ਜੀ ਆਇਆਂ ਨੂੰ
You are here: Home >> Lekhak ਲੇਖਕ >> Gurbachan Singh Bhullar ਗੁਰਬਚਨ ਸਿੰਘ ਭੁੱਲਰ >> ਨਿੱਕੀ ਬੂਟੀ ਦਾ ਸੂਟ/Nikki Booti Da Suit

ਨਿੱਕੀ ਬੂਟੀ ਦਾ ਸੂਟ/Nikki Booti Da Suit

ਭੂਆ ਨੇ ਸੁਨੇਹਾ ਭੇਜਿਆ ਹੀ ਅਜਿਹਾ ਸੀ ਕਿ ਦਿਲ ਦੀਆਂ ਸੱਭੇ ਤਾਰਾਂ ਹਿਲਾ ਗਿਆ। ਮੋਹ ਵਿਚ ਭਿੱਜਿਆ ਹੋਇਆ, ਕੁਝ-ਕੁਝ ਗਿਲੇ ਜਿਹੇ ਨਾਲ ਭੇਜਿਆ ਗਿਆ ਸੁਨੇਹਾ। ਉਹ ਦੀਆਂ ਅੱਖਾਂ ਪਿਆਰ ਦੀ ਛੱਲ ਨਾਲ ਸਿੱਲ੍ਹੀਆਂ ਹੋ ਗਈਆਂ। ਉਹਨੇ ਸੋਚਿਆ, ਸੱਚ-ਮੁੱਚ ਹੀ ਹੁਣ ਤਾਂ ਭੂਆ ਨਦੀ-ਕਿਨਾਰੇ ਰੁੱਖੜਾ ਹੋਵੇਗੀ। ਪਤਾ ਨਹੀਂ ਕਿਸ ਦਿਨ ਉੱਖੜ ਕੇ ਸਮੇਂ ਦੇ ਅਨੰਤ ਅਤੇ ਅਰੁਕ ਵਗਦੇ ਪਾਣੀਆਂ ਵਿਚ ਸਹਿਜੇ ਜਿਹੇ ਡਿੱਗ ਪਵੇ। ਕਈ ਸਾਲ ਪਹਿਲਾਂ ਹੀ, ਜਦੋਂ ਉਹ ਅਜੇ ਆਪਣੇ ਪਿੰਡਾਂ ਤੋਂ ਇੰਨਾ ਦੂਰ ਨਹੀਂ ਸੀ ਆਇਆ, ਭੂਆ ਬਿਰਧ ਹੁੰਦੀ ਜਾਂਦੀ ਲੱਗਦੀ ਸੀ। ਹੁਣ ਤਾਂ ਉਹ ਦੇ ਬੁੱਕ ਵਿਚੋਂ ਸਾਹਾਂ ਦੇ ਕਿੰਨੇ ਹੀ ਹੋਰ ਦਾਣੇ ਕਿਰ ਚੁੱਕੇ ਹੋਣਗੇ। ਉਹਨੇ ਸੁਨੇਹਾ ਦੇਣ ਵਾਲੇ ਹੱਥ ਕਿਹਾ ਸੀ, “ਮੇਰੇ ਬਚੜੇ ਨੂੰ ਕਹੀਂ, ਇਕ ਵਾਰ ਮੇਲਾ-ਗੇਲਾ ਕਰ ਜਾਵੇ। ਹੁਣ ਤਾਂ ਬਸ ਚਲੋਚਲੀ ਹੀ ਐ। ਨਦੀ ਕਿਨਾਰੇ ਰੁੱਖੜਾ! ਨਾਲ ਵਹੁਟੀ ਨੂੰ ਤੇ ਨਿਆਣਿਆਂ ਨੂੰ ਜ਼ਰੂਰ ਲਿਆਵੇ। ਮੂਲ ਨਾਲੋਂ ਸੂਦ ਬਹੁਤਾ ਪਿਆਰਾ ਹੁੰਦਾ ਐ।”
ਜਦੋਂ ਕਦੇ ਚੇਤਾ ਬੀਤੇ ਦਿਨਾਂ ਵੱਲ ਜਾਂਦਾ, ਭੂਆ ਉਹਦੇ ਕਈ ਵਾਰ ਯਾਦ ਆਉਂਦੀ, ਪਰ ਉਹਦੇ ਇਸ ਸੁਨੇਹੇ ਮਗਰੋਂ ਤਾਂ ਉਹਨੂੰ ਅਜਿਹਾ ਜਾਪਿਆ ਜਿਵੇਂ ਉਹ ਜਾ ਰਹੀ ਹੋਵੇ ਅਤੇ ਉਹਨੂੰ ਮੂੰਹ ਦੇਖਣ ਲਈ ਆਵਾਜ਼ਾਂ ਮਾਰ ਰਹੀ ਹੋਵੇ। ਉਹਨੇ ਦੋ-ਚਾਰ ਛੁੱਟੀਆਂ ਲੈ ਕੇ ਜਾਣ ਦੀ ਸਲਾਹ ਬਣਾ ਲਈ।
ਕਿੰਨੇ ਚਿਰ ਮਗਰੋਂ ਉਸ ਨੇ ਭੂਆ ਨੂੰ ਮਿਲਣਾ ਸੀ ਅਤੇ ਕਿੰਨੇ ਪਿਆਰ ਨਾਲ ਉਹਨੇ ਬੁਲਾਇਆ ਸੀ। ਉਹਦਾ ਦਿਲ ਕੀਤਾ, ਭੂਆ ਲਈ ਕੁਝ ਲੈ ਕੇ ਜਾਵੇ। ਉਹਦੇ ਨਿਰਛਲ ਮੋਹ ਦਾ ਕੋਈ ਨਿਮਾਣਾ ਜਿਹਾ ਹੁੰਗਾਰਾ। ਉਹਦੇ ਲਈ ਆਪਣੇ ਆਦਰ ਦੀ ਕੋਈ ਤੁੱਛ ਜਿਹੀ ਨਿਸ਼ਾਨੀ। ਉਹ ਕਈ ਦਿਨ ਸੋਚਦਾ ਰਿਹਾ। ਆਖਰ ਉਹਨੇ ਪਿੰਡਾਂ ਦੇ ਪੁਰਾਣੇ ਰਿਵਾਜ਼ ਅਨੁਸਾਰ ਕਈ ਦੁਕਾਨਾਂ ਫਿਰ ਕੇ ਮਿੱਠੇ-ਮਿੱਠੇ ਰੰਗਾਂ ਦੀਆਂ ਨਿੱਕੀਆਂ-ਨਿੱਕੀਆਂ ਬੂਟੀਆਂ ਵਾਲਾ ਬੜਾ ਸੋਹਣਾ ਸੂਟ ਖਰੀਦ ਲਿਆ। ਸੁਨੇਹਾ ਆਉਣ ਤੇ ਤੁਰਨ ਦੇ ਵਿਚਕਾਰ ਜਿਹੜੇ ਦਿਨ ਬੀਤੇ, ਉਨ੍ਹਾਂ ਵਿਚ ਵਾਰ-ਵਾਰ ਭੂਆ ਦੀਆਂ ਗੱਲਾਂ ਉਹਨੂੰ ਯਾਦ ਆਉਂਦੀਆਂ। ਕਈ ਵਾਰ ਉਹ ਇਹ ਗੱਲਾਂ ਮਨ ਹੀ ਮਨ ਵਿਚ ਯਾਦ ਕਰਦਾ, ਕਈ ਵਾਰ ਆਪਣੀ ਪਤਨੀ ਅਤੇ ਬੱਚਿਆਂ ਨੂੰ ਵੀ ਸੁਣਾਉਂਦਾ। ਖਾਸ ਕਰ ਕੇ ਉਹਨੂੰ ਪਿਆਰਾ ਲੱਗਦਾ ਸੀ ਧੌਲੇ ਸਿਰ ਵਾਲੀ ਭੂਆ ਦਾ ਉਹਦੀ ਧੌਲੇ ਸਿਰ ਵਾਲੀ ਮਾਂ ਨੂੰ ਮੋਹ ਨਾਲ ‘ਭਾਬੋ’ ਕਹਿਣਾ। ਉਹ ਕਦੀ ਵੀ ਉਹਦੀ ਮਾਂ ਦਾ ਨਾਂ ਨਾ ਲੈਂਦੀ। ਭਾਬੋ-ਭਾਬੋ ਕਰਦੀ ਦਾ ਉਹਦਾ ਮੂੰਹ ਨਾ ਥੱਕਦਾ। ਉਹਦੀ ਮਾਂ ਜਵਾਬ ਵਿਚ ਉਹਦੀ ਭੂਆ ਨੂੰ ਬੀਬੀ ਆਖਦੀ। ਘਰ ਵਿਚ ਸਾਰਾ ਦਿਨ ਭਾਬੋ-ਭਾਬੋ, ਬੀਬੀ-ਬੀਬੀ ਹੁੰਦੀ ਰਹਿੰਦੀ।
ਭੂਆ ਪੇਕੀਂ ਆਉਂਦੀ ਤਾਂ ਕਦੀ ਵੀ ਪਰਾਹੁਣੀਆਂ ਵਾਂਗ ਨਾ ਬੈਠਦੀ। ਉਹ ਕੰਮਾਂ ਵਿਚ ਉਲਝੀ ਹੋਈ ਮਾਂ ਦੇ ਕਈ ਨਿੱਕੇ-ਮੋਟੇ ਕੰਮ ਕਰ ਜਾਂਦੀ, ਕਈ ਵਿਗੜੇ ਹੋਏ ਕੰਮ ਸੰਵਾਰ ਜਾਂਦੀ। ਮਾਂ ਦੇ ਨਾਂਹ-ਨਾਂਹ ਕਰਦਿਆਂ ਵੀ ਉਹ ਰਜਾਈਆਂ-ਤਲਾਈਆਂ ਸੂਰਜ ਵੱਲ ਕਰ-ਕਰ ਦੇਖਦੀ। ਟੁੱਟੇ ਲੋਗੜ ਵਾਲੀਆਂ ਦੇ ਨਗੰਦੇ ਉਧੇੜ ਕੇ ਕੱਪੜਾ ਧੋਣ ਲਈ ਸੋਢੇ ਵਿਚ ਭਿਉਂ ਦਿੰਦੀ ਅਤੇ ਲੋਗੜ ਪਿੰਜਾਉਣ ਲਈ ਗਠੜੀ ਬੰਨ੍ਹ ਦਿੰਦੀ। ਬੋਰੀ ਵਿਚ ਪਾ ਕੇ ਪੜਛੱਤੀ ਉਤੇ ਰੱਖੇ ਸੂਤ ਨੂੰ ਮੰਜਾ ਬੁਣਨ ਲਈ ਰੰਗ ਦੇ ਦੋ ਬੱਠਲਾਂ ਵਿਚ ਡੋਬ ਦਿੰਦੀ ਅਤੇ ਉੱਖੜੀ ਹੋਈ ਚੁਗਾਠ ਠੋਕਣ ਲਈ ਤਰਖਾਣਾਂ ਦੇ ਭੇਜ ਦਿੰਦੀ ਤੇ ਫੇਰ ਸਵੇਰ ਦੇ ਕੰਮ ਮੁਕਾ ਕੇ ਆਥਣ ਦੇ ਕੰਮਾਂ ਤੋਂ ਪਹਿਲਾਂ ਉਹ ਦੁਪਹਿਰ ਵੇਲੇ ਦੋਵੇਂ ਰਲ ਕੇ ਨਵੀਆਂ ਭਰੀਆਂ ਰਜਾਈਆਂ-ਤਲਾਈਆਂ ਦੇ ਨਗੰਦੇ ਪਾਉਂਦੀਆਂ ਜਾਂ ਮੰਜਾ ਬੁਣਨ ਬੈਠਦੀਆਂ ਤਾਂ ਧੀਮੀ-ਧੀਮੀ ਆਵਾਜ਼ ਵਿਚ ਨਣਦ-ਭਰਜਾਈ ਦੇ ਗੀਤ ਗਾਉਂਦੀਆਂ ਜਾਂ ਇਉਂ ਨਿੱਕੀਆਂ-ਨਿੱਕੀਆਂ ਗੱਲਾਂ ਕਰਦੀਆਂ ਜਿਵੇਂ ਮਾਂ ਨਵੀਂ-ਨਵੀਂ ਸਹੁਰੀਂ ਆਈ ਹੋਵੇ ਅਤੇ ਭੂਆ ਨੂੰ ਉਹਦਾ ਦਿਲ ਲੁਆਉਣ ਲਈ ਉਹਦੇ ਕੋਲ ਬਿਠਾਇਆ ਗਿਆ ਹੋਵੇ।
ਜਦੋਂ ਕਦੀ ਉਹ ਉਹਦੇ ਪਿੰਡ ਜਾਂਦਾ, ਭੂਆ ਨੂੰ ਲੋਹੜੇ ਦਾ ਚਾਅ ਚੜ੍ਹਦਾ। ਉਹ ਰੱਜ ਕੇ ਪਿਆਰ ਕਰਦੀ ਅਤੇ ਰੱਜ ਕੇ ਖੁਆਉਂਦੀ-ਪਿਆਉਂਦੀ। ਮੁਰਾਦਾਬਾਦੀ ਥਾਲ ਵਿਚ ਰੱਖ ਕੇ ਘਰ ਦੇ ਘਿਉ ਨਾਲ ਨੁੱਚੜਦੇ ਲੂਣੇ ਪਰੌਂਠੇ ਦਿੰਦੀ। ਪਰੌਂਠਿਆਂ ਵਿਚ ਦਰੜਾ ਜਿਹਾ ਕੀਤੀਆਂ ਲਾਲ ਮਿਰਚਾਂ ਥਾਂਥਾਂ ਤਾਰਿਆਂ ਵਾਂਗ ਚਮਕਦੀਆਂ। ਥਾਲ ਵਿਚ ਉਹ ਵੱਡਾ ਸਾਰਾ ਕਾਂਸੀ ਦਾ ਕਟੋਰਾ ਦਹੀਂ ਦਾ ਭਰ ਕੇ ਰੱਖ ਦਿੰਦੀ। ਕਟੋਰਾ ਕਾਹਦਾ ਹੁੰਦਾ, ਛੰਨਾ ਹੁੰਦਾ ਸੀ ਕਿ ਉਹ। ਦਹੀਂ ਦੇ ਇਕ ਪਾਸੇ ਮੱਖਣੀ ਦਾ ਪੇੜਾ ਪਿਆ ਹੁੰਦਾ ਜਾਂ ਫੇਰ ਉਹ ਗੁੜ ਖੋਰ ਕੇ ਅਤੇ ਆਟੇ ਵਿਚ ਘਿਉ ਝੱਸ ਕੇ ਮਿੱਠੀਆਂ ਰੋਟੀਆਂ ਪਕਾਉਂਦੀ। ਉਨ੍ਹਾਂ ਨਾਲ ਉਹ ਸੌਂਫ, ਕਲੌਂਜੀ ਅਤੇ ਮੇਥਿਆਂ ਦੇ ਮਸਾਲੇ ਵਿਚ ਲੁਕੀ ਹੋਈ ਅੰਬ ਦੇ ਆਚਾਰ ਦੀ ਫਾੜੀ ਰੱਖਦੀ ਜਾਂ ਰਾਈ ਨਾਲ ਭਰੀ ਹੋਈ ਹਰੀ-ਹਰੀ ਗਿੱਠ ਲੰਮੀ ਮਿਰਚ ਰੱਖਦੀ, ਜੀਹਦੇ ਚੀਰ ਵਿਚੋਂ ਪੀਲਾ-ਪੀਲਾ ਖੱਟਾ-ਕਰਾਰਾ ਰਸ ਚਿਉਂਦਾ। ਤੇ ਫੇਰ ਉਹ ਹੋਰ-ਹੋਰ ਖਾਣ ਲਈ ਮਜਬੂਰ ਕਰਦੀ। ਅੰਤ ਨੂੰ ਹੱਥ ਬੰਨ੍ਹ ਕੇ ਹਾੜੇ ਕੱਢ ਕੇ, ਫੁੱਲਿਆ ਪੇਟ ਦਿਖਾ ਕੇ ਹੀ ਭੂਆ ਤੋਂ ਖਹਿੜਾ ਛੁਡਾਉਣਾ ਪੈਂਦਾ।
ਤੇ ਫੇਰ ਉਹ ਛੇਤੀ-ਛੇਤੀ ਮੁੜਨ ਨਾ ਦਿੰਦੀ। ਕਦੀ ਕੋਈ ਲਾਰਾ ਲਾ ਕੇ ਕਦੀ ਕੋਈ ਬਹਾਨਾ ਬਣਾ ਕੇ ਉਹ ‘ਇਕ ਦਿਨ ਹੋਰ, ਇਕ ਦਿਨ ਹੋਰ’ ਆਖਦਿਆਂ ਕਈ-ਕਈ ਦਿਨ ਲੰਘਾ ਦਿੰਦੀ। ਉਹ ਮਾਂ ਦੀ ਚਿੰਤਾ ਬਾਰੇ ਆਖਦਾ ਤਾਂ ਉਹ ਜਵਾਬ ਦਿੰਦੀ, “ਕੋਈ ਨਹੀਂ ਚਿੰਤਾ ਹੁੰਦੀ ਤੇਰੀ ਮਾਂ ਨੂੰ। ਕਿਸੇ ਓਪਰੀ ਥਾਂ ਨਹੀਂ ਆਇਆ ਹੋਇਆ ਤੂੰ। ਉਹਨੂੰ ਪਤਾ ਐ, ਭੂਆ ਕੋਲ ਗਿਆ ਹੈ, ਦਿਨ ਤਾਂ ਲੱਗਣਗੇ ਹੀ।”
ਉਹ ਸਕੂਲ ਖੁੱਲ੍ਹਣ ਬਾਰੇ ਆਖਦਾ ਤਾਂ ਉਹ ਬੋਲਦੀ, “ਕੋਈ ਨਹੀਂ ਭੱਜ ਚੱਲਿਆ ਤੇਰਾ ਮਦਰੱਸਾ ਕਿਧਰੇ।”
ਜਦੋਂ ਦਾ ਉਹ ਨੌਕਰੀ ਉਤੇ ਲੱਗਿਆ ਸੀ, ਬਹੁਤੇ ਰਿਸ਼ਤੇਦਾਰ ਇਕ-ਇਕ ਕਰ ਕੇ ਉਹਤੋਂ ਦੂਰ ਹਟਦੇ ਗਏ ਸਨ। ਉਹਨੂੰ ਦੁੱਖ ਵੀ ਹੁੰਦਾ, ਪਰ ਉਹ ਕਰ ਵੀ ਕੁਝ ਨਹੀਂ ਸੀ ਸਕਦਾ। ਰਹਿਣੀ-ਬਹਿਣੀ ਅਤੇ ਕਦਰਾਂ-ਕੀਮਤਾਂ ਦਾ ਫਰਕ ਕਿਵੇਂ ਨਾ ਕਿਵੇਂ ਪਾੜਾ ਪਾ ਹੀ ਦਿੰਦਾ। ਉਹਦੇ ਘਰ ਵਿਚ ਸ਼ਹਿਰੀ ਜੀਵਨ ਦੀਆਂ ਸਾਧਾਰਨ ਚੀਜ਼ਾਂ ਟੈਲੀਵਿਜ਼ਨ, ਫਰਿਜ਼, ਸੋਫਾ ਆਦਿ ਦੇਖ ਕੇ ਰਿਸ਼ਤੇਦਾਰ ਉਹਦੇ ਪੈਸਿਆਂ ਬਾਰੇ ਕੁਝ ਸੱਚਾ ਅਤੇ ਬਹੁਤਾ ਕਲਪਿਤ ਹਿਸਾਬ ਲਾ ਲੈਂਦੇ।
ਕਿਸਾਨ ਦਾ ਪੈਸੇ ਬਾਰੇ ਨਜ਼ਰੀਆ ਆਪਣਾ ਹੀ ਹੁੰਦਾ ਹੈ। ਉਹ ਬਹੁਤੀ ਜ਼ਮੀਨ ਦਾ ਮਾਲਕ ਹੋਵੇ ਜਾਂ ਥੋੜ੍ਹੀ ਦਾ, ਉਹਦੀ ਆਮਦਨ ਤਾਂ ਘਰ ਛੇ ਮਹੀਨਿਆਂ ਮਗਰੋਂ ਹੀ ਹਾੜ੍ਹੀ-ਸਾਉਣੀ ਨੂੰ ਆਉਣੀ ਹੁੰਦੀ ਹੈ। ਉਹ ਵੀ ਜੇ ‘ਰੱਬ ਸੁੱਖ ਰੱਖੇ’ ਅਤੇ ਸੋਕਿਆਂ ਤੋਂ ਤੇ ਝੱਖੜਾਂ ਤੋਂ, ਹੜ੍ਹਾਂ ਤੋਂ ਤੇ ਰੋਗਾਂ ਤੋਂ ਫਸਲ ਦਾ ਬਚਾਉ ਹੋ ਜਾਵੇ। ਮੁਲਾਜ਼ਮ ਦੀ ਤਨਖ਼ਾਹ ਨੂੰ ਜੱਟ ਬੱਝਵੀਂ ਆਮਦਨ ਕਹਿੰਦੇ ਹਨ ਜੋ ਚੜ੍ਹੇ ਮਹੀਨੇ, ਰੱਬ ਸੁੱਖ ਰੱਖੇ ਜਾਂ ਨਾ, ਆ ਹੀ ਜਾਂਦੀ ਹੈ।
ਤੇ ਉਹ ਉਹਦੀ ਰਹਿਣੀ-ਬਹਿਣੀ ਦੇ ਭਰਮ-ਭੁਲੇਖੇ ਵਿਚ ਆ ਕੇ ਸੋਚਦੇ, ਪੈਸੇ ਮੰਗਣ ਵਿਚ ਕੀ ਹਰਜ ਹੈ। ਮਿਲ ਗਏ ਤਾਂ ਠੀਕ ਹੈ, ਨਹੀਂ ਤਾਂ ਇਨਕਾਰ ਕਰਨ ਵਾਲਾ ਆਪੇ ਸ਼ਰਮਿੰਦਾ ਹੋਵੇਗਾ। ਕਿਸੇ ਰਿਸ਼ਤੇਦਾਰ ਨੇ ਪੁਰਾਣਾ ਟਰੈਕਟਰ ਵੇਚ ਕੇ ਨਵਾਂ ਖਰੀਦਣਾ ਹੁੰਦਾ। ਕਿਸੇ ਰਿਸ਼ਤੇਦਾਰ ਦੀ ਸਲਾਹ ਇਕ ਹੋਰ ਟਿਊਬਵੈਲ ਲਾਉਣ ਦੀ ਹੁੰਦੀ। ਕਿਸੇ ਰਿਸ਼ਤੇਦਾਰ ਨੇ ਕੁੜੀ ਜਾਂ ਮੁੰਡੇ ਦਾ ਵਿਆਹ ਕਰਨਾ ਹੁੰਦਾ। ਜਦੋਂ ਉਹ ਮਜਬੂਰੀ ਪ੍ਰਗਟਾਉਂਦਾ, ਰਿਸ਼ਤੇਦਾਰ ਮੂੰਹ ਵੱਟ ਕੇ ਤੁਰ ਜਾਂਦੇ ਅਤੇ ਫੇਰ ਇਕ-ਦੂਜੇ ਕੋਲ ਉਹਨੂੰ ਨਿੰਦਦੇ ਰਹਿੰਦੇ।
ਇਕ ਵਾਰ ਇਕ ਰਿਸ਼ਤੇਦਾਰ ਉਸ ਤੋਂ ਬਲਦ ਖਰੀਦਣ ਲਈ ਪੈਸੇ ਲੈਣ ਆਇਆ ਸੀ। ਉਹਦੇ ਮਜਬੂਰੀ ਪ੍ਰਗਟਾਉਣ ਉਤੇ ਉਹ ਫਰਿਜ਼ ਵੱਲ ਹੱਥ ਕਰਦਿਆਂ ਸ਼ਬਦਾਂ ਵਿਚ ਕੁੜਿੱਤਣ ਭਰ ਕੇ ਬੋਲਿਆ ਸੀ, “ਤੂੰ ਆਹ ਪਾਣੀ ਠੰਢਾ ਕਰਨ ਵਾਲੀ ਮਸ਼ੀਨ ਉਤੇ ਤਾਂ ਥੱਬਾ ਨੋਟਾਂ ਦਾ ਫੂਕ ਸਕਦਾ ਹੈਂ…ਪਾਣੀ ਤਾਂ ਤੌੜੇ ਵਿਚ ਵੀ ਠੰਢਾ ਹੋ ਜਾਂਦਾ ਹੈ, ਪਰ ਔਖੇ ਵੇਲੇ ਰਿਸ਼ਤੇਦਾਰ ਦੀ ਮੱਦਦ ਕਰਨ ਲਈ ਤੇਰੇ ਕੋਲ ਪੈਸਾ ਹੈ ਨਹੀਂ।”
ਪਰ ਬੇਲਾਗ ਮੋਹ ਮਰਿਆ-ਮੁੱਕਿਆ ਤਾਂ ਨਹੀਂ ਸੀ। ਭੂਆ ਦਾ ਸੁਨੇਹਾ ਸੁਣ ਕੇ ਉਹ ਜਜ਼ਬਾਤੀ ਹੋ ਗਿਆ ਤੇ ਉਹਦੀਆਂ ਅੱਖਾਂ ਵਹਿਣਾਂ ਵਿਚ ਵਹਿ ਕੇ ਸਿੱਲ੍ਹੀਆਂ ਹੋ ਗਈਆਂ। ਉਹਨੇ ਸਿੱਧਾ ਭੂਆ ਕੋਲ ਜਾਣ ਅਤੇ ਬਿਨਾ ਹੋਰ ਕਿਸੇ ਨੂੰ ਮਿਲਿਆਂ, ਉਥੋਂ ਹੀ ਪਰਤ ਆਉਣ ਦਾ ਮਨ ਬਣਾਇਆ। ਉਹਨੂੰ ਨਿਰਾਰਥਕ ਜਿਹੀ ਕਾਹਲ ਲੱਗ ਗਈ, ਕਿਤੇ ਭੂਆ ਉਹਦੇ ਜਾਣ ਤੋਂ ਪਹਿਲਾਂ ਹੀ ਨਾ ਚਲਦੀ ਬਣੇ। ਉਹਨੂੰ ਬੇਥ੍ਹਵਾ ਜਿਹਾ ਖਿਆਲ ਆਉਂਦਾ, ਜਿਵੇਂ ਭੂਆ ਮੰਜੀ ਉਤੇ ਨਿਢਾਲ ਪਈ ਹੋਵੇ ਤੇ ਮੁਸ਼ਕਲ ਨਾਲ ਅੱਖਾਂ ਖੋਲ੍ਹ ਕੇ ਪੁੱਛ ਰਹੀ ਹੋਵੇ, “ਆਇਆ ਨਹੀਂ ਮੇਰਾ ਭਤੀਜਾ, ਮੇਰਾ ਬਚੜਾ?”
ਤੇ ਰੱਬ ਦਾ ਸ਼ੁਕਰ ਸੀ ਕਿ ਜਦੋਂ ਉਹ ਪੁੱਜੇ, ਭੂਆ ਵਿਹੜੇ ਵਿਚ ਟਾਹਲੀ ਹੇਠ ਬੈਠੀ ਸੂਤ ਦੀ ਅੱਟੀ ਕਰ ਰਹੀ ਸੀ। ਉਹਨੂੰ ਜਿਵੇਂ ਕੁਝ ਗੁਆਚਿਆ ਲੱਭ ਪਿਆ। ਆਵਾਜ਼ਾਂ ਮਾਰ-ਮਾਰ ਉਹ ਆਪਣੀ ਨੂੰਹ ਅਤੇ ਪੋਤੇ-ਪੋਤੀਆਂ ਨੂੰ ਬੁਲਾਉਣ ਲੱਗੀ। ਹੌਲੀ-ਹੌਲੀ ਸਾਰੇ ਇਕੱਠੇ ਹੋ ਗਏ। ਬਾਈ ਕਿਸੇ ਕੰਮ ਸਹੁਰੀਂ ਗਿਆ ਹੋਇਆ ਸੀ। ਉਹ ਭੂਆ ਕੋਲ ਟਾਹਲੀ ਹੇਠ ਹੀ ਬੈਠ ਗਏ। ਭੂਆ ਉਨ੍ਹਾਂ ਵਿਚੋਂ ਇਕ ਨੂੰ ਫੜਦੀ ਅਤੇ ਕਾਲਜੇ ਨਾਲ ਘੁੱਟ ਲੈਂਦੀ। ਉਹਨੂੰ ਬੁੱਕਲ ਵਿਚੋਂ ਕੱਢਦੀ ਤਾਂ ਦੂਜੇ ਨੂੰ ਫੜ ਕੇ ਹਿੱਕ ਨਾਲ ਲਾ ਲੈਂਦੀ। ਮਿੱਠੀ-ਮਿੱਠੀ ਰੁੱਤ ਸੀ। ਨਾ ਸਰਦੀ, ਨਾ ਗਰਮੀ; ਪਰ ਛਾਂਵੇਂ ਬੈਠਿਆਂ ਆਨੰਦ ਆਉਂਦਾ। ਧੁੱਪ ਪਿੰਡੇ ਨੂੰ ਕੁਝ-ਕੁਝ ਚੁਭਣ ਲੱਗੀ ਸੀ।
ਭੂਆ ਨੇ ਖੇਤ ਵਿਚ ਕੋਠੀ ਵਰਗਾ ਘਰ ਪਾਇਆ ਹੋਇਆ ਸੀ। ਲੰਮੀ ਚੌੜੀ ਨੀਵੀਂ-ਨੀਵੀਂ ਚਾਰ-ਦੀਵਾਰੀ ਵਾਲਾ ਮੋਕਲਾ ਵਿਹੜਾ ਸੀ। ਚਾਰ ਦੀਵਾਰੀ ਤੋਂ ਬਾਹਰ ਇਕ ਪਾਸੇ ਟਿਊਬਵੈਲ ਸੀ ਜੀਹਦੇ ਕੋਲ ਟਰੈਕਟਰ ਖਲੋਤਾ ਹੋਇਆ ਸੀ। ਤੇ ਅੱਗੇ ਭੂਆ ਦੇ ਖੇਤ ਵਿਛੇ ਹੋਏ ਸਨ।
ਬੱਚੇ ਕੁਝ ਪਲ ਟਿਕੇ ਬੈਠੇ ਰਹੇ ਅਤੇ ਫੇਰ ਖੇਤਾਂ ਵੱਲ ਭੱਜ ਗਏ। ਭੂਆ ਦੇ ਪੋਤੇ-ਪੋਤੀਆਂ ਉਨ੍ਹਾਂ ਨੂੰ ਕਣਕ ਦੀਆਂ ਅਧ-ਪੱਕੀਆਂ ਬੱਲੀਆਂ ਮਲ-ਮਲ ਕੇ ਦੇ ਰਹੇ ਸਨ। ਫਿਰ ਉਹ ਛੋਲਿਆਂ ਦੇ ਕੁਝ ਅਧ-ਸੁੱਕੇ ਬੂਟੇ ਭਾਲ ਕੇ ਹੋਲਾਂ ਕਰਨ ਲੱਗ ਪਏ।
ਉਹਦੀ ਪਤਨੀ ਨੇ ਰੇਤੇ ਵਿਚ ਲਿੱਬੜਦੇ ਬੱਚਿਆਂ ਨੂੰ ਝਿੜਕਿਆ ਤਾਂ ਉਹਨੇ ਉਹ ਵਰਜ ਦਿੱਤੀ, “ਕਰਨ ਦੇ ਮੌਜ। ਕਿੰਨੀ ਵਧੀਆ ਰੁੱਤ ਹੈ। ਚਾਰ-ਚੁਫੇਰੇ ਸੁਰਗ ਹੀ ਸੁਰਗ। ਪੜ੍ਹਾਈ ਦੀ ਚਿੰਤਾ ਭੁੱਲ ਜਾਣ ਦੇ ਦੋ ਦਿਨ।”
ਭੂਆ ਨੇ ਨੂੰਹ ਨੂੰ ਰੋਟੀ ਲਈ ਗੁੜ ਘੋਲਣ ਅਤੇ ਆਟੇ ਵਿਚ ਘਿਉ ਝੱਸਣ ਵਾਸਤੇ ਕਿਹਾ ਅਤੇ ਉਨ੍ਹਾਂ ਨੂੰ ਨ੍ਹਾਉਣ ਧੋਣ ਲਾ ਕੇ ਆਪ ਉਹ ਠੰਢੇ-ਠੰਢੇ ਕੁਝ ਦਿਨ ਪਹਿਲਾਂ ਵੱਢੀ ਗਈ ਸਰ੍ਹੋਂ ਦੇ ਕਰਚਿਆਂ ਉਤੇ ਫੁੱਟੀਆਂ ਨਿੱਕੀਆਂ ਨਿੱਕੀਆਂ ਗੰਦਲਾਂ ਦਾ ਸਾਗ ਆਥਣ ਦੀ ਰੋਟੀ ਲਈ ਤੋੜਨ ਵਿਚ ਰੁੱਝ ਗਈ।
ਮਿੱਠੀਆਂ ਰੋਟੀਆਂ ਦਾ ਉਹੋ ਭੂਆ ਵਾਲਾ ਸਵਾਦ! ਲਗਦਾ ਸੀ, ਉਹਨੇ ਆਪਣੀ ਕਲਾ ਨੂੰਹ ਨੂੰ ਸਿਖਾ ਦਿੱਤੀ ਸੀ। ਅਗਲੀ ਸਵੇਰ ਬੱਚੇ ਫਿਰ ਖੇਤਾਂ ਵੱਲ ਭੱਜ ਗਏ। ਉਹਦੀ ਪਤਨੀ ਉਨ੍ਹਾਂ ਦੇ ਕੱਲ੍ਹ ਦੇ ਮੈਲੇ ਕੀਤੇ ਹੋਏ ਕੱਪੜੇ ਧੋ ਰਹੀ ਸੀ। ਭਾਬੀ ਨੇ ਉਹਦੇ ਹੱਥੋਂ ਕੱਪੜੇ ਖੋਹੇ ਵੀ ਸਨ, ਪਰ ਉਹ ਉਹਨੂੰ ਨਾਸ਼ਤਾ ਬਣਾਉਣ ਲਈ ਕਹਿ ਕੇ ਆਪੇ ਕੱਪੜੇ ਧੋਣ ਲੱਗ ਪਈ ਸੀ। ਭੂਆ ਅਤੇ ਉਹ ਟਾਹਲੀ ਹੇਠ ਬੈਠੇ ਗੱਲਾਂ ਕਰ ਰਹੇ ਸਨ। ਉਹਦੀ ਪਤਨੀ ਇਕ ਦੋ ਕੱਪੜੇ ਧੋ ਨਚੋੜ ਕੇ ਵਿਹੜੇ ਵਿਚ ਬੰਨ੍ਹੀ ਰੱਸੀ ਉਤੇ ਸੁੱਕਣੇ ਪਾਉਣ ਆਉਂਦੀ ਅਤੇ ਫੇਰ ਬਾਕੀ ਕੱਪੜੇ ਧੋਣ ਜਾ ਲਗਦੀ।
ਉਹਦੀ ਪਤਨੀ ਉਹਨੂੰ ਖ਼ੁਸ਼ ਦੇਖ ਕੇ ਖ਼ੁਸ਼ ਸੀ। ਬੱਚੇ ਮਿੱਟੀ ਵਿਚ ਖੇਡ ਕੇ ਖ਼ੁਸ਼ ਹੋ ਰਹੇ ਸਨ ਅਤੇ ਕਿਲਕਾਰੀਆਂ ਮਾਰ ਰਹੇ ਸਨ। ਉਹ ਦਫ਼ਤਰ ਦੀਆਂ ਫਾਈਲਾਂ ਭੁੱਲ ਕੇ ਬੜਾ ਸੰਤੁਸ਼ਟ ਸੀ।
ਸਾਰੇ ਪਰਿਵਾਰ ਨੂੰ ਉਨ੍ਹਾਂ ਦੇ ਆਉਣ ਦਾ ਚਾਅ ਸੀ, ਪਰ ਭੂਆ ਨੂੰ ਤਾਂ ਬਹੁਤਾ ਹੀ ਸੀ। ਉਹਨੂੰ ਤਸੱਲੀ ਸੀ ਕਿ ਉਹਦਾ ਭਤੀਜਾ ਪਹਿਲੇ ਸੁਨੇਹੇ ਉਤੇ ਹੀ ਸਭ ਕੰਮ ਛੱਡ ਕੇ ਉਹਨੂੰ ਮਿਲਣ ਆ ਗਿਆ ਸੀ। ਨਹੀਂ ਤਾਂ ਅੱਜਕੱਲ੍ਹ ਦੇ ਜ਼ਮਾਨੇ ਵਿਚ ਕਿਥੇ ਰਹਿ ਗਏ ਹਨ ਮੋਹ-ਪਿਆਰ। ਭੂਆ ਉਹਨੂੰ ਮੁਰੱਬਾਬੰਦੀ ਤੋਂ ਮਗਰੋਂ ਬਣੇ ਖੇਤ ਦੀਆਂ ਹੱਦਾਂ ਬਾਰੇ ਦੱਸਣ ਲੱਗੀ। ਚੜ੍ਹਦੇ ਪਾਸੇ ਜਿਸ ਰਾਹ ਉਹ ਆਏ ਸਨ, ਖੇਤ ਉਹਦੇ ਨਾਲ ਜਾ ਲਗਦਾ ਸੀ। ਦੱਖਣ ਵਾਲੇ ਪਾਸੇ ਛੁਹਾਰੇ ਬੇਰਾਂ ਵਾਲੀ ਬੇਰੀ ਹੁਣ ਹੱਦ ਉਤੇ ਆ ਗਈ ਸੀ ਜੀਹਦੇ ਬੇਰ ਛੋਟਾ ਹੁੰਦਾ ਉਹ ਬੜਾ ਸੁਆਦ ਲੈ-ਲੈ ਖਾਂਦਾ ਹੁੰਦਾ ਸੀ। ਉਤਰ ਵਾਲੇ ਪਾਸੇ ਭੂਆ ਦਾ ਮੁਰੱਬਾ ਕੱਸੀ ਤੱਕ ਫੈਲਿਆ ਹੋਇਆ ਸੀ। ਤੇ ਛਿਪਦੇ ਵੱਲ ਦੀ ਬਾਹੀ ਉਤੇ ਉਚੇ ਲੰਮੇ ਸਫੈਦਿਆਂ ਦੀ ਲੰਮੀ ਪਾਲ ਲੱਗੀ ਹੋਈ ਸੀ। ਮੁਰੱਬਾਬੰਦੀ ਵਿਚ ਹੋਰ ਖੇਤਾਂ ਦੇ ਬਦਲੇ ਇਸ ਖੇਤ ਨਾਲ ਜੁੜੀ ਜ਼ਮੀਨ ਕੁਝ ਨਿਤਾਣੀ ਵੀ ਸੀ ਅਤੇ ਉਚੀ ਨੀਵੀਂ ਵੀ, ਪਰ ਬਾਈ ਨੇ ਭਰਵੀਂ ਖਾਦ ਪਾ ਕੇ ਅਤੇ ਮਿਹਨਤ ਨਾਲ ਕਰਾਹੇ ਲਾ ਕੇ ਉਹ ਜ਼ਮੀਨ ਵੀ ਆਪਣੀ ਜ਼ਮੀਨ ਵਰਗੀ ਹੀ ਵਧੀਆ ਬਣਾ ਲਈ ਸੀ। ਹੁਣ ਸਾਰੀ ਜ਼ਮੀਨ ਵਿਚ ਇਕੋ ਜਿਹੀ ਭਰਪੂਰ ਫਸਲ ਜੰਮਦੀ ਅਤੇ ਭੋਇੰ ਪੱਧਰੀ ਏਨੀ ਸੀ ਕਿ ਇਕ ਸਿਰੇ ਪਾਣੀ ਦੀ ਬਾਲਟੀ ਡੋਲ੍ਹ ਦਿਓ, ਉਹ ਵਗ ਕੇ ਦੂਜੇ ਸਿਰੇ ਜਾ ਲੱਗੇ।
ਤੇ ਫੇਰ ਭੂਆ ਨੇ ਦੱਸਿਆ ਕਿ ਸਫੈਦਿਆਂ ਦੇ ਪਰਲੇ ਪਾਸੇ ਕਿਸੇ ਦੀ ਪੰਜ ਘੁਮਾਂ ਜ਼ਮੀਨ ਸੀ। ਬੜੀ ਨਰੋਈ ਧਰਤੀ, ਸੋਨਾ ਪੈਦਾ ਕਰਨ ਵਾਲੀ ਤੇ ਆਪਣੇ ਖੇਤ ਦੇ ਏਨੀ ਬਰਾਬਰ ਦੀ ਪੱਧਰੀ, ਜਿਵੇਂ ਇਹਦਾ ਹੀ ਟੋਟਾ ਹੋਵੇ। ਤੇ ਹੁਣ ਉਹ ਵਿਕ ਰਹੀ ਸੀ। ਭਾਅ ਤਾਂ ਜ਼ਮੀਨ ਦਾ ਬਹੁਤ ਚੜ੍ਹ ਚੁੱਕਿਆ ਸੀ, ਪਰ ਉਹ ਸਸਤੀ ਹੀ ਬਣ ਜਾਣੀ ਸੀ। ਮਾਲਕ ਲੋੜਵੰਦ ਹੋਣ ਕਰਕੇ ਬਣ ਤਾਂ ਹੋਰ ਵੀ ਸਸਤੀ ਜਾਂਦੀ ਪਰ ਇਕ-ਦੋ ਗਾਹਕ ਹੋਰ ਖੜ੍ਹੇ ਹੋ ਗਏ ਜਿਸ ਕਰਕੇ ਭਾਅ ਵਧ ਗਿਆ। ਫੇਰ ਵੀ ਉਹ ਨਾਲ ਲਗਦੀ ਹੋਣ ਕਰਕੇ ਮਹਿੰਗੀ ਨਹੀਂ ਸੀ। ਅੰਤ ਵਿਚ ਭੂਆ ਨੇ ਤੋੜਾ ਝਾੜਿਆ, “ਕੁਛ ਤਾਂ ਭਾਈ, ਹਾੜ੍ਹੀ ਵੇਚ ਕੇ ਪੈਸੇ ਘਰੇ ਹੀ ਹੋ ਜਾਣਗੇ, ਕੁਛ ਇਧਰੋਂ-ਉਧਰੋਂ ਹੋਰ ਪ੍ਰਬੰਧ ਹੋ ਜਾਊ। ਬਾਕੀ ਰੁਪੱਈਆ ਕਾਕਾ ਤੂੰ ਦੇਹ ਆਬਦੇ ਬਾਈ ਨੂੰ। ਆਪਾਂ ਇਹ ਭੋਇੰ ਕਿਸੇ ਹੀਲੇ ਵੀ ਛੱਡਣੀ ਨਹੀਂ, ਪੈਸੇ ਤੇਰੇ ਛੇਤੀ ਹੀ ਮੁੜ ਆਉਣਗੇ।”
ਉਹਨੇ ਇਕ ਬਿੰਦ ਅਵਾਕ ਹੋ ਕੇ ਭੂਆ ਵੱਲ ਦੇਖਿਆ ਅਤੇ ਫੇਰ ਡੱਕੇ ਨਾਲ ਮਿੱਟੀ ਖੁਰਚਦਾ ਹੋਇਆ ਉਹ ਉਖੜਿਆ-ਉਖੜਿਆ ਜਿਹਾ ਉਤਰ ਦੇਣ ਲੱਗ ਪਿਆ, ਜੀਹਤੋਂ ਨਾ ਉਹਦੀ ਨਾਂਹ ਸਪੱਸ਼ਟ ਹੁੰਦੀ ਸੀ ਅਤੇ ਨਾ ਉਹਦੀ ਹਾਂ ਦਾ ਹੀ ਪਤਾ ਲਗਦਾ ਸੀ। ਸਿੱਧੀ ਨਾਂਹ ਕਰਨੀ ਉਹਨੂੰ ਬਹੁਤ ਔਖੀ ਲੱਗ ਰਹੀ ਸੀ ਅਤੇ ਹਾਂ ਕਰਨ ਦੀ ਉਸ ਵਿਚ ਉੱਕਾ ਹੀ ਪੁੱਜਤ ਨਹੀਂ ਸੀ।
ਉਹਦੀ ਪਤਨੀ ਕੱਪੜੇ ਧੋਣ ਮਗਰੋਂ ਨ੍ਹਾ ਕੇ ਤੌਲੀਆ ਸੁੱਕਣਾ ਪਾ ਰਹੀ ਸੀ। ਬੱਚੇ ਚਾਂਭਲੇ ਹੋਏ ਬਾਹਰੋਂ ਭੱਜੇ-ਭੱਜੇ ਆਏ। ਉਹ ਮੱਥੇ ਉਤੇ ਤਿਊੜੀ ਪਾ ਕੇ ਬੋਲਿਆ, “ਹੇ ਖਾਂ, ਕਿਵੇਂ ਭੂਤ ਬਣੇ ਨੇ ਲਿੱਬੜ ਕੇ।” ਤੇ ਉਹਨੇ ਆਪਣੀ ਪਤਨੀ ਨੂੰ ਉਨ੍ਹਾਂ ਨੂੰ ਨਵ੍ਹਾ ਕੇ ਤਿਆਰ ਕਰਨ ਲਈ ਕਿਹਾ ਤਾਂ ਜੋ ਠੰਢੇ-ਠੰਢੇ ਤੁਰਿਆ ਜਾ ਸਕੇ। ਕੱਪੜੇ ਰੋਟੀ ਖਾਂਦਿਆਂ-ਖਾਂਦਿਆਂ ਸੁੱਕੇ ਜਾਣੇ ਸਨ। ਭੂਆ ਬੋਲੀ, “ਅੱਜ ਹੀ ਜਾਉਂਗੇ? ਨਾ ਪੁੱਤਰ, ਅੱਜ ਤਾਂ ਨਹੀਂ ਅਸੀਂ ਜਾਣ ਦਿੰਦੇ। ਨਾਲੇ ਆਥਣ ਤਾਈਂ ਜਰਨੈਲ ਸਿਉਂ ਸਹੁਰਿਆਂ ਤੋਂ ਮੁੜ ਆਊ। ਉਹਨੂੰ ਮਿਲੇ ਬਿਨਾ ਥੋੜ੍ਹੇ ਚਲੇ ਜਾਉਂਗੇ।” ਰਸੋਈ ਵਿਚ ਬੈਠੀ ਭਾਬੀ ਭੂਆ ਦੀ ਹਾਂ ਵਿਚ ਹਾਂ ਮਿਲਾ ਰਹੀ ਸੀ।
ਉਹ ਬੋਲਿਆ, “ਨੌਕਰੀ ਵਿਚ ਏਨੀ ਵਿਹਲ ਕਿੱਥੇ? ਨੌਕਰੀ ਨੂੰ ਇਸੇ ਕਰਕੇ ਤਾਂ ਨਖਿੱਧ ਕਹਿੰਦੇ ਨੇ। ਨਾ ਆਉਣ ਆਪਣੇ ਹੱਥ, ਨਾ ਮੁੜਨਾ ਆਪਣੇ ਹੱਥ।…ਫੇਰ ਕਿਤੇ ਲੰਮੀ ਛੁੱਟੀ ਆਵਾਂਗੇ।”
ਉਹਦੀ ਪਤਨੀ ਨੁਅ੍ਹਾਉਣ ਲਈ ਵੱਡੇ ਮੁੰਡੇ ਦੇ ਕੱਪੜੇ ਉਤਾਰਦਿਆਂ ਅਬੋਲ ਉਸ ਵੱਲ ਸਵਾਲੀਆ ਨਜ਼ਰਾਂ ਨਾਲ ਦੇਖਦੀ ਰਹੀ। ਤਿਆਰ ਹੋ ਕੇ ਉਹ ਪਰੌਂਠੇ ਖਾਣ ਲੱਗੇ। ਸੁਵਖਤਾ ਹੋਣ ਕਰ ਕੇ ਭੁੱਖ ਵੀ ਨਹੀਂ ਸੀ ਅਤੇ ਆਟੇ ਵਿਚ ਵੀ ਕੁਝ ਕਿਰਕ ਜਿਹੀ ਲਗਦੀ ਸੀ। ਇਕ ਪਰੌਂਠਾ ਖਾ ਕੇ ਹੀ ਉਹਦੀ ਬੱਸ ਹੋ ਗਈ। ਕੱਪੜੇ ਟੋਹੇ। ਸੁੱਕੇ ਤਾਂ ਨਹੀਂ ਸਨ, ਪਰ ਸੁੱਕਿਆਂ ਵਰਗੇ ਹੋਏ ਪਏ ਸਨ। ਉਹ ਕਮਰੇ ਵਿਚ ਜਾ ਕੇ ਸਾਮਾਨ ਠੀਕ ਕਰਨ ਲੱਗਿਆ। ਉਹਦੀ ਪਤਨੀ ਨੇ ਰੱਸੀ ਤੋਂ ਲਾਹੇ ਕੱਪੜੇ ਪਲੰਘ ਉਤੇ ਲਿਆ ਢੇਰੀ ਕੀਤੇ।
ਉਹਨੇ ਉਹਦੀ ਆਦਤ ਜਾਣਦਿਆਂ ਇਸ ਸਮੇਂ ਕੁਝ ਵੀ ਪੁੱਛਣਾ ਬੇਲੋੜਾ ਸਮਝਿਆ ਅਤੇ ਚੁੱਪ ਹੋ ਰਹੀ। ਉਹ ਕੱਪੜੇ ਤਹਿ ਕਰਨ ਲੱਗੀ, ਜਦੋਂ ਉਹ ਤਹਿ ਕੀਤੇ ਕੱਪੜੇ ਅਟੈਚੀ ਵਿਚ ਪਾਉਣ ਲੱਗਿਆ ਤਾਂ ਪਤਨੀ ਨੇ ਹੇਠੋਂ ਬੂਟੀਆਂ ਵਾਲਾ ਸੂਟ ਕੱਢ ਲਿਆ ਜੀਹਨੂੰ ਉਹ ਭੁੱਲ ਗਿਆ ਲਗਦਾ ਸੀ।
“ਪਿਆ ਰਹਿਣ ਦੇ ਵਿਚੇ…”, ਉਹ ਨੀਰਸ ਜਿਹੀ ਆਵਾਜ਼ ਵਿਚ ਬੋਲਿਆ। ਅਬੋਲ ਪਤਨੀ ਦੀਆਂ ਅੱਖਾਂ ਵਿਚ ਲਟਕਦੇ ਸਵਾਲ ਦੇ ਜਵਾਬ ਵਿਚ ਉਹਨੇ ਕਿਹਾ, “ਰੱਖ ਦੇ ਇਹਨੂੰ ਵਿਚੇ ਹੀ…ਦੇਖੀ ਜਾਊ ਫੇਰ ਕਦੇ!”
ਉਹ ਕਾਹਲੀ-ਕਾਹਲੀ ਕੱਪੜੇ ਅਟੈਚੀ ਵਿਚ ਪਾ ਰਿਹਾ ਸੀ ਅਤੇ ਨਿੱਕੀ ਬੂਟੀ ਦਾ ਸੂਟ ਉਹਦੀ ਪਤਨੀ ਦੇ ਹੱਥਾਂ ਵਿਚ ਕੰਬ ਰਿਹਾ ਸੀ।

About Rajinderpal Sandhu

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar