਰਾਂਟਣਾਂ ਨੂੰ ਵੇਚਦੀ ਸੀ। ਦੇਸੀ ਲੋਕਾਂ ਦੇ ਮੁਹੱਲੇ ਵਿਚ ਵਸੇਂ ਵਸੇਂ ਨਾ ਜਾਂਦੀ। ਜਦੋਂ ਕਦੀ ਮਜਬੂਰਨ ਜਾਣਾ ਹੁੰਦਾ ਤਾਂ ਨਵਾਂ ਮਾਸਾ ਖਾਣਾ ਸਿਖੀਆਂ ਖਤ੍ਰਿਆਣੀਆਂ ਹਮੇਸ਼ਾਂ ਕਹਿੰਦੀਆਂ, “ਨੀ ਮਿੜੇ ਚਾਕੂ ਨਾਲ ਚੂਚੇ ਕੀ ਬਣਾਈ ਵੀ ਦੇ।” ਭਗੜੋ ਸੁਣਦੀ ਤੇ ਉਹਦਾ ਤ੍ਰਾਹ ਨਿਕਲ ਜਾਂਦਾ। ਬਿਟ-ਬਿਟ ਉਨ੍ਹਾਂ ਦੇ ਮੂੰਹ ਵੱਲ ਵੇਖਣ ਲੱਗ ਪੈਂਦੀ। ਭਗੜੋ ਕਿਵੇਂ ਕਿਸੇ ਚੂਚੇ ਨੂੰ ਵੱਢ ਸਕਦੀ ਸੀ।
ਅਜੇ ਤੇ ਉਹਦੇ ਪੁੱਤਰ ਨੇ ਲਾਮ ਤੋਂ ਮੁੜਨਾ ਸੀ। ਲਾਮ ਤੋਂ ਮੁੜਿਆ ਉਹ ਵਿਆਹ ਕਰੇਗਾ। ਫੇਰ ਉਨ੍ਹਾਂ ਦੇ ਵਿਹੜੇ ਵਿਚ ਇੱਕ ਲਾਲ ਖੇਡੇਗਾ। ਜਦੋਂ ਕੋਈ ਖਤ੍ਰਿਆਣੀ ਭਗੜੋ ਨੂੰ ਚੂਚਾ ਵੱਢਣ ਲਈ ਕਹਿੰਦੀ, ਇਹਨੂੰ ਲੱਗਦਾ ਜਿਵੇਂ ਉਸ ਦਾ ਹੱਥ ਲੁਸ ਲੁਸ ਕਰਦੇ ਕਿਸੇ ਮਾਸੂਮ ਬੱਚੇ ਦੀ ਗਿੱਚੀ ਉਤੇ ਜਾ ਪਿਆ ਹੋਵੇ ਤੇ ਭਗੜੋ ਸਿਰ ਤੋਂ ਲੈ ਕੇ ਪੈਰਾਂ ਤੀਕ ਕੰਬ ਜਾਂਦੀ।
ਤੇ ਫੇਰ ਵਸੇਂ ਵਸੇਂ ਉਹ ਫਰੰਗਣਾਂ ਦੇ ਬੰਗਲਿਆਂ ਵੱਲ ਚੱਕਰ ਕੱਟਦੀ ਰਹਿੰਦੀ। ਇਹ ਲੋਕ ਕਦੀ ਨਹੀਂ ਇਸ ਤਰ੍ਹਾਂ ਦੀ ਬੇਹੂਦਾ ਫਰਮਾਇਸ਼ ਕਰਦੇ ਸਨ। ਇਨ੍ਹਾਂ ਦੇ ਆਪਣੇ ਖ਼ਾਨਸਾਮੇ ਤੇ ਬੈਰੇ ਹੁੰਦੇ ਸਨ। ਆਪਣੀ ਮਰਜ਼ੀ ਨਾਲ ਭਾਵੇਂ ਹਲਾਲ ਕਰਦੇ, ਭਾਵੇਂ ਝਟਕਾ ਕਰਦੇ।
ਤੇ ਭਗੜੋ ਨੇ ਅਜ਼ਮਾ ਕੇ ਵੇਖਿਆ ਸੀ, ਜਦੋਂ ਵੀ ਉਹ ਲਾਲ ਕੁਕੜੀ ਜਾਂ ਤੋਪਖਾਨੇ ਦੀ ਕਿਸੇ ਗਲੀ ਵੱਲ ਭੁੱਲੀ-ਭਟਕੀ ਚਲੀ ਜਾਂਦੀ ਹਮੇਸ਼ਾਂ ਅਗਲੇ ਚੂਚਾ ਬਣਾਉਣ ਲਈ ਤਕਾਜ਼ਾ ਕਰਦੇ। ਭਗੜੋ ਉਨ੍ਹਾਂ ਦੀ ਇੱਕ ਨਾ ਸੁਣਦੀ। “ਨਾ ਭੈਣਾਂ, ਮਰਜ਼ੀ ਵਹੈ ਤੇ ਲਵੋ ਨਹੀਂ ਤੇ ਛੋੜੀ ਦਿਉ, ਮੈਂ ਤਾਂ ਆਪਣੇ ਚੂਚੇ ਕੀ ਖੌਹਰੀ ਨਜ਼ਰ ਵੀ ਨਾ ਤੱਕਾਂ।”
“ਤੇ ਮੁਣਸਪਿੱਟੀਏ, ਚੂਚੇ ਪਾਲੀ ਪਾਲੀ ਕੇ ਵੇਚਣ ਕੀਹਾਂ ਟੁਰੀ ਪੈਣੀ ਏਂ?” ਖਤ੍ਰਿਆਣੀਆਂ ਉਸ ਨੂੰ ਛੇੜਦੀਆਂ, “ਤੈਂਢੇ ਚੂਚੇ ਕੀ ਅਸੀਂ ਰਿੰਨ੍ਹਣਾ ਨਹੀਂ ਤੇ ਕਲੇਜੇ ਨਾਲ ਲਾਈ ਰੱਖਣਾ ਏ?”
ਭਗੜੋ ਨੂੰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਅਹੁੜਦੀ ਸੀ। ਜ਼ਿਆਦਾ ਕੋਈ ਖਤ੍ਰਿਆਣੀ ਜ਼ਿੱਦ ਕਰਦੀ ਤਾਂ ਬੱਘੀ ਤੋਰ ਕੇ ਅੱਗੇ ਨਿਕਲ ਜਾਂਦੀ। ਲੋਕੀਂ ਉਹਦੇ ਮੂੰਹ ਵੱਲ ਵੇਖਦੇ ਰਹਿ ਜਾਂਦੇ। ਅਜੀਬ ਔਰਤ ਸੀ ਪਰ ਪਿਛਲੇ ਕਈ ਦਿਨਾਂ ਤੋਂ ਭਗੜੋ ਹੋਰ ਦੀ ਹੋਰ ਹੁੰਦੀ ਜਾ ਰਹੀ ਸੀ। ਆਪਣੇ-ਆਪ ਵਿਚ ਗੁੰਮੀ-ਗੁੰਮੀ ਰਹਿੰਦੀ, ਗੱਲ ਕਰਦੇ-ਕਰਦੇ ਉਹਨੂੰ ਗੱਲ ਵਿਸਰ ਜਾਂਦੀ। ਪਹਿਲੇ ਵੀ ਉਚਾ ਸੁਣਦੀ ਸੀ ਪਰ ਹੁਣ ਤਾਂ ਜਿਵੇਂ ਡੋਰੀ ਮਘ ਹੋ ਗਈ ਹੋਵੇ। ਚਾਰ ਵਾਰ ਕਹੋ ਤਾਂ ਇੱਕ ਵਾਰ ਗੱਲ ਉਹਦੇ ਪੱਲੇ ਪੈਂਦੀ। ਕਈ ਵਾਰ ਭੋਹ ਦੇ ਭਾਅ ਮਾਲ ਸੁੱਟ ਜਾਂਦੀ, ਕਦੀ ਪੈਸੇ ਲਈ ਲੜਨ ਲੱਗ ਪੈਂਦੀ। ਕਦੀ “ਜੀ” “ਜੀ” ਕਰਦੀ, ਮਿੱਠੇ ਮਾਖਿਓਂ ਵਰਗੇ ਬੋਲ ਬੋਲਦੀ, ਕਦੀ ਅਗਲੇ ਦਾ ਮੂੰਹ ਸਿਰ ਪੋਚ ਲੈਂਦੀ। ਆਪ-ਮੁਹਾਰੀ ਤੁਰ ਰਹੀ ਕਦੀ ਉਹਦੀਆਂ ਅੱਖੀਆਂ ਵਿਚੋਂ ਅੱਥਰੂ ਕਿਰਨ ਲੱਗ ਪੈਂਦੇ। ਕੋਈ ਵਜ੍ਹਾ ਨਾ ਵਿਖਾਈ ਦਿੰਦੀ, ਪਰ ਉਹਦੇ ਅੱਥਰੂ ਝਰ ਝਰ ਪਏ ਪੈਂਦੇ।
ਭਗੜੋ ਦੇ ਪੁੱਤਰ ਦੀ ਚਿੱਠੀ ਨਹੀਂ ਕਿਤਨੇ ਦਿਨਾਂ ਤੋਂ ਆਈ ਸੀ। ਵਿਚਾਰੀ ਵਿਧਵਾ ਔਰਤ, ਗੱਲ-ਗੱਲ ਉਤੇ ਫਿਸ ਪੈਂਦੀ। ਪਤਾ ਨਹੀਂ ਮੁੰਡੇ ਨੂੰ ਕੀ ਹੋ ਗਿਆ ਸੀ। ਚਿੱਠੀ ਲਿਖਣੀ ਉਸ ਬੰਦ ਕਰ ਦਿੱਤੀ ਸੀ। ਕੋਈ ਮਾਂਵਾਂ ਨੂੰ ਵੀ ਇੰਜ ਵਿਸਾਰ ਸਕਦਾ ਏ?
ਅੱਜ ਕੱਲ੍ਹ ਚੂਚਾ ਵੇਚਣ ਵੇਲੇ ਭਗੜੋ ਉਹਦੀ ਚੁੰਝ ਨੂੰ ਮੁੜ-ਮੁੜ ਨਹੀਂ ਵੇਖਦੀ ਸੀ, ਨਾ ਵੇਚਣ ਤੋਂ ਪਹਿਲੇ ਆਪਣੇ ਪੱਲੇ ਨਾਲ ਚੂਚੇ ਦੇ ਪਰਾਂ ਨੂੰ ਸਾਫ ਕਰਦੀ ਸੀ। ਜਿਵੇਂ ਬੱਘੀ ਵਿਚ ਹੁੰਦਾ, ਕੱਢ ਕੇ ਅਗਲੇ ਦੇ ਹਵਾਲੇ ਕਰ ਦਿੰਦੀ। ਨਹੀਂ ਤਾਂ ਇੱਕ ਤੋਂ ਵਧੀਕ ਵਾਰ ਉਹ ਆਪਣੇ ਚੂਚੇ ਨੂੰ ਵੇਖਦੀ ਸੀ, ਇੱਕ ਤੋਂ ਵਧੀਕ ਵਾਰ ਉਹਦਾ ਨਖਸ਼ਿਖ ਸੁਆਰਦੀ ਸੀ ਤੇ ਫੇਰ ਆਪਣਾ ਮਾਲ ਅਗਲੇ ਨੂੰ ਫੜਾਂਦੀ। ਅੱਜ ਕੱਲ੍ਹ ਬੱਘੀ ਵਿਚ ਜਾਲ ਹੇਠ ਪਏ ਚੂਚੇ ਕਈ ਮੂਧੇ ਜਾ ਪੈਂਦੇ, ਮੂਧੇ ਪਏ ਰਹਿੰਦੇ, ਭਗੜੋ ਕੋਈ ਵਿਸ਼ੇਸ਼ ਧਿਆਨ ਨਾ ਦਿੰਦੀ। ਪਹਿਲੇ ਤਾਂ ਮਜਾਲ ਹੈ ਉਹਦੇ ਕਿਸੇ ਚੂਚੇ ਨੂੰ ਰਤਾ ਭਰ ਜ਼ਰਬ ਆ ਜਾਏ, ਉਹਨੂੰ ਲਾਡ ਕਰ-ਕਰ ਕੇ ਨਹੀਂ ਉਹ ਥੱਕਦੀ ਸੀ।
ਤੇ ਫੇਰ ਛਾਉਣੀ ਵਿਚ ਖ਼ਬਰ ਆ ਗਈ ਕਿ ਭਗੜੋ ਦਾ ਪੁੱਤਰ ਲੜਾਈ ਵਿਚ ਜ਼ਾਇਆ ਹੋ ਗਿਆ ਸੀ। ਖ਼ਬਰ ਫੈਲਦੀ-ਫੈਲਦੀ ਸਾਰੇ ਫੈਲ ਗਈ ਪਰ ਭਗੜੋ ਨੂੰ ਇਹ ਹਕੀਕਤ ਦੱਸਣ ਦਾ ਕਿਸੇ ਦਾ ਹੀਅ ਨਹੀਂ ਪੈਂਦਾ ਸੀ। ਲੋਕੀਂ ਉਹਦੇ ਨਾਲ ਇਸ ਬਾਰੇ ਗੱਲ ਨਹੀਂ ਕਰਦੇ ਸਨ ਪਰ ਭਗੜੋ ਦਾ ਖ਼ਿਆਲ ਅੱਜ ਕੱਲ੍ਹ ਵਧੇਰੇ ਰੱਖਦੇ ਸਨ। ਕੋਈ ਅਜਿਹੀ ਹਰਕਤ ਨਾ ਕਰਦਾ ਜਿਸ ਨਾਲ ਉਹਦਾ ਦਿਲ ਦੁਖਦਾ। ਵਸੇਂ-ਵਸੇਂ ਉਹਦੇ ਪੁੱਤਰ ਦਾ ਜ਼ਿਕਰ ਨਾ ਛੇੜਦੇ। ਕਈ ਵਾਰ ਕੋਈ ਕੋਮਲ ਚਿਤ ਖਤ੍ਰਿਆਣੀ ਉਹਨੂੰ ਵੇਖ ਕੇ ਫਿਸ ਪੈਂਦੀ ਤੇ ਫੇਰ ਪੱਜ ਨਾਲ ਆਪਣੇ ਅੱਥਰੂ ਪਈ ਲੁਕਾਂਦੀ।
ਚਿੱਠੀ ਆਏ ਕਈ ਹਫਤੇ ਹੋ ਗਏ ਸਨ ਪਰ ਭਗੜੋ ਨੇ ਆਪਣੇ ਧੰਦੇ ਵਿਚ ਕਦੀ ਨਾਗ਼ਾ ਨਹੀਂ ਆਉਣ ਦਿੱਤਾ ਸੀ। ਚੂਚਿਆਂ ਦੀ ਉਹਦੀ ਗਾਹਕੀ ਬਣੀ ਹੋਈ ਸੀ, ਸਗੋਂ ਹੋਰ-ਹੋਰ ਵਧਦੀ ਜਾ ਰਹੀ ਸੀ। ਛਾਉਣੀ ਵਿਚ ਲੋਕੀਂ ਆਂਦੇ-ਜਾਂਦੇ ਰਹਿੰਦੇ, ਬਦਲੀਆਂ ਹੁੰਦੀਆਂ, ਹਰ ਤਰ੍ਹਾਂ ਦੇ ਲੋਕ, ਹਰ ਪਾਸੇ ਦੇ, ਹਰ ਮਜ਼੍ਹਬ ਦੇ, ਕਮਿਸ਼ਨ ਵਾਲੇ, ਕਮਿਸ਼ਨ ਤੋਂ ਬਿਨਾਂ।
ਤਾਹੀਓਂ ਇੱਕ ਦਿਨ ਨਵੇਂ ਆਏ ਫ਼ੌਜੀ ਦੀ ਤ੍ਰੀਮਤ ਨੇ ਚੂਚਾ ਖ਼ਰੀਦ ਕੇ ਭਗੜੋ ਨੂੰ ਕਿਹਾ, “ਨੀ ਮਿੜੇ ਹਿਸਕੀ ਬਣਾਈ ਵੀ ਤੇ ਦੇ,” ਤੇ ਉਹਦੇ ਵੇਖਦਿਆਂ ਵੇਖਦਿਆਂ ਭਗੜੋ ਨੇ ਜੇਬ ਵਿਚੋਂ ਚਾਕੂ ਕੱਢਿਆ ਤੇ ਚੂਚੇ ਨੂੰ ਝਟਕਾ ਦਿੱਤਾ – ਜਿਵੇਂ ਭਿੰਡੀ ਤੋਰੀ ਦੀ ਮੁੱਢੀ ਲਾਹੀਦੀ ਏ। ਖ਼ਲਾਸੀ-ਲੈਣ ਦੀਆਂ ਅੱਗੇ-ਪਿੱਛੇ ਖੜੋਤੀਆਂ ਰੰਨਾਂ ਉਂਗਲੀਆਂ ਟੁਕ ਕੇ ਰਹਿ ਗਈਆਂ।
ਤੇ ਫੇਰ ਜਦੋਂ ਵੀ ਕਦੀ, ਜਿੱਥੇ ਵੀ ਭਗੜੋ ਨੂੰ ਕੋਈ ਫ਼ਰਮਾਇਸ਼ ਕਰਦਾ, ਉਹ ਚੂਚੇ ਨੂੰ ਵੱਢ ਕੇ ਅਗਲੇ ਦੇ ਹੱਥ ਫੜਾ ਦਿੰਦੀ। ਰਾਜਸ ਦਾ ਤੇਜ਼ ਧਾਰ ਦਾ ਚਾਕੂ ਭਗੜੋ ਆਪਣੇ ਖੀਸੇ ਵਿਚ ਰੱਖਦੀ ਸੀ।

About Rajinderpal Sandhu

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar