ਕੁਛ ਜਾਣਿਆ ਆਖਿਆ ਜਾਣ ਲੀਤਾ,
ਕੋਈ ਨਾਉਂ ਬੀ ਆਪ ਬਣਾ ਲਿੱਤਾ,
ਧਯਾਨ ਓਸਦੇ ਵਿੱਚ ਨਾ ਰਤੀ ਰਹਿਆ,
ਆਲੇ ਭੁੱਲ ਦੇ ਵਿੱਚ ਟਿਕਾ ਦਿੱਤਾ,
ਜਦੋਂ ਬਹਿਸ ਹੋਵੇ, ਹਿਕੇ ਕਥਾ ਕਰਨੀ,
ਤਦੋਂ ਗਯਾਨ ਦਾ ਢੋਲ ਵਜਾ ਦਿੱਤਾ,
ਏਸ ਗਯਾਨ ਨਾਲੋਂ ਅਗਯਾਨ ਚੰਗਾ,
ਲਗਤਾਰ ਜੇ ਧਯਾਨ ਲਗਾ ਲਿੱਤਾ ।
ਕੁਛ ਜਾਣਿਆ ਕੇ ਕੁਛ ਜਾਣਿਆਂ ਨਾ,
ਨਾਉਂ ਧਰਨ ਦੀ ਜਾਚ ਨਾ ਰਤੀ ਆਈ,
ਕਰ ਲਿਆ ਪ੍ਰਤੀਤ ਪਰ ਅੰਦ੍ਰਲੇ ਨੇ,
ਇਥੇ ‘ਅਸਲ’ ਹੈ ਅਸਲ, ਇਕ ਅਸਲ ਭਾਈ !
ਏਸ ‘ਅਸਲ’ ‘ਅਨੰਤ’ ਵਲ ਲੌ ਲਗੀ,
ਧਯਾਨ ਲਗਾਤਾਰ ਏਸ ਵਲ ਧਾਇਆ ਈ,
ਗਯਾਨ ਵਾਰ ਸੁੱਟੋ ਇਸ ਅਗਯਾਨ ਉੱਤੋਂ,
ਇਹ ਅਗਯਾਨ ਹੀ ਅਸਾਂ ਨੂੰ ਭਾਇਆ ਈ ।