ਜੀ ਆਇਆਂ ਨੂੰ
You are here: Home >> Tools ਸੰਦ >> Punjabi Typing Pad ਪੰਜਾਬੀ ਟਾਈਪਿੰਗ ਪੈਡ >> Unicode Sistem ਯੂਨੀਕੋਡ ਪ੍ਰਣਾਲੀ

Unicode Sistem ਯੂਨੀਕੋਡ ਪ੍ਰਣਾਲੀ

ਯੂਨੀਕੋਡ ਪ੍ਰਣਾਲੀ (Unicode System)

ਯੂਨੀਕੋਡ ਇਕ ਅੰਤਰਰਾਸ਼ਟਰੀ ਅੱਖਰ ਸੰਕੇਤ ਲਿਪੀ ਪ੍ਰਣਾਲੀ ਹੈ ਇਸ ਵਿੱਚ ਦੁਨੀਆ ਦੀ ਹਰੇਕ ਪ੍ਰਮੁੱਖ ਭਾਸ਼ਾ ਦੇ ਅੱਖਰਾਂ, ਅੰਕਾਂ, ਵਿਸ਼ਰਾਮ ਚਿੰਨ੍ਹਾਂ ਆਦਿ ਨੂੰ ਸ਼ਾਮਿਲ ਕੀਤਾ ਗਿਆ ਹੈ। ਯੂਨੀਕੋਡ ਪ੍ਰਣਾਲੀ ਦੁਨੀਆ ਦੀਆਂ ਵਿਭਿੰਨ ਭਾਸ਼ਾਵਾਂ ਦੇ ਵਿਭਿੰਨ ਫੌਂਟਾਂ ਦੇ ਹਰੇਕ ਅੱਖਰ ਜਾਂ ਅੰਕ ਆਦਿ ਨੂੰ ਇੱਕ ਵਿਸ਼ੇਸ਼, ਵਿਲੱਖਣ ਅਤੇ ਮਿਆਰੀ ਅੰਕ (ਨੰਬਰ) ਪ੍ਰਦਾਨ ਕਰਵਾਉਂਦੀ ਹੈ। ਇਹ ਦੁਨੀਆ ਦੀ ਹਰੇਕ ਪ੍ਰਮੁਖ ਭਾਸ਼ਾ ਦੀ ਭਾਸ਼ਾ ਵਿਗਿਆਨ ਦੇ ਚਿੰਨ੍ਹਾਂ ਨੂੰ ਪਰਿਭਾਸ਼ਿਤ ਕਰਨ ਦਾ ਇਕ ਸ਼ਕਤੀਸ਼ਾਲੀ ਸਾਧਨ ਹੈ। ਇਹ ਹਰੇਕ ਅੱਖਰ ਨੂੰ ਇੱਕ ਅਜਿਹਾ ਵਿਲੱਖਣ ਕੋਡ ਮੁਹੱਈਆ ਕਰਵਾਉਂਦੀ ਹੈ ਜੋ ਯੂਨੀਕੋਡ ਅਨੁਕੂਲ ਵਾਲੇ ਹਰੇਕ ਕੰਪਿਊਟਰ ਉੱਤੇ ਹਮੇਸ਼ਾਂ ਸਥਿਰ ਰਹਿੰਦਾ ਹੈ। ਸੋ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਫੌਂਟਾਂ ਦੀ ਸਮੱਸਿਆ ਦਾ ਹੱਲ ਯੂਨੀਕੋਡ ਨੇ ਇੱਕ ਝਟਕੇ ਵਿੱਚ ਹੀ ਕੱਢ ਦਿੱਤਾ ਹੈ।

ਪੰਜਾਬੀ ਭਾਸ਼ਾ ਦੀਆਂ ਵੱਖ-ਵੱਖ ਲਿਪੀਆਂ ਵਿੱਚ ਅਨੇਕਾਂ ਮਿਆਰੀ ਸਾਫ਼ਟਵੇਅਰ ਵਿਕਸਿਤ ਕਰਨ ਵਾਲੇ ਭਾਸ਼ਾ ਦੇ ਤਕਨੀਕੀ ਵਿਕਾਸ ਦੇ ਮੁਦਈ ਡਾ. ਗੁਰਪ੍ਰੀਤ ਸਿੰਘ ਲਹਿਲ ਅਨੁਸਾਰ, ”ਯੂਨੀਕੋਡ ਪ੍ਰਣਾਲੀ ਇਕ ਅਜਿਹੀ ਵਿਵਸਥਾ ਹੈ ਜੋ ਦੁਨੀਆ ਭਰ ਦੀਆਂ ਭਾਸ਼ਾਵਾਂ ਨੂੰ ਇਕ ਸਾਂਝਾ ਪਲੇਟਫਾਰਮ ਪ੍ਰਦਾਨ ਕਰਵਾ ਕੇ ਲਿਪੀਆਂ ਅਤੇ ਭਾਸ਼ਾਵਾਂ ਦੀਆਂ ਸਰਹੱਦਾਂ ਨੂੰ ਖਤਮ ਕਰਨ ਦਾ ਕੰਮ ਕਰਦੀ ਹੈ।”

ਪੰਜਾਬੀ ਗੁਰਮੁਖੀ ਫੌਂਟਾਂ ਦੇ ਨਿਰਮਾਤਾ ਡਾ. ਕੁਲਬੀਰ ਸਿੰਘ ਥਿੰਦ ਅਨੁਸਾਰ, ”ਯੂਨੀਕੋਡ ਇਕ ਅਜਿਹੀ ਤਕਨੀਕ ਹੈ ਜਿਹੜੀ ਵਿਸ਼ਵ ਭਰ ਦੀਆਂ ਭਾਸ਼ਾਵਾਂ ਦੀਆਂ ਲਿਪੀਆਂ ਲਈ ਮਿਆਰੀ ਕੰਪਿਊਟਰ ਅਧਾਰਿਤ ਵਿਵਸਥਾ ਤਿਆਰ ਕਰਦੀ ਹੈ।”

ਯੂਨੀਕੋਡ ਪ੍ਰਣਾਲੀ ਆਸਕੀ ਤੋਂ ਦੁਗਣੇ (16 ਬਿੱਟਸ) ਅਕਾਰ ਵਾਲੀ ਪ੍ਰਣਾਲੀ ਹੈ। ਇਹੀ ਕਾਰਨ ਹੈ ਕਿ ਇਸ ਵਿੱਚ ਵੱਖ-ਵੱਖ ਮੁਲਕਾਂ ਦੀਆਂ ਭਾਸ਼ਾਵਾਂ ਦੇ 65,536 ਅੱਖਰਾਂ ਨੂੰ ਦਰਸਾਇਆ ਜਾ ਸਕਦਾ ਹੈ। ਯੂਨੀਕੋਡ ਪ੍ਰਣਾਲੀ ਕੰਪਿਊਟਰ ਵਿੱਚ ਅੰਕੜਾ ਭੰਡਾਰਨ ਲਈ ਇੱਕ ਸੰਕੇਤ ਮਾਣਕ ਤਹਿ ਕਰਦੀ ਹੈ। ਇਸ ਪ੍ਰਣਾਲੀ ਦੇ ਹੋਂਦ ‘ਚ ਆਉਣ ਨਾਲ ਕੰਪਿਊਟਰ ਦੀ ਦੁਨੀਆ ਵਿੱਚ ਇਕ ਨਵੀਂ ਕ੍ਰਾਂਤੀ ਆਈ ਹੈ। ਇਸ ਨਾਲ ਅੰਗਰੇਜ਼ੀ ਤੋਂ ਇਲਾਵਾ ਵਿਸ਼ਵ ਦੀਆਂ ਦੂਸਰੀਆਂ ਭਾਸ਼ਾਵਾਂ ਨੂੰ ਵਿਆਪਕ ਰੂਪ ਵਿੱਚ ਕੰਪਿਊਟਰ ‘ਤੇ ਵਰਤਣਾ ਸੰਭਵ ਹੋਇਆ ਹੈ।

ਯੂਨੀਕੋਡ ਦਾ ਸਭ ਤੋਂ ਪਹਿਲਾ ਸੰਸਕਰਨ ਸਾਲ 1991 ਵਿੱਚ ਹੋਂਦ ਵਿੱਚ ਆਇਆ। ਯੂਨੀਕੋਡ ਦੇ ਤਾਜ਼ਾ ਸੰਸਕਰਨ ਵਿੱਚ ਦੁਨੀਆ ਦੀਆਂ ਵੱਖ-ਵੱਖ ਭਾਸ਼ਾਵਾਂ ਦੇ 50,000 ਤੋਂ ਵੱਧ ਅੱਖਰ ਸ਼ਾਮਿਲ ਕੀਤੇ ਗਏ ਹਨ। ਜਿਨ੍ਹਾਂ ਵਿੱਚ ਵਿਗਿਆਨਿਕ, ਗਣਿਤਿਕ,ਤਕਨੀਕੀ ਅਤੇ ਇੱਥੋਂ ਤੱਕ ਕਿ ਸੰਗੀਤਕ ਚਿੰਨ੍ਹਾਂ ਨੂੰ ਵੀ ਵਿਸ਼ੇਸ਼ ਥਾਂ ਦਿੱਤੀ ਗਈ ਹੈ। ਇੱਥੇ ਦੱਸਣਯੋਗ ਹੈ ਕਿ ਦੁਨੀਆ ਦੀ ਹਰੇਕ ਭਾਸ਼ਾ ਨੂੰ ਯੂਨੀਕੋਡ ਵਿੱਚ ਸ਼ਾਮਿਲ ਕਰਨਾਂ ਸੰਭਵ ਨਹੀਂ ਹੋ ਸਕਿਆ।

ਕਈ ਲਿਪੀਆਂ ਦੀ ਵਰਤੋਂ ਬਹੁਤ ਸਾਰੀਆਂ ਭਾਸ਼ਾਵਾਂ ਲਿਖਣ ਲਈ ਕੀਤੀ ਜਾਂਦੀ ਹੈ। ਯੂਨੀਕੋਡ ਬਹੁਤ ਸਾਰੀਆਂ ਲਿਪੀਆਂ ਵਿੱਚ ਲਿਖੀਆਂ ਜਾਣ ਵਾਲੀਆਂ ਭਾਸ਼ਾਵਾਂ ਦੇ ਪੂਰੀ ਤਰ੍ਹਾਂ ਅਨੁਕੂਲ ਹੈ। ਇਹਨਾਂ ਵਿਚੋਂ ਕੁਝ ਲਿਪੀਆਂ ਹਨ-  ਲਾਤੀਨੀ, ਗ੍ਰੀਕ, ਹਿਬਰੋ, ਅਰਬੀ,ਦੇਵਨਾਗਰੀ, ਬੰਗਾਲੀ, ਗੁਰਮੁਖੀ, ਉੜੀਆ, ਤਾਮਿਲ, ਤੇਲਗੂ, ਕੰਨੜ, ਮਲਿਆਲਮ, ਤਿੱਬਤੀ, ਕੈਨੇਡੀਅਨ, ਮੰਗੋਲੀਅਨ ਆਦਿ।

ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਯੂਨੀਕੋਡ ਉੱਤੇ ਪੰਜਾਬੀ (ਗੁਰਮੁਖੀ) ਸਮੇਤ ਦੇਵਨਾਗਰੀ, ਬੰਗਾਲੀ, ਗੁਜਰਾਤੀ, ਉੜੀਆ, ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਨੂੰ ਸ਼ਾਮਿਲ ਕੀਤਾ ਗਿਆ ਹੈ।

ਯੂਨੀਕੋਡ ਨੂੰ ਐਪਲ, ਆਈ.ਬੀ.ਐਮ., ਐਚ.ਪੀ., ਓਰੇਕਲ, ਮਾਈਕ੍ਰੋਸਾਫ਼ਟ, ਸੈਪ, ਸਾਈਬੇਸ, ਯੂਨਿਸਿਸ ਸਮੇਤ ਅਨੇਕਾਂ ਪ੍ਰਮੁੱਖ ਕੰਪਨੀਆਂ ਨੇ ਅਪਣਾਇਆ ਹੈ। ਵਿਗਿਆਨੀ ਸੰਚਾਲਨ ਪ੍ਰਣਾਲੀਆਂ (ਓਪਰੇਟਿੰਗ ਸਿਸਟਮ), ਵੈੱਬ ਬ੍ਰਾਊਜ਼ਰਾਂ ਆਦਿ ਵਰਗੇ ਪ੍ਰਮੁੱਖ ਸਾਫਟਵੇਅਰਾਂ ਨੂੰ ਯੂਨੀਕੋਡ ਦੇ ਅਨੁਕੂਲ ਬਣਾਉਣ ਲਈ ਖੋਜਾਂ ਕਰ ਰਹੇ ਹਨ

 

ਯੂਨੀਕੋਡ ਦੀ ਲੋੜ (Need) ਕਿਉਂ ?

ਪਹਿਲਾਂ ਅਨੇਕਾਂ ਸੰਕੇਤ ਲਿਪੀ (ਕੋਡ) ਪ੍ਰਣਾਲੀਆਂ ਪ੍ਰਚਲਤ ਹੋਣ ਕਾਰਨ ਕੋਈ ਅੰਤਰਰਾਸ਼ਟਰੀ ਮਿਆਰ ਨਿਰਧਾਰਿਤ ਨਹੀਂ ਸੀ ਹੋ ਸਕਿਆ। ਦੋ ਵਿਭਿੰਨ ਪ੍ਰਣਾਲੀਆਂ ਇਕ ਅੱਖਰ ਲਈ ਵੱਖੋ-ਵੱਖਰਾ ਸੰਕੇਤ ਜਾਂ ਦੋ ਵੱਖ-ਵੱਖ ਅੱਖਰਾਂ ਲਈ ਇਕ ਸਾਂਝਾ ਸੰਕੇਤ ਅਪਣਾਇਆ ਜਾ ਸਕਦਾ ਸੀ।

ਕੰਪਿਊਟਰ ਦੀ ਸਕਰੀਨ ਉੱਤੇ ਕੋਈ ਦਸਤਾਵੇਜ਼ ਪੜ੍ਹਨ ਲਈ ਤੁਹਾਡੇ ਕੰਪਿਊਟਰ ਵਿੱਚ ਉਹ ਫੌਂਟ ਮੌਜੂਦ ਹੋਣਾ ਚਾਹੀਦਾ ਹੈ ਜਿਸ ਵਿੱਚ ਇਸ ਨੂੰ ਟਾਈਪ ਕੀਤਾ ਗਿਆ ਹੈ। ਇੱਥੇ ਲਿਖਣ ਵਾਲੇ ਦੀ ਮਰਜ਼ੀ ਹੈ ਕਿ ਉਹ ਕਿਹੜੇ ਫੌਂਟ ਵਿੱਚ ਪੱਤਰ ਲਿਖੇ। ਲਿਖਣ ਵਾਲਾ ਉਸੇ ਫੌਂਟ ਵਿਚ ਹੀ ਲਿਖੇਗਾ ਜੋ ਉਸ ਦੇ  ਕੰਪਿਊਟਰ ਵਿੱਚ ਉਪਲਬਧ ਹੈ। ਪਰ ਜਦੋਂ ਅਗਲੇ ਦੇ ਕੰਪਿਊਟਰ ਵਿਚ ਉਹ ਵਿਸ਼ੇਸ਼ ਫੌਂਟ ਨਾ ਹੋਵੇ ਤਾਂ ਸਥਿਤੀ ਬੜੀ ਗੰਭੀਰ ਬਣ ਜਾਂਦੀ ਹੈ। ਢੇਰ ਸਾਰੀ ਮਿਹਨਤ, ਪੈਸਾ ਅਤੇ ਸਮਾਂ ਜਾਇਆ ਚਲਾ ਜਾਂਦਾ ਹੈ। ਅਜਿਹੀ ਸਮੱਸਿਆ ਦੇ ਹੱਲ ਦੀ ਚਿਰੋਕਣੀ ਉਡੀਕ ਸੀ ਤੇ ਜਿਸ ਦਾ ਹੱਲ ਯੂਨੀਕੋਡ ਨੇ ਚੁਟਕੀ ਮਾਰ ਕੇ ਹੀ ਕੱਢ ਦਿੱਤਾ ਹੈ।

ਸਪਸ਼ਟ ਰੂਪ ਵਿੱਚ ਜਾਣਨ ਲਈ ਆਓ ਪਹਿਲਾਂ ਕੀ-ਬੋਰਡ ਦੀਆ ਵਿਭਿੰਨ  ਕੀਜ਼ (ਕੁੰਜੀਆਂ) ਵਲੋਂ ਉਤਪੰਨ ਹੋਣ ਵਾਲੇ ਸੰਕੇਤਾਂ (ਸਿਗਨਲ) ਬਾਰੇ ਜਾਣੀਏ। ਕੀ-ਬੋਰਡ ਦੀ ਹਰੇਕ ਕੀਅ ਨੂੰ ਆਸਕੀ ਦੇ ਅਧਾਰਭੂਤ ਇੱਕ ਵਿਸ਼ੇਸ਼ ਅੰਕ ਪ੍ਰਦਾਨ ਕਰਵਾਇਆ ਜਾਂਦਾ ਹੈ। ਜਿਵੇਂ ਕਿ ਅੰਗਰੇਜ਼ੀ ਦੇ c ਲਈ 99 ਅਤੇ i ਲਈ 105 ਹੈ। ਜਿਉਂ ਹੀ ਵਰਤੋਂਕਾਰ ਸੀ ਜਾਂ ਆਈ ਵਾਲੀ ਕੀਅ ਨੂੰ ਦਬਾਉਂਦਾ ਹੈ ਤਾਂ ਕੀ-ਬੋਰਡ ਤੋਂ ਉਸ ਦੇ ਅੰਕ (ਨੰਬਰ) ਦਾ ਸੰਕੇਤ (ਸਿਗਨਲ) ਸੀ.ਪੀ.ਯੂ. (ਕੰਪਿਊਟਰ) ਨੂੰ ਚਲਾ ਜਾਂਦਾ ਹੈ। ਸੀ.ਪੀ.ਯੂ. ਉਸ ਵਿਸ਼ੇਸ਼ ਸੰਕੇਤ ਲਈ ਰਾਖਵੇਂ (ਦੇ ਅਧਾਰਭੂਤ) ਅੱਖਰ ਨੂੰ ਮੌਨੀਟਰ ਉੱਤੇ ਪੇਸ਼ ਕਰ ਦਿੰਦਾ ਹੈ।

ਇੱਥੇ ਇਹ ਦੱਸਣਯੋਗ ਹੈ ਕਿ ਕੀ-ਬੋਰਡ ਉੱਤੇ ਅੰਗਰੇਜ਼ੀ ਦੀ ਹਰੇਕ ਕੀਅ ਦਾ ਆਪਣਾ ਸਥਿਰ ਨੰਬਰ ਹੈ ਜੋ ਉਸ ਨੂੰ ਦਬਾਉਣ ਉਪਰੰਤ ਉਤਪੰਨ ਹੁੰਦਾ ਹੈ। ਅਗਾਂਹ ਲਾਗੂ ਕੀਤੇ ਫੌਂਟ ਦੇ ਅਧਾਰ ਉੱਤੇ ਸੀ.ਪੀ.ਯੂ. ਉਸ ਨੰਬਰ ਦਾ ਮਿਲਾਣ (ਪਹਿਲਾਂ ਤੋਂ ਨਿਰਧਾਰਿਤ) ਕਿਸੇ ਵਿਸ਼ੇਸ਼ ਅੱਖਰ ਨਾਲ ਕਰਵਾਉਂਦਾ ਹੈ। ਫੌਂਟ ਅਸਲ ਵਿੱਚ ਨਿੱਕੇ-ਨਿੱਕੇ ਕੰਪਿਊਟਰ ਪ੍ਰੋਗਰਾਮ ਹਨ। ਇਹ ਪ੍ਰੋਗਰਾਮ ਕੰਪਿਊਟਰ ਨੂੰ ਸਮਝਾਉਂਦੇ/ਦੱਸਦੇ ਹਨ ਕਿ ਕੀ-ਬੋਰਡ ਵਲੋਂ ਉਤਪੰਨ ਹੋਏ ਕਿਸੇ ਨੰਬਰ ਦੇ ਸੰਕੇਤ ਨੂੰ ਕਿਹੜੇ ਅੱਖਰ ਨਾਲ ਦਰਸਾਉਣਾ ਹੈ।ਮਿਸਾਲ ਵਜੋਂ ਕੀ-ਬੋਰਡ ਦੀ ਕੀਅ c ਦੱਬਣ ਉਪਰੰਤ ਆਸਕੀ ਦਾ ਸੰਕੇਤ 99 ਉਤਪੰਨ ਹੁੰਦਾ ਹੈ। ਕੰਪਿਊਟਰ ਵਿੱਚ ਪਹੁੰਚ ਕੇ ਇਸ ਸੰਕੇਤ ਦਾ ਮਿਲਾਣ ਕਿਸੇ ਵਿਸ਼ੇਸ਼ ਅੱਖਰ ਨਾਲ ਕਰਵਾਇਆ ਜਾਂਦਾ ਹੈ। ਜੇਕਰ ਤੁਸੀਂ ਕਿਸੇ ਅੰਗਰੇਜ਼ੀ ਦੇ ਫੌਂਟ ਉੱਤੇ ਕੰਮ ਕਰ ਰਹੇ ਹੋ ਤਾਂ cਪ੍ਰਦਰਸ਼ਿਤ ਹੁੰਦਾ ਹੈ। ਇਸੇ ਤਰ੍ਹਾਂ ਹਿੰਦੀ ਦੇ  ਕਰੂਤੀਦੇਵ ਫੌਂਟ ਲਈ ‘ब’, ਜੁਆਏ ਲਈ ‘ਫ’ ਅਤੇ ਅੰਮ੍ਰਿਤ ਲਿਪੀ ਲਈ ‘ਚ’ ਅੱਖਰ ਮੌਨੀਟਰ ਉੱਤੇ ਨਜ਼ਰ ਆਵੇਗਾ। ਠੀਕ ਇਸੇ ਤਰ੍ਹਾਂ ਕੀ-ਬੋਰਡ ਦੀ p (80) ਕੀਅ ਦਬਾਉਣ ਨਾਲ ਅਸੀਸ ਫੌਂਟ ਵਿੱਚ ‘ਸ਼’, ਜੁਆਏ ਵਿੱਚ ਪੈਰੀਂ ਹਾਹਾਅਤੇ ਅੰਮ੍ਰਿਤ ਲਿਪੀ 2 ਰੈਗੂਲਰ ਵਿੱਚ ‘ਫ’ ਪੈਂਦਾ ਹੈ। ਆਓ ਹੁਣ ਸਮਝਣ ਦਾ ਯਤਨ ਕਰੀਏ ਕਿ ਕਈ ਵਾਰ ਇੱਕ ਹੀ ਪੱਤਰ ਨੂੰ ਦੋ ਵੱਖ-ਵੱਖ ਕੰਪਿਊਟਰਾਂ ਵਿਚ ਪੜ੍ਹਨ ‘ਤੇ ਬਦਲਾਓ ਕਿਉਂ ਨਜ਼ਰ ਆਉਂਦਾ ਹੈ।

ਮੰਨ ਲਵੋ ਤੁਸੀਂ ਕੋਈ ਮੈਟਰ ਗੁਰਮੁਖੀ ਦੇ ਜੁਆਏ ਫੌਂਟ ਵਿੱਚ ਤਿਆਰ ਕੀਤਾ। ਦੂਸਰੇ ਕੰਪਿਊਟਰ ‘ਤੇ ਜਿਸ ਵਿੱਚ ਸਿਰਫ਼ ਗੁਰਮੁਖੀ ਦਾ ਅੰਮ੍ਰਿਤ ਲਿਪੀ ਹੀ ਫੌਂਟ ਉਪਲਬਧ ਹੈ, ਵਿੱਚ ਸਾਰੇ ਫੱਫੇ, ਚੱਚਿਆਂ ਵਿਚ ਬਦਲੇ ਹੋਏ ਨਜ਼ਰ ਆਉਣਗੇ। ਬਾਕੀ ਅੱਖਰਾਂ ਅਤੇ ਲਗਾਂ-ਮਾਤਰਾਵਾਂ ਦੇ ਸਬੰਧ ਵਿੱਚ ਵੀ ਅਜਿਹੀਆਂ ਤਬਦੀਲੀਆਂ ਆਪ-ਮੁਹਾਰੇ ਹੋ ਜਾਣਗੀਆਂ। ਹੁਣ ਜੇਕਰ ਤੁਹਾਡੇ ਕੋਲ ਜੁਆਏ ਫੌਂਟ ਨਹੀਂ ਤਾਂ ਤੁਸੀਂ ਮੈਟਰ ਨੂੰ ਆਪਣੇ ਮੂਲ ਰੂਪ ਵਿੱਚ ਪੜ੍ਹਨ ਅਤੇ ਸਮਝਣ ਤੋਂ ਅਸਮਰੱਥ ਹੋ ਜਾਵੋਗੇ। ਸਪਸ਼ਟ ਹੈ ਕਿ ਕੀ-ਬੋਰਡ ਦੀਆਂ ਵੱਖ-ਵੱਖ ਕੀਜ਼ ਲਈ ਗੈਰ ਮਿਆਰੀ ਤੌਰ ‘ਤੇ ਵੱਖ-ਵੱਖ ਅੱਖਰਾਂ ਨਾਲ ਮਿਲਾਣ ਕਰਵਾ ਕੇ ਬਣਾਏ ਫੌਂਟਾਂ ਨੇ ਪੰਜਾਬੀਆਂ ਲਈ ਇੱਕ ਵੱਡੀ ਸਮੱਸਿਆ ਖੜੀ ਕਰ ਦਿੱਤੀ ਹੈ। ਇਸ ਤੋਂ ਉਲਟ ਯੂਨੀਕੋਡ ਪ੍ਰਣਾਲੀ ਦਾ ਮੰਤਵ ਇਕ ਅਜਿਹਾ ਕੋਡ ਨਿਸ਼ਚਿਤ ਕਰਨਾ ਹੈ ਜਿਸ ਵਿੱਚ ਮਨੁੱਖ ਦੁਆਰਾ ਵਰਤੀ ਜਾਂਦੀ ਹਰੇਕ ਭਾਸ਼ਾ ਦੇ ਹਰੇਕ ਅੱਖਰ ਲਈ ਇਕ ਨਿਰਧਾਰਿਤ (ਸਥਿਰ) ਅੰਕ ਹੋਵੇ।

ਯੂਨੀਕੋਡ ਰਾਹੀਂ ਵੱਖ-ਵੱਖ ਭਾਸ਼ਾਵਾਂ ਦੇ ਅੱਖਰਾਂ ਨੂੰ ਕ੍ਰਮਬੱਧ ਕਰ ਕੇ ਸੀਮਾ ਤਹਿ ਕਰ ਦਿੱਤੀ ਗਈ ਹੈ। ਯੂਨੀਕੋਡ ਪ੍ਰਣਾਲੀ 65,536 ਵਿਲੱਖਣ ਅੱਖਰਾਂ ਨੂੰ ਦਰਸਾਉਣ ਦੀ ਸਮਰੱਥਾ ਰੱਖਦੀ ਹੈ ਜਿਸ ਵਿੱਚ ਵੱਖ-ਵੱਖ ਭਾਸ਼ਾਵਾਂ ਨੂੰ ਇਕ ਨਿਰਧਾਰਿਤ ਸੀਮਾ ਵਿੱਚ ਕ੍ਰਮਬੱਧ ਕੀਤਾ ਗਿਆ ਹੈ। ਯੂਨੀਕੋਡ ਵਿੱਚ ਲਾਤੀਨੀ (ਅੰਗਰੇਜ਼ੀ) ਨੂੰ 0 ਤੋਂ 256, ਦੇਵਨਾਗਰੀ (ਹਿੰਦੀ) ਨੂੰ 2304 ਤੋਂ 2431 ਅਤੇ ਗੁਰਮੁਖੀ (ਪੰਜਾਬੀ) ਨੂੰ 2560 ਤੋਂ 2687 ਦੀ ਸੀਮਾ (ਰੇਂਜ) ਵਿੱਚ ਰੱਖਿਆ ਗਿਆ ਹੈ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਦੋਨਾਂ ਪ੍ਰਣਾਲੀਆਂ (ਆਸਕੀ ਅਤੇ ਯੂਨੀਕੋਡ) ਵਿੱਚ ਅੰਗਰੇਜ਼ੀ ਦੇ ਅੱਖਰਾਂ ਨੂੰ ਦਰਸਾਉਣ ਦੀ ਸੀਮਾ 0 ਤੋਂ ਲੈ ਕੇ 256 ਤੱਕ ਹੀ ਰੱਖੀ ਗਈ ਹੈ। ਇਹੀ ਕਾਰਨ ਹੈ ਕਿ ਅੰਗਰੇਜ਼ੀ ਦੀ ਵਰਤੋਂ ਕਰਨ ਵਾਲੇ ਵਰਤੋਂਕਾਰਾਂ ਨੂੰ ਫੌਂਟਸ ਦੇ ਸਬੰਧ ਵਿੱਚ ਕਿਸੇ ਪ੍ਰਕਾਰ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਮਿਸਾਲ ਵਜੋਂ ਅੰਗਰੇਜ਼ੀ ਵਿੱਚ 99 ਅਤੇ 105 ਕੋਡ ਨੰਬਰ ਨਾਲ ਦੋਨਾਂ ਪ੍ਰਣਾਲੀਆਂ ਵਿੱਚ ਹਮੇਸ਼ਾਂ ਕ੍ਰਮਵਾਰ c ਅਤੇ i ਹੀ ਪਵੇਗਾ ਪਰ ਪੰਜਾਬੀ ਸਮੇਤ ਅਨੇਕਾਂ ਭਾਰਤੀ ਭਾਸ਼ਾਵਾਂ ਵਿਚ ਮੁਸ਼ਕਲ ਪੇਸ਼ ਆਉਂਦੀ ਹੈ।

ਯੂਨੀਕੋਡ ਫੌਂਟ ਵਿੱਚ ਕੋਡ ਕੀਮਤਾਂ 2586, 2588, 2603 ਅਤੇ 2623 ਨੂੰ ਕ੍ਰਮਵਾਰ ‘ਚ’, ‘ਜ’, ‘ਫ’ ਅਤੇ ‘ਿ ‘ (ਸਿਹਾਰੀ) ਦੇ ਬਰਾਬਰ ਰੱਖਿਆ ਗਿਆ ਹੈ। ਯੂਨੀਕੋਡ ਫੌਂਟ ਇਕ ਓਪਨ ਫੋਟ ਹੋਣ ਕਾਰਨ ਇਸ ਵਿੱਚ ਲਿਖਿਆ ਕੋਈ ਵੀ ਦਸਤਾਵੇਜ਼ ਵਿਸ਼ਵ ਦੇ ਕਿਸੇ ਵੀ ਯੂਨੀਕੋਡ ਅਨੁਕੂਲ ਕੰਪਿਊਟਰ ਉੱਤੇ ਬੜੀ ਅਸਾਨੀ ਨਾਲ ਪੜ੍ਹਿਆ ਜਾ ਸਕਦਾ ਹੈ। ਸੋ ਅੱਜ ਆਸਕੀ ਫੌਂਟਾਂ ਦੇ ਝੁਰਮਟ ਵਿੱਚੋਂ ਨਿਕਲ ਕੇ ਯੂਨੀਕੋਡ ਪ੍ਰਣਾਲੀ ਅਪਣਾਉਣ ਦੀ ਸਖ਼ਤ ਜ਼ਰੂਰਤ ਹੈ।

 

ਯੂਨੀਕੋਡ ਟਾਈਪਿੰਗ (Unicode Typing)

ਯੂਨੀਕੋਡ ਟਾਈਪਿੰਗ ਕੋਈ ਆਮ ਟਾਈਪਿੰਗ ਨਹੀਂ। ਇਸ ਦੇ ਕਾਇਦੇ-ਕਾਨੂੰਨ ਆਮ ਫੌਂਟਾਂ ਨਾਲੋਂ ਕੁਝ ਵੱਖਰੇ ਹਨ। ਯੂਨੀਕੋਡ ਟਾਈਪਿੰਗ ਦੌਰਾਨ ਹੇਠਾਂ ਲਿਖੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ:

1. ਯੂਨੀਕੋਡ ਵਿੱਚ ਤੁਸੀਂ ਆਜ਼ਾਦ ਸ੍ਵਰ ਨਹੀਂ ਬਣਾ ਸਕਦੇ। ਮਿਸਾਲ ਵਜੋਂ ਈੜੀ ਨੂੰ ਬਿਹਾਰੀ (ਈ) ਪਾਉਣ ਸਮੇਂ ਈੜੀ ਅਤੇ ਬਿਹਾਰੀ ਦੋ ਵੱਖ-ਵੱਖ ਕੀਅ ਦਬਾਉਣ ਦੀ ਬਜਾਏ ਤੁਹਾਨੂੰ ਪਹਿਲਾਂ ਤੋਂ ਤਿਆਰ ‘ਈ’ ਵਾਲੀ ਇਕ ਕੀਅ ਹੀ ਵਰਤਣੀ ਪਵੇਗੀ।

2. ਪੈਰੀਂ (ਅੱਧਾ) ਅੱਖਰ ਪਾਉਣ ਲਈ ਬਿੰਦੀਆਂ ਵਾਲੇ ਗੋਲੇ (ਹਲੰਤ) ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਕਿ ਪੱਪੇ ਪੈਰੀਂ ਰਾਰਾ (ਪ੍ਰ) ਪਾਉਣ ਲਈ ਤੁਸੀਂ ਪੱਪਾ, ਹਲੰਤ ਅਤੇ ਰਾਰੇ ਦਾ ਇਸਤੇਮਾਲ ਕਰੋਗੇ।

ਪ੍ਰ > ਪ + ੍ +

3. ਯੂਨੀਕੋਡ ਵਿੱਚ ਸਾਰੇ ਅੱਖਰ ਆਵਾਜ਼ ਦੇ ਕ੍ਰਮ ਵਿੱਚ ਲਿਖੇ ਜਾਂਦੇ ਹਨ। ਉਦਾਹਰਨ ਵਜੋਂ ਜੇਕਰ ਤੁਸੀਂ ਈੜੀ ਨੂੰ ਸਿਹਾਰੀ (ਇ) ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਪਹਿਲਾਂ ਈੜੀ ਪਾਵੋਗੇ ਤੇ ਫਿਰ ਸਿਹਾਰੀ।

> +ਿ

4. ਭਾਵੇਂ ਯੂਨੀਕੋਡ ਵਿਚ ਟਾਈਪ ਕਰਨਾ ਥੋੜ੍ਹਾ ਔਖਾ ਹੈ ਪਰ ਇਹ ਪ੍ਰਣਾਲੀ ਗੁਰਮੁਖੀ ਦੇ ਨਿਯਮਾਂ ਨੂੰ ਜ਼ੋਰ ਦੇ ਕੇ ਲਾਗੂ ਕਰਵਾਉਂਦੀ ਹੈ। ਯੂਨੀਕੋਡ ਵਿਚ ਸਿਰਫ਼ ਗੁਰਮੁਖੀ ਦੇ ਸੁਭਾਅ ‘ਤੇ ਖਰਾ ਉੱਤਰਨ ਵਾਲੇ ਅੱਖਰ ਅਤੇ ਲਗਾਂ-ਮਾਤਰਾਵਾਂ ਹੀ ਟਾਈਪ ਕੀਤੀਆਂ ਜਾ ਸਕਦੀਆਂ ਹਨ। ਜਿਵੇਂ ਕਿ ਯੂਨੀਕੋਡ ਵਿਚ ਤੁਸੀਂ ਕਿਸੇ ਅੱਖਰ ਨਾਲ ਇਕ ਤੋਂ ਵੱਧ ਮਾਤਰਾਵਾਂ ਨਹੀਂ ਲਗਾ ਸਕਦੇ। ਜੇ ਤੁਸੀਂ ਜਬਰਦਸਤੀ ਅਜਿਹਾ ਪਾਉਣ ਦੀ ਕੋਸ਼ਿਸ਼ ਕਰਦੇ ਹੋ ਤਾਂ ਹਲੰਤ ਵਿਭਿੰਨ ਮਾਤਰਾਵਾਂ ਵਿਚ ਵਖਰੇਵਾਂ ਕਰ ਦੇਵੇਗਾ। ਭਾਵੇਂ ਕਈ ਲੋਕ ਨਿਯਮਾਂ ਤੋਂ ਉਲਟ ਅੱਖਰਾਂ ਦੀ ਵਰਤੋਂ ਲਈ ‘ਜ਼ੀਰੋ ਵਿਡਥ ਨਾਨ-ਜੋਆਇਨਰ’ ਦਾ ਪ੍ਰਯੋਗ ਕਰ ਲੈਂਦੇ ਹਨ ਪਰ ਅਜਿਹਾ ਕਰਨਾ ਗਲਤ ਹੈ।

 

ਯੂਨੀਕੋਡ ਟਾਈਪਿੰਗ ਪੈਡ (Unicode Typing Pad)

ਪੰਜਾਬੀ ਵਰਤੋਂਕਾਰ ਯੂਨੀਕੋਡ ਪ੍ਰਣਾਲੀ ਰਾਹੀਂ ਮੈਟਰ ਟਾਈਪ ਕਰਨ ‘ਚ ਕਾਫੀ ਮੁਸ਼ਕਿਲ ਮਹਿਸੂਸ ਕਰ ਰਹੇ ਸਨ। ਜਿਹੀ ਸਥਿਤੀ ਵਿੱਚ ਯੂਨੀਕੋਡ ਮੈਟਰ ਨੂੰ ਆਮ ਫੌਂਟ ਦੀ ਤਰ੍ਹਾਂ ਟਾਈਪ ਕਰਨ ਦੀ ਸੁਵਿਧਾ ਦੇਣ ਵਾਲੀ ਪੈਡ ਦੀ ਉਚੇਚੀ ਲੋੜ ਸੀ। ਵਰਤੋਂਕਾਰਾਂ ਦੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ”ਪੰਜਾਬੀ ਭਾਸ਼ਾ ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ” ਨੇ ਆਪਣੀ ਵੈੱਬਸਾਈਟ http://g2s.learnpunjabi.org/unipad.aspx ਉੱਤੇ ਆਨ ਲਾਈਨ ਸੁਵਿਧਾ ਪ੍ਰਦਾਨ ਕਰਵਾ ਦਿੱਤੀ ਹੈ। ਇਸ ਅਨੋਖੀ ਪੈਡ ਦੀ ਮਦਦ ਨਾਲ ਹੁਣ ਕੋਈ ਵਿਅਕਤੀ ਆਪਣੀ ਸੁਵਿਧਾ ਅਨੁਸਾਰ ਰਮਿੰਗਟਨ ਜਾਂ ਫੌਨੈਟਿਕ ਕੀ-ਬੋਰਡ ਦੀ ਚੋਣ ਕਰਕੇ ਯੂਨੀਕੋਡ ਦੇ ਮੈਟਰ ਨੂੰ ਰਵਾਇਤੀ ਫੌਂਟਾਂ ਦੀ ਤਰ੍ਹਾਂ ਟਾਈਪ ਕਰ ਸਕਦਾ ਹੈ। ਪੈਡ ਵਿਚ ਪਹਿਲਾਂ ਤੋਂ ਸਤਲੁਜ ਅਤੇ ਅਨਮੋਲ ਲਿਪੀ ਫੌਂਟ ਵਿਚ ਟਾਈਪ ਕੀਤੀ ਫਾਈਲ ਨੂੰ ਯੂਨੀਕੋਡ ਫੌਂਟ ਵਿਚ ਪਰਿਵਰਤਿਤ ਕਰ ਕੇ ਟੈਕਸਟ ਬਾਕਸ ਵਿਚ ਦਿਖਾਉਣ ਦੀ ਬੇਮਿਸਾਲ ਯੋਗਤਾ ਹੈ। ਇਸ ਦੇ ਨਾਲ ਹੀ ਪੈਡ ਵਿੱਚ ਟਾਈਪ ਕੀਤੇ ਜਾਂ ਖੋਲ੍ਹੀ ਜਾਣ ਵਾਲੀ ਫਾਈਲ ਦੇ ਮੈਟਰ ਨੂੰ ਬਾਅਦ ਵਿੱਚ ਲੋੜ ਅਨੁਸਾਰ ਕਿਧਰੇ ਵੀ ਤਬਦੀਲ ਕਰਨ, ਗੁਰਮੁਖੀ ਅਤੇ ਸ਼ਾਹਮੁਖੀ ਵਿਚ ਈ-ਮੇਲ ਸੰਦੇਸ਼ ਭੇਜਣ ਦੀ ਤਾਕਵਰ ਸੁਵਿਧਾ ਹੈ।

 

ਲਾਭ (Benefits)

ਯੂਨੀਕੋਡ ਬਹੁ ਭਾਸ਼ਾਈ ਪਾਠਾਂ ਨਾਲ ਸਬੰਧ ਰੱਖਣ ਵਾਲੇ ਲੇਖਕਾਂ, ਪੱਤਰਕਾਰਾਂ, ਖੋਜਕਾਰਾਂ, ਵਪਾਰੀਆਂ, ਭਾਸ਼ਾ ਵਿਗਿਆਨੀਆਂ ਅਤੇ ਤਕਨੀਕੀ ਮਾਹਿਰਾਂ ਲਈ ਬਹੁਤ ਉਪਯੋਗੀ ਹੈ। ਅੱਜ ਸੰਚਾਲਨ ਪ੍ਰਣਾਲੀਆਂ (ਓਪਰੇਟਿੰਗ ਸਿਸਟਮ) ਅਤੇ ਟਾਈਪ ਐਡੀਟਰਾਂ ਨੂੰ ਯੂਨੀਕੋਡ ਫੌਂਟ ਦੀ ਸੁਵਿਧਾ ਵਰਤ ਸਕਣ ਦੇ ਯੋਗ ਬਣਾਇਆ ਜਾ ਚੁੱਕਾ ਹੈ। ਹੁਣ ਪੁਰਾਣੇ ਫੌਂਟਾਂ ਨਾਲ ਮਗਜ਼-ਖਪਾਈ ਬਹੁਤੀ ਦੇਰ ਨਹੀਂ ਚੱਲਣੀ ਤੇ ਕਦੇ ਨਾ ਕਦੇ ਸਾਨੂੰ ਯੂਨੀਕੋਡ ਅੱਗੇ ਗੋਡੇ ਟੇਕਣੇ ਹੀ ਪੈਣੇ ਹਨ।

ਯੂਨੀਕੋਡ ਪ੍ਰਣਾਲੀ ਦੇ ਅਨੇਕਾਂ ਲਾਭ ਹਨ ਜੋ ਕਿ ਹੇਠਾਂ ਲਿਖੇ ਅਨੁਸਾਰ ਹਨ:

1. ਇਸ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇੱਕ ਕੰਪਿਊਟਰ ਵਿੱਚ ਟਾਈਪ ਕੀਤਾ ਮੈਟਰ ਸੰਸਾਰ ਦੇ ਕਿਸੇ ਵੀ ਯੂਨੀਕੋਡ ਅਧਾਰਿਤ ਕੰਪਿਊਟਰ ਉੱਤੇ ਖੋਲ੍ਹਿਆ ਜਾ ਸਕਦਾ ਹੈ ਤੇ ਉਸ ਵਿੱਚ ਵੱਖਰੇ ਤੌਰ ‘ਤੇ ਕਿਸੇ ਫੌਂਟ ਦੀ ਜ਼ਰੂਰਤ ਨਹੀਂ ਪੈਂਦੀ।

2. ਯੂਨੀਕੋਡ ਵਿੱਚ ਵਿਸ਼ਵ ਦੀ ਹਰੇਕ ਪ੍ਰਮੁਖ ਭਾਸ਼ਾ ਦੇ ਅੱਖਰ ਮੌਜੂਦ ਹਨ। ਇਹੀ ਕਾਰਨ ਹੈ ਕਿ ਇਕੋ ਯੂਨੀਕੋਡ ਫੌਂਟ ਵਰਤ ਕੇ ਤੁਸੀਂ ਬਹੁ ਭਾਸ਼ਾਈ ਪਾਠ ਦੀ ਸਿਰਜਣਾ ਕਰ ਸਕਦੇ ਹੋ।

3. ਪੰਜਾਬੀ ਜਾਣਨ ਵਾਲਾ ਵਿਅਕਤੀ ਯੂਨੀਕੋਡ ਅਧਾਰਿਤ ਕਿਸੇ ਵੀ ਕੰਪਿਊਟਰ ਉੱਤੇ ਟਾਈਪ ਕਰ ਸਕਦਾ ਹੈ।

4. ਯੂਨੀਕੋਡ ਦੇ ਵਿਕਾਸ ਨਾਲ ਸਾਡਾ ਕੰਪਿਊਟਰ ਅੰਗਰੇਜ਼ੀ ਦੇ ਮੁਥਾਜ ਨਹੀਂ ਰਿਹਾ। ਹੁਣ ਅਸੀਂ ਕੰਪਿਊਟਰ ਨੂੰ ਹੋਰਨਾਂ ਭਾਸ਼ਾਵਾਂ ਵਿੱਚ ਵੀ ਸਮਝਾ ਸਕਦੇ ਹਾਂ।

5. ਅਜੋਕੇ ਭੂਮੰਡਲੀ ਕਰਨ ਦੇ ਦੌਰ ਵਿੱਚ ਇਹ ਇਕ ਪਾਏਦਾਰ ਕਦਮ ਹੈ। ਇਸ ਨੇ ਦੁਨੀਆ ਦੀਆਂ ਵਿਭਿੰਨ ਭਾਸ਼ਾਵਾਂ ਦੀਆਂ ਲਿਪੀਆਂ ਵਿਚਲੀਆਂ ਸਰਹੱਦਾਂ ਨੂੰ ਦੂਰ ਕਰ ਦਿੱਤਾ ਹੈ।

6. ਹੁਣ ਕੰਪਿਊਟਰ ਉੱਤੇ ਕੋਈ ਵੀ ਕੰਮ ਭਾਰਤੀ ਭਾਸ਼ਾਵਾਂ ਵਿੱਚ ਕਰਨਾ ਸੰਭਵ ਹੈ। ਸ਼ਰਤ ਇਹ ਹੈ ਕਿ ਕੰਪਿਊਟਰ ਵਿੱਚ ਯੂਨੀਕੋਡ ਅਨੁਕੂਲ ਦਾ ਢੁਕਵਾਂ ਸਾਫ਼ਟਵੇਅਰ ਅਤੇ ਟੈਕਸਟ ਐਡੀਟਰ ਹੋਵੇ। ਮਾਈਕ੍ਰੋਸਾਫ਼ਟ ਦਾ ਆਫਿਸ ਸੰਸਕਰਨ ਸਨ ਮਾਇਕ੍ਰੋਸਿਸਟਮ ਦਾ ਸਟਾਰ ਆਫਿਸ ਜਾਂ ਫਿਰ ਓਪਨ ਸੋਰਸ ‘ਤੇ ਅਧਾਰਿਤ ਓਪਨ ਆਫਿਸ ਡਾਟ ਆਰਗ ਜਿਹੇ ਸਾਫ਼ਟਵੇਅਰ ਪੈਕੇਜ ਉੱਤੇ ਤੁਸੀਂ ਸ਼ਬਦ ਸੰਸਾਧਕ (ਵਰਡ ਪ੍ਰੋਸੈਸਰ), ਤਾਲਿਕਾ ਸਾਫ਼ਟਵੇਅਰ (ਸਪਰੈੱਡਸ਼ੀਟ), ਪ੍ਰਸਤੁਸੀ ਸਾਫ਼ਟਵੇਅਰ (ਪਾਵਰ ਪੁਆਇੰਟ) ਉੱਤੇ ਤੁਸੀਂ ਪੰਜਾਬੀ ਵਿੱਚ ਕੰਮ ਕਰ ਸਕਦੇ  ਹੋ।

7. ਯੂਨੀਕੋਡ ਪ੍ਰਣਾਲੀ ਦੀ ਮਦਦ ਨਾਲ ਕੰਪਿਊਟਰ ਵਿੱਚ ਪੰਜਾਬੀ ਅੰਕੜਿਆਂ ਨੂੰ ਕ੍ਰਮ ਵਿੱਚ ਲਗਾਉਣਾ (ਸੌਰਟਿੰਗ), ਅਨੁਕ੍ਰਮਿਕਾ (ਇੰਡੈਕਸ) ਤਿਆਰ ਕਰਨਾ, ਖੋਜ (ਸਰਚ) ਕਰਨਾ, ਮੇਲ ਮਰਜ਼, ਹੈੱਡਰ, ਫੂਟਰ, ਫੂੱਟ ਨੋਟਸ ਅਤੇ ਟਿੱਪਣੀਆਂ ਦੇਣਾ ਸੰਭਵ ਹੋ ਗਿਆ ਹੈ।

8. ਇੰਟਰਨੈੱਟ ਪ੍ਰਣਾਲੀ ਨੇ ਸਾਡੇ ਇੰਟਰਨੈੱਟ ਸੰਸਾਰ ਨੂੰ ਇਕ ਝਟਕੇ ਵਿੱਚ ਬਦਲ ਦਿੱਤਾ ਹੈ। ਹੁਣ ਨੈੱਟ ‘ਤੇ ਯਾਹੂ, ਗੂਗਲ, ਵਿੱਕੀਪੀਡੀਆ, ਐਮ.ਐਸ.ਐਨ. ਆਦਿ ਵੈੱਬਸਾਈਟਾਂ ਉੱਂਤੇ ਪੰਜਾਬੀ ਵਿੱਚ ਕੰਮ ਕਰਨਾ ਉੱਨਾਂ ਹੀ ਆਸਾਨ ਹੈ ਜਿਨ੍ਹਾਂ ਕਿ ਅੰਗਰੇਜ਼ੀ ਵਿਚ।

9. ਯੂਨੀਕੋਡ ਅਧਾਰਿਤ ਵੈੱਬਸਾਈਟਾਂ ਦੀ ਖੋਜ (ਸਰਚ) ਕਰਨਾ ਬਹੁਤ ਆਸਾਨ ਹੈ। ਪੰਜਾਬੀ ਯੂਨੀਕੋਡ ਵਾਲੇ ਮੈਟਰ ਨੂੰ ਲੱਭਣ ਵਾਲੇ ਅੱਜ ਅਨੇਕਾਂ ਸਰਚ ਇੰਜਣਾਂ ਦਾ ਵਿਕਾਸ ਹੋ ਚੁੱਕਾ ਹੈ। ਇਹਨਾਂ ਸਰਚ ਇੰਜਣਾਂ ਦੀ ਮਦਦ ਨਾਲ ਗੁਰਮੁਖੀ, ਸ਼ਾਹਮੁਖੀ ਅਤੇ ਦੇਵਨਾਗਰੀ,ਆਦਿ ਲਿਪੀ ਵਿੱਚ ਉਪਲਬਧ ਜਾਣਕਾਰੀ ਤੱਕ ਸਹਿਜੇ ਹੀ ਪਹੁੰਚਿਆ ਜਾ ਸਕਦਾ ਹੈ। ਅੱਜ ਪੰਜਾਬੀ ਸਰਚ ਇੰਜਣ (www.punjabikhoj.com) ਸਮੇਤ ਅਨੇਕਾਂ ਯੂਨੀਕੋਡ ਅਧਾਰਿਤ ਸਰਚ ਇੰਜਣਾਂ ਦਾ ਵਿਕਾਸ ਹੋ ਚੁੱਕਾ ਹੈ।

10. ਯੂਨੀਕੋਡ ਅਧਾਰਿਤ ਕੋਈ ਵੈੱਬਸਾਈਟ (ਜਿਵੇਂ ਕਿ www.ajitweekly.com, www.likhari.com, www.veerpunjab.com ਆਦਿ) ਖੋਲ੍ਹਣ ਜਾਂ ਡਾਊਨਲੋਡ ਕਰਨ ਸਮੇਂ ਭਾਸ਼ਾ ਦੀ ਕੋਈ ਸਮੱਸਿਆ ਨਹੀਂ ਆਉਂਦੀ। ਮਾਈਕ੍ਰੋਸਾਫ਼ਟ ਆਫਿਸ ਡਾਊਨਲੋਡ ਕੀਤੀ ਕਿਸੇ ਪੰਜਾਬੀ ਸਮੱਗਰੀ ਨੂੰ ਉਸ ਵਿੱਚ ਪਹਿਲਾਂ ਤੋਂ ਮੌਜੂਦ ‘ਰਾਵੀ’ ਫੌਂਟ ਵਿੱਚ ਆਪਣੇ-ਆਪ ਦਿਖਾਉਣ ਦੀ ਸਮਰੱਥਾ ਰੱਖਦਾ ਹੈ।

11. ਯੂਨੀਕੋਡ ਦੀ ਵਰਤੋਂ ਨਾਲ ਕੰਪਿਊਟਰ ਦੀ ਭੰਡਾਰਨ ਅਤੇ ਕਾਰਜ ਪ੍ਰਣਾਲੀ ਪੂਰੀ ਤਰ੍ਹਾਂ ਬਦਲ ਗਈ ਹੈ। ਇਸ ਨਾਲ ਗੈਰ ਅੰਗਰੇਜ਼ੀ ਭਾਸ਼ਾਵਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

12. ਯੂਨੀਕੋਡ ਦੀ ਵਰਤੋਂ ਕਰਦੇ ਸਮੇਂ ਕੰਪਿਊਟਰ ਉੱਤੇ ਮੀਨੂ ਅਤੇ ਡਾਈਲਾਗ ਬਕਸੇ ਪੰਜਾਬੀ ਵਿੱਚ ਬਣਾਉਣੇ ਸੰਭਵ ਹੋ ਗਏ।

13. ਯੂਨੀਕੋਡ ਅਧਾਰਿਤ ਕਿਸੇ ਕੰਪਿਊਟਰ ਉੱਤੇ ਤੁਸੀਂ ਫਾਈਲਾਂ ਅਤੇ ਫੋਲਡਰਾਂ ਦਾ ਨਾਮ (ਜਿਵੇਂ ਕਿ ‘ਮੇਰੀ ਫਾਈਲ.ਡੌਕ’ ਦੇ ਰੂਪ ਵਿੱਚ) ਪੰਜਾਬੀ ਵਿੱਚ ਰੱਖ ਸਕਦੇ ਹੋ। ਅੱਜ ਦੁਨੀਆ ਭਰ ਵਿੱਚ ਵਿਭਿੰਨ ਸਾਫ਼ਟਵੇਅਰਜ਼ ਨੂੰ ਯੂਨੀਕੋਡ ਅਧਾਰਿਤ ਬਣਾਉਣ ਦੀਆਂ ਕੋਸ਼ਿਸ਼ਾਂ ਚਲ ਰਹੀਆਂ ਹਨ।

ਆਉਣ ਵਾਲੇ ਬਹੁਤ ਹੀ ਥੋੜ੍ਹੇ ਸਮੇਂ ਵਿੱਚ ਸਾਨੂੰ ਹਰੇਕ ਪ੍ਰਮੁੱਖ ਸਾਫ਼ਟਵੇਅਰ ਸ਼ਕਤੀਸ਼ਾਲੀ ਯੂਨੀਕੋਡ ਅਨੁਕੂਲਤਾ ਨਾਲ ਉਪਲਬਧ ਹੋ ਜਾਵੇਗਾ। ਅਜਿਹਾ ਹੋਣ ਨਾਲ ਕੰਪਿਊਟਰ ਨੂੰ ਅੰਗਰੇਜ਼ੀ ਉੱਤੇ ਨਿਰਭਰਤਾ ਤੋਂ ਪੂਰਨ ਰੂਪ ਵਿੱਚ ਮੁਕਤੀ ਮਿਲ ਜਾਵੇਗੀ।

14. ਯੂਨੀਕੋਡ ਪ੍ਰਣਾਲੀ ਦੀ ਮਦਦ ਨਾਲ ਕਿਸੇ ਵੀ ਭਾਸ਼ਾ ਵਿੱਚ ਕੰਪਿਊਟਰ ਪ੍ਰੋਗਰਾਮ ਬਣਾਏ ਜਾ ਸਕਦੇ ਹਨ।

15. ਇਸ ਨਵੀਂ ਤਕਨੀਕ ਦੇ ਵਿਕਸਿਤ ਹੋਣ ਨਾਲ ਹੁਣ ਕੋਈ ਵਿਅਕਤੀ  ਇਕ ਕੰਪਿਊਟਰ ਤੋਂ ਦੂਸਰੇ ਕੰਪਿਊਟਰ ਵਿੱਚ ਗੁਰਮੁਖੀ ਅੰਕੜਿਆਂ ਦਾ ਸਥਾਨੰਤਰਨ ਬਿਨਾਂ ਕਿਸੇ ਨੁਕਸਾਨ ਦੇ ਅਤੇ ਫੌਂਟ ਦੀ ਚਿੰਤਾ ਕੀਤੇ ਬਿਨਾਂ ਕਰ ਸਕਦਾ ਹੈ।

16. ਯੂਨੀਕੋਡ ਫੌਂਟ ਵਿਚ ਤਿਆਰ ਕੀਤਾ ਡਾਟਾ ਬੇਸ ਵਰਤਣਾ ਬਹੁਤ ਆਸਾਨ ਹੈ।

17. ਵਰਤਮਾਨ ਸਮੇਂ ਵਿੱਚ ਮੋਬਾਇਲ ਫੋਨ, ਸੀ.ਡੀ./ ਡੀ.ਵੀ.ਡੀ. ਪਲੇਅਰ, ਫੋਨ-ਬੁੱਕਸ ਮੈਸੇਜ (ਸੰਦੇਸ਼) ਬੋਰਡ ਆਦਿ ਪੂਰੀ ਤਰ੍ਹਾਂ ਯੂਨੀਕੋਡ ਅਨੁਕੂਲ ਹੋ ਰਹੇ ਹਨ।

18. ਯੂਨੀਕੋਡ ਅਨੁਕੂਲ ਕਿਸੇ ਵੀ ਕੰਪਿਊਟਰ ਵਿੱਚ ਅਸੀਂ ਈ-ਮੇਲ ਸੰਦੇਸ਼ ਪੰਜਾਬੀ ਵਿੱਚ ਭੇਜ ਸਕਦੇ ਹਾਂ।

19. ਭਵਿੱਖ ਵਿੱਚ ਕੰਪਿਊਟਰ ਅਤੇ ਹੋਰਨਾਂ ਸੰਚਾਰ ਯੰਤਰਾਂ ਦੇ ਕਲ-ਪੁਰਜ਼ੇ ਯੂਨੀਕੋਡ ਦੇ ਅਨੁਕੂਲ ਹੋ ਜਾਣਗੇ ਤੇ ਤੁਹਾਡੇ ਸੀ.ਡੀ. ਜਾਂ ਡੀ.ਵੀ.ਡੀ. ਪਲੇਅਰ ਉੱਤੇ ਵੱਜਣ ਵਾਲੇ ਗੀਤਾਂ ਦੇ ਬੋਲ ਪੰਜਾਬੀ ਭਾਸ਼ਾ ਵਿੱਚ ਸਕਰੋਲ (Scroll) ਹੁੰਦੇ ਨਜ਼ਰ ਆਉਣਗੇ।

ਖ਼ਾਮੀਆਂ (Deficiencies)

ਅਨੇਕਾਂ ਲਾਭ ਹੋਣ ਕਾਰਨ ਸਮੁੱਚੀ ਦੁਨੀਆ ਦੀਆ ਨਜ਼ਰਾਂ ਯੂਨੀਕੋਡ ਪ੍ਰਣਾਲੀ ‘ਤੇ ਟਿੱਕੀਆਂ ਹੋਈਆਂ ਹਨ। ਇਹਨਾਂ ਸਭ ਦੇ ਬਾਵਜੂਦ ਇਸ ਵਿੱਚ ਕੁਝ ਖ਼ਾਮੀਆਂ ਹਨ ਜਿਨ੍ਹਾਂ ਦਾ ਵੇਰਵਾ ਹੇਠਾਂ ਦਿੱਤਾ ਹੈ:

1. ਯੂਨੀਕੋਡ ਵਿੱਚ ਗੁਰਮੁਖੀ ਦੀਆਂ ਪੁਰਾਤਨ (ਗੁਰਬਾਣੀ) ਵਾਲੀਆਂ ਵਿਸ਼ੇਸ਼ਤਾਵਾਂ ਨਹੀਂ ਹਨ।

2. ਯੂਨੀਕੋਡ ਪ੍ਰਣਾਲੀ ਵਿਚ ਟਾਈਪ ਕਰਨਾ ਇਕ ਆਮ ਫੌਂਟ ਵਿਚ ਟਾਈਪ ਕਰਨ ਤੋਂ ਬਿਲਕੁਲ ਭਿੰਨ ਹੈ। ਜਿਸ ਕਾਰਨ ਇਕ ਆਮ ਵਿਆਕਤੀ ਇਸ ਨੂੰ ਵਰਤਣ ‘ਚ ਔਖ ਮਹਿਸੂਸ ਕਰਦਾ ਹੈ।

3. ਯੂਨੀਕੋਡ ਵਿੱਚ ਟਾਈਪ ਕਰਨਾ ਆਮ ਫੌਂਟ ਵਿੱਚ ਟਾਈਪ ਕਰਨ ਨਾਲੋਂ ਕਾਫ਼ੀ ਭਿੰਨ ਹੈ। ਯੂਨੀਕੋਡ ਪ੍ਰਣਾਲੀ ਲਗਾਂ-ਮਾਤਰਾਂ ਦੇ ਮਿਆਰੀ ਨਿਯਮਾਂ ਤੋਂ ਹਟ ਕੇ ਇਕ ਅਲੱਗ ਕਿਸਮ ਦਾ ਵਾਤਾਵਰਨ ਮੁਹੱਈਆ ਕਰਵਾਉਂਦੀ ਹੈ। ਮਿਸਾਲ ਵਜੋਂ ਯੂਨੀਕੋਡ ਵਿੱਚ ਸਿਹਾਰੀ ਦੀ ਵਰਤੋਂ ਅੱਖਰ  ਤੋਂ ਬਾਅਦ ਕੀਤੀ ਜਾਂਦੀ ਹੈ। ਪੈਰੀਂ ਅੱਖਰ ਪਾਉਣ ਸਮੇਂ ਹਲੰਤ ਦੀ ਵਰਤੋਂ ਕੀਤੀ ਜਾਂਦੀ ਹੈ ਆਦਿ।

4. ਯੂਨੀਕੋਡ ਦੁਨੀਆ ਦੀਆਂ ਸਭਨਾਂ ਭਾਸ਼ਾਵਾਂ ਦੀਆਂ ਸਮੁੱਚੀਆਂ ਲੋੜਾਂ ਪੂਰੀਆਂ ਕਰਨ ਤੋਂ ਅਸਮਰੱਥ ਹੈ। ਇਸ ਵਿੱਚ ਇਕ ਹੱਦ ਤੱਕ ਹੀ ਅੱਖਰਾਂ/ਚਿੰਨ੍ਹਾਂ ਆਦਿ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ।

5. ਕਈ ਲੋਕਾਂ ਕੋਲ ਪੁਰਾਣੇ ਕੰਪਿਊਟਰ ਹਨ। ਉਹਨਾਂ ਵਿੱਚ ਵਿੰਡੋਜ਼ ਅਤੇ ਇੰਟਰਨੈੱਟ ਐਕਸਪਲੋਰਰ ਦੇ ਪੁਰਾਣੇ ਸੰਸਕਰਨ ਮੌਜੂਦ ਹਨ। ਇਹੀ ਕਾਰਨ ਹੈ ਕਿ ਅਜਿਹੇ ਕੰਪਿਊਟਰਾਂ ਨਾਲ ਜੁੜੇ ਵਿਅਕਤੀ ਯੂਨੀਕੋਡ ਦਾ ਲਾਭ ਨਹੀਂ ਉਠਾ ਸਕਦੇ।

6. ਕਈ ਵਿਅਕਤੀ ਕੰਪਿਊਟਰ ਵਿੱਚ ਪਹਿਲਾਂ ਤੋਂ ਹੀ ਸ਼ਾਮਿਲ ਯੂਨੀਕੋਡ ਫੌਂਟਾਂ (ਰਾਵੀ ਅਤੇ ਏਰੀਅਲ ਯੂਨੀਕੋਡ ਆਦਿ) ਤੋਂ ਹੱਟ ਕੇ ਚੰਗੀ ਦਿੱਖ ਵਾਲੇ ਯੂਨੀਕੋਡ ਫੌਂਟ ਵਰਤਣ ਦੀ ਇੱਛਾ ਰੱਖਦੇ ਹਨ। ਯੂਨੀਕੋਡ ਫੌਂਟ ਆਮ ਫੌਂਟਾਂ ਨਾਲੋਂ ਵਧੇਰੇ ਥਾਂ ਘੇਰਦੇ ਹਨ। ਜਿਸ ਕਾਰਨ ਨੈਟਵਰਕ ਰਾਹੀਂ ਯੂਨੀਕੋਡ ਫੌਂਟਾਂ ਦਾ ਆਦਾਨ-ਪ੍ਰਦਾਨ ਕਰਨਾ ਔਖਾ ਹੋ ਜਾਂਦਾ ਹੈ।

7. ਯੂਨੀਕੋਡ ਫੌਂਟਾਂ ਦੀ ਤਿਆਰੀ ਆਮ ਆਸਕੀ ਅਧਾਰਿਤ ਫੌਂਟਾਂ ਦੇ ਮੁਕਾਬਲੇ ਔਖੀ ਹੈ।

ਉਪਰੋਕਤ ਕਾਰਨਾਂ ਕਰਕੇ ਹਾਲਾਂ ਯੂਨੀਕੋਡ ਪ੍ਰਣਾਲੀ ਨੂੰ ਸਮਰਥਨ ਪ੍ਰਾਪਤ ਨਹੀਂ ਹੋ ਰਿਹਾ । ਇਸ ਦੇ ਸੁਧਾਰ, ਪ੍ਰਚਾਰ ਅਤੇ ਪ੍ਰਸਾਰ ਲਈ ਅਨੇਕਾਂ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਹੁਣ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਮਜਬੂਰਨ ਵਸ ਆਪਣੇ-ਆਪ ਹੀ ਇਸ ਲਾਹੇਵੰਦ ਪ੍ਰਣਾਲੀ ਉੱਤੇ ਨਿਰਭਰ ਹੋ ਜਾਵਾਂਗੇ

ਧੰਨਵਾਦ : ਸੀ ਪੀ ਕੰਬੋਜ

 


One comment

  1. Gurdev S. G.

    ਵਧੀਆ ਲੇਖ।
    ਤੁਸੀ ਸੰਗੀਤਕ ਲਿਖਣ ਬਾਰੇ ਕੁਝ ਸ਼ਬਦ ਭੇਜੋਂ ਤਾਂ ਧੰਨਵਾਦੀ ਹੋਵਾਂਗਾ

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar