ਇਹ ਯਾਦ ੧੯੧੭ ਦੇ ਅਖ਼ੀਰਲੇ ਮਹੀਨੇ ਦੀ ਹੈ, ਰੁੜਕੀਓਂ ਪਾਸ ਕਰ ਕੇ ਮੇਰੀ ਨੌਕਰੀ ਕਲਕਤੇ ਲੱਗੀ। ਓਥੇ ਮੇਰਾ ਇੱਕਲੇ ਦਾ ਦਿਲ ਨਾ ਲੱਗੇ। ਮੈਂ ਘਰ ਲਿਖਿਆ, “ਮੇਰੀ ਪਤਨੀ ਨੂੰ ਭੇਜ ਦਿਓ।” ਉਹਨਾਂ ਪੁਛਿਆ, “ਇਕਲੀ ਕੀਕਰ ਆਵੇ।” ਮੈਂ ਲਿਖਿਆ, “ਵਜ਼ੀਰਾਬਾਦ ਗੱਡੀ ਚਾੜ੍ਹ ਕੇ ਮੈਨੂੰ ਤਾਰ ਦੇ ਦਿਓ। ਕੁੜੀ ਬਹਾਦਰ ਹੈ, ਕੋਈ ਖ਼ਤਰਾ ਨਹੀਂ।”
ਉਹ ਆ ਗਈ। ਛੇ ਮਹੀਨੇ ਅਸੀਂ ਇਕੱਠੇ ਰਹੇ। ਇਹ ਸਮਾਂ ਮੇਰਾ ਖੁਸ਼ੀ ਭਰਿਆ ਵੀ ਸੀ, ਤੇ ਕਸ਼-ਮਕਸ਼ ਨਾਲ ਭਰਿਆ ਵੀ ਸੀ। ਆਪਣੇ ਵਰਗੀ ਸਾਦੀ ਕੁੜੀ ਨੂੰ ਕਲਕਤੇ ਵਰਗੇ ਸ਼ਹਿਰ ਵਿਚ ਸੁਤੰਤਰ ਸੈਰਾਂ ਕਰਾਅ ਕੈ ਮੈਨੂੰ ਬੜੀ ਖ਼ੁਸ਼ੀ ਹੁੰਦੀ ਸੀ। ਮੈਂ ਦਫ਼ਤਰ ਜਾਂਦਾ, ਉਹ ਸਾਰਾ ਦਿਨ ਨਿੱਕੇ ਨਿੱਕੇ ਕੰਮਾਂ ਉਤੋਂ ਮੇਰਾ ਰਾਹ ਤਕਦੀ ਰਹਿੰਦੀ। ਤੇ ਜਦੋਂ ਮੈਂ ਆ ਜਾਂਦਾ, ਅਸੀਂ ਇਕੱਠੇ ਹੀ ਰਸੋਈ ਵਿਚ ਰੋਟੀ ਤਿਆਰ ਕਰਦੇ, ਖਾਂਦੇ, ਤੇ ਫੇਰ ਦੋ ਪੰਛੀਆਂ ਵਾਂਗ ਕਲਕਤੇ ਦੀਆਂ ਚੌੜੀਆਂ ਜੂਹਾਂ ਵਿਚ ਉਡਦੇ ਫਿਰਦੇ। ਪੈਦਲ ਹੀ ਅਸਾਂ ਸਾਰਾ ਕਲਕਤਾ ਗਾਹ ਮਾਰਿਆ।
ਇਕ ਅੰਗਰੇਜ਼ ਥੀਏਟਰ ਕੰਪਨੀ ਕਲਕਤੇ ਵਿਚ “ਏਸ਼ੀਆ ਦਾ ਚਾਨਣ” ਨਾਟਕ ਖੇਡ ਰਹੀ ਸੀ। ਬੜੇ ਇਸ਼ਤਿਹਾਰ ਉਹਦੇ ਛਪੇ ਸਨ। ਬੜੀ ਸਿਫ਼ਤ ਉਹਨਾਂ ਦੇ ਨਾਟਕ ਦੀ ਸੁਣੀ ਸੀ : ਸਾੜ੍ਹੀਆਂ ਵਿਚ ਮੇਮਾਂ, ਨੰਗੇ ਪੈਰਾਂ ਵਿਚ ਮਹਿੰਦੀ ਲਗੀ ਹੋਈ, ਅੱਪਛਰਾਂ ਦੱਸੀਆਂ ਜਾਂਦੀਆਂ ਸਨ। ਸਿਧਾਰਥ ਦਾ ਪਾਰਟ ਕਰਨ ਵਾਲਾ ਅੰਗਰੇਜ਼, ਕਹਿੰਦੇ ਸਨ, ਕੋਈ ਦੇਵਤਾ ਦਿਸਦਾ ਸੀ।
ਅਸਾਂ ਵੀ ਟਿਕਟਾਂ ਲੈ ਲਈਆਂ। ਉਹ ਰਾਤ ਮੇਰੀ ਜ਼ਿੰਦਗੀ ਦਾ ਉਹ ਸਮਾਂ ਹੈ, ਜਿਦ੍ਹੀ ਘੜੀ ਘੜੀ ਦਾ ਖ਼ਿਆਲ ਮੇਰੀ ਯਾਦ ਵਿਚ ਉਕਰਿਆ ਪਿਆ ਹੈ। ਉਸ ਰਾਤ ਦੇ ਸਾਰੇ ਆਪਣੇ ਜਜ਼ਬੇ, ਸਹਿਮ ਤੇ ਤਸੱਲੀਆਂ ਮੈਂ ਅਜ ਵੀ ਦੁਹਰਾਅ ਸਕਦਾ ਹਾਂ। ਇਹ ਵੀ ਮੈਨੂੰ ਯਾਦ ਹੈ ਕਿ ਇਹ ਨਾਟਕ ਮੇਰੀ ਪਤਨੀ ਨੂੰ ਉੱਕਾ ਚੰਗਾ ਨਹੀਂ ਸੀ ਲੱਗਾ, ਤੇ ਮੈਨੂੰ ਏਸ ਗੱਲ ਦੀ ਬੜੀ ਉਦਾਸੀ ਹੋਈ ਸੀ। ਮੈਂ ਝਾਤੀ ਝਾਤੀ ਉਤੇ ਝੂੰਮ ਰਿਹਾ ਸਾਂ। ਪਰ ਉਹ ਮੇਰੇ ਤਰਜਮੇ ਨੂੰ ਠੰਡੀ ਤਰ੍ਹਾਂ ਸੁਣਦੀ ਸੀ। ਸਿਰਫ਼ ਉਸ ਝਾਤੀ ਨੂੰ ਚੰਗੀ ਤਰ੍ਹਾਂ ਵੇਖਣ ਲਈ ਉਹ ਅਗਾਂਹ ਉਲਰੀ ਸੀ, ਜਿਸ ਵਿਚ ਸਿਧਾਰਥ ਆਪਣੀ ਸੁੱਤੀ ਪਈ ਪਤਨੀ ਦੇ ਪੈਰਾਂ ਨੂੰ ਚੁੰਮਣ ਦੇ ਕੇ ਓੜਕ ਉਹਨੂੰ ਛੱਡ ਜਾਂਦਾ ਹੈ।
ਨਾਟਕ ਮੁਕਣ ਉਤੇ ਚਵ੍ਹਾਂ ਪਾਸਿਆਂ ਤੋਂ ਤਾੜੀਆਂ ਵਜੀਆਂ। ਮੈਂ ਵੀ ਬੜੇ ਜੋਸ਼ ਵਿਚ ਹਥ ਮਾਰ ਰਿਹਾ ਸਾਂ, ਪਰ ਮੇਰੀ ਪਤਨੀ ਅਹਿਲ ਮੇਰੇ ਪਾਸੇ ਨਾਲ ਬੈਠੀ ਰਹੀ।
ਰਾਹ ਵਿਚ ਬੁੱਧ ਨੂੰ ਮੈਂ ਉਹ ਵੱਡਾ ਮਹਾਂਪੁਰਖ ਦਰਸਾਣਾ ਚਾਹਿਆ, ਜਿਸ ਨੇ ਕਿਸੇ ਵੇਲੇ ਅੱਧੀ ਦੁਨੀਆ ਦਾ ਦਿਲ ਮੋਹ ਲਿਆ, ਤੇ ਉਹਨੂੰ ਭਰਮਾਂ ਦੀ ਦਲਦਲ ਵਿਚੋਂ ਕਢ ਕੇ ਆਪਣੇ ਅੰਦਰੋਂ ਸ਼ਾਂਤੀ ਲੱਭਣ ਦਾ ਮਾਰਗ ਦਸਿਆ ਸੀ।
“ਪਰ ਮੇਰਾ ਦਿਲ ਉਹ ਮੋਹ ਨਹੀਂ ਸਕਿਆ,” ਮੇਰੀ ਸਾਥਣ ਨੇ ਦਰਿੜ੍ਹ ਹੋ ਕੇ ਆਖਿਆ।
“ਕਿਉਂ? ਤੈਨੂੰ ਚੰਗਾ ਨਹੀਂ ਲੱਗਾ?” ਮੈਂ ਹੈਰਾਨ ਹੋ ਕੇ ਪੁੱਛਿਆ।
“ਤੁਸੀਂ ਉਸ ਸੁੱਤੀ ਪਈ ਯਸ਼ੋਧਰਾ ਦੀ ਥਾਂ ਹੋ ਕੇ ਵੇਖੋ, ਤਾਂ ਤੁਹਾਡੇ ਅੰਦਰ ਵੀ ਉਹੋ ਕੁਝ ਹੋਵੇ ਜੋ ਮੇਰੇ ਅੰਦਰ ਹੋ ਰਿਹਾ ਹੈ। ਸਵੇਰੇ ਉਠਦਿਆਂ ਉਹਦਾ ਦਿਲ ਜਿਸ ਤਰ੍ਹਾਂ ਖੁਸਿਆ ਹੋਵੇਗਾ, ਉਹ ਖੋਹ ਮੇਰੇ ਅੰਦਰ ਪੈ ਰਹੀ ਸੀ, ਜਦੋਂ ਲੋਕ ਤਾੜੀਆਂ ਵਜਾਅ ਰਹੇ ਸਨ — ਯਸ਼ੋਧਰਾ ਤਾਂ ਏਸ ਬੇਵਫ਼ਾਈ ਦੇ ਬਾਅਦ ਜਿਉਂਦੀ ਰਹਿ ਸਕੀ ਸੀ, ਮੈਂ ਖੌਰੇ ਨਾ ਹੀ ਰਹਿ ਸਕਾਂ…”
ਉਹ ਸਿਧਾਰਥ ਦੀ ਪਿਆਰ ਨਾਲ ਬੇਵਫ਼ਾਈ ਦੀਆਂ ਤੇ ਮੈਂ ਬੁੱਧ ਦੇ ਸੱਚ ਭਾਲਣ ਦੇ ਇਸ਼ਕ ਦੀਆਂ ਗੱਲਾਂ ਕਰਦੇ ਅਸੀਂ ਘਰ ਪਹੁੰਚੇ। ਬਹੁਤੀਆਂ ਗੱਲਾਂ ਲਈ ਉਹਦਾ ਰੌਂ ਨਾ ਵੇਖ ਕੇ ਮੈਂ ਸੌਂ ਗਿਆ। ਉਹ ਵੀ ਕਲ੍ਹ ਰਾਤ ਪੂਰੀ ਨਹੀਂ ਸੀ ਸੁਤੀ, ਗੁਆਂਢੀਆਂ ਦੇ ਬੀਮਾਰ ਬੱਚੇ ਸੰਬੰਧੀ ਸਹਾਇਤਾ ਦੇਣ ਗਈ ਰਹੀ ਸੀ। ਉਹ ਬੜੀ ਡੂੰਘੀ ਨੀਂਦ ਵਿਚ ਸੀ, ਜਦੋਂ ਸਾਡਾ ਬਾਹਰਲਾ ਬੂਹਾ ਖੜਕਿਆ। ਮੈਂ ਦੱਬੇ ਪੈਰੀਂ ਬੂਹਾ ਖੋਲ੍ਹ ਕੇ ਪੁੱਛਿਆ। ਗੁਆਂਢੀ ਬੱਚਾ ਬਹੁਤ ਔਖਾ ਸੀ, ਉਹਨੂੰ ਮਦਦ ਚਾਹੀਦੀ ਸੀ।
“ਇਕ ਮਿੰਟ — ਮੈਂ ਆਉਂਦਾ ਹਾਂ — ਮੇਰੀ ਪਤਨੀ ਕਲ੍ਹ ਸੁੱਤੀ ਨਹੀਂ ਸੀ, ਤੇ ਅਜ ਵੀ ਅਸੀਂ ਦੇਰ ਨਾਲ ਆਏ ਹਾਂ।”
ਮੈਂ ਕੱਪੜੇ ਪਾ ਲਏ ਤੇ ਅੰਦਰੋਂ ਜੰਦਰਾ ਲੈ ਕੇ ਬਾਹਰ ਲਾ ਦਿੱਤਾ, ਤੇ ਗੁਆਂਢੀਆਂ ਦੇ ਘਰ ਚਲਾ ਗਿਆ। ਓਥੇ ਬੱਚਾ ਬੜਾ ਔਖਾ ਸੀ, ਮੈਂ ਗੋਦੀ ਵਿਚ ਲੈ ਲਿਆ, ਤੇ ਜਿੰਨਾ ਚਿਰ ਕਿਸੇ ਨੇ ਮੈਨੂੰ ਵਿਹਲਿਆਂ ਨਾ ਕੀਤਾ, ਮੈਂ ਘਰ ਨਾ ਮੁੜ ਸਕਿਆ।
ਡੇਢ ਘੰਟੇ ਬਾਅਦ ਕਿਸੇ ਆਖਿਆ ਕਿ ਮੈਂ ਘਰ ਜਾਵਾਂ। ਬਹੂ ਇਕੱਲੀ ਹੋਵੇਗੀ। ਬੂਹੇ ਕੋਲ ਪਹੁੰਚਾ, ਜੰਦਰਾ ਖੋਲ੍ਹ ਕੇ ਜਦੋਂ ਭਿਤ ਧੱਕੇ ਤਾਂ, ਅੰਦਰੋਂ ਬੰਦ ਸਨ, ਤੇ ਅੰਦਰ ਰੌਸ਼ਨੀ ਕਮਰਿਓ ਕਮਰੇ ਫਿਰ ਰਹੀ ਸੀ। ਉਹ ਦਿਨ ਰਾਜਸੀ ਡਾਕਿਆਂ ਦੇ ਸਨ। ਵੱਡੇ ਤੇ ਬਦਮਿਜ਼ਾਜ ਸਰਕਾਰੀ ਨੌਕਰਾਂ ਦੇ ਘਰੀਂ ਡਾਕੇ ਪੈਂਦੇ ਸਨ, ਪਰ ਮੈਂ ਤਾਂ ਨਾ ਕੋਈ ਵੱਡਾ ਨੌਕਰ, ਤੇ ਨਾ ਬਦਮਿਜ਼ਾਜ ਸਾਂ। ਇਹ ਹਨੇਰ ਮੇਰੇ ਘਰ ਕਿਉਂ?
ਮੈਂ ਬੂਹਾ ਖੜਕਾਇਆ। ਰੌਸ਼ਨੀ ਬੂਹੇ ਅੱਗੇ ਆ ਗਈ, ਤੇ ਰੁੰਨੀ ਆਵਾਜ਼ ਨੇ ਪੁੱਛਿਆ,
“ਕੌਣ?”
“ਮੈਂ ਹਾਂ।”
“ਮੈਂ ਕੌਣ? ਮੈਂ ਨਹੀਂ ਬੂਹਾ ਖੋਲ੍ਹਣਾ।”
ਮੈਂ ਆਪਣਾ ਨਾਂ ਦੱਸਿਆ, ਕਿ ਮੈਂ ਉਹਨੂੰ ਜਗਾਇਆ ਨਹੀਂ ਸੀ — ਮੈਂ ਆਪ ਹੀ ਗੁਆਂਢੀ ਦੇ ਘਰ ਚਲਿਆ ਗਿਆ ਸਾਂ।
ਬੂਹਾ ਖੁਲ੍ਹਿਆ। ਉਸ ਜ਼ਮਾਨੇ ਵਿਚ ਸਿਆਲਕੋਟੋਂ ਕਲਕੱਤੇ ਇਕੱਲੀ ਦੋ ਹਜ਼ਾਰ ਮੀਲ ਦਾ ਸਫ਼ਰ ਕਰ ਸਕਣ ਵਾਲੀ ਦਲੇਰ ਕੁੜੀ ਦਾ ਮੂੰਹ ਅੱਥਰੂਆਂ ਨਾਲ ਭਿੱਜਾ ਪਿਆ ਸੀ। ਤੇ ਉਹਦਾ ਸਰੀਰ ਮੋਹਲਾਧਾਰ ਮੀਂਹ ਹੇਠਾਂ ਭਿੱਜੇ ਪੰਛੀ ਵਾਂਗ ਸੁੰਗੜਿਆ ਹੋਇਆ ਸੀ।
ਮੈਂ ਗਲ ਨਾਲ ਲਾ ਲਿਆ।
“ਪਰ ਕਿਉਂ — ਕਿਉਂ? ਤੂੰ ਤਾਂ ਰੋਣ ਵਾਲੀ ਕੁੜੀ ਨਹੀਂ ਸੈਂ!”
ਤਾਂ ਵੀ ਉਹ ਰੋਈ ਗਈ। ਸਾਹ ਨਾਲ ਜਦੋਂ ਸਾਹ ਮਿਲਿਆ ਤਾਂ ਮੈਂ ਉਹਨੂੰ ਚੁੱਕ ਕੇ ਮੰਜੇ ਉਤੇ ਲਿਟਾਅ ਦਿੱਤਾ, ਤੇ ਆਪਣੇ ਬੰਧੇਜ ਦੀ ਹੱਦ ਵਿਚ ਜੋ ਕੁਝ ਮੈਂ ਕਰ ਸਕਦਾ ਸਾਂ, ਉਹਦੇ ਨਾਲ ਕੀਤਾ। ਤੇ ਜਦੋਂ ਉਹਦੀਆਂ ਅੱਖਾਂ ਵਿਚ ਅਖ਼ੀਰਲਾ ਅੱਥਰੂ ਸੁਕ ਗਿਆ ਤਾਂ ਉਹਦੇ ਬੁੱਲ੍ਹਾਂ ਉਤੇ ਨਿਮ੍ਹੀ ਜਿਹੀ ਮੁਸਕਰਾਹਟ ਮੈਂ ਲੰਪ ਦੇ ਚਾਨਣ ਵਿਚ ਵੇਖੀ।
“ਮੈਨੂੰ ਨਾਟਕ ਦਾ ਸੁਪਨਾ ਆ ਰਿਹਾ ਸੀ। ਜਦੋਂ ਸਿਧਾਰਥ ਨੇ ਸੁੱਤੀ ਯਸ਼ੋਧਰਾ ਵਲੋਂ ਮੂੰਹ ਮੋੜ ਲਿਆ, ਮੈਨੂੰ ਹੌਲ ਪਿਆ ਤੇ ਮੇਰੀ ਜਾਗ ਖੁਲ੍ਹ ਗਈ। ਮੈਂ ਤੁਹਾਡੇ ਮੰਜੇ ਉਤੇ ਹੱਥ ਫੇਰਿਆ। ਮੇਰਾ ਕਲੇਜਾ ਕੁੜਕ ਗਿਆ। ਮੈਂ ਉਠੀ — ਤੁਹਾਡੇ ਕਪੜੇ ਵੇਖੇ — ਹੈ ਨਹੀਂ ਸਨ — ਬੂਹਾ ਵੇਖਿਆ, ਅੰਦਰੋਂ ਖੁਲ੍ਹਾ ਤੇ ਬਾਹਰੋਂ ਬੰਦ ਸੀ। ਮੇਰੇ ਅੰਦਰੋਂ ਚੀਕ ਉੱਠੀ : ਉਹ, ਮੇਰਾ ਸਿਧਾਰਥ ਮੈਨੂੰ ਧੋਖਾ ਦੇ ਗਿਆ।”
You are here: Home >> Lekhak ਲੇਖਕ >> Gurbakhsh Singh Preetlari ਗੁਰਬਖ਼ਸ਼ ਸਿੰਘ ਪ੍ਰੀਤਲੜੀ >> ਉਸ ਅਨੋਖੀ ਕੁੜੀ ਦੀ ਇਕ ਯਾਦ (ਹੱਡਬੀਤੀ)/Us Anokhi Kuri Di Ik Yaad
Tagged with: Gurbakhsh Singh Preetlari ਗੁਰਬਖ਼ਸ਼ ਸਿੰਘ ਪ੍ਰੀਤਲੜੀ Lekhak ਲੇਖਕ Literature ਸਾਹਿਤ Stories ਕਹਾਣੀਆਂ ਉਸ ਅਨੋਖੀ ਕੁੜੀ ਦੀ ਇਕ ਯਾਦ (ਹੱਡਬੀਤੀ)
Click on a tab to select how you'd like to leave your comment
- WordPress