ਨਦੀ ਕਿਨਾਰੇ ਕੂਕ ਪੁਕਾਰਾਂ,
ਉੱਮਲ ਉੱਮਲ ਬਾਂਹ ਉਲਾਰਾਂ,
‘ਸਾਈਆਂ’ ‘ਸਾਈਆਂ’ ਹਾਕਾਂ ਮਾਰਾਂ,
ਤੂੰ ਸਾਜਨ ਅਲਬੇਲਾ ਤੂੰ ।
‘ਤਰ ਕੇ ਆਵਾਂ’ ਜ਼ੋਰ ਨ ਬਾਹੀਂ,
ਸ਼ੂਕੇ ਨਦੀ ਕਾਂਗ ਭਰ ਆਹੀ,
‘ਤੁਰ ਕੇ ਆਵਾਂ’ ਰਾਹ ਨ ਕਾਈ,
ਸਾਜਨ ਸਖਾ ਸੁਹੇਲਾ ਤੂੰ ।
ਤੁਲਹਾ ਮੇਰਾ ਬਹੁਤ ਪੁਰਾਣਾ,
ਘਸ ਘਸ ਹੋਇਆ ਅੱਧੋਰਾਣਾ,
ਚੱਪੇ ਪਾਸ ਨ, ਕੁਈ ਮੁਹਾਣਾ,
ਚੜ੍ਹ ਕੇ ਪਹੁੰਚ ਦੁਹੇਲਾ ਊ ।
ਬੱਦਲਵਾਈ, ਕਹਿਰ ਹਵਾਈ,
ਉਡਨ ਖਟੋਲੇ ਵਾਲੇ ਭਾਈ,
ਧੂਮ ਮਚਾਈ, ਦਏ ਦੁਹਾਈ:-
“ਏ ਨਾ ਉੱਡਣ ਵੇਲਾ ਊ” ।
ਤੂੰ ਸਮਰੱਥ ਸ਼ਕਤੀਆਂ ਵਾਲਾ,
ਜੇ ਚਾਹੇਂ ਕਰ ਸਕੇਂ ਸੁਖਾਲਾ,
ਫਿਰ ਤੂੰ ਮਿਹਰਾਂ ਤਰਸਾਂ ਵਾਲਾ,
ਕਰ ਛੇਤੀ ‘ਮਿਲ-ਵੇਲਾ’ ਊ ।