ਟੇਕ-ਸਹੀਓ ਨੀ ! ਗੁਰੁ ਨਾਨਕ ਆਇਆ ।
ਗੁਰੁ ਨਾਨਕ ਗੁਰੁ ਨਾਨਕ ਆਇਆ ।
ਨਾਦ ਉਠਯੋ: ‘ਗੁਰੁ ਨਾਨਕ ਆਯਾ’ ।
ਸ਼ਬਦ ਹੁਯੋ: ‘ਗੁਰੁ ਨਾਨਕ ਆਯਾ’ ।੧।
ਮੁਸ਼ਕ ਉਠੇ ਮੇਰੇ ਬਨ ਤੇ ਬੇਲੇ,
ਖਿੜ ਪਏ ਬਾਗੀਂ ਫੁੱਲ ਰੰਗੀਲੇ ।
ਸਭ ਨੇ ਅਨਹਤ ਰਾਗ ਅਲਾਯਾ :
‘ਗੁਰੁ ਨਾਨਕ ਗੁਰੁ ਨਾਨਕ ਆਯਾ’ ।੨।
ਜਾਗ ਪਏ ਪੰਛੀ ਅਖ ਖੋਲ੍ਹਣ
ਗਾਵਣ ਗੀਤ ਰੰਗੀਲੇ ਬੋਲਣ :-
‘ਦੇਖੋ ਅਹੁ ਗੁਰੁ ਨਾਨਕ ਆਯਾ’,
‘ਗੁਰੁ ਨਾਨਕ ਗੁਰੁ ਨਾਨਕ ਆਯਾ’ ।੩।
ਤਪੀਆਂ ਜੁਗਾਂ ਦਿਆਂ ਅਖ ਖੋਲ੍ਹੀ
ਤਯਾਗੀ ਮੌਨ, ਬੋਲ ਪਏ ਬੋਲੀ:-
‘ਅਹੁ ਤੱਕੋ ਗੁਰੁ ਨਾਨਕ ਆਯਾ’,
‘ਗੁਰੁ ਨਾਨਕ ਗੁਰੁ ਨਾਨਕ ਆਯਾ’ ।੪।
ਦੁਖੀਆਂ ਕੰਨੀਂ ਪਈ ਬਲੇਲ:-
ਦੁਖਾਂ ਨੂੰ ਜੋ ਕਰੇ ਦਬੇਲ ।
‘ਅਹੁ ਗੁਰੁ ਨਾਨਕ ਨਾਨਕ ਆਯਾ’,
ਸੁੱਖ ਸਬੀਲੀ ਨਾਲ ਲਿਆਯਾ’ ।੫।
ਕੂਕ ਉਠੀ ਦੁਨੀਆਂ ਪਈ ਗਾਵੇ,
ਮਸਤ ਅਲਸਤੀ ਤਾਨਾਂ ਲਾਵੇ:-
‘ਧੁੰਦ ਹਨੇਰੇ ਹੋਏ ਦੂਰ
ਫੈਲ ਗਿਆ ਹੈ ਨੂਰੋ ਨੂਰ
‘ਸਹੀਓ ਨੀ ਗੁਰੁ ਨਾਨਕ ਆਯਾ’,
‘ਗੁਰੁ ਨਾਨਕ ਗੁਰੁ ਨਾਨਕ ਆਯਾ’ ।੬।
ਮੇਰਾ ਮੇਰਾ ਮੇਰਾ ਅਪਨਾ,
ਕਿਸੇ ਨਾ ਓਪ੍ਰਾ ਸਭ ਦਾ ਅਪਨਾ,
ਉਹ ਗੁਰੁ ਨਾਨਕ ਨਾਨਕ ਆਯਾ
‘ਸਹੀਓ ਨੀ ਗੁਰੁ ਨਾਨਕ ਆਯਾ’ ।੭।