ਜੀ ਆਇਆਂ ਨੂੰ
You are here: Home >> Lekhak ਲੇਖਕ >> ਜੁਗਨੀ/Jugni

ਜੁਗਨੀ/Jugni

ਧਰਤੀ ਇਕੋ ਸੀ, ਪਰ ਵਿਚਕਾਰੋਂ ਵਗਦਾ ਨਾਲਾ ਇਸ ਦੇ ਦੋ ਹਿੱਸੇ ਬਣਾਉਦਾ ਸੀ। ਉਰਲੇ ਪਾਰ ਵੀ ਜ਼ਿੰਦਗੀ ਸੀ, ਪਰਲੇ ਪਾਰ ਵੀ। ਉਰਲੇ ਪਾਰ ਚਿੱਟੇ ਕਪੜੇ, ਪਰਲੇ ਪਾਰ ਮੈਲੀਆਂ ਲੀਰਾਂ। ਉਰਲੇ ਪਾਰ ਵਿਦਿਆ, ਹੁਸਨ, ਸਿਹਤ ਤੇ ਰੱਜਵੇਂ ਦਾਣੇ। ਪਰਲੇ ਪਾਰ ਅਨ-ਪੜ੍ਹਤਾ, ਕੋਹਜ, ਬੀਮਾਰੀ ਤੇ ਭੁੱਖ ਨੰਗ। ਉਰਲੇ ਪਾਰ ਵੱਡੀਆਂ ਤਲਬਾਂ ਵਾਲੇ ਅਫਸਰ। ਪਰਲੇ ਪਾਰ ਅਧ ਭੁੱਖੇ ਮਜ਼ਦੂਰ। ਉਰਲੇ ਪਾਰੇ ਰੇਡੀਓ, ਵਾਜਿਆਂ ਨਾਲ ਗੂੰਜਦੀਆਂ ਹਰੇ ਬਾਗਾਂ ਵਾਲੀਆਂ ਕੋਠੀਆਂ ਤੇ ਪਰਲੇ ਪਾਰ ਬੇਨਸੀਬਾਂ ਦੇ ਹੌਕਿਆਂ ਨਾਲ ਬੁਸ ਬੁਸ ਕਰਦੀਆਂ ਰੜੇ ਕੱਲਰ ਦੀ ਛਾਤੀ ਉਤੇ ਉਭਰੀਆਂ ਟੱਪਰੀਆਂ।

ਦੋਵੇਂ ਪਾਸੇ, ਬਿਲਕੁਲ, ਦੋ ਕਿਸਮ ਦੀ ਦੁਨੀਆਂ ਸੀ। ਵਿਚਕਾਰੋਂ ਵਗਦੇ ਨਾਲੇ ਦੇ ਰੇਬ ਕਿਸਾਰੇ ਦੋਹਾਂ ਪਾਸਿਆਂ ਦਾ ਵਖਰੇਵਾਂ ਕੁਦਰਤੀ ਦਰਸਾ ਰਹੇ ਸਨ। ਪਰ ਤਾਂ ਵੀ ਦੋਹਾਂ ਪਾਸਿਆਂ ਤੋਂ ਕੋਈ ਕੋਈ ਦਿਲ ਨਾਲੇ ਦੇ ਖੁੱਲ੍ਹੇ ਕਿਨਾਰਿਆਂ ਦੇ ਹੁੰਦਿਆਂ-ਇਕ ਦੂਜੇ ਨਾਲ ਹਲਕੀ ਜਿਹੀ ਛੁਹ ਮਾਣ ਲੈਂਦਾ।

ਟੱਪਰੀਆਂ ਵਿਚ ਕਈਆਂ ਨੇ ਲਵੇਰੇ ਪਾਲ ਰੱਖੇ ਸਨ, ਤੇ ਉਹਨਾਂ ਪਾਸੋਂ ਉਰਾਰ ਦੀਆਂ ਕੋਠੀਆਂ ਵਿਚ ਦੁੱਧ ਆਉਂਦਾ ਸੀ।

ਇਹਨਾਂ ਟੱਪਰੀਆਂ ਵਿਚ ਇਕ ਟੱਪਰੀ ਅਜਿਹੀ ਸੀ, ਜਿਸ ਵਿਚ ਲੰਮਾ ਸਰੀਰ, ਮੁਸ਼ਕੀ ਰੰਗ, ਮੋਟੀਆਂ ਅੱਖਾਂ ਤੇ ਘੁੰਗਰਾਲੇ ਛੱਤਿਆਂ ਵਾਲਾ ਇਕ ਨੌਜਵਾਨ ਰਹਿੰਦਾ ਸੀ। ਨਾ ਤਾਂ ਸ਼ਾਇਦ ਉਸਦਾ ਕੋਈ ਹੋਰ ਹੋਵੇਗਾ, ਪਰ ਟੱਪਰੀਆਂ ਵਾਲੇ ਸਾਰੇ ਉਸਨੂੰ ਜੁਗਨੀ ਆਖਦੇ ਸਨ।

ਜੁਗਨੀ ਇਸ ਲਈ ਕਿ ਜਦੋਂ ਕਈ ਉਹਦੇ ਮਨ ਵਿਚ ਕੋਈ ਲਹਿਰ ਜਿਹੀ ਉਠਦੀ ਤੇ ਉਹ ਇਕ ਲਟਕ ਨਾਲ ਜੁਗਨੀ ਦਾ ਗੀਤ ਗਾਉਂਦਾ
ਪਰਦੇਸ਼ਣ ਜੁਗਨੀ ਕੂਕਦੀ, ਬਾਗਾਂ ਦੇ ਨੇਂਬੂ ਚੂਪਦੀ, ਹੋ. . .ਓ. . .ਹਾਂ. . .।
ਤਾਂ ਸਾਰੀਆਂ ਟੱਪਰੀਆਂ ਉਸ ਵੱਲ ਇਸ ਤਰ੍ਹਾਂ ਮੋਹੀਆਂ ਜਾਂਦੀਆਂ, ਜਿਵੇਂ ਉਸਨੇ ਆਪਣੇ ਚੁਗਿਰਦੇ ਵਿਚ ਕੋਈ ਜਾਦੂ ਫੂਕ ਦਿੱਤਾ ਹੋਵੇ। ਜੁਗਨੀ ਦੇ ਗੀਤ ਦੀ ਲੈਅ ਜਦੋਂ ਸੂਖਮਤਾ ਨਾਲ ਮੁਕ ਜਾਂਦੀ ਤਾਂ ਉਸ ਦੇ ਉਦਾਲਿਓਂ ਵਿਸਮਾਦ ਵਿਚ ਗੁਆਚੇ ਸਰੋਤਿਆਂ ਦੇ ਦਿਲ ਆਪ ਮੁਹਾਰੇ, ਪ੍ਰੰਸ਼ਸਕ ਬੋਲੀ ਵਿਚ ਫੁਟ ਪੈਂਦੇ-
”ਆਸ਼ਕੇ ਜੁਗਨੀ। ਨਹੀਂ ਰੀਸਾਂ ਤੇਰੀ ‘ਜੁਗਨੀ’ ਦੀਆਂ।”
ਜੁਗਨੀ ਪਾਸ ਵੀ ਇਕ ਦੋ ਲਵੇਰੇ ਸਨ ਤੇ ਇਕ ਦੋ ਕੋਠੀਆਂ ਵਿਚ ਉਹਦਾ ਦੁਧ ਵੀ ਲੱਗਦਾ ਸੀ।
ਸੂਰਜ ਦੀ ਟਿੱਕੀ ਨਾਲ ਜੁਗਨੀ ਦੁੱਧ ਦੀ ਵਲਟੋਹੀ ਚੁਕਦਾ ਤੇ ਕੋਠੀਓ ਕੋਠੀ ਫਿਰਦਾ। ਹਰ ਬੂਹੇ ਕੋਈ ਨਾ ਕੋਈ ਨੌਕਰ ਜੁਗਨੀ ਤੋਂ ਦੁਧ ਪੁਆ ਲੈਂਦਾ।

ਇਹਨਾਂ ਕੋਠੀਆਂ ਵਿਚ ਇਕ ਕੋਠੀ ਇਕ ਐਸਡੀਓ ਸਰਦਾਰ ਦੀ ਸੀ। ਇਸ ਕੋਠੀ ਵਿਚ ਜਦੋਂ ਜੁਗਨੀ ਦੁਧ ਦੇਣ ਜਾਂਦਾ ਤਾਂ ਕਈ ਵਾਰ ਨੌਕਰਾਂ ਦੀ ਬਜਾਏ ਇਕ ਪਤਲੀ ਜਿਹੀ ਸੁਨੱਖੀ ਮੁਟਿਆਰ ਜੁਗਨੀ ਤੋਂ ਦੁੱਧ ਪੁਆਉਣ ਬੂਹੇ ‘ਤੇ ਆ ਜਾਂਦੀ।

ਜੁਗਨੀ ਦੇ ਹੱਥ ਵਿਚ ਕੰਬਦੀ ਗੜਵੀ ਵਿਚੋਂ, ਦੁੱਧ ਦੀ ਚਿੱਟੀ ਧਾਰ ਅਮੀਰ-ਬਰਤਨ ਵਿਚ ਇਸ ਤਰ੍ਹਾਂ ਕੰਬ ਕੰਬ ਡੁਲ੍ਹਦੀ ਜਿਵੇਂ ਜੁਗਨੀ ਦਾ ਦਿਲ ਕਿਸੇ ਬੇ-ਅਦਬੀ ਦੇ ਡਰੋਂ ਕੰਬ ਰਿਹਾ ਹੋਵੇ, ਤੇ ਮੁਟਿਆਰ ਦੀਆਂ ਨਜ਼ਰਾਂ ਜੁਗਨੀ ਦੇ ਕਾਲੇ ਘੰਗਰਾਂ ਵਿਚ ਉਲਝ ਜਾਂਦੀਆਂ।
ਕੋਠੀਆਂ ਵਿਚ ਦੁਧ ਭੁਗਤਾ ਕੇ ਜੁਗਨੀ ਆਪਣੇ ਲਵੇਰੇ ਛੇੜਦਾ ਤੇ ਦੂਰ ਕਿਤੇ ਜੂਹੀਂ ਚਰਾਂਦੀ ਜਾ ਨਿਕਲਦਾ।
ਜਦੋਂ ਉਹਦੇ ਚਰਦੇ ਲਵੇਰਿਆਂ ਦੀਆਂ ਪ੍ਰਸੰਨ ਬੂਥੀਆਂ ਮੱਲੇ ਹੋਏ ਘਾਹ ਵਿਚ ਅਧੋ ਅਧ ਲੁਕ ਜਾਂਦੀਆਂ ਤਾਂ ਜੁਗਨੀ ਨੂੰ ਕੋਈ ਅਧਾਰ ਆ ਜਾਂਦਾ।

ਵਣਾਂ ਦੀ ਕੁਆਰੀ ਪੌਣ ਸੰਗ ਸੰਗ ਵਗਦੀ। ਉਹਦੇ ਘੁੰਗਰਾਲੇ ਛੱਤੇ ਜ਼ਰਾ ਜ਼ਰਾ ਫਰਫਰਾਉਂਦੇ। ਉਹਦੇ ਦਿਲ ਵਿਚ ਇਕ ਲਹਿਰ ਨੱਚਦੀ। ਕਟੋਰੀਆਂ ਬਣੇ ਬੁਲ੍ਹ ਬੰਸਰੀ ਦੇ ਛੇਕ ਨੂੰ ਛੂਹ ਜਾਂਦੇ। ਬੰਸਰੀ ਦੇ ਨਿਕਿਆਂ ਛੇਕਾਂ ਉਤੇ ਸਾਉਲੀਆਂ ਉਂਗਲਾਂ ਡਿਗਦੀਆਂ ਜੁਗਨੀ ਦਾ ਮਿੱਠਾ ਗੀਤ ਛੇਕਾਂ ਵਿਚੋਂ ਤੜਫ ਤੜਫ ਨਿਕਲਦਾ ਤੇ ਵਣਾਂ ਦੇ ਸੁੱਚੇ ਮੰਡਲ ਵਿਚ ਲਹਿਰ ਜਾਂਦਾ।
ਫੁਲ, ਡਾਲੀਆਂ ਉਤੇ ਟਾ ਟਾ ਝੂਮਣ ਲਗ ਜਾਂਦੇ। ਵਣਾਂ ਕੋਈ ਤਾਜ਼ਗੀ ਨਿਖਰੀ ਜਾਪਦੀ ਤੇ ਚਰਦੇ ਲਵੇਰੇ, ਚਰਨਾ ਛੱਡ,ਬੂਥੀਆਂ ਵਿਚ ਘਾਹ ਦੇ ਰੁਗ ਸਾਂਭੀ ਜੁਗਨੀ ਵਲ ਇਸ ਤਰ੍ਹਾਂ ਦੇਖਣ ਲੱਗ ਜਾਂਦੇ, ਜਿਵੇਂ ਉਹ ਬੰਸਰੀ ਵਿਚ ਉਹਨਾਂ ਦੇ ਦਿਲ ਦੀਆਂ ਬਾਤਾਂ ਪਾ ਰਿਹਾ ਹੈ।

ਪਰਛਾਵੇਂ ਲੰਮੇ ਹੋ ਜਾਂਦੇ। ਸੂਰਜ, ਦੂਰ ਦੇ ਸੰਘਣੇ ਝੁੰਡਾ ਉਹਲੇ, ਪੱਛਮੀ ਨੁੱਕਰ ਉੱਤੇ ਝੁਕ ਜਾਂਦਾ। ਜੁਗਨੀ ਦੀਆਂ ਟਿਚਕਾਰੀਆਂ ਅੱਗੇ ਲਵੇਰੇ ਟੱਪਰੀਆਂ ਵਲ ਨੂੰ ਹੋ ਤੁਰਦੇ।
ਕਦੀ ਕਦੀ, ਜਦੋਂ ਰਾਤ ਡੂੰਘੀ ਹੋ ਜਾਂਦੀ, ਤਾਂ ਜੁਗਨੀ ਇਕੱਲਾ ਹੀ ਨਾਲੇ ਦੇ ਕੰਢੇ ਉੱਤੇ ਆ ਨਿਕਲਦਾ ਤੇ ਬੰਸਰੀ ਵਿਚ ‘ਜੁਗਨੀ’ ਦਾ ਗੀਤ ਫੂਕ ਦਿੰਦਾ। ਖਾਮੋਸ਼ ਪ੍ਰਕਿਰਤੀ ਸਰੂਰੀ ਜਾਂਦੀ ਤੇ ਆਪਣੇ ਧਿਆਨ ਵਗਦਾ ਸਾਊ ਵਾਲ ਬੰਸਰੀ ਦੀਆਂ ਜਾਦੂ ਤਾਨ੍ਹਾਂ ਨਾਲ ਕੀਲਿਆਂ ਜਾਂਦਾ।
ਜਦੋਂ ਕਦੀ, ਚਾਨਣੀ ਵਿਚ ਨ੍ਹਾਤੀ ਹੋਈ ਡੂੰਘੀ ਰਾਤ ਟਿਕੀ ਹੁੰਦੀ ਤੇ ਰੇਡੀਓ ਵਾਜੇ ਚੁਪ ਹੋ ਜਾਂਦੇ ਤਾਂ ਇਹ ਤਾਨ੍ਹਾ ਉਰਾਰ ਦੀਆਂ ਕੋਠੀਆਂ ਤੀਕ ਜਾ ਥਰਕਦੀਆਂ। ਚਿੱਟੀਆਂ ਮਛਹਿਰੀਆਂ ਵਿਚ ਨਿਸਲ ਪਈ ਜ਼ਿੰਦਗੀ ਕਿਸੇ ਲੋਰ ਵਿਚ ਗੁਆਚ ਜਾਂਦੀ।
ਤੇ ਕਿਸੇ ਨਾ ਕਿਸੇ ਮਛਹਿਰੀ ਵਿਚੋਂ ਸੁਤੇ ਸਿਧ ਆਖਿਆ ਜਾਂਦਾ- ”ਇਹ ਬੰਸਰੀ, ਜਿਵੇਂ ਕਿਸੇ ਕਲਾਕਾਰ ਦੇ ਬੁੱਲ੍ਹ ਰਹੀ ਹੋਵੇ। ਜ਼ਰੂਰ ਇਸ ਵਿਚ ਕੋਈ ਦਿਲ ਦੀ ਵੇਦਨਾ ਫੂਕਦਾ ਹੈ।”
ਤੇ ਲੈਅ ਦੀਆਂ ਥਰਕਣਾਂ ਹੇਠ ਉਰਾਰ ਦੀ ਜ਼ਿੰਦਗੀ ਮਿੱਠੀ ਨੀਂਦਰ ਵਿਚ ਖੋ ਜਾਂਦੀ।

ਅਗਲੀ ਸਵੇਰ, ਦੁਧ ਦੀ ਵਲਟੋਹੀ ਚੁਕ ਕੇ ਜੁਗਨੀ ਕੋਠੀਓ ਕੋਠੀ ਜਾਂਦਾ। ਪਰ ਜਦ ਉਹ ਐਸਡੀਓ ਸਰਦਾਰ ਦੇ ਬੂਹੇ ਅੱਗੇ ਖਲੋਂਦਾ ਤਾਂ ਉਹਨੂੰ ਪ੍ਰਤੀਤ ਹੁੰਦਾ, ਜਿਵੇਂ ਇਸ ਬੂਹੇ ਉਸ ਲਈ ਗੁਝਾ ਆਦਰ ਹੈ। ਉਹਨੂੰ ਪਲ ਦੀ ਪਲ ਆਪਣਾ ਗੁਆਲ-ਪਣ ਭੁਲ ਜਾਂਦਾ ਤੇ ਕਲਾਕਾਰੀ ਵਡਿੱਤਣ ਦਾ ਅਹਿਸਾਸ ਉਹਦੇ ਮਨ ਵਿਚੋਂ ਲੰਘ ਜਾਂਦਾ।
ਉਹਦੀ ਗੁਆਲੀ ਆਵਾਜ਼ ਉਤੇ ਟੁਪ ਟੁਪ ਕਰਦੀ ਤੋਸ਼ ਬਰਤਨ ਲੈ ਕੇ ਬੂਹੇ ਉਤੇ ਆਉਂਦੀ। ਜੁਗਨੀ ਨੇ ਬੰਸਰੀ ਦੀਆਂ ਤਾਨਾਂ ਵਰਗੀਆਂ-ਕਚੇ ਦੁਧ ਦੀਆਂ ਕੰਬਦੀਆਂ ਧਾਰਾਂ ਨਾਲ ਅਮੀਰ ਬਰਤਨ ਨੂੰ ਭਰ ਦੇਣਾ।
ਦੁਧ ਦਾ ਬਰਤਨ ਫੜਦਿਆਂ ਪਲ ਦੀ ਪਲ ਜੁਗਨੀ ਤੇ ਤੋਸ਼ ਦੀਆਂ ਨਜ਼ਰਾਂ ਮਿਲ ਜਾਂਦੀਆਂ, ਪਰ ਜੁਗਨੀ ਦੀਆਂ ਨਜ਼ਰਾਂ ਝਟ ਉਹਦੇ ਘੁੰਗਰਾਂ ਵਾਂਗ ਕਿਸੇ ਹਿਮਾਕਤ ਦੇ ਡਰੋਂ ਕੁੰਡਲਾ ਜਾਂਦੀਆਂ ਤੇ ਤੋਸ਼ ਦੀਆਂ ਨਜ਼ਰਾਂ, ਉਹਦੀਆਂ ਬੇ ਪਰਵਾਹ ਲਿਟਾਂ ਵਾਂਗ,ਲਹਿਰ ਲਹਿਰ ਉਹਦੇ ਮਗਰੇ ਜਾਂਦੀਆਂ।
ਤੋਸ਼ ਦੇ ਹੋਠਾਂ ਉਤੇ ਇਕ ਸਧਰ ਜਾਗਦੀ, ਪਰ ਉਹ ਬੋਲ ਨਾ ਸਕਦੀ।
ਤੋਸ਼, ਕਾਲਜ ਦੇ ਤੀਜੇ ਵਰ੍ਹੇ ਵਿਚ ਪੜ੍ਹਦੀ ਸੀ। ਉਸ ਦੇਖਿਆ, ਕਾਲਜ ਵਿਚ ਜੋ ਕੁਝ ਕਲਾਕਾਰ ਜਾਂ ਕਲਾ ਬਾਰੇ ਪੜ੍ਹਾਇਆ ਜਾਂਦਾ ਹੈ, ਉਹੋ ਜਿਹਾ ਬਹੁਤ ਕੁਝ, ਉਹਨੂੰ ਜੁਗਨੀ ਦੀ ਨੁਹਾਰ ਵਿਚੋਂ ਦਿਸਦਾ ਹੈ। ਕਾਲਜੋਂ ਆਉਂਦਿਆਂ ਉਹਦੀ ਸਾਈਕਲ ਦਾ ਰੁਖ ਟੱਪਰੀਆਂ ਵੱਲ ਨੂੰ ਰਹਿੰਦਾ। ਕੋਠੀ ਦਾ ਫਾਟਕ ਮੁੜਨ ਲੱਗਿਆਂ, ਉਹ ਇਕ ਵਾਰ ਟੱਪਰੀਆਂ ਵੱਲ ਉੜਕੇ ਤੱਕਦੀ।

ਚੰਨ ਚਾਨਣੀ ਵਿਚ ਨ੍ਹਾਤੀ, ਗਰਮੀਆਂ ਦੀ, ਇਕ ਟਿਕੀ ਰਾਤ ਸੀ। ਰੇਡੀਓ ਵਾਜੇ ਬੰਦ ਹੋ ਚੁੱਕੇ ਸਨ। ਆਪਣੇ ਧਿਆਨ ਵਗਦੇ ਮਸਤ ਨਾਲੇ ਦੀਆਂ ਲਹਿਰਾਂ ਉੱਤੇ ਚੰਨ ਦੀਆਂ ਰਿਸ਼ਮਾਂ ਝਿਲਮਿਲ ਕਰ ਰਹੀਆਂ ਸਨ। ਜੁਗਨੀ ਨਾਲੇ ਦੇ ਕੰਢੇ ਉਤੇ ਆਇਆ ਤੇ ਬੰਸਰੀ ਵਿਚ ਗੀਤ ਫੂਕਿਆ।
ਬੰਸਰੀ ਦੀਆਂ ਥਰਕਦੀਆਂ ਤਾਨ੍ਹਾਂ ਪਾਰ ਦੀਆਂ ਕੋਠੀਆਂ ਨੂੰ ਜਾ ਪੋਹੀਆਂ। ਚਿੱਟੀਆਂ ਮਛਹਿਰੀਆਂ ਲੋਰੀਆਂ ਗਈਆਂ।
ਤੋਸ਼ੀ ਦੇ ਮਨ ਨੂੰ ਕੋਈ ਖਿੱਚ ਜਿਹੀ ਵੱਜੀ। ਉਸ ਵਾਰੋ ਵਾਰ ਮਛਹਿਰੀ ਦੇ ਪੱਲੇ ਚੁਕ ਕੇ ਆਲਾ ਦੁਆਲਾ ਦੇਖਿਆ। ਚੁਗਿਰਦਾ ਸੁੱਤਾ ਜਾਪਿਆ। ਉਹ ਉਠੀ, ਘਾਹ ਉਤੇ ਪੋਲੇ ਪੋਲੇ ਪਬ ਧਰਦੀ ਫਾਟਕ ਲੰਘੀ, ਸੜਕ ਟੱਪੀ ਤੇ ਬੰਸਰੀ ਦੀ ਸੇਧ ਨੂੰ ਨਾਲੇ ਦੇ ਰੇਬ ਕਿਨਾਰੇ ਉਤੇ ਆ ਖੜ੍ਹੀ। ਨਿੰਮ੍ਹੀ ਨਿੰਮ੍ਹੀ ਪੌਣ ਨਾਲ ਉਹਦੇ ਸੌਣ ਵਾਲੇ ਧਾਰੀਦਾਰ ਕੱਪੜੇ ਨਿੱਕਾ ਨਿੱਕਾ ਫਰਫਰਾ ਰਹੇ ਸਨ।
ਬੰਸਰੀ ਚੁਪ ਹੋ ਗਈ। ਜੁਗਨੀ ਦਾ ਚਾਨਣੀ ਵਿਚ ਧੋਤਾ ਮੁਖੜਾ ਉਰਲੇ ਕੰਢੇ ਤੋਂ ਦਿਸ ਰਿਹਾ ਸੀ।
”ਬੰਸਰੀ ਵਿਚ ਕੀ ਜਾਦੂ ਫੂਕਦੈਂ ਜੁਗਨੀ? ਸੱਚੀ, ਇਹਦੀਆਂ ਤਾਨ੍ਹਾਂ ਤਾਂ ਮੇਰਾ ਦਿਲ ਕੱਢ ਲਿਆਈਆਂ”’ ਆਵਾਜ਼ ਨੂੰ ਬੜੇ ਹੁਨਰ ਨਾਲ ਹੌਲੀ ਬਣਾ ਕੇ ਤੋਸ਼ ਨੇ ਉਰਲੇ ਕੰਢਿਓਂ ਕਿਹਾ।
”ਕੌਣ, ਬੀਬੀ ਜੀ!” ਜੁਗਨੀ ਸਿਆਣ ਕੇ ਹੈਰਾਨ ਸੀ। ਉਹਨੂੰ ਜਾਪਿਆ, ਜਿਵੇਂ ਵਗਦਾ ਨਾਲਾ ਉਹਨਾਂ ਦੀ ਵਿੜਕ ਸੁਣਨ ਲਈ ਖਲੋ ਗਿਆ ਹੋਵੇ। ”ਬੀਬੀ ਜੀ, ਤੁਸੀਂ ਇਕੱਲੇ. . . .ਐਸ ਵੇਲੇ? ”
”ਜੁਗਨੀ. . . ਦਿਲ ਕੀਤਾ ਤੇਰੀਆਂ ਤਾਨ੍ਹਾਂ ਦੇ ਨੇੜੇ ਹੋ ਜਾਵਾਂ।” ਤੋਸ਼ੀ ਨਾਲੇ ਦੀ ਢਲਾਨ ਉਤਰ ਕੇ ਝਿਲਮਿਲ ਵਗਦੀ ਧਾਰ ਦੇ ਕੰਢੇ ਉਤੇ ਹੋ ਗਈ ਤੇ ਇਸੇ ਤਰ੍ਹਾਂ ਪਰਲੇ ਪਾਸਿਓਂ ਜੁਗਨੀ।
”ਬੀਬੀ ਜੀ, ਤੁਸੀਂ. . .!” ਜੁਗਨੀ ਨੇ ਆਕਾਸ਼ ਵਲ ਤੱਕਿਆ। ਚੰਨ, ਲੀਰੋ ਲੀਰ ਬਦਲੋਟੀਆਂ ਉਤੋਂ ਉਡਦਾ ਜਾ ਰਿਹਾ ਸੀ।”. . .ਰਾਤ ਚੋਖੀ ਬੀਤ ਗਈ ਏ. . .।”
”ਜੁਗਨੀ, ਜਦੋਂ ਤੂੰ ਦੁਧ ਦੇਣ ਜਾਂਦਾ ਏਂ, ਦਿਲ ਕਰਦੈ, ਤੇਰੇ ਨਾਲ ਗੱਲਾਂ ਕਰਾਂ? ”
”ਤੁਸੀਂ ਕਿੰਨੇ ਚੰਗੇ ਹੋ ਬੀਬੀ ਜੀ!” ਜੁਗਨੀ ਨੂੰ ਆਪਣੇ ਸਾਂਵਲੇ ਰੰਗ ਉਤੇ ਕੋਈ ਰੂਪ ਨਿੱਖਰਿਆ ਜਾਪਿਆ।
”ਜੁਗਨੀ, ਤੂੰ ਅਤੇ ਇਹਨਾਂ ਟੱਪਰੀਆਂ ਵਿਚ. . .। ਕੀ ਕਰਨਾ ਰਹਿਨੈਂ ਸਾਰਾ ਦਿਨ. . .? ”
”ਲਵੇਰੇ ਚਾਰਦਾ ਹਾਂ ਬੀਬੀ ਜੀ, ਤੇ ਕੁਝ ਟੱਪਰੀਵਾਸਾਂ ਦੀ ਜ਼ਿੰਦਗੀ ਬਾਰੇ ਲਿਖਦਾਂ ਹਾਂ, ਜਿਹਨਾਂ ਵਿਚੋਂ ਮੈਂ ਆਪ ਹਾਂ।”
”ਤੇ ਤੁਸੀਂ ਲੇਖਕ ਹੋ ਜੁਗਨੀ? ” ਤੋਸ਼ ਨੂੰ ਇਹੋ ਜਿਹੀ ਅੰਦਰਲੀ ਖੁਸ਼ੀ ਹੋਈ, ਇਹੋ ਜਿਹੀ ਆਪਣਾ ਕਿਆਸ ਠੀਕ ਨਿਕਲਣ ਉਤੇ ਹੁੰਦੀ ਹੈ।
ਨਾਲੇ ਦਾ ਪਾਣੀ ਪਿੰਨੀਆਂ ਤੀਕ ਸੀ, ਤੇ ਪਾਟ ਤਿੰਨ ਕੁ ਗਜ। ਤੋਸ਼ ਨੇ ਸੁੱਥਣ ਛੁੰਗੀ ਤੇ ਪਾਰ ਜੁਗਨੀ ਦੇ ਨਾਲ ਜਾ ਖਲੋਈ।
ਕੋਈ ਵਿਥ ਹੁਣ ਉਹਨਾਂ ਦੇ ਵਿਚਾਲੇ ਨਹੀਂ ਸੀ। ਦੋ ਸਮਾਜਾਂ ਵਿਚਕਾਰਲੀ ਖਾਈ ਪਿਆਰ ਨੇ ਤਰ ਲਈ।
ਜੁਗਨੀ ਨੇ ਡੂੰਘੀ ਨਜ਼ਰ ਨਾਲ ਤੋਸ਼ੀ ਵੱਲ ਤੱਕਿਆ। ਉਹਨੂੰ ਨਿਕੇ ਨਿਕੇ ਚੰਨ ਉਹਦੀਆਂ ਅੱਖਾਂ ਵਿਚ ਚਮਕਦੇ ਦਿਸੇ। ਗੋਰੇ ਵਿਚ ਸਾਂਵਲਾ ਕਿ ਸਾਂਵਲੇ ਵਿਚ ਗੋਰਾ ਹੱਥ ਘੁਟ ਘੁਟ ਜਾਂਦਾ। ਤੇ ਫਿਰ ਸੁਤੇ ਸਿਧ ਤੋਸ਼ੀ ਦੀਆਂ ਕੂਲੀਆਂ ਬਾਹਵਾਂ ਜੁਗਨੀ ਦੀ ਧੌਣ ਦੁਆਲੇ ਵਲੀਆਂ ਗਈਆਂ। ਇਕ ਉਤੇ ਇਕ ਮੁਖੜਾ ਝੁਕਿਆ-ਗੋਰੇ ਤੇ ਸਾਂਵਲੇ ਬੁਲ੍ਹ ਛੂਹ ਗਏ-ਹਨੇਰਾ ਕਿ ਚਾਨਣ. . .ਮਸਤ ਘੁੰਗਰਾਂ ਵਿਚ ਨਸ਼ਈ ਲਿਟਾਂ ਗੁਆਚ ਗਈਆਂ।
”ਜੁਗਨੀ, ਇਕ ਦੂਜੇ ਵਿਚ ਖੋ ਜਾਈਏ, ਦੋਵੇਂ ਇਕ. . .ਜਿਵੇਂ ਇਹ ਚੰਨ ਤੇ ਚਾਨਣੀ. . .।”
”ਅਸੀਂ ਡੂੰਘਾਂਣਾ ਵਿਚ ਲਹਿ ਗਏ ਹਾਂ ਤੋਸ਼ੀ? ਪੱਧਰ ਤੇ ਲੋਕ ਸਾਨੂੰ ਨੀਵੇਂ ਜਾਨਣਗੇ।”
”ਤੁਸੀਂ ਕਲਾਕਾਰ ਹੋ ਜੁਗਨੀ।” ਤੋਸ਼ੀ ਨੇ ਇਸ ਲਹਿਜੇ ਵਿਚ ਕਿਹਾ, ਜਿਵੇਂ ਉਹ ਪੱਧਰਾਂ ਵਲ ਜਾਂਦੇ ਜੁਗਨੀ ਨੂੰ ਸਗੋਂ ਹੋਰ ਡੂੰਘਾਂਣਾ ਵਿਚ ਲਹਿਣ ਲਈ ਖਿੱਚਦੀ ਹੋਵੇ।
”ਪਰ ਤੁਸੀਂ ਇਸਤਰੀ ਹੋ ਤੋਸ਼ੀ।”
”ਇਸਤਰੀ ਸਭ ਕੁਝ ਅਖਵਾ ਸਕਦੀ ਹੈ, ਤੇ ਹੋਰ ਦੂਸ਼ਣ ਨੂੰ ਜਰ ਸਕਣਾ ਹੀ ਇਸਦੀ ਮਹਾਨਤਾ ਹੈ।
”ਤੁਸੀਂ ਠੀਕ ਹੋ ਬੇ-ਸ਼ਕ ਪਰ ਕੋਠੀਆਂ ਬੰਗਿਲਆਂ ਵਾਲੇ ਵੱਡੇ ਆਦਮੀ ਤੁਹਾਡੀ ਇਸ ਪਿਆਰ ਫਿਲਾਸਫੀ ਨੂੰ ਨਹੀਂ ਜਰਨਗੇ।”
”ਉਦੋਂ ਤੱਕ, ਉਹਨਾਂ ਤੋਂ ਬਾਗੀ ਹੋਣਾ ਹੀ ਪਏਗਾ, ਜਦੋਂ ਤੀਕ ਡੂੰਘਾਣਾਂ ਤੇ ਪੱਧਰ ਇਕ ਨਹੀਂ ਹੋ ਜਾਂਦੇ।”
ਹਵਾ ਦਾ ਇਕ ਫਰਾਟਾ ਆਇਆ। ਨਾਲੇ ਦੀ ਕੰਨੀ ਉਤੇ ਖੜ੍ਹੇ ਖਾਮੋਸ਼ ਰੁੱਖਾਂ ਦੇ ਪੱਤਰ ਖੜਕੇ। ਤੋਸ਼ੀ ਦੀਆਂ ਫਰ ਫਰਾਂਦੀਆਂ ਲਿਟਾਂ ਉਤੇ ਜੁਗਨੀ ਨੇ ਪੋਲਾ ਜਿਹਾ ਹੱਥ ਫੇਰਿਆ। ਤੋਸ਼ ਨੂੰ ਜਾਪਿਆ ਜਿਵੇਂ ਉਹਦੇ ਰੋਮ ਰੋਮ ਵਿਚੋਂ ਮਿਠੇ ਗੀਤ ਝਰਦੇ ਹੋਣ। ਉਹਦਾ ਚਿੱਟਾ ਮੁਖੜਾ ਜੁਗਨੀ ਦੀ ਹਿੱਕ ਨਾਲ ਛੁਹ ਗਿਆ। ਦੋਹਾਂ ਨੇ ਆਕਾਸ਼ ਵਲ ਤੱਕਿਆ। ਤਾਰੇ ਮੁਸਕਰਾਉਂਦੇ ਸਨ, ਤੇ ਚੰਨ ਲੀਰੋ ਲੀਰ ਬਦਲੋਟੀਆਂ ਉਤੋਂ ਉਡਦਾ ਜਾ ਰਿਹਾ ਸੀ।
ਸੁਤੀ ਸੁਤੀ ਧਰਤੀ ਉਤੇ ਪੋਲੇ ਪੈਰ ਧਰਦੀ ਤੋਸ਼ੀ ਆਪਣੀ ਮਛਹਿਰੀ ਵਿਚ ਆ ਵੜੀ।
ਇਕ ਮਛਹਿਰੀ ਵਿਚ ਕਿਸੇ ਪਾਸਾ ਪਰਤਿਆ, ਤੇ ਇੱਕ ਖੰਗੂਰਾ, ਜਿਸ ਵਿਚ ਉਸ ਯਕੀਨ ਦਾ ਅਹਿਸਾਸ ਸੀ, ਜੋ ਚੋਰ ਨੂੰ ਪਾੜ ਉੱਤੋਂ ਫੜ ਕੇ ਹੁੰਦਾ ਹੈ।

ਅਗਲੀ ਸਵੇਰ, ਕੋਠੀਆਂ ਦੇ ਤੌਰ ਬਦਲ ਗਏ। ਟੱਪਰੀਆਂ ਵਿਚੋਂ ਦੁਧ ਆਉਣਾ ਬੰਦ ਹੋ ਗਿਆ। ਕੋਠੀਆਂ ਵਿਚ ਸਰਦਾਰੀਆਂ ਦੇ ਅਹਿਸਾਸ ਜਾਗੇ। ਟੱਪਰੀਆਂ ਵਲ ਲਿਸ਼ਕਦੇ ਰੌਸ਼ਨਦਾਨਾਂ ਦੇ ਸ਼ੀਸ਼ਿਆਂ ਵਿਚੋਂ ਜਿਵੇਂ ਕੋਈ ਜਵਾਲਾ ਹੁਣੇ ਟੱਪਰੀਆਂ ਉੱਤੇ ਭੜਕਣਾ ਚਾਹੁੰਦੀ ਹੈ। ਕਿਸੇ ਤਾਕਤ, ਕਿਸੇ ਗੈਰਤ ਨਾਲ ਕੋਠੀਆਂ ਹਰਖਾਈਆਂ ਗਈਆਂ। ਕਿਸੇ ਗ਼ਰੂਰ ਨਾਲ ਕੋਠੀਆਂ ਦੇ ਬਨੇਰੇ ਉਚੇ ਹੋਣ ਲੱਗੇ। ਹੋਰ ਉਚੇ! ਹੋਰ ਉਚੇ! ਉਹ ਹੁਣੇ ਅਸਮਾਨਾਂ ਦੇ ਨਾਲ ਭਿੜ ਸਕਦੇ ਹਨ। ਕਿਸੇ ਕਾਲੇ ਕਾਗ ਦੀ ਕੀ ਮਜਾਲ,ਉਹਨਾਂ ਉਤੋਂ ਉਡ ਜਾਏ!

ਉਸੇ ਦਿਨ ਇਕ ਐਸ.ਡੀ.ਓ. ਵੱਲੋਂ ਸਰਕਾਰੀ ਦਫਤਰ ਵਿਚ ਰੀਪੋਰਟ ਪਹੁੰਚੀ
”. . . . .ਨਵੀਂ ਬਸਤੀ ਵਿਚ, ਨਾਲਿਓਂ ਪਾਰ ਦੀਆਂ ਟੱਪਰੀਆਂ, ਸਾਊ ਕੋਠੀਆਂ ਦਾ ਦ੍ਰਿਸ਼ ਕੋਝਾ ਕਰਦੀਆਂ ਹਨ। ਚੰਗਾ ਹੋਵੇ ਜੇ ਉਤੋਂ ਟੱਪਰੀਆਂ ਉਜਾੜ ਕੇ ਧਰਤੀ ਨੂੰ ‘ਬਹੁਤਾ ਅਨਾਜ ਉਗਾਉਣ’ ਲਈ ਵਰਤਿਆ ਜਾਵੇ।”

ਹੁਣ, ਜੁਗਨੀ ਇਹਨਾਂ ਕੋਠੀਆਂ ਨੂੰ ਚੁਭਦਾ ਸੀ-ਉਸ ਕੰਡੇ ਵਾਂਗ ਜੋ ਦਿਸਣ ਨਾਲ ਚੁਭਣ ਜਿੰਨੀ ਪੀੜ ਕਰ ਸਕਦਾ ਹੋਵੇ-ਡੂੰਘੀ ਰਾਤ ਵਿਚ ਉਹਦੀ ਬੰਸਰੀ ਦੀਆਂ ਤਾਨ੍ਹਾਂ ਜਾਪਦੀਆਂ ਸਨ, ਜਿਵੇਂ ਜੁਗਨੀ ਦੀਆਂ ਕਾਲੀਆਂ ਗੁਸਤਾਖ ਬਾਹਵਾਂ, ਕੋਠੀਆਂ ਦੀ ਦੁਧ ਧੋਤੀ ਇੱਜ਼ਤ ਨੂੰ ਹੱਥ ਪਾ ਰਹੀਆਂ ਹੋਣ।
ਇਕ ਲਹੂ ਸੀ, ਉਹਨਾਂ ਅੱਖੀਆਂ ਵਿਚ, ਜੋ ਨਾਲਿਓਂ ਪਾਰ, ਟੱਪਰੀਆਂ ਉੱਤੇ ਘੂਰਦੀਆਂ ਸਨ। ਇਹਨਾਂ ਅੱਖਾਂ ਦੇ ਅਸਰ ਹੇਠ ਸਹਿਮਿਆ ਨਾਲਾ ਡੋਲ ਰਿਹਾ ਸੀ, ਕਿ ਉਸਦਾ ਨਿਰਮਲ ਪਾਣੀ ਹੁਣੇ ਲਹੂ ਵਿਚ ਵਟਿਆ ਕਿ ਵਟਿਆ।

ਜੁਗਨੀ ਅੱਜ ਕੁਝ ਢਿੱਲਾ ਢਿੱਲਾ ਸੀ, ਤੇ ਉਦਾਸ ਵੀ। ਉਸਨੂੰ ਆਪਣੇ ਹੱਡ ਚੂਰ ਚੂਰ ਜਾਪਦੇ ਸਨ। ਦਿਨ ਗੋਡੇ ਗੋਡੇ ਚੜ੍ਹ ਆਇਆ। ਉਹਦਾ ਦੁਧ ਵੀ ਪਿਆ ਪਿਆ ਫੁਟ ਗਿਆ। ਲਵੇਰੇ ਕਾਹਲੇ ਪੈ ਪੈ ਰੱਸੇ ਖਿੱਚ ਰਹੇ ਸਨ। ਟੁਟੇ ਜਿਹੇ ਦਿਲ ਨਾਲ ਖੁੱਸਿਆ ਜਿਹਾ ਜੁਗਨੀ ਉਠਿਆ, ਲਵੇਰੇ ਖੋਲ੍ਹੇ ਤੇ ਚਰਾਂਦਾ ਵਲ ਨੂੰ ਛੇੜ ਤੁਰਿਆ।
ਚਰਾਂਦਾ ਅੱਜ ਹੈਰਾਨ ਸਨ। ‘ਜੁਗਨੀ ਚੁਪ ਚਪੀਤਾ ਕਿਓਂ ਆ ਵੜਿਆ।”
ਬੰਸਰੀ ਤਰਸਦੀ ਸੀ, ਉਹਦੇ ਬੁਲ੍ਹਾਂ ਦੀ ਛਹੁ ਲਈ। ਚਰਾਂਦਾ ਸਹਿਕਦੀਆਂ ਸਨ, ਉਹਦੀਆਂ ਜਾਦੂਗਰ ਤਾਨ੍ਹਾਂ ਲਈ।
ਘੜੀ ਕੁ ਬੀਤ ਗਈ। ਰੁਖਾਂ ਦੀਆਂ ਛਾਵਾਂ ਸਰਕ ਗਈਆਂ। ਜੁਗਨੀ ਨੇ ਐਧਰ ਤੱਕਿਆ, ਓਧਰ ਤੱਕਿਆ ਤੇ ਉਹਦਾ ਮਨ ਕੁਝ ਹੋਰ ਹੋ ਗਿਆ।
ਉਹਦੇ ਦਿਲ ਵਿਚ ਇਕ ਹਲਕੀ ਜਿਹੀ ਲਹਿਰ ਆਈ-ਉਹ ਲਹਿਰ, ਜਿਹੜੀ ਗ਼ਮਾਂ ਦੀ ਮੌਤ ਪਿੱਛੋਂ ਗੁਲਾਬੀ ਜਿਹਾ ਖੇੜਾ ਬਣ ਕੇ ਮਸ਼ੋਸੇ ਮੁਹਾਂਦਰੇ ਉਤੇ ਫਿਰ ਜਾਇਆ ਕਰਦੀ ਸੀ। ਉਹਦੇ ਕਟੋਰੀਆਂ ਬਣੇ ਬੁਲ੍ਹ ਬੰਸਰੀ ਦੇ ਛੇਕ ਨੂੰ ਛੁਹ ਗਏ। ਨਿੱਕਿਆਂ ਛੇਕਾਂ ਉਤੇ ਸਾਉਲੀਆਂ ਉਂਗਲਾਂ ਡਿੱਗਣ ਲੱਗੀਆਂ।
”ਟੀਂ. . .” ਜੁਗਨੀ ਦੀ ਪਿੱਠ ਪਿੱਛੇ ਲਾਲ ਮਘੋਰਾ ਖੁਲ੍ਹ ਗਿਆ। ”ਸਹੁਰੀ ਦਿਆ, ਕਮੀਣਾਂ, ਸਾਡੀ ਪੱਗ ਨੂੰ ਹੱਥ ਪਾਏਂ. . .।” ਗੋਲੀ ਦੇ ਪਿੱਛੇ ਆਵਾਜ਼ ਸੀ, ਜਿਹੜੀ ਲੋਥ ਬਣਦੇ ਜੁਗਨੀ ਨੇ ਸੰਘਣੇ ਝੁੰਡਾਂ ਪਿੱਛੋਂ ਆਉਂਦੀ ਸੁਣੀ ਤੇ ਫੇਰ ਉਸ ਦੇਖਿਆ, ਰੌਸ਼ਨਦਾਨਾਂ ਦੇ ਸ਼ੀਸ਼ਿਆਂ ਵਾਂਗ, ਲਿਸ਼ਕਦੀਆਂ, ਘੂਰਦੀਆਂ ਅੱਖਾਂ ਉਹਦੀਆਂ ਰੁਕ ਰੁਕ ਝਮਕਦੀਆਂ ਪਲਕਾਂ ਉਤੇ ਚੌੜੀਆਂ ਹੋ ਰਹੀਆਂ ਹਨ।

About Rajinderpal Sandhu

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar