ਜੀ ਆਇਆਂ ਨੂੰ
You are here: Home >> Literature ਸਾਹਿਤ >> kavitavaan ਕਵਿਤਾਵਾਂ >> Esh Nagri Teri Ji Nahi Laggda/ਇਸ ਨਗਰੀ ਤੇਰਾ ਜੀ ਨਹੀਂ ਲੱਗਦਾ

Esh Nagri Teri Ji Nahi Laggda/ਇਸ ਨਗਰੀ ਤੇਰਾ ਜੀ ਨਹੀਂ ਲੱਗਦਾ

ਇਸ ਨਗਰੀ ਤੇਰਾ ਜੀ ਨਹੀਂ ਲੱਗਦਾ
ਇਕ ਚੜ੍ਹਦੀ ਇਕ ਲਹਿੰਦੀ ਹੈ
ਤੈਨੂੰ ਰੋਜ਼ ਉਡੀਕ ਖਤਾਂ ਦੀ
ਸਿਖਰ ਦੁਪਹਿਰੇ ਰਹਿੰਦੀ ਹੈ

ਇਕ ਖਤ ਆਵੇ ਧੁੱਪ ਦਾ ਲਿਖਿਆ
ਮਹਿੰਦੀ ਰੰਗੇ ਪੰਨੇ ‘ਤੇ
ਤੇਰੇ ਵਿਹੜੇ ਬੂਟਾ ਬਣ ਕੇ
ਉਗ ਆਵਾਂ ਜੇ ਮੰਨੇ ਤੇ

ਇਕ ਖਤ ਆਵੇ, ਜਿਸ ਤੇ ਹੋਵੇ
ਤੇਰਾ ਨਾਂ ਇਤਿਹਾਸ ਦਾ ਬੋਲ
ਤੇਰੀ ਰਚਨਾ ਦੀ ਵਡਿਆਈ
ਤੇਰੇ ਮਹਾ ਵਿਕਾਸ ਦਾ ਬੋਲ

ਇਕ ਖਤ ਆਵੇ ਮਾਂ ਜਾਈ ਦਾ
ਬਾਂਝ ਵਿਯੋਗਣ ਰੁੱਤੇ ਵੀ
ਵੀਰਾ ਪੱਤ ਸ਼ਰੀਂਹ ਦੇ ਬੱਝ ਗਏ
ਮੇਰੇ ਬੂਹੇ ਉੱਤੇ ਵੀ

ਇਹ ਖਤ ਆਵਣਗੇ ਤਾਂ ਆਖਰ
ਲਿਖ ਲਿਖ ਲੋਕੀਂ ਪਾਵਣਗੇ
ਤੇਰੇ ਚਾਹੇ ਖਤ ਨੇ ਐਪਰ
ਹੋਰ ਕਿਸੇ ਘਰ ਜਾਵਣਗੇ

ਪਰ ਤੂੰ ਆਸ ਨਾ ਛੱਡੀ ਆਖਰ
ਤੈਨੂੰ ਵੀ ਖਤ ਆਵੇਗਾ
ਤੇਰਾ ਲਗਦਾ ਕੋਈ ਤਾਂ ਆਖਰ
ਲਿਖ ਲਿਖ ਚਿਠੀਆਂ ਪਾਵੇਗਾ

ਖਤ ਆਵੇਗਾ ਰਾਤ ਬਰਾਤੇ
ਖਤ ਆਵੇਗਾ ਅੰਮੀ ਦਾ
ਪੁੱਤਰ ਇਉਂ ਨਹੀਂ ਭੁੱਲ ਜਾਈਦਾ
ਜਿਹੜੀ ਕੁੱਖੋਂ ਜੰਮੀ ਦਾ

ਖੜਾ ਖੜੋਤਾ ਹਾਲ ਤਾਂ ਪੁੱਛ ਜਾ
ਬੁੱਢੀ ਜਾਨ ਨਿਕੰਮੀ ਦਾ
ਉਮਰਾਂ ਵਾਗੂੰ ਅੰਤ ਨੀ ਹੁੰਦਾ
ਕਿਤੇ ਉਦਾਸੀ ਲੰਮੀ ਦਾ

ਖਤ ਆਵੇਗਾ ਬਹੁਤ ਕੁਵੇਲੇ
ਧਰਤੀਓਂ ਲੰਮੀ ਛਾਂ ਦਾ ਖਤ
ਚੁੱਪ ਦੇ ਸਫਿਆਂ ਉੱਤੇ ਲਿਖਿਆ
ਉਜੜੀ ਸੁੰਨ ਸਰਾਂ ਦਾ ਖਤ

ਇਕ ਬੇਨਕਸ਼ ਖਿਲਾਅ ਦਾ ਲਿਖਿਆ
ਤੇਰੇ ਅਸਲੀ ਨਾਂ ਦਾ ਖਤ
ਲੋਕ ਕਹਿਣਗੇ ਕਬਰ ਦਾ ਖਤ ਹੈ
ਤੂੰ ਆਖੇਗਾ ਮਾਂ ਦਾ ਖਤ

ਖਤ ਖੁੱਲੇਗਾ ਖਤ ਦੇ ਵਿੱਚੋਂ
ਹੱਥ ਉੱਠੇਗਾ ਸ਼ਾਮ ਜਿਹਾ
ਤੇਰੇ ਪਿੰਜਰ ਨੂੰ ਫੋਲੇਗਾ
ਬੇਕਿਰਕਾ ਬੇਰਾਮ ਜਿਹਾ

ਤੇਰੇ ਅੰਦਰੋਂ ਪੰਛੀ ਉੱਡ ਉੱਡ
ਭਰ ਜਾਊ ਅਸਮਾਨ ਜਿਹਾ
ਜਿਹੜਾ ਕਦੀ ਨਹੀਂ ਸੀ ਉੱਠਿਆ
ਉਠੂ ਦਰਦ ਬੇਨਾਮ ਜਿਹਾ
ਪਰ ਉਸ ਪਿੱਛੋਂ ਤੱਪਦੀ ਰੂਹ ਨੂੰ
ਆ ਜਾਊ ਆਰਾਮ ਜਿਹਾ

ਉਸ ਤੋਂ ਮਗਰੋਂ ਨਾ ਕੋਈ ਨਗਰੀ
ਨਾ ਕੋਈ ਸੰਝ ਸਵੇਰਾ ਹੈ
ਨਾ ਕੋਈ ਫੇਰ ਉਡੀਕ ਖਤਾਂ ਦੀ
ਨਾ ਕੋਈ ਤੂੰ ਨਾ ਤੇਰਾ ਹੈ

ਇਸ ਨਗਰੀ ਤੇਰਾ ਜੀ ਨਹੀਂ ਲਗਦਾ
ਇਕ ਚੜਦੀ ਇਕ ਲਹਿੰਦੀ ਹੈ
ਤੈਨੂੰ ਰੋਜ਼ ਉਡੀਕ ਖਤਾਂ ਦੀ
ਸਿਖਰ ਦੁਪਹਿਰੇ ਰਹਿੰਦੀ ਹੈ

About OXO Team

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar