ਜੀ ਆਇਆਂ ਨੂੰ
You are here: Home >> Literature ਸਾਹਿਤ >> kavitavaan ਕਵਿਤਾਵਾਂ >> Hai Kavita ,Mai Mudh Aaya Ha / ਹੇ ਕਵਿਤਾ, ਮੈਂ ਮੁੜ ਆਇਆ ਹਾਂ

Hai Kavita ,Mai Mudh Aaya Ha / ਹੇ ਕਵਿਤਾ, ਮੈਂ ਮੁੜ ਆਇਆ ਹਾਂ

ਹੇ ਕਵਿਤਾ, ਮੈਂ ਮੁੜ ਆਇਆ ਹਾਂ
ਤੇਰੇ ਉਚੇ ਦੁਆਰ
ਜਿੱਥੇ ਹਰਦਮ ਸਰਗਮ ਗੂੰਜੇ
ਹਰ ਗਮ ਦਏ ਨਿਵਾਰ

ਕਿਸ ਨੂੰ ਆਖਾਂ, ਕਿੱਧਰ ਜਾਵਾਂ
ਤੇਰੇ ਬਿਨ ਕਿਸ ਨੂੰ ਦਿਖਲਾਵਾਂ
ਇਹ ਜੋ ਮੇਰੇ ਸੀਨੇ ਖੁੱਭੀ
ਅਣਦਿਸਦੀ ਤਲਵਾਰ

ਰੱਤ ਦੇ ਟੇਪੇ ਸਰਦਲ ਕਿਰਦੇ
ਜ਼ਖਮੀ ਹੋ ਹੋ ਪੰਛੀ ਗਿਰਦੇ
ਤੂੰ ਛੋਹੇਂ ਤਾਂ ਫਿਰ ਉਡ ਜਾਂਦੇ
ਬਣ ਗੀਤਾਂ ਦੀ ਡਾਰ

ਅੱਥਰੂ ਏਥੇ ਚੜ੍ਹਨ ਚੜ੍ਹਾਵਾ
ਜਾਂ ਸਿਸਕੀ ਜਾਂ ਹਉਕਾ ਹਾਵਾ
ਦੁੱਖੜੇ ਦੇ ਕੇ ਮੁਖੜੇ ਲੈ ਜਾਉ
ਗੀਤਾਂ ਦੇ ਸ਼ਿੰਗਾਰ

ਤੇਰੀਆਂ ਪੌੜੀਆਂ ਸੱਚੀਆਂ ਸੁੱਚੀਆਂ
ਹਉਕੇ ਤੋਂ ਹਾਸੇ ਤੱਕ ਉਚੀਆਂ
ਅਪਣੇ ਹਉਕੇ ਤੇ ਹੱਸ ਸਕੀਏ
ਵਰ ਦੇ ਦੇਵਣਹਾਰ

ਰੱਤ ਨੁੰ ਖਾਕ ‘ਤੇ ਡੁੱਲਣ ਨਾ ਦੇ
ਡਿਗਣ ਤੋਂ ਪਹਿਲਾਂ ਲਫਜ਼ ਬਣਾ ਦੇ
ਲੈ ਕਵਿਤਾ ਦੀ ਸਤਰ ਬਣਾ ਦੇ
ਲਾਲ ਲਹੂ ਦੀ ਧਾਰ

ਕਰੁਣਾ ਦੇ ਸੰਗ ਝੋਲੀ ਭਰ ਦੇ
ਹੱਸ ਸਕਾਂ ਦੀਵਾਨਾ ਕਰ ਦੇ
ਦੁੱਖ ਸੁਖ ਜੀਵਨ ਮਰਨ ਦੀ ਹੱਦ ਤੋਂ
ਕਰ ਦੇਹ ਰੂਹ ਨੂੰ ਪਾਰ

ਸੀਨੇ ਦੇ ਵਿਚ ਛੇਕ ਨੇ ਜਿਹੜੇ
ਇਸ ਵੰਝਲੀ ਦੀ ਹੇਕ ਨੇ ਜਿਹੜੇ
ਲੈ ਵੈਰਾਗ ਨੂੰ ਰਾਗ ਬਣਾ ਦੇ
ਪੋਟਿਆਂ ਨਾਲ ਦੁਲਾਰ

ਹੇ ਕਵਿਤਾ, ਮੈਂ ਮੁੜ ਆਇਆ ਹਾਂ
ਤੇਰੇ ਉਚੇ ਦੁਆਰ
ਜਿੱਥੇ ਹਰ ਦਮ ਸਰਗਮ ਗੂੰਜੇ
ਹਰ ਗਮ ਦਏ ਨਿਵਾਰ

About OXO Team

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar