ਤੀਆਂ ਦਾ ਨਾਂ ਲੈਂਦਿਆਂ ਹੀ ਮਨ ਵਿਚ ਸਰੂਰ ਜਿਹਾ ਭਰ ਜਾਂਦਾ ਹੈ । ਖ਼ਿਆਲਾਂ ਵਿਚ ਬਦਲਾਂ ਦੀ ਗੜਗੜਾਹਟ ਦੇ ਨਾਲ ਮੋਰਾਂ ਦੀ ਕਿਆਂ-ਕਿਆਂ, ਘਿਆਕੋ-ਘਿਆਕੋ ਆ ਗੂੰਜਦੀ ਹੈ । ਸਾਉਣ ਦੀ ਫੁਹਾਰ ਕਪੜੇ ਭਿਉਂਦੀ ਤਨ ਮਨ ਨੂੰ ਹੁਲਾਰਾ ਦਿੰਦੀ ਹੈ । ਕੁੜੀਆਂ-ਚਿੜੀਆਂ, ਮੁਟਿਆਰਾਂ, ਵਿਆਂਹਦੜਾਂ ਤੇ ਹੋਰ ਸਭ ਔਰਤਾਂ ਦੇ ਮਨਾਂ ਵਿਚ ਖੇੜਾ ਭਰ ਜਾਣਾ ਤਾਂ ਸੁਭਾਵਕ ਹੈ, ਗੱਭਰੂ ਖ਼ੁਸ਼ ਹੁੰਦੇ ਹਨ ਕਿਉਂ ਜੋ ਉਨ੍ਹਾਂ ਦੀਆਂ ਮੰਗੇਤਰਾਂ, ਵਹੁਟੀਆਂ ਅਤੇ ਭੈਣਾਂ ਸਭ ਖ਼ੁਸ਼ ਹਨ । ਬੁੱਢੇ-ਬੁੱਢੀਆਂ ਖ਼ੁਸ਼ ਹੁੰਦੇ ਹਨ ਕਿਉਂਕਿ ਉਨ੍ਹਾਂ ਦੇ ਬੱਚੇ-ਬੱਚੀਆਂ ਖ਼ੁਸ਼ ਹਨ ।
ਤੀਆਂ ਸਾਉਣ ਦੇ ਮਹੀਨੇ ਦੇ ਚਾਨਣ ਪੱਖ ਦੀ ਤੀਜ ਵਾਲੇ ਦਿਨ ਸ਼ੁਰੂ ਹੁੰਦੀਆਂ ਹਨ । ਪੁੰਨਿਆਂ ਨੂੰ ਖਤਮ ਹੋ ਜਾਂਦੀਆਂ ਹਨ। ਰੀਤ ਮੁਤਾਬਕ ਮਾਪੇ ਆਪਣੀਆਂ ਧੀਆਂ ਨੂੰ ਸਾਉਣ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੇਕੇ ਲੈ ਆਉਦੇ ਹਨ। ਕੁੜੀਆਂ ਹੱਥਾਂ ਤੇ ਮਹਿੰਦੀ ਲਾਉਦੀਆਂ ਹਨ ਤੇ ਨਾਲੇ ਰੰਗ ਬਰੰਗੀਆਂ ਚੂੜੀਆਂ ਵੀ ਚੜ੍ਹਾਉਂਦੀਆਂ ਹਨ। ਫਿਰ ਸ਼ਾਮ ਨੂੰ ਤਿਆਰ ਹੋ ਕੇ ਕਿਸੇ ਸਾਂਝੀ ਥਾਂ ਤੇ ਜਾਂਦੀਆਂ ਹਨ ।ਪਿੱਪਲਾਂ, ਟਾਹਲੀਆਂ. ਬੋਹੜਾਂ (ਬਰੋਟਿਆਂ) ‘ਤੇ ਪੀਘਾਂ ਪਾਉਂਦੀਆਂ ਹਨ, ਗੋਲ ਘੇਰਾ ਬਣਾ ਕੇ ਗਿੱਧਾ ਪਾਉਦੀਆਂ ਹਨ । ਇੱਕ ਕੁੜੀ ਬੋਲੀ ਪਾਉਂਦੀ ਹੈ ਤੇ ਬਾਕੀ ਸਾਰੀਆਂ ਆਖਰੀ ਟੱਪੇ ਨੂੰ ਬਾਰ ਬਾਰ ਦੁਹਰਾ ਕੇ ਬੋਲਦੀਆਂ ਹਨ ਤੇ ਦੋ ਜਾਂ ਵੱਧ ਕੁੜੀਆਂ ਘੇਰੇ ਅੰਦਰ ਨੱਚਦੀਆਂ ਹਨ । ਪੁੰਨਿਆਂ ਵਾਲੇ ਦਿਨ ਵੱਅਲੋ (ਬੱਲੋ) ਪਾਈ ਜਾਂਦੀ ਹੈ । ਕੁੜੀਆਂ ਘਰ ਨੂੰ ਵਾਪਸ ਜਾਂਦੀਆਂ ਵਾਰ ਵਾਰ ਰੁਕ ਰੁਕ ਕੇ ਗਿੱਧਾ ਪਾਉਂਦੀਆਂ ਤੇ ਨਾਲੇ ਗੀਤ ਗਾਉਂਦੀਆਂ ਘਰਾਂ ਨੂੰ ਜਾਂਦੀਆਂ ਹਨ ਅਤੇ ਦੁੱਬ (ਹਰਾ ਘਾਹ) ਪੁੱਟ ਕੇ ਲਿਆਉਂਦੀਆਂ ਹਨ ਤਾਂ ਜੋ ਵੀਰ ਦਾ ਘਰ ਸਾਉਣ ਦੇ ਮਹੀਨੇ ਦੇ ਘਾਹ ਵਾਂਗੂੰ ਹਰਿਆ-ਭਰਿਆ ਰਹੇ। ਗਿੱਧੇ ਦਾ ਅੰਤ ਕਰਦੀਆਂ ਹੋਈਆਂ ਉਹ ਕਹਿੰਦੀਆਂ ਹਨ:
”ਸਾਉਣ ਵੀਰ ‘ਕੱਠੀਆਂ ਕਰੇ,
ਭਾਦੋਂ ਚੰਦਰੀ ਵਿਛੋੜੇ ਪਾਵੇ।”
ਤੀਆਂ ਤੋਂ ਬਾਦ ਜਦੋਂ ਕੁੜੀਆਂ ਆਪਣੇ ਸੌਹਰੇ ਵਾਪਸ ਜਾਂਦੀਆਂ ਹਨ ਤਾਂ ਪੇਕੇ ਕੁੜੀਆਂ ਨੂੰ ਕੱਪੜੇ ਤੇ ਬਿਸਕੁਟ ਆਦਿ ਦੇ ਕੇ ਤੋਰਦੇ ਹਨ ।
Tagged with: Lokh Geet Swan De Geet ਤੀਆਂ/Teean
Click on a tab to select how you'd like to leave your comment
- WordPress