ਕਰਨੇ ਦੀ ਖੁਸ਼ਬੋ ਤੇ ਕਰਨੇ ਦੀ
ਅਨਖੁਲ੍ਹੀ ਕਲੀ ਦੀ ਬਾਤ ਚੀਤ
ਕਰਨੇ ਦੀ ਖੁਸ਼ਬੂ ਕਰਨੇ ਦੇ ਅਧਖਿੜੇ
ਫੁੱਲ ਨੂੰ ਜੋ ਅਜੇ ਬੰਦ ਕਲੀ ਦੀ ਸ਼ਕਲ
ਵਿਚ ਹੈ ਮਾਨੋਂ ਅੰਦਰੋਂ ਹੀ ਆਖਦੀ ਹੈ :-
ਖੁਸ਼ਬੋ :-
ਜੱਫੀ ਛੇਤੀ ਖੋਲ੍ਹ ਮਾਏ !
ਬੰਨ੍ਹ ਨਾ ਬਹਾਲ ਸਾਨੂੰ,
ਗੋਦੀ ਤੇਰੀ ਹੋਰ ਸਾਥੋਂ
ਬੈਠਾ ਨਹੀਂ ਜਾਂਵਦਾ ।
ਪਾਲਿਆ ਤੇ ਪੋਸਿਆ
ਸਿਆਣਿਆਂ ਤੂੰ ਕੀਤਾ ਠੀਕ,
ਜੁੱਸਾ ਸਾਡਾ ਤੇਰੀਆਂ
ਕਲਾਈਆਂ ਨਹੀਂ ਮਾਂਵਦਾ ।
ਤੜਪ ਇਕ ਜਾਗੀ ਮੈਂ
ਅੰਦਰੇ ਉਛਾਲੇ ਵਾਲੀ,
ਬੈਠਣ ਨਹੀਂਓਂ ਦੇਂਦੀ
ਹੁਣ ਜੀ ਘਬਰਾਂਵਦਾ ।
ਮੋਕਲੇ ਤੇ ਵੱਡੇ ਵੱਡੇ
ਖੁੱਲ੍ਹੇ ਖੁੱਲ੍ਹੇ ਮੰਡਲਾਂ ਦਾ,
ਸੁਹਣਾ ਸੁਹਣਾ ਸੁਪਨਾ, ਹਾਇ !
ਸਾਨੂੰ ਪਿਆ ਆਂਵਦਾ ।੧।
ਕਲੀ ਦਾ ਆਪਣੇ ਅੰਦਰ ਪੈਦਾ
ਹੋਈ ਖੁਸ਼ਬੋ ਨੂੰ ਜੁਵਾਬ :-
ਕਾਹਲੀਏ ਤੇ ਬਾਹਲੀਏ
ਮੁਟਿਆਰ ਹੋਈਏ ਬੱਚੀਏ ਨੀ !
ਬੈਠ ਨੀ ਅਰਾਮ ਨਾਲ
ਗੋਦੀ-ਸੁਖ ਮਾਣ ਲੈ ।
ਮੇਰੀਆਂ ਕਲਾਈਆਂ ਵਿਚ
ਤੇਰੀ ਹੈ ਸਲਾਮਤੀ ਨੀ,
ਗੋਦੀ ਬੈਠ, ਗੋਦੀ ਬੈਠ,
ਗੋਦੀ-ਸੁਖ ਸਯਾਣ ਲੈ ।
ਗੋਦੋਂ ਗਈ, ਗਈ ਗਈ,
ਖਿੰਡ ਖਿੰਡ, ਖਿਲ੍ਰ ਖਿਲ੍ਰ,
ਖਿਲ੍ਰ ਖਿਲ੍ਰ, ਖਿੰਡ ਖਿੰਡ,
ਗੁਆਚ ਜਾਸੇਂ, ਜਾਣ ਲੈ ।
ਖੁੱਲ੍ਹੇ ਖੁੱਲ੍ਹੇ ਮੰਡਲਾਂ ਦੇ
ਸੁਪਨੇ ਜੋ ਆਣ ਤੈਨੂੰ
ਸੁਪਨਾਂ ਕਰ ਲੈਣਗੇ ਓ
ਸਾਚੀ ਏ ਪਛਾਣ ਲੈ ।੨।
ਖੁਸ਼ਬੋ ਦਾ ਕਰਨੇ ਦੀ ਕਲੀ ਨੂੰ
ਅੰਦਰੋਂ ਜੁਵਾਬ :-
ਵਰਜ ਕੇ ਬਹਾਲ ਨਾ
ਤੇ ਮੱਤੀਂ ਦੇ ਦੇ ਹੋੜ ਨਾ,
ਛੱਡ ਸਾਡਾ ਪੱਲਾ, ਨਹੀਂ,
ਨੱਸ ਹੁਣ ਜਾਵਾਂਗੇ ।
ਸੁਪਨੇ ਵਿਚ ਸੁਪਨਾ ਇਕ
ਆਵੇ ਸਾਨੂੰ ਹੋਰ, ਮਾਏ !
ਦਰਸ਼ਨ ਇਕ ਹੁੰਦੇ
ਓਸ ਦਰਸ਼ਨ ਸਮਾਵਾਂਗੇ ।
ਉੱਚਾ ਉੱਚਾ ਖੜਾ ਖੁੱਲ੍ਹਾ
ਆਖਦੇ ‘ਦਿਮਾਗ’ ਉਹਨੂੰ,
ਖੁੱਲ੍ਹ ਵਾਲੇ ਮੰਡਲੀਂ
ਦੀਦਾਰ ਉਹਦਾ ਪਾਵਾਂਗੇ ।
ਸਾਡੀ ਓ ਉਡੀਕ ਕਰੇ
ਖੜਾ ਦਿੱਸੇ ਮਾਏ ! ਸਾਨੂੰ,
ਪਹੁੰਚ ਉਹਦੇ ਦੇਸ਼
ਉਹਦੇ ਅੰਕ ਵਿਚ ਮਾਵਾਂਗੇ ।੩।
ਆਖਦੀ ਏ ਉੱਚੀ ਉੱਚੀ ,
ਜ਼ੋਰ ਇਕ ਲਾਇ ਪਯਾਰੀ,
ਵੀਣੀ ਮੋੜ ਮਾਉਂ ਵਾਲੀ
ਬਾਹਰ ਉੱਠ ਧਾਈ ਹੈ ।
ਕੂਕ ਕੋਈ ਸੁਣੀ ਨਾਹੀਂ,
ਮਾਉਂ ਗਲ ਗਉਲੀ ਨਾਹੀਂ,
ਵਾਇ ਮੰਡਲ ਖੇਡਦੀ, ਹੁਣ
ਖੁੱਲ੍ਹੇ ਦੇਸ਼ੀਂ ਆਈ ਹੈ ।
ਨੱਚਦੀ ਤੇ ਟੱਪਦੀ ਤੇ,
ਪੁੱਛਦੀ ਹਰ ਕਿਸੇ, ਮਾਨੋਂ,
‘ਪ੍ਰੀਤਮ ਦਿਮਾਗ਼’ ਵਾਲੀ,
ਦੱਸ ਕਿਸੇ ਪਾਈ ਹੈ ।
ਲਪਟੀ ਦਿਮਾਗ਼ ਤਾਈਂ,
ਲਪਟ ਏ ਸੁਗੰਧਿ ਵਾਲੀ,
ਲਪਟ ਸਮਾਈ, ਫੇਰ,
ਮੁੜਕੇ ਨਾ ਆਈ ਹੈ ।੪।
(ਕਰਨਾ ਨਿੰਬੂ ਜਾਤੀ ਦੇ ਫੁੱਲਾਂ
ਨੂੰ ਕਹਿੰਦੇ ਹਨ)