ਜੀ ਆਇਆਂ ਨੂੰ
You are here: Home >> Lekhak ਲੇਖਕ >> Gurdial Singh ਗੁਰਦਿਆਲ ਸਿੰਘ >> ਸੱਗੀ ਫੁੱਲ/Saggi Phull

ਸੱਗੀ ਫੁੱਲ/Saggi Phull

ਜਦੋਂ ਦੀ ਈਸਰ ਦੀ ਭੈਣ ਮੁੰਡੇ ਦੇ ਵਿਆਹ ਦੀ ਭੇਲੀ ਦੇ ਕੇ ਗਈ ਸੀ, ਮੁਨੋ ਨੇ ਓਦੋਂ ਦਾ ਈ ਰੱਟਾ ਪਾਇਆ ਹੋਇਆ ਸੀ। ਆਥਣ-ਉਗਣ ਓਹੋ ਗੱਲ ਛੇੜੀ ਰਖਦੀ। ਪਰ ਈਸਰ ਅਜੇ ਤਾਈਂ ਆਪਣੀ ਅੜੀ ਫੜੀ ਬੈਠਾ ਸੀ। ਓਹ ਗ਼ਰੀਬੀ-ਦਾਵੇ ਵਾਲ ਕੰਮ ਕਰਕੇ ਡੰਗ ਸਾਰਨਾ ਚਾਹੁੰਦਾ ਸੀ। ਪਰ ਮੁਨੋ ਕਹਿੰਦੀ ਸੀ, “ਜਾਣੈ ਤਾਂ ਗੱਜਵੱਜ ਕੇ ਜਾਣੈਂ ਨਹੀਂ ਤਾਂ ਸਰੀਕਾਂ ਤੋਂ ਨੱਕ ਵਢੌਣ ਨਾਲੋਂ ਚੁੱਪ ਈ ਚੰਗੀ।”
ਆਥਣੇ ਜਦੋਂ ਈਸਰ ਹਲ ਛਡ ਕੇ ਆਇਆ ਤਾਂ ਮੁਨੋ ਨੇ ਫੇਰ ਰੇੜਕਾ ਪਾ ਲਿਆ। “ਅਜ ਬਚਨੀ ਦੀ ਬੇਬੇ ਆਈ ਸੀ,” ਉਸ ਈਸਰ ਕੋਲ ਗੱਲ ਛੇੜੀ। “ਉਹ ਜਿਹੜੀਆਂ ਦੱਸ ਕੇ ਗਈ ਐ ਸੁਣ ਕੇ ਕਾਲਜਾ ਮੱਚ ਗਿਆ। ਕਹਿੰਦੀ, ਤੇਰੀ ਜਠਾਣੀ ਪਿੰਡ ‘ਚ ਗੁੱਡਾ ਬੰਨ੍ਹੀ ਫਿਰਦੀ ਐ। ਕਹਿੰਦੀ, ਅੱਡ ਹੋਣ ਵੇਲੇ ਤਾਂ ਦੋਵੇਂ ਤੀਵੀਂ-ਮਾਲਕ ਦੁੰਬ ਚੱਕੀ ਫਿਰਦੇ ਸੀ – ਜੈਦਾਤ ਜੋ ਵੰਡੌਣੀ ਸੀ, ਪਤਾ ਤਾਂ ਹੁਣ ਲਗੂ ਜਦੋਂ ਬਰਾਬਰ ਝੁੱਗਾ ਲਟੌਣਾ ਪਿਆ। ਦੇਖੂੰ ਨਾ ਹੁਣ ਕਿਹੜੇ ਤੱਗੇ ਕਰਾ ਕੇ ਲੈ ਜਾਂਦੇ ਐ। ਮੈਂ ਵੀ ਪਾਲੇ ਦੀ ਧੀ ਨ੍ਹੀਂ ਜੇ ਸੱਗੇ-ਰਤਿਆਂ ‘ਚ ਇਨ੍ਹਾਂ ਦਾ ਸੂੰਡਕਾ ਨੀਵਾਂ ਨਾ ਕੀਤਾ ਤਾਂ, ਸਾਡੀ ਛਪਰੀ ਤੇ ਭਾਵੇਂ ਕੱਖ ਨਾ ਰਹੇ।”
ਪਰ ਈਸਰ ਨੇ ਉਹਦੀ ਗੱਲ ਦਾ ਕੋਈ ਮੋੜ ਨਾ ਦਿੱਤਾ। ਕੁਝ ਤਾਂ ਸਾਰੇ ਦਿਨ ਦੇ ਥਕੇਵੇਂ ਨਾਲ ਉਹਦੇ ਹੱਡ ਚਸਕੀ ਜਾਂਦੇ ਸਨ, ਉਤੋਂ ਕੌੜੀਆਂ-ਕੁਸੈਲੀਆਂ ਸੁਣ ਕੇ ਚਿੱਤ ਹੋਰ ਭੈੜਾ ਪੈ ਗਿਆ।
“ਇਹ ਤਾਂ ਹੂਲ੍ਹਾ ਫੱਕਣਾ ਈ ਪਊ”, ਮੁਨੋ ਲੇ ਗੱਲ ਉਸ ਪਾਸੇ ਮੋੜ ਲਈ।
“ਜੇ ਮਾੜਾ ਮੋਟਾ ਵੀ ਹੱਥ ਘੁੱਟ ਲਿਆ ਤਾਂ ਏਸ ਕਲ-ਮੂੰਹੀਂ ਨੇ ਸਾਰੀ ਉਮਰ ਮੈਨੂੰ ਨ੍ਹੈਣ ਕੇ ਮਾਰ ਦੇਣੈਂ। ਕੌਲ੍ਹੇ ਨਾਲ ਚੁਲ੍ਹੈ, ਚੱਤੋ ਪਹਿਰ ਆਰਾਂ ਲਾਇਆ ਕਰੂ। ਓਧਰੋਂ ਤੇਰੀ ਭੈਣ ਵਨੀਓਂ ਵੀ ਡਰ ਲੱਗਦੈ। ਕੁਸ਼ ਉਹਦਾ ਸਭਾ ਖਰ੍ਹਵੈ, ਕੁਸ਼ ਇਹੋ ਜਿਹਾਂ ਦੀ ਸਿਖੀ-ਸਖਾਈ ਉਹ ਹੋਰ ਦੀਆਂ ਹੋਰ ਬਣਾ ਲੂ। ਉਹਨੇ ਆਖਣੈਂ, ਚਾਰ ਛਿਲੜ ਲੌਣ ਦੇ ਮਾਰੇ ਘੇਸਲ ਵਟ ਗਏ। ਊਂ ਵੀ ਪਹਿਲਾ ਸਾਹੈ। ਲੈਣ-ਦੇਣ ਜੱਗ ਤੇ ਬਣਿਆ ਆਇਐ। ਜਿਨ੍ਹਾਂ ਦੇ ਡੰਗ ਨੀਂ ਪਕਦੀ ਏਹੋ ਜੇ ਮੌਕੇ ਤਾਂ ਉਹ ਵੀ ਭੈਣ-ਭਰਾਵਾਂ ਤੋਂ ਮਗਰ ਨੀਂ ਰਹਿੰਦੇ।”
ਮੁਨੋ ਕਿੰਨਾ ਚਿਰ ਬੋਲਦੀ ਰਹੀ। ਈਸਰ ਚੁੱਪ ਕੀਤਾ ਸੁਣਦਾ ਰਿਹਾ। ਉਹਨੂੰ ਕਿਸੇ ਗੱਲ ਦਾ ਜੁਆਬ ਨਹੀਂ ਸੀ ਔੜ੍ਹ ਰਿਹਾ। ਉਹ ਸੋਚੀਂ ਪਿਆ, ਸਿਰ ਫੜੀ ਖੁਰਲੀ ਉਤੇ ਬੈਠਾ ਰਿਹਾ।
ਮੁਨੋ ਤੋਂ ਘਰ ਦੀ ਹਾਲਤ ਗੁੱਝੀ ਨਹੀਂ ਸੀ। ਭਰਾ ਨਾਲੋਂ ਅੱਡ ਹੋਣ ਵੇਲੇ, ਈਸਰ ਦੇ ਵਿਆਹ ਲਈ ਲਏ ਕਰਜ਼ੇ ਉਤੇ, ਉਹਦਾ ਗੂਠਾ ਲੁਆ ਕੇ ਫੇਰ ਈਸਰ ਦੀ ਭਰਜਾਈ ਨੇ ਭਾਂਡੇ ਚੁੱਕਣ ਦਿੱਤੇ ਸਨ। ਪੈਲੀ ਵੀ ਅੱਧਿਓਂ ਬਹੁਤੀ ਮਾਰੂ ਦਿੱਤੀ ਸੀ। ਉਤੋਂ ਕਰਜ਼ਾ ਹੋਰ ਵਧੀ ਜਾਂਦਾ ਸੀ। ਏਸੇ ਕਰਕੇ ਹੋਰ ਕੋਈ ਵਾਧੂ ਖਰਚ ਸਹੇੜਨਾ ਉਹਨੂੰ ਅੱਡੀਆਂ ਚੁੱਕ ਕੇ ਫਾਹਾ ਲੈਣ ਵਾਲੀ ਗੱਲ ਲੱਗਦੀ ਸੀ। ਮੁਨੋ ਵੀ ਚਿੱਤੋਂ ਉਹਨੂੰ ਦੁਖੀ ਕਰਕੇ ਰਾਜ਼ੀ ਨਹੀਂ ਸੀ ਪਰ ਜਦੋਂ ਜਠਾਣੀ ਦੇ ਤਾਹਨੇ-ਮਿਹਣੇ ਸੁਣਦੀ ਤਾਂ ਉਹਦੀ ਕੋਈ ਵਾਹ ਨਾ ਜਾਂਦੀ। ਜੱਗ ਭਾਵੇਂ ਕਿਸੇ ਨਹੀਂ ਜਿੱਤਿਆ ਪਰ ਨਮੋਸ਼ੀ ਝੱਲਣੀ ਵੀ ਕਿਹੜਾ ਸੌਖੀ ਸੀ।
“ਚੰਗਾ ਫੇਰ ਐਂ ਕਰ”, ਈਸਰ ਨੂੰ ਢਿੱਲਾ ਵੇਖ ਕੇ, ਮੁਨੋ ਨੇ ਕੁਝ ਸੋਚ ਕੇ ਕਿਹਾ: “ਤੂੰ ਮੁੰਡੇ ਦੇ ਕੱਪੜੇ-ਲੀੜੇ ਬਣਵਾ ਲਿਆ, ਹੋਰ ਸਾਰਾ ਮੈਂ ਆਪੇ ਸਾਰ ਲਊਂ।” “ਆਪੇ ਸਾਰ ਲਏਂਗੀ?” ਈਸਰ ਨੇ ਹੈਰਾਨੀ ਨਾਲ ਉਹਦੇ ਮੂੰਹ ਵੱਲ ਝਾਕਦਿਆਂ ਕਿਹਾ।
“ਆਹੋ, ਮੈਂ ਆਪੇ ਸਾਰ ਲਊਂ।” ਕੁਝ ਮਾਣ ਜਿਹੇ ਨਾਲ ਮੁਨੋ ਨੇ ਅੱਗੋਂ ਜੁਆਬ ਦਿੱਤਾ ਤੇ ਉਠ ਕੇ ਆਪਣੇ ਕੰਮ ਜਾ ਲੱਗੀ।
ਈਸਰ ਏਸ ਗੁੱਝੀ ਗੱਲ ਬਾਰੇ ਖਾਸਾ ਚਿਰ ਸੋਚਦਾ ਰਿਹਾ ਪਰ ਉਹਨੂੰ ਕੋਈ ਸਮਝ ਨਾ ਆਈ। ਅਗਲੇ ਦਿਨ ਈਸਰ ਨੇ ਮੰਡੀਓਂ ਬੀ ਲੈਣ ਜਾਣਾ ਸੀ। ਜਦੋਂ ਉਹ ਤੁਰਨ ਲੱਗਿਆ ਤਾਂ ਮੁਨੋ ਨੇ ਉਹਨੂੰ ਅੰਦਰ ਸੱਦ ਲਿਆ। ਸੰਦੂਕ ਕੋਲ ਜਾ ਕੇ ਨਵੇਂ ਫੈਸ਼ਨ ਦੇ ਕਾਂਟੇ ਕਰਾ ਲਿਆਈਂ, ਜਿਹੋ ਜਿਹੇ ਹਰੋ ਨੇ ਬਹੂ ਵਾਸਤੇ ਕਰਾਏ ਸੀ। ਬਹੂ ਦਾ ਤਿਓਰ ਮੈਂ ਆਪੇ ਘਰੋਂ ਜੋੜ ਲਊਂ।”
ਈਸਰ ਨੂੰ ਜਿਵੇਂ ਸਕਤਾ ਮਾਰ ਗਿਆ। ਉਹ ਖਾਸਾ ਚਿਰ ਕਦੇ ਸੱਗੀ ਵੱਲ ਤੇ ਕਦੇ ਮੁਨੋ ਦੀਆਂ ਅੱਖਾਂ ਵੱਲ ਝਾਕਦਾ ਰਿਹਾ।
“ਝਾਕਦਾ ਕੀ ਐਂ ਏਸ ਗੱਲ ਦੀ ਕਾਹਦੀ ਨਮੋਸ਼ੀ ਐ”, ਮੁਨੋ ਨੇ ਸੱਗੀ ਈਸਰ ਦੇ ਖੀਸੇ ਵਿਚ ਪਾਂਦਿਆਂ ਕਿਹਾ, “ਆਵਦੀ ਇੱਜਤ ਪਿੱਛੇ ਲੋਕ ਦੇਹਾਂ ਵੇਚ ਦਿੰਦੇ ਐ ਇਹ ਤਾਂ ਭੋਰਾ ਸਿਉਨੈਂ। ਜਿਉਂਦਾ ਰਹੇ ਮੇਰਾ ਸ਼ੇਰ, ਸਲੱਗ ਨਿਕਲਿਆ ਤਾਂ ਸੱਗੀਆਂ ਹੋਰ ਬਥੇਰੀਆਂ।” ਇਹ ਕਹਿੰਦਿਆਂ ਉਹਨੇ, ਵਿਹੜੇ ਵਿਚ ਗਡ੍ਹੀਰਾ ਰੇੜ੍ਹੀ ਫਿਰਦੇ ਮੱਖਣ ਵੱਲ ਤੱਕਿਆ ਤੇ ਉਹਦੀਆਂ ਅੱਖਾਂ ਲਿਸ਼ਕ ਪਈਆਂ।
ਈਸਰ ਨੀਵੀਂ ਪਾਈ ਖੜੋਤਾ ਰਿਹਾ। ਉਹਨੂੰ ਜਾਪਿਆ ਜਿਵੇਂ ਉਹਦੇ ਉਤੇ ਕੌਹੀ ਢਿੱਗ ਆ ਡਿੱਗੀ ਹੋਵੇ। ਉਹਦਾ ਸਾਹ ਘੁੱਟ ਰਿਹਾ ਸੀ। ਪਰ ਮੁਨੋ ਨੇ ਉਹਨੂੰ ਬਾਹੋਂ ਫੜ ਕੇ ਬਾਹਰ ਲੈ ਆਂਦਾ ਤੇ ਬੂਹੇ ਤਾਈਂ ਛੱਡ ਆਈ। ਈਸਰ ਜੱਕੋ-ਤੱਕੀ ਵਿਚ ਮੰਡੀ ਦੇ ਰਾਹ ਪੈ ਗਿਆ। …ਤੇ ਫੇਰ ਜਿਦੇਂ ਨਾਨਕਾ-ਮੇਲ, ਈਸਰ ਦੀ ਭੈਣ ਦੇ ਸਹੁਰੀਂ ਆਇਆ ਓਦੇਂ ਮੁਨੋ ਧਰਤੀ ਤੋਂ ਹੱਥ-ਹੱਥ ਉਚੀ ਤੁਰ ਰਹੀ ਸੀ। ਉਹਦੇ ਨਵੇਂ ਫੈਸ਼ਨ ਦੇ ਕਾਂਟਿਆਂ ਤੇ ਸੁੱਚੇ ਤਿਉਰਾਂ ਦੀ ਈ ਚਰਚਾ ਅੰਗ-ਸਾਕ ਕਰ ਰਹੇ ਸਨ। ਉਹਦੀ ਜਠਾਣੀ ਤੋਂ, ਜਿਹੜੀ ਕਿਦੇਂ ਦੀ ਠੂੰਹੇਂ ਵਾਂਗ ਟੱਪਦੀ ਫਿਰਦੀ ਸੀ, ਮੱਖੀ ਨਹੀਂ ਸੀ ਉਡਦੀ, ਮੁਨੋ ਮੁੜ-ਮੁੜ ਆਪਣੀ ਜਠਾਣੀ ਵੱਲ ਝਾਕਦੀ ਪਰ ਉਹ ਅੱਗੋਂ ਅੱਖ ਉਚੀ ਨਹੀਂ ਸੀ ਕਰ ਸਕਦੀ। ਜੰਞ ਤੋਰ ਕੇ ਮੇਲਣਾਂ ਜਦੋਂ ਗਿੱਧਾ ਪੌਣ ਲੱਗੀਆਂ ਤਾਂ ਮੁਨੋ ਨੱਚਣ ਲਈ ਆਪੇ ਵਿਚਾਲੇ ਆ ਖੜੋਤੀ – ਉਂਜ ਵੀ ਨਾਨਕੇ-ਮੇਲ ਵਿਚੋਂ, ਉਹ ਉਮਰੋਂ ਸਭ ਤੋਂ ਛੋਟੀ ਸੀ ਤੇ ਰੂਪ ਵੀ ਅੱਜ ਉਹਦੇ ਉਤੇ ਲੋਹੜੇ ਦਾ ਚੜ੍ਹਿਆ ਹੋਇਆ ਸੀ।
ਮੇਲਣਾਂ ਨੇ ਗਿੱਧਾ ਸ਼ੁਰੂ ਕੀਤਾ। ਅਕੇਰਾਂ ਤਾਂ ਮੁਨੋ ਦੀਆਂ ਗੱਲ੍ਹਾਂ ਸੰਗ ਨਾਲ, ਉਹਦੇ ਹਵਾ ਪਿਆਜੀ-ਸਿਰਕੇ ਵਰਗੀਆਂ ਹੋ ਗਈਆਂ। ਪਰ ਬਿੰਦ ਕੁ ਪਿੱਛੋਂ ਅੱਡੀ ਗਿੱਧੇ ਦੀ ਤਾਲ ਨਾਲ ਵੱਜਣ ਲੱਗ ਪਈ। ਸਾਰੇ ਅੰਗ ਪਾਰੇ ਵਾਂਗ ਥਰਕਣ ਲੱਗ ਪਏ। ਸਿਰਕੇ ਦੀਆਂ ਕੰਨੀਆਂ ਫੜ ਕੇ ਜਦੋਂ ਉਹਨੇ ਗੇੜਾ ਦਿੱਤਾ, ਲੱਕ ਸਪਣੀ ਵਾਂਗ ਸੱਤ ਵਲ ਖਾ ਗਿਆ। ਉਹਦੀਆਂ ਅੱਡੀਆਂ ਨਾਲ ਵਿਹੜੇ ਵਿਚ, ਪੰਜੇਬਾਂ ਦੇ ਘੁੰਗਰੂਆਂ ਵਾਂਗ ਜ਼ੰਜੀਰੀ ਉਲੀਕੀ ਗਈ ਸੀ। ਗਿੱਧਾ ਪੌਂਦਿਆਂ ਮੇਲਣਾਂ ਦੇ ਹੱਥ ਅੰਬ ਚੱਲੇ ਸਨ ਪਰ ਮੁਨੋ ਨੂੰ ਸਗੋਂ ਹੋਰ ਖ਼ਮਾਰੀ ਚੜ੍ਹਦੀ ਜਾਂਦੀ ਸੀ।
ਗਲੀ ਵਿਚ ਪਿੰਡ ਦੇ ਗੱਭਰੂਆਂ ਦਾ ਖਾਸਾ ‘ਕੱਠ ਹੋ ਗਿਆ ਸੀ। ਕਈ ਗਿੱਧੇ ਦੀ ਲੋਰ ਵਿਚ ਆਏ ਮੇਲਣਾਂ ਦੇ ਹੋਰ ਨੇੜੇ ਹੁੰਦੇ ਜਾਂਦੇ ਸਨ।
“ਮਿਤਰ ਰੰਨ ਦੀਆਂ ਅੱਖਾਂ ਵੇਖ ਕਿਵੇਂ ਨਗਾਂ ਆਂਗੂੰ ਦਗਦੀ ਐਂ।”
ਗਿੱਧੇ ਵਾਲੀਆਂ ਦੇ ਨੇੜੇ ਆਏ ਦੋ ਗੱਭਰੂਆਂ ਵਿਚੋਂ ਇੱਕ ਨੇ ਨਾਲ ਦੇ ਨੂੰ ਕਿਹਾ।
“ਕੀ ਪੁੱਛਦੈਂ।” ਦੂਜੇ ਨੇ ਮਸਤੀ ਨਾਲ ਜੁਆਬ ਦਿੱਤਾ। “ਪਰ ਜੇ ਕਿਤੇ ਉਚਾ ਸਿਰ ਕਰਕੇ ਸੱਗੀ ਪਾਈ ਹੁੰਦੀ ਤਾਂ ਮ੍ਹਾਤੜ ਛੜਿਆਂ ਦੇ ਆਹੁ ਕਿਹੜਾ ਨਾ ਲਾਹ ਦਿੰਦੀ।”
“ਗੱਲ ਤਾਂ ਤੇਰੀ ਪੱਕੀ ਐ,” ਪਹਿਲੇ ਨੇ ਉਹਦੀ ਗੱਲ ਦਾ ਹੁੰਗਾਰਾ ਭਰਿਆ,
“ਕੱਲੇ ਫੁੱਲ ਤਾਂ ਊਈਂ ਵਛਰੂ ਦੇ ਸਿੰਗਾਂ ਆਂਗੂੰ ਲੱਗਦੇ ਐਂ।”
“ਪਰ ਊਂ ਰੱਬ ਨੇ ਰੂਪ ਦੇਣ ਵੇਲੇ ਭੋਰਾ ਸੂਮਪੁਣਾ ਨੀਂ ਕੀਤਾ-ਜਿਵੇਂ ਕਿਤੇ ਵਿਹਲੇ ਬਹਿ ਕੇ ਘੜੀ ਹੁੰਦੀ ਐ ਕਿਤੇ ਤਥਾ ਨੀਂ ਛੱਡੀ, ਜਮਾਂ ਇੰਦਰ ਦੇ ‘ਖਾੜੇ ਦੀ ਪਰੀ ਲੱਗਦੀ ਐ।”
ਗਿੱਧਾ ਮੱਠਾ ਪੈਂਦਾ ਪੈਂਦਾ ਬੰਦ ਹੋ ਗਿਆ। ਕੋਈ ਮੇਲਣ ਬੋਲੀ ਪਾਣ ਲੱਗੀ ਸੀ। ਬੋਲੀ ਦੇ ਤੋੜੇ ਨਾਲ ਗਿੱਧੇ ਦੀ ਧਮਕਾਰ ਫੇਰ ਪੈਣ ਲੱਗੀ ਪਰ ਹੁਣ ਮੁਨੋ ਦੀ ਅੱਡੀ ਦਾ ਤਾਲ ਥਿੜਕਣ ਲੱਗ ਪਿਆ ਸੀ, ਸਾਰੇ ਅੰਗ ਜਿਵੇਂ ਸਿੱਲ-ਪੱਥਰ ਹੁੰਦੇ ਜਾਂਦੇ ਸਨ, ਮੂੰਹ ‘ਤੇ ਪਿਲੱਤਣ ਆ ਗਈ-ਉਹਦੇ ਥਿੜਕਦੇ ਪੈਰਾਂ ਨਾਲ ਗਿੱਧੇ ਦੀ ਤਾਲ ਵੀ ਉਖੜਨ ਲੱਗ ਪਈ। ਗਿੱਧਾ ਬੰਦ ਹੋ ਗਿਆ, ਮੁਨੋ ਸੱਜੇ ਪੈਰ ਦਾ ਗਿੱਟਾ ਫੜ ਕੇ ਬਹਿ ਗਈ।
“ਕੁੜੇ ਕੀ ਹੋਇਆ?” ਸਾਰੀਆਂ ਨੇ ਹੈਰਾਨੀ ਨਾਲ ਇੱਕੋ ਵਾਰੀ ਪੁੱਛਿਆ।
“ਗਿੱਟੇ ਨੂੰ ਮੋਚ ਆ ਗਈ।” ਮੁਨੋ ਨੇ ਮਲਵੀਂ ਜੀਭ ਨਾਲ ਜੁਆਬ ਦਿੱਤਾ।
ਪਰ ਸਿਆਣੀਆਂ ਤਾੜ ਗਈਆਂ, ‘ਮੋਚ ਉਹਦੇ ਕਿਤੇ ਹੋਰ ਆਈ ਸੀ।’
“ਮੇਲਣ ਨੂੰ ਤਾਂ ਜੁੱਟਾ ਨਜ਼ਰ ਲੱਗ ਗਈ।” ਉਨ੍ਹਾਂ ਦੋਹਾਂ ਗੱਭਰੂਆਂ ਵਿਚੋਂ ਇੱਕ ਨੇ ਕਿਹਾ, ਤੇ ਚੁੱਪ ਕਰਕੇ ਤੁਰ ਗਏ।
(ਸੱਗੀ-ਫੁੱਲ ਵਿਚੋਂ)

About Rajinderpal Sandhu

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar