ਜੀ ਆਇਆਂ ਨੂੰ
You are here: Home >> Kavi ਕਵੀ >> Bhai Vir Singh ਭਾਈ ਵੀਰ ਸਿੰਘ >> ਕੋਇਲ ਦੇ ਬੱਚੇ ਕਾਂਵਾਂ ਦੇ ਆਲ੍ਹਣੇ/Koel de Bacche Kawa de Aalehne

ਕੋਇਲ ਦੇ ਬੱਚੇ ਕਾਂਵਾਂ ਦੇ ਆਲ੍ਹਣੇ/Koel de Bacche Kawa de Aalehne

ਕੋਇਲ ਕੁਕੇਂਦੀ ਆ ਗਈ,
ਬੋਲੀ ਪਿਆਰੀ ਪਾ ਗਈ,
ਜੀ ਵੜਦਿਆਂ ਜੀ ਭਾ ਗਈ,
ਉੱਚੜ-ਓ-ਚਿੱਤੀ ਲਾ ਗਈ,
ਹੁਣ ਜੀ ਨ ਲਗਦਾ ਆਲ੍ਹਣੇ
ਰੋਂਦੇ ਨੀ ਮਾਪੇ ਪਾਲਣੇ ।੧।

ਬੱਚੇ ਉਡਾਰੀ ਮਾਰਦੇ,
ਖਾ ਖਾ ਤਣੁੱਕੇ ਪਯਾਰ ਦੇ,
ਮਗਰੇ ਅਵਾਜ਼ ਸਿਧਾਰਦੇ,
ਪਰ ਕਾਉਂ ਫੜ ਫੜ ਮਾਰਦੇ,
ਬੰਨ੍ਹ ਬੰਨ੍ਹ ਕੇ ਰਖਦੇ ਆਲ੍ਹਣੇ,
ਕਰਦੇ ਅਨੇਕਾਂ ਟਾਲਣੇ ।੨।

ਖਿੱਚ ਆ ਅਗੰਮੋਂ ਪੈ ਗਈ,
ਜੋ ਜੀ ਚੁਰਾ ਕੇ ਲੈ ਗਈ,
ਉੱਡਣ ਹੀ ਉੱਡਣ ਦੈ ਗਈ,
ਘਰ-ਵੱਸਣਾਂ ਕਰ ਛੈ ਗਈ,
ਵਾਹ ਲਾਣ ਚੋਗ ਖੁਆਲਣੇ,
ਬੱਚੇ ਨ ਠਹਿਰਨ ਆਲ੍ਹਣੇ ।੩।

ਕਾਂ ਸੋਚਦੇ ਬਹਿ ਰੁੱਖ ਤੇ,
ਬੱਚੇ ਅਸਾਡੀ ਕੁੱਖ ਦੇ,
ਸਾਂਝੀ ਜੁ ਸੇ ਦੁੱਖ ਸੁੱਖ ਦੇ,
ਨੇੜੇ ਨਹੀਂ ਹੁਣ ਢੁੱਕਦੇ,
ਕੰਡੇ ਕੀ ਉਗ ਪਏ ਆਲ੍ਹਣੇ ?
ਨਿਹੁੰ ਮਾਪਿਆਂ ਜਿਨ ਘਾਲਣੇ ।੪।

ਕੋਇਲ ਹੈ ਵਣ ਵਣ ਕੂਕਦੀ,
ਜਾਦੂ ਕਟਕ ਦੇ ਫੂਕਦੀ,
ਹੈ ਨੈਂ ਇਸ਼ਕ ਦੀ ਸ਼ੂਕਦੀ,
ਚਾਬਕ ਬਿਰਹੁੰ ਦੀ ਘੂਕਦੀ,
ਸੁੰਞੇਂ ਕਰੂ ਏ ਆਲ੍ਹਣੇ,
ਰੋ ਰੋ ਕੇ ਜਿਗਰੇ ਗਾਲਣੇ ।੫।

ਕਾਂਵਾਂ ਬੀ ਸੱਦ ਪਛਾਣਿਆਂ,
ਕੋਇਲ ਨੂੰ ਕਾਰਨ ਜਾਣਿਆਂ,
ਮਾਰਨ ਇਨ੍ਹ ਜੀ ਠਾਣਿਆਂ,
ਲਗ ਪਏ ਦਾਉ ਤਕਾਣਿਆਂ,
ਫਟਕਣ ਨ ਦਿਣ(ਦੇਣ) ਲਾਗ ਆਲ੍ਹਣੇ,
ਲੜਦੇ ਨੀ ਮਾਪੇ ਪਾਲਣੇ ।੬।

ਦੂਰੋਂ ਓ ਲੁਕ ਲੁਕ ਬੋਲਦੀ,
ਦਫਤਰ ਇਸ਼ਕ ਦੇ ਖੋਲ੍ਹਦੀ,
ਕਿੱਸੇ ਪੁਰਾਣੇ ਫੋਲਦੀ,
ਬੱਚਿਆਂ ਦੇ ਜੀ ਝੰਝੋਲਦੀ,
ਓ ਤੜਫਦੇ ਵਿਚ ਆਲ੍ਹਣੇ,
ਆ ਪਏ ਜੱਫਰ ਜਾਲਣੇ ।੭।

ਕਾਂ ਰਹੇ ਵਾਹਾਂ ਲਾਂਵਦੇ,
ਓੜਕ ਉਹ ਉੱਠ ਸਿਧਾਂਵਦੇ,
ਮਾਪੇ ਵਤਨ ਭੁਲਾਂਵਦੇ,
ਖਿੱਚੀ ਦੇ ਮਗਰੇ ਧਾਂਵਦੇ,
ਰਹਿ ਗਏ ਸੁੰਞੇਂ ਆਲ੍ਹਣੇ,
ਰੋਂਦੇ ਨੀ ਮਾਪੇ ਪਾਲਣੇ ।੮।

About Rajinderpal Sandhu

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar