ਨ੍ਹੇਰੀ ਵਾਂਗ
ਜਵਾਨੀ ਚ੍ਹੜੀ ਸੀ ਉਸ ਨੂੰ
ਤੇ ਕਹਿਰਾਂ ਦਾ ਰੂਪ
ਵੇਂਹਦਿਆਂ ਵੇਂਹਦਿਆਂ
ਉਹ ਸਰ੍ਹੋਂ ਦੀ ਗੰਦਲ
ਸੁਲਫ਼ੇ ਦੀ ਲਾਟ ਵਾਂਗ ਮੱਚ ਉੱਠੀ
ਜਿਧਰੋਂ ਦੀ ਲੰਘਦੀ
ਰਾਹਾਂ ਦੇ ਕੱਖ ਬਲਣ ਲੱਗ ਪੈਂਦੇ
ਜਿਸ ਦੀਆਂ ਅੱਖਾਂ ‘ਚ ਅੱਖਾਂ ਪਾਕੇ ਵੇਖ ਲੈਂਦੀ
ਪਥਰਾ ਜਾਂਦਾ ਥਾਈਂ
ਇਕ ਦਿਨ
ਪੀਂਘਾਂ ਝੂਟ ਕੇ ਘਰ ਮੁੜੀ ਤਾਂ
ਇਕ ਚੰਨ ਦੇ ਟੋਟੇ ਨੇ
ਉਹਦੀ ਪੈੜ ਦੱਬ ਲਈ
ਚੰਨ ਦਾ ਟੋਟਾ
ਰੋਜ਼ ਉਹਦੀ ਬੀਹੀ ‘ਚੋਂ ਚੜ੍ਹਦਾ
ਤੇ ਉਹਦੀ ਬੀਹੀ ਵਿੱਚ ਹੀ
ਛਿਪ ਜਾਂਦਾ
ਬਾਬਲ ਨੇ ਲਾਟ ਦੀਆਂ ਅੱਖਾਂ ਵਿੱਚ
ਚੰਨ ਦੇ ਟੋਟੇ ਦੀ ਛਾਂ ਤੱਕੀ
ਤੇ ਲਾਟ ਨੂੰ
ਕੰਧਾਂ ਪਿੱਛੇ ਡੱਕ ਦਿੱਤਾ
ਛੱਤਾਂ ‘ਚੋਂ ਧੂੰਆਂ ਉੱਠਿਆ
ਚੰਨ ਦਾ ਟੋਟਾ ਧੁਆਂਖਿਆ ਗਿਆ
ਫੇਰ ਇਕ ਦਿਨ
ਕਾਲਾ ਬੱਦਲ
ਸਿਹਰੇ ਬ੍ਹੰਨ ਕੇ ਪਿੰਡ ਢੁਕਿਆ
ਚੰਨ ਦਾ ਟੋਟਾ ਖੁਰ ਗਿਆ
ਸੁਲਫ਼ੇ ਦੀ ਲਾਟ ਬੁਝ ਗਈ
ਪਿੰਡ ਦੀਆਂ ਛੱਤਾਂ ‘ਚੋਂ ਧੂੰਆਂ
ਅਜੇ ਵੀ ਉੱਠਦਾ ਹੈ
ਚੰਨ ਦੇ ਟੋਟੇ ਉਦਾਸ ਰਹਿੰਦੇ ਨੇ
ਸ੍ਹਰੋਂ ਦੀਆਂ ਗੰਦਲਾਂ ਦਾ
ਦਮ ਘੁਟਦਾ ਹੈ
Tagged with: Dhuuaan Kavi ਕਵੀ kavitavaan ਕਵਿਤਾਵਾਂ Literature ਸਾਹਿਤ Sukhwinder Amrit ਸੁਖਵਿੰਦਰ ਅੰਮ੍ਰਿਤ ਧੂੰਆਂ ਧੂੰਆਂ/Dhuuaan
Click on a tab to select how you'd like to leave your comment
- WordPress