ਗੁਰਾਂ ਦਾ ਦਰਸ ਵਡੇਰਾ ਹੈ, ਗੁਰਾਂ ਤੋਂ ਕਾਹਦਾ ਪਰਦਾ ਏ
ਕੁੜੀਆਂ ਕੇਸ ਵਾਹੁੰਦੀਆਂ ਨੇ ਤੇ ਸੂਰਜ ਧੁੱਪਾਂ ਕਰਦਾ ਏ ।
ਇਹ ਕਿੰਨੀਆਂ ਸੋਹਣੀਆਂ ਕੰਘੀਆਂ ਨੇ, ਲਗਦੈ ਰੱਬ ਤੋਂ ਮੰਗੀਆਂ ਨੇ
ਇਹਨਾਂ ਦਾ ਦਾਜ ਵੀ ਕੱਤਣਾ ਹੈ, ਅਜੇ ਤਾਂ ਕੋਠਾ ਛੱਤਣਾ ਏ
ਇਹ ਦੁਨੀਆ ਦਮੜੇ ਚੱਬਦੀ ਹੈ ਤੇ ਪੈਸਾ ਘੋਲ਼ ਕੇ ਪੀਂਦੀ ਏ
ਨੀਂ ‘ਥੋਡੇ ਕਾਜ ਰਚਾਉਣੇ ਨੇ ਤੇ ਚੋਖੀ ਰਕਮ ਲੋੜੀਂਦੀ ਏ ।
ਇਹ ਫੱਗਣ ਦੇ ਗਲ਼ ਪੱਤਿਆਂ ਦੇ, ਹਾਰ-ਹਮੇਲਾਂ ਵਰਗੀਆਂ ਨੇ
ਜਾਂ ਆਲ਼ੀਆਂ-ਭੋਲ਼ੀਆਂ ਉਮਰਾਂ ਦੇ, ਨੀਂ ਵਿੱਸਰੇ ਖੇਲਾਂ ਵਰਗੀਆਂ ਨੇ
ਇਹ ਧੂੜਾਂ ਬਾਵਰੀਆਂ ਹੋਈਆਂ, ਕਿੱਥੇ ਕੁ ਜਾ ਕੇ ਬਹਿਣਾ ਏ
ਕਿਸੇ ਦਾ ਮਾੜਾ ਸੋਚਿਆ ਨਈਂ, ਕਦੇ ਵੀ ਮੇਰੀਆਂ ਭੈਣਾਂ ਨੇ ।
ਇਹ ਕੁੜੀਆਂ ਕਨਸਾਂ ਪੂੰਝਦੀਆਂ ਤੇ ਸੁੱਚੇ ਸੁਹਜ ਦਾ ਚਸ਼ਮਾ ਨੇ
ਇਹਨਾਂ ਨੂੰ ਜੰਮਿਆ ਮਾਪਿਆਂ ਨੇ, ਇਹਨਾਂ ਨੂੰ ਮਾਰਿਆ ਰਸਮਾਂ ਨੇ
ਕਿ ਦਿਲ ਵਿੱਚ ਹੌਲ਼ ਜਿਆ ਪੈਂਦਾ ਹੈ, ਹੋ ਬਾਪੂ ਚੁੱਪ-ਚੁੱਪ ਰਹਿੰਦਾ ਹੈ
ਭਰੇ ਪਰਿਵਾਰ ‘ਚ ਵੱਸਦੇ ਨੂੰ, ਕੁੜੇ ਕੀ ਹੋ ਗਿਆ ਹੱਸਦੇ ਨੂੰ ?
ਕਿ ਮਹਿੰਦੀ ਚੜ੍ਹ ਜਾਵੇ ਸੂਹੀ, ਜ਼ਮੀਨਾਂ ਗਹਿਣੇ ਧਰਦਾ ਏ
ਕੁੜੀਆਂ ਕੇਸ ਵਾਹੁੰਦੀਆਂ ਨੇ ਤੇ ਸੂਰਜ ਧੁੱਪਾਂ ਕਰਦਾ ਏ ।
ਦੋ ਮੰਜੀਆਂ ਤੇ ਇੱਕ ਜੰਗਲਾ, ਹਾਏ ਵੇ ਤੇਰਾ ਬੰਗਲਾ , ਬਾਬਲਾ ਸੋਹਣਾ
ਤੇਰਾ ਪਿੱਪਲ-ਬੋਹੜ ਪੁਰਾਣਾ, ਪੀਂਘ ਦਾ ਟਾਹਣਾ, ਕਿਤੇ ਨਈਂ ਹੋਣਾ
ਤੇਰੇ ਖੇਤਾਂ ਦੇ ਵਿੱਚ ਛੱਲੀਆਂ, ਵੇ ਧੀਆਂ ਝੱਲੀਆਂ, ਹਵਾ ਦੀਆਂ ਲਗਰਾਂ
ਮੈਨੂੰ ਛੇਤੀ ਮਿਲਣੇ ਆਇਓ , ਨਾਲ਼ੇ ਪਹੁੰਚਾਇਓ, ਟੱਬਰ ਦੀਆਂ ਖ਼ਬਰਾਂ
ਵੇ ਮੈਨੂੰ ਛੇਤੀ ਮਿਲਣੇ ਆਇਓ , ਨਾਲ਼ੇ ਪਹੁੰਚਾਇਓ, ਟੱਬਰ ਦੀਆਂ ਖ਼ਬਰਾਂ ।
ਇਹ ਸੂਹੀ ਪੱਗ ਦੇ ਚਾਨਣ ਨੂੰ, ਜਦੋਂ ਖ਼ਾਬਾਂ ਵਿੱਚ ਸੇਕਦੀਆਂ
ਤਾਂ ਮਾਂ ਦੇ ਵਿਆਹ ਵਾਲੇ ਲੀੜੇ, ਉਦੋਂ ਪਾ-ਪਾ ਕੇ ਵੇਖਦੀਆਂ
ਇਹਨਾਂ ਦੇ ਵੀਰਾ ਨਈਂ ਹੋਇਆ, ਸਿਰਾਂ ‘ਤੇ ਚੀਰਾ ਨਈਂ ਹੋਇਆ
ਇਹ ਜਿਹੜੇ ਤਾਰੇ ਜਗਦੇ ਨੇ, ਇਹਨਾਂ ਨੂੰ ਵੀਰੇ ਈ ਲਗਦੇ ਨੇ ।
ਇਹਨਾਂ ਦੇ ਪੈਰ ਭੰਬੀਰੀਆਂ ਨੇ, ਇਹ ਕੰਮੀਂ-ਧੰਦੀਂ ਰੁੱਝੀਆਂ ਨੇ
ਇਹ ਖੁੱਲ੍ਹੀ ਗੰਢ ਦੇ ਵਰਗੀਆਂ ਨੇ, ਫਿਰ ਵੀ ਕਾਹਤੋਂ ਗੁੱਝੀਆਂ ਨੇ ?
ਜੋ ਸਾਖਰਤਾ ਦੀਆਂ ਲਹਿਰਾਂ ਨੇ, ਇਹਨਾਂ ਦੇ ਘਰ ਵਿੱਚ ਵੜੀਆਂ ਨਈਂ
ਇਹਨਾਂ ਨੇ ਵਰਕੇ ਪਲਟੇ ਨਈਂ ਤੇ ਹੱਥ ਵਿੱਚ ਕਲਮਾਂ ਫੜੀਆਂ ਨਈਂ
ਇਹਨਾਂ ਨੇ ਚੁੱਲ੍ਹੇ ਡਾਹੁਣੇ ਨੇ, ਇਹਨਾਂ ਨੇ ਘਰ ਵਸਾਉਣੇ ਨੇ
ਇਹ ਗੁੱਡੀਆਂ ਆਪ ਤਾਂ ਪੜ੍ਹੀਆਂ ਨੀਂ, ਇਹਨਾਂ ਨੇ ਪੁੱਤ ਪੜ੍ਹਾਉਣੇ ਨੇ ।
ਦਿਲਾਂ ਦੇ ਦਰਦ ਪਛਾਣਦੀਆਂ, ਧੀਆਂ ਬਿਨ ਕਿੱਥੇ ਸਰਦਾ ਏ
ਕੁੜੀਆਂ ਕੇਸ ਵਾਹੁੰਦੀਆਂ ਨੇ, ਸੂਰਜ ਧੁੱਪਾਂ ਕਰਦਾ ਏ ।