ਜੀ ਆਇਆਂ ਨੂੰ
You are here: Home >> Home Page ਮੁੱਖ਼ ਪੰਨਾ >> Recent Condition Of Punjabi Language ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ

Recent Condition Of Punjabi Language ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ

ਭਾਸ਼ਾ ਉਹ ਸ਼ਕਤੀਸ਼ਾਲੀ ਮਾਧਿਅਮ ਹੈ ਜੋ ਕਿਸੇ ਕੌਮੀਅਤ ਦੇ ਲੋਕਾਂ ਦੇ ਹਾਵਾਂ-ਭਾਵਾਂ ਤੇ ਵਿਚਾਰਾਂ ਦਾ ਆਪਸੀ ਆਦਾਨ-ਪ੍ਰਦਾਨ ਕਰਦੀ ਹੈ। ਭਾਸ਼ਾ ਲੋਕ ਜੀਵਨ ਦਾ ਮਾਧਿਅਮ ਹੈ। ਇਹ ਮਨੁੱਖ ਦਾ ਸਮਾਜਿਕ ਵਿਰਸਾ ਹੈ। ਇਸ ਨੂੰ ਉਹ ਆਪਣੇ ਸਮਾਜਿਕ ਵਾਤਾਵਰਣ ਵਿੱਚੋਂ ਸਿੱਖਦਾ ਹੈ। ਭਾਸ਼ਾ ਸਦਕਾ ਹੀ ਅਸੀਂ ਮਨੁੱਖ ਹਾਂ। ਇਕ ਤੋਂ ਦੂਜੇ ਮਨੁੱਖ ਨੂੰ ਸਮਝਣ ਲਈ ਭਾਸ਼ਾ ਦੀ ਜ਼ਰੂਰਤ ਹੈ। ਅਸੀਂ ਭਾਸ਼ਾ ਰਾਹੀਂ ਸਮਾਜ ਦੇ ਵਰਤਾਰੇ ਨੂੰ ਚੰਗੀ ਤਰ੍ਹਾਂ ਪਕੜ ਸਕਦੇ ਹਾਂ। ਹਰ ਭਾਸ਼ਾ ਦੀ ਧੁਨੀ ਉਸ ਦੀ ਸੰਸਕ੍ਰਿਤੀ, ਸਮਾਜ ਅਤੇ ਇਤਿਹਾਸ ਮੁਤਾਬਕ ਘੜੀ ਜਾਂਦੀ ਹੈ। ਭਾਸ਼ਾ ਹੀ ਅਜਿਹਾ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੇ ਮਨ ਦੀਆਂ ਭਾਵਨਾਵਾਂ ਸਾਹਿਤ ਦੇ ਰੂਪ ਵਿਚ ਪ੍ਰਗਟ ਕਰਦਾ ਹੈ।

ਪੰਜਾਬੀ ਭਾਸ਼ਾ ਸਾਡੀ ਪੰਜਾਬੀਆਂ ਦੀ ਪਛਾਣ ਹੈ। ਪੰਜਾਬੀਆਂ ਦੀ ਹੋਂਦ ਪੰਜਾਬੀ ਭਾਸ਼ਾ ਕਰਕੇ ਹੀ ਹੈ। ਸਾਡੀ ਇਕ-ਦੂਜੇ ਤੋਂ ਵੱਖਰੀ ਹੋਂਦ ਭਾਸ਼ਾ ਅਤੇ ਸਭਿਆਚਾਰ ਕਰਕੇ ਹੈ। ਪੰਜਾਬੀ ਭਾਸ਼ਾ ਪੰਜਾਬੀਆਂ ਦੀ ਮਾਂ-ਬੋਲੀ ਹੈ ਜਿਸ ਨੂੰ ਅਸੀਂ ਮਾਂ ਦੀ ਨਿੱਘੀ ਗੋਦ ਵਿਚ ਬਹਿ ਕੇ ਸਿੱਖਦੇ ਹਾਂ, ਜਿਸ ਦਾ ਨਾਤਾ ਜਨਮ ਤੋਂ ਮਰਨ ਤਕ ਹੁੰਦਾ ਹੈ। ਕਈ ਪੜਾਵਾਂ ਵਿੱਚੋਂ ਲੰਘੀ ਪੰਜਾਬੀ ਭਾਸ਼ਾ ਨੇ ਨਵਾਂ ਜਾਮਾ ਧਾਰਨ ਕੀਤਾ। ਇਸ ਵਿਚ ਨਾਥ ਜੋਗੀਆਂ ਨੇ ਆਪਣੀ ਬਾਣੀ ਲਿਖੀ। ਬਾਬਾ ਫ਼ਰੀਦ ਨੇ ਮਿਸਰੀ ਵਰਗੇ ਸਲੋਕ ਲਿੱਖ ਕੇ ਇਸ ਭਾਸ਼ਾ ਵਿਚ ਮਿਠਾਸ ਭਰ ਦਿੱਤੀ। ਗੁਰੂ ਕਾਲ ’ਚ ਇਹ ਭਾਸ਼ਾ ਸੰਵਾਰੀ ਅਤੇ ਸਜਾਈ ਗਈ। ਸਫੀਆਂ ਤੇ ਕਿੱਸੇਕਾਰਾਂ ਨੇ ਇਸ ਦੇ ਸਿਰ ਦੀ ਫੁਲਕਾਰੀ ਗੁੰਦੀ ਤੇ ਇਸ ਦੀ ਮਹਿਮਾ ਦੂਰ-ਦੂਰ ਤਕ ਫੈਲ ਗਈ। ਪੰਜਾਬ ਵਿਚ ਸਮੇਂ-ਸਮੇਂ ਬਹੁਤ ਸਾਰੇ ਹਮਲਾਵਰ ਆਏ ਜਿਵੇਂ ਬਾਬਰ, ਨਾਦਰ ਸ਼ਾਹ ਤੇ ਅਬਦਾਲੀ ਆਦਿ। ਫੇਰ ਵੀ ਪੰਜਾਬੀ ਭਾਸ਼ਾ ਦਾ ਵਿਕਾਸ ਤੇ ਨਿਕਾਸ ਹੁੰਦਾ ਰਿਹਾ। ਪੰਜਾਬੀ ਭਾਸ਼ਾ ਨੂੰ ਜ਼ਿਆਦਾ ਠੇਸ ਉਸ ਸਮੇਂ ਲੱਗੀ ਜਦੋਂ ਭਾਰਤ ਅੰਗਰੇਜ਼ਾਂ ਦੀ ਬਸਤੀ ਬਣਿਆ। ਜਦੋਂ ਹੀ ਅੰਗਰੇਜ਼ਾਂ ਨੇ ਪੰਜਾਬ ਨੂੰ ਆਪਣੇ ਅਧੀਨ ਕੀਤਾ। ਆਪਣੀ ਨੀਤੀਆਂ ਨੂੰ ਲੋਕਾਂ ਤਕ ਪਹੁੰਚਾਉਣ ਲਈ ਆਪਣੀ ਭਾਸ਼ਾ ਦਾ ਪ੍ਰਚਾਰ ਕੀਤਾ। ਉਨ੍ਹਾਂ ਨੇ ਸਾਡੇ ਵਿਚ ਅਧੀਨਗੀ ਤੇ ਗੁਲਾਮ ਮਾਨਸਿਕਤਾ ਦਾ ਸੰਕਲਪ ਪੈਦਾ ਕਰ ਦਿੱਤਾ, ਜਿਸ ਨਾਲ ਪੰਜਾਬੀਆਂ ਨੇ ਉਨ੍ਹਾਂ ਦੀ ਅੰਗਰੇਜ਼ੀ ਭਾਸ਼ਾ ਦੀ ਪ੍ਰਮੁੱਖਤਾ ਸਵੀਕਾਰੀ। ਦੇਸ਼ ਦੀ ਆਜ਼ਾਦੀ ਲਈ ਚੱਲਦੀਆਂ ਲਹਿਰਾਂ ਨੇ ਪੰਜਾਬੀ ਦੇ ਹੱਕ ਵਿਚ ਕਾਫੀ ਆਵਾਜ਼ ਉਠਾਈ। 1947 ਨੂੰ ਜਦੋਂ ਸਾਡੇ ਦੇਸ਼ ਨੂੰ ਰਸਮੀ ਆਜ਼ਾਦੀ ਮਿਲੀ, ਸਾਡੀ ਗੁਲਾਮ ਮਾਨਸਿਕਤਾ ਨੇ ਪੰਜਾਬੀ ਭਾਸ਼ਾ ਨੂੰ ਅਣਗੌਲਿਆਂ ਕਰ ਦਿੱਤਾ। ਇਸੇ ਗੱਲ ਨੂੰ ਲੈ ਕੇ ਆਪਣੇ ਹਾਵ-ਭਾਵ ਪ੍ਰਗਟ ਕਰਦਾ ਇਕ ਸ਼ਾਇਰ ਕਹਿੰਦਾ ਹੈ:-

ਇਕੋ ਗੱਲ ਮਾੜੀ ਇਹਦੇ ਛੈਲ ਬਾਂਕੇ, ਬੋਲੀ ਆਪਣੀ ਮਨੋ ਭੁਲਾਈ ਜਾਂਦੇ।
ਪਿੱਛੇ ਸਿੱਪੀਆਂ ਦੇ ਖਾਂਦੇ ਫਿਰਨ ਗੋਤੇ, ਪੰਜ-ਆਬ ਦੇ ਮੋਤੀ ਰੁਲਾਈ ਜਾਂਦੇ।

1947 ਤੋਂ ਲੈ ਕੇ ਹੁਣ ਤਕ ਦੀ ਗੱਲ ਕਰੀਏ ਤਾਂ ਪੰਜਾਬੀ ਭਾਸ਼ਾ ਇਕ ਗੰਭੀਰ ਸੰਕਟ ਵਿੱਚੋਂ ਲੰਘ ਰਹੀ ਹੈ। 1990 ਵਿਚ ਯੂਰਪੀਅਨ ਚਾਰਟਰ ਫਾਰ ਰਿਜਨਲ ਔਰ ਮਾਈਨੌਰਟੀ ਲੈਂਗੂਏਜਿਜ਼ ਅਤੇ 1996 ਵਿਚ ਬਾਰਸੀਲੋਨਾ ਡੈਕਲਰੇਸ਼ਨ ਆਫ਼ ਲਿੰਗੁਇਸਟਿਕ ਹਾਈਟਸ ਨੇ ਭਾਸ਼ਾਵਾਂ ਦੀ ਮੌਤ ਗੱਲ ਸ਼ੁਰੂ ਕਰ ਦਿੱਤੀ। ਯੂਨੈਸਕੋ ਨੇ ਵੀ ਆਪਣੀ ਰਿਪੋਰਟ ਜਾਰੀ ਕੀਤੀ ਜਿਸ ਵਿਚ ਪੰਜਾਹ ਵਰ੍ਹਿਆਂ ਵਿਚ ਦੁਨੀਆਂ ਦੀਆਂ ਅੱਧੀਆਂ ਭਾਸ਼ਾਵਾਂ ਮਰ ਜਾਣ ਦੀ ਭਵਿੱਖਬਾਣੀ ਕੀਤੀ ਹੈ। ਇਸ ਕਰਕੇ ਪੰਜਾਬੀ ਵਿਦਵਾਨਾਂ ਵਿਚ ਹਲਚਲ ਪੈਦਾ ਹੋਈ ਤੇ ਦੋ ਤਰ੍ਹਾਂ ਦੇ ਵਿਚਾਰ ਸਾਹਮਣੇ ਆਏ। ਇਕ ਪਾਸੇ ਉਹ ਵਿਦਵਾਨ ਹਨ, ਜੋ ਆਖਦੇ ਹਨ- ਇਹੋ ਜਿਹੇ ਵਿਸ਼ਵ ਵਰਤਾਰੇ ਤੋਂ ਸਾਡੀ ਪੰਜਾਬੀ ਭਾਸ਼ਾ ਨੂੰ ਕੋਈ ਖ਼ਤਰਾ ਨਹੀਂ। ਉਹ ਇਸ ਗੱਲ ਦਾ ਹਵਾਲਾ ਦਿੰਦੇ ਹਨ ਕਿ 150 ਮੁਲਕਾਂ ਵਿਚ ਪੰਜਾਬੀ ਲੋਕ ਫੈਲ ਗਏ ਹਨ ਜਿਸ ਕਰਕੇ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਵੀ ਦੁਨੀਆਂ ਵਿਚ ਲਗਾਤਾਰ ਵਧਦੀ ਜਾ ਰਹੀ ਹੈ। ਉਹ ਮੰਨਦੇ ਹਨ ਕਿ ਦੁਨੀਆਂ ਭਰ ਦੀਆਂ ਭਾਸ਼ਾਵਾਂ ਵਿਚ ਪੰਜਾਬੀ ਦਾ ਸਥਾਨ 12ਵਾਂ ਬਣਦਾ ਹੈ। ਇਸ ਦਾ ਖਿੱਤਾ ਬਹੁਤ ਵਿਸ਼ਾਲ ਹੈ। ਉਹ 1948 ਦੀ ਭਾਸ਼ਾ ਕਮਿਸ਼ਨ ਦੀ ਰਿਪੋਰਟ ਦਾ ਜ਼ਿਕਰ ਕਰਦੇ ਹਨ ਕਿ ਪੰਜਾਬੀ ਨੂੰ ਭਾਰਤ ਦੀਆਂ 14 ਪ੍ਰਮੁੱਖ ਭਾਸ਼ਾਵਾਂ ਵਿੱਚੋਂ ਇਕ ਵੱਡੀ ਭਾਸ਼ਾ ਮੰਨਿਆ ਗਿਆ ਹੈ। ਇਹ ਵਿਦਵਾਨ ਪੰਜਾਬੀ ਦੇ ਗੌਰਵਮਈ ਇਤਿਹਾਸ ਦੀ ਗੱਲ ਤੋਰ ਕੇ ਆਪਣੇ ਵਿਚਾਰ ਦੀ ਪ੍ਰੋੜ੍ਹਤਾ ਕਰਦੇ ਹਨ ਕਿ ਇਹ ਉਹ ਭਾਸ਼ਾ ਹੈ ਜਿਸ ਵਿਚ ਨਾਥ ਜੋਗੀਆਂ ਨੇ ਰਚਨਾ ਕੀਤੀ, ਬਾਬਾ ਫ਼ਰੀਦ ਅਤੇ ਗੁਰੂ ਸਾਹਿਬਾਨ ਨੇ ਬਾਣੀ ਰਚੀ। ਇਸ ਵਿਚ ਸੂਫ਼ੀਆਂ, ਕਿੱਸਾਕਾਰਾਂ ਦੀਆਂ ਰਚਨਾਵਾਂ ਲਿਖੀਆਂ ਗਈਆਂ ਹਨ ਜਿਸ ਵਿਚ ਭਾਈ ਵੀਰ ਸਿੰਘ, ਪ੍ਰੋ. ਮੋਹਨ ਸਿੰਘ, ਪ੍ਰੋ. ਗੁਰਬਖਸ਼ ਸਿੰਘ, ਐਸ.ਐਸ. ਰੰਧਾਵਾ, ਨਾਨਕ ਸਿੰਘ, ਸੰਤ ਸਿੰਘ ਸੇਖੋਂ, ਸ਼ਿਵ ਕੁਮਾਰ, ਅੰਮ੍ਰਿਤਾ ਵਰਗੇ ਬਹੁਤ ਸਾਰੇ ਲੇਖਕਾਂ ਤੇ ਕਵੀਆਂ ਨੇ ਆਪਣੀ ਕਲਮ ਜਮਾਈ ਤੇ ਇਹ ਕੋਸ਼ਿਸ਼ ਲਗਾਤਾਰ ਹੋ ਰਹੀ ਹੈ। ਇਥੋਂ ਇਸ ਗੱਲ ਦਾ ਸਬੂਤ ਮਿਲਦਾ ਹੈ ਕਿ ਪੰਜਾਬੀ ਭਾਸ਼ਾ ਨੂੰ ਕੋਈ ਖਤਰਾ ਨਹੀਂ। ਵਿਸ਼ਵੀਕਰਨ ਦੇ ਦੌਰ ਵਿਚ ਉਹ ਪੰਜਾਬੀ ਮੀਡੀਆ ਦੇ ਵਿਸਥਾਰ ਦੀ ਗੱਲ ਵੀ ਆਖਦੇ ਹਨ। ਇਸ ਦਾ ਘੇਰਾ ਬਹੁਤ ਵਿਸ਼ਾਲ ਹੈ। ਟੀ.ਵੀ. ਸੈਟੇਲਾਈਟ ਚੈਨਲਾਂ, ਕੰਪਿਊਟਰ ਇੰਟਰਨੈੱਟ ਦੇ ਸਹਾਰੇ ਪੰਜਾਬੀ ਭਾਸ਼ਾ ਦਾ ਫੈਲਾਅ ਦੁਨੀਆਂ ਵਿਚ ਹੋ ਰਿਹਾ ਹੈ।

ਦੂਜੇ ਵਿਚਾਰ ਵਾਲੇ ਵਿਦਵਾਨ ਇਸ ਗੱਲੋਂ ਚਿੰਤਤ ਹਨ ਕਿ ਅੱਜ ਵਿਸ਼ਵੀਕਰਨ ਦੇ ਦੌਰ ਵਿਚ ਪੰਜਾਬੀ ਭਾਸ਼ਾ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਉਹ ਪਹਿਲੇ ਵਿਦਵਾਨਾਂ ਦੁਆਰਾ ਦਿੱਤੀ ਗਈ ਦਲੀਲ ਨੂੰ ਨਕਾਰਦੇ ਹਨ ਤੇ ਵਿਸ਼ਵੀਕਰਨ ਨੂੰ ਇਕਪਾਸੜ ਹੋਣ ਦਾ ਨਾਂ ਦਿੰਦੇ ਹਨ। ਪੂੰਜੀਵਾਦੀ ਵਿਕਸਿਤ ਦੇਸ਼, ਜਿਨ੍ਹਾਂ ਨੂੰ ਸਾਮਰਾਜਵਾਦੀ ਦੇਸ਼ ਵੀ ਕਿਹਾ ਜਾਂਦਾ ਹੈ, ਉਹ ਵੱਧ ਤੋਂ ਵੱਧ ਮੁਨਾਫ਼ਾ ਕਮਾਉਣ ਲਈ ਮੰਡੀ ਦੀ ਤਲਾਸ਼ ਕਰਦੇ ਹੋਏ ਤੀਜੇ ਸੰਸਾਰ ਦੇ ਦੇਸ਼ਾਂ ਨੂੰ ਬਸਤੀਆਂ ਬਣਾ ਰਹੇ ਹਨ। ਉਨ੍ਹਾਂ ਦੇ ਸਰਮਾਏ ਨੂੰ ਆਉਣ-ਜਾਣ ਤੋਂ ਬੇਰੋਕ ਖੁੱਲ੍ਹ ਹੈ, ਪਰ ਦੂਜੇ ਪਾਸੇ ਗਰੀਬ ਮੁਲਕਾਂ ਦੀ ਕਿਰਤ ਸ਼ਕਤੀ ਨੂੰ ਉਨ੍ਹਾਂ ਦੇ ਦੇਸ਼ਾਂ ਵਿਚ ਜਾਣ ਲਈ ਕਈ ਤਰ੍ਹਾਂ ਦੀਆਂ ਰੋਕਾਂ ਹਨ। ਇਥੋਂ ਇਹ ਸਾਬਤ ਹੁੰਦਾ ਹੈ ਕਿ ਸਾਮਰਾਜਵਾਦੀ ਦੇਸ਼ ਆਪਣੇ ਨਿੱਜ ਦੀ ਖਾਤਰ ਸੋਚਦੇ ਹੋਏ ਤੀਜੀ ਦੁਨੀਆਂ ਦੇ ਮੁਲਕਾਂ ਦਾ ਚੰਗੀ ਤਰ੍ਹਾਂ ਸ਼ੋਸ਼ਣ ਕਰ ਰਹੇ ਹਨ। ਇਹ ਵਿਸ਼ਵੀਕਰਨ ਇਕਪਾਸੜ ਵਿਸ਼ਵੀਕਰਨ ਹੈ। ਦੂਜੇ ਪਾਸੇ ਅਸੀਂ ਦੇਖਦੇ ਹਾਂ ਕਿ ਜਿਹੜੇ ਵੀ ਪੰਜਾਬੀ ਵਿਕਸਤ ਦੇਸ਼ਾਂ ਵਿਚ ਪਰਵਾਸ ਕਰਦੇ ਹਨ, ਉਹ ਉਨ੍ਹਾਂ ਦੇਸ਼ਾਂ ਵਿਚਲੀਆਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਨਾਲ ਜੂਝ ਰਹੇ ਹਨ। ਪਹਿਲੀ ਪੀੜ੍ਹੀ ਤਾਂ ਕੁਝ ਆਪਣੀ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦਾ ਖਿਆਲ ਰੱਖਦੀ ਹੈ, ਪਰ ਦੂਜੀ ਪੀੜ੍ਹੀ ਤੇ ਤੀਜੀ ਪੀੜ੍ਹੀ ਉਥੋਂ ਦੀ ਮੁੱਖਧਾਰਾ ਨੂੰ ਪ੍ਰਵਾਨ ਕਰਦੀ ਹੋਈ ਉਥੋਂ ਦੀ ਭਾਸ਼ਾ ਅਤੇ ਸਭਿਆਚਾਰ ਵਿਚ ਭਿੱਜ ਜਾਂਦੀ ਹੈ। ਫੇਰ ਕਿਵੇਂ ਅਸੀਂ ਉਮੀਦ ਰੱਖ ਸਕਦੇ ਹਾਂ ਕਿ ਜੋ ਪੰਜਾਬੀ ਬਾਹਰਲੇ ਦੇਸ਼ਾਂ ਵਿਚ ਰਹਿੰਦੇ ਹਨ, ਉਹ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦਾ ਵਿਕਾਸ ਕਰ ਰਹੇ ਹਨ। ਅਸੀਂ ਆਪਣੇ ਪੰਜਾਬ ਦੀ ਗੱਲ ਕਰੀਏ, ਇਥੇ ਆਏ ਬਿਹਾਰੀ ਲੋਕ ਜੋ ਪੱਕੇ ਤੌਰ ’ਤੇ ਪੰਜਾਬ ਦੇ ਵਸਨੀਕ ਬਣ ਗਏ ਹਨ। ਉਨ੍ਹਾਂ ਦੇ ਇਥੇ ਪੈਦਾ ਹੋਏ ਬੱਚੇ ਪੰਜਾਬੀ ਸਭਿਆਚਾਰ ਅਤੇ ਪੰਜਾਬੀ ਭਾਸ਼ਾ ਨੂੰ ਪ੍ਰਵਾਨ ਕਰ ਚੁੱਕੇ ਹਨ। ਇਹੀ ਹਾਲ ਸਾਡੇ ਪੰਜਾਬੀਆਂ ਦਾ ਹੈ ਜੋ ਵਿਦੇਸ਼ਾਂ ਵਿਚ ਰਹਿੰਦੇ ਹਨ। ਵੱਧ ਵਿਕਸਤ ਖੇਤਰ ਦਾ ਸਭਿਆਚਾਰ ਘੱਟ ਵਿਕਸਤ ਖੇਤਰ ਦੇ ਸਭਿਆਚਾਰ ਨੂੰ ਆਪਣੇ ਵਿਚ ਜਜ਼ਬ ਕਰ ਲੈਂਦਾ ਹੈ। ਦੂਜੀ ਗੱਲ ਇਹ ਹੈ ਕਿ ਪੂੰਜੀਵਾਦੀ ਵਿਕਸਿਤ ਦੇਸ਼ ਆਪਣੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਮੰਡੀ ਸਭਿਆਚਾਰ ਦਾ ਸਹਾਰਾ ਲੈਂਦੇ ਹਨ। ਇਹ ਨਵਬਸਤੀਵਾਦ ਦੇ ਜ਼ਰੀਏ ਖ਼ਪਤਕਾਰੀ ਸਭਿਆਚਾਰ ਲੋਕਾਂ ਉਪਰ ਥੋਪ ਰਹੇ ਹਨ। ਇਸ ਖਪਤਕਾਰੀ ਸਭਿਆਚਾਰ ਦੇ ਫੈਲਾਅ ਵਿਚ ਭਾਸ਼ਾ ਵੀ ਅਸਰਅੰਦਾਜ਼ ਨਹੀਂ ਹੁੰਦੀ। ਜੋ ਭਾਸ਼ਾਵਾਂ ਮੰਡੀ ਦੇ ਸਭਿਆਚਾਰ ਦਾ ਪ੍ਰਚਾਰ ਕਰਦੀਆਂ ਹਨ, ਉਹ ਹੌਲੀ-ਹੌਲੀ ਆਪਣੀ ਰੂਹ ਗਵਾ ਕੇ ਅਲੋਪਤਾ ਦੀ ਪਗਡੰਡੀ ਫੜ ਲੈਂਦੀਆਂ ਹਨ। ਬਾਕੀ ਬਚੀਆਂ ਭਾਸ਼ਾਵਾਂ ਨੂੰ ਸਾਮਰਾਜਵਾਦ ਖ਼ੁਦ ਖਤਮ ਕਰ ਦਿੰਦਾ ਹੈ। ਇਹ ਕਿਹਾ ਜਾਂਦਾ ਹੈ ਕਿ ਭਾਸ਼ਾ ਦਾ ਵੀ ਵਿਸ਼ਵੀਕਰਨ ਹੋਵੇ। ਇਕੋ ਲਿੱਪੀ ਬਣਾ ਕੇ ਸਾਰੀਆਂ ਭਾਸ਼ਾਵਾਂ ਲਿਖੀਆਂ ਜਾਣ। ਸਾਡੇ ਦੇਸ਼ ਜਿਸ ਪੂੰਜੀਵਾਦੀ ਦੇਸ਼ ਦੀ ਬਸਤੀ ਰਹੇ ਹਨ ਉਥੇ ਉਸ ਦੇਸ਼ ਦੀ ਭਾਸ਼ਾ ਗੁਲਾਮ ਮੁਲਕ ਉਪਰ ਥੋਪੀ ਗਈ ਹੈ ਜਿਵੇਂ ਦੱਖਣੀ ਅਮਰੀਕਾ ਤੇ ਅਫ਼ਰੀਕਾ ਇਹ ਫਰਾਂਸੀਸੀ ਸਾਮਰਾਜ ਦੀ ਬਸਤੀ ਸਨ। ਇਥੇ ਫਰਾਂਸੀਸੀ ਭਾਸ਼ਾ (ਫਰੈਂਚ) ਭਾਸ਼ਾ ਦਾ ਬੋਲਬਾਲਾ ਹੈ। ਸਾਡਾ ਦੇਸ਼ ਬ੍ਰਿਟਿਸ਼ ਰਾਜ ਦੀ ਬਸਤੀ ਰਿਹਾ ਹੈ। ਇਸ ਕਰਕੇ ਸਾਡੀ ਗੁਲਾਮ-ਮਾਨਸਿਕਤਾ ਵਿਚ ਅੰਗਰੇਜ਼ੀ ਦਾ ਅਸਰ ਬੋਲਦਾ ਹੈ। ਅੱਜ ਇਥੇ ਮੰਡੀ ਦੀ ਭਾਸ਼ਾ ਅੰਗਰੇਜ਼ੀ ਹੈ ਤਾਂ ਹੀ ਪੰਜਾਬੀ ਭਾਸ਼ਾ ਨੂੰ ਰੋਮਨ ਲਿੱਪੀ ਵਿਚ ਲਿਖਣ ਦਾ ਢੰਡੋਰਾ ਪਿੱਟਿਆ ਜਾ ਰਿਹਾ ਹੈ ਕਿ ਪੰਜਾਬੀ ਭਾਸ਼ਾ ਦਾ ਵਿਕਾਸ ਇਸ ਤਰ੍ਹਾਂ ਦੁਨੀਆਂ ਭਰ ਵਿਚ ਹੋਵੇਗਾ। ਪਰ ਇਹ ਸਵਾਲ ਅਹਿਮ ਹੈ ਕਿ ਜੇ ਭਾਸ਼ਾ ਦੀ ਆਪਣੀ ਲਿੱਪੀ ਹੀ ਨਾ ਰਹੀ ਤਾਂ ਉਹ ਆਪਣਾ ਵਿਕਾਸ ਕਿਵੇਂ ਕਰ ਪਾਵੇਗੀ। ਜਦੋਂ ਉਹ ਆਪਣਾ ਪਹਿਰਾਵਾ ਛੱਡ ਕੇ ਕਿਸੇ ਹੋਰ ਦਾ ਪਹਿਰਾਵਾ ਪਹਿਨੇਗੀ ਤਾਂ ਭਾਸ਼ਾ ਦੀ ਹੋਂਦ ਕੀ ਰਹਿ ਜਾਵੇਗੀ। ਦੁਨੀਆਂ ਦੀਆਂ 3000 ਤੋਂ ਵੱਧ ਖੇਤਰੀ ਭਾਸ਼ਾਵਾਂ ਇਸੇ ਕਰਕੇ ਖ਼ਤਮ ਹੋ ਗਈਆਂ ਹਨ।

ਇਹ ਦਲੀਲ ਵੀ ਅਧੂਰੀ ਹੈ ਕਿ ਮੀਡੀਆ ਦੇ ਸਹਾਰੇ ਪੰਜਾਬੀ ਭਾਸ਼ਾ ਕੋਨੇ-ਕੋਨੇ ਵਿਚ ਪਹੁੰਚ ਗਈ ਹੈ। ਇਹ ਗੱਲ ਤਾਂ ਅਸੀਂ ਭਲੀਭਾਂਤ ਜਾਣਦੇ ਹਾਂ ਕਿ ਖਪਤਕਾਰੀ ਸਭਿਆਚਾਰ ਨੇ ਪੰਜਾਬੀ ਸਭਿਆਚਾਰ ਨੂੰ ਪ੍ਰਭਾਵਿਤ ਕੀਤਾ ਹੈ। ਭਾਸ਼ਾ ਸਭਿਆਚਾਰ ਦਾ ਹੀ ਅੰਗ ਹੈ, ਕੀ ਭਾਸ਼ਾ ਇਹ ਪ੍ਰਭਾਵ ਕਬੂਲਣ ਤੋਂ ਮਨਫ਼ੀ ਹੈ। ਮੁਕਾਬਲੇ ਦੇ ਯੁੱਗ ਵਿਚ ਲੋਕਾਂ ਨੂੰ ਇਹ ਕਹਿ ਕੇ ਪ੍ਰੇਰਿਆ ਜਾਂਦਾ ਹੈ ਕਿ ਅੰਗਰੇਜ਼ੀ ਮੁਕਾਬਲੇ ਦੀ ਭਾਸ਼ਾ ਹੈ। ਜ਼ਿੰਦਗੀ ਵਿਚ ਜੇਕਰ ਵਿਕਾਸ ਕਰਨਾ ਹੈ ਤਾਂ ਅੰਗਰੇਜ਼ੀ ਭਾਸ਼ਾ ਦੀ ਅਹਿਮੀਅਤ ਨੂੰ ਪਛਾਣੀਏ। ਇਹ ਪ੍ਰਭਾਵ ਪੰਜਾਬੀਆਂ ਉਪਰ ਪੂਰੀ ਤਰ੍ਹਾਂ ਛਾਇਆ ਹੋਇਆ ਹੈ। ਪੰਜਾਬੀ ਮੀਡੀਆ ਦੀ ਚਾਬੀ ਉਨ੍ਹਾਂ ਲੋਕਾਂ ਦੇ ਹੱਥ ਵਿਚ ਹੈ ਜੋ ਖੁਦ ਵਿਸ਼ਵੀਕਰਨ ਦੀ ਅਗਵਾਈ ਕਰ ਰਹੇ ਹਨ। ਇਸ ਦਾ ਪ੍ਰਵਾਨ ਸਾਡੇ ਸਾਹਮਣੇ ਹੈ। ਵਿਸ਼ਵੀਕਰਨ ਦੇ ਪ੍ਰਭਾਵ ਵਿਚ ਆਇਆ ਮੀਡੀਆ ਜਿੱਥੇ ਸਾਡੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਖੋਰ ਰਿਹਾ ਹੈ- ਉੱਥੇ ਆਲਸੀ ਮਾਨਸਿਕਤਾ ਪੈਦਾ ਕਰਕੇ ਦੇਸੀ ਸੱਭਿਆਚਾਰਾਂ ਨੂੰ ਖ਼ਤਮ ਕਰ ਰਿਹਾ ਹੈ। ਪੰਜਾਬੀ ਭਾਸ਼ਾ ਨੂੰ ਦੇਸੀ ਭਾਸ਼ਾ ਕਰਾਰ ਦੇ ਦੇ ਕੇ ਅੰਗਰੇਜ਼ੀ ਭਾਸ਼ਾ ਦੇ ਸਾਹਮਣੇ ਹੀਣੀ ਦਰਸਾਇਆ ਜਾ ਰਿਹਾ ਹੈ। ਇਹ ਰੌਲਾ ਪਾਇਆ ਜਾਂਦਾ ਹੈ ਕਿ ਜੇਕਰ ਜੀਵਨ ਵਿਚ ਵਿਕਾਸ ਕਰਨਾ ਹੈ ਤਾਂ ਅੰਗਰੇਜ਼ੀ ਭਾਸ਼ਾ ਸਿੱਖ ਕੇ ਹੋ ਸਕਦਾ ਹੈ। ਕਿਉਂਕਿ ਸਾਡੇ ਵਿੱਦਿਅਕ ਢਾਂਚੇ ਅਰਥਾਤ ਗਿਆਨ ਦੀਆਂ ਜੜ੍ਹਾਂ ਸਾਡੀ ਮਾਤ-ਭਾਸ਼ਾ ਅਤੇ ਸੱਭਿਆਚਾਰਕ ਜ਼ਮੀਨ ਵਿਚ ਨਾ ਹੋਣ ਕਰਕੇ ਅਸੀਂ ਆਪਣੀ ਸੋਚ ਅਤੇ ਅਨੁਭਵ ਦੀ ਮੌਲਿਕਤਾ ਅਤੇ ਤਾਜ਼ਗੀ ਗੁਆ ਬੈਠੇ ਹਾਂ।

ਖਪਤਕਾਰੀ ਸੱਭਿਆਚਾਰ ਦੇ ਪ੍ਰਭਾਵ ਹੇਠ ਆ ਕੇ ਅਸੀਂ ਪੱਛਮ ਦੀ ਨਕਲ ਕਰਨ ਦੀ ਆਦਤ ਅਤੇ ਸਨਕੀਪੁਣੇ ਨੂੰ ਹੀ ਮੌਲਿਕਤਾ ਮੰਨ ਲਿਆ ਹੈ। ਅੰਗਰੇਜ਼ੀ ਪੜ੍ਹ-ਲਿਖ ਅਤੇ ਬੋਲ ਲੈਣ, ਕੰਪਿਊਟਰ ਨੂੰ ਚਲਾ ਲੈਣ ਅਤੇ ਪੱਛਮੀ ਵਿਦਵਤਾ ਦੇ ਆਡੰਬਰੀ ਮੁਜ਼ਾਹਰੇ ਨੂੰ ਹੀ ਭੁਲੇਖੇ ਵਿਚ ਰੱਖ ਬੜੀ ਵੱਡੀ ਪ੍ਰਾਪਤੀ ਦਾ ਸੰਕੇਤ ਮਿੱਥ ਲਿਆ ਹੈ। ਅਸੀਂ ਇਸ ਗੱਲ ਨੂੰ ਭੁੱਲ ਚੁੱਕੇ ਹਾਂ ਕਿ ਜਿਹੜੀਆਂ ਕੌਮਾਂ ਆਪਣੇ ਬੱਚਿਆਂ ਨੂੰ ਮੁੱਢਲੀ ਸਿੱਖਿਆ ਆਪਣੀ ਮਾਤ-ਭਾਸ਼ਾ ਵਿਚ ਨਹੀਂ ਦਿੰਦੀਆਂ, ਉਹ ਰਾਜਸੀ ਤੌਰ ’ਤੇ ਭਾਵੇਂ ਆਜ਼ਾਦ ਹੋਣ ਪਰ ਬੌਧਿਕ ਅਤੇ ਆਤਮਿਕ ਪੱਧਰ ’ਤੇ ਅਸਲੀ ਅਰਥਾਂ ਵਿਚ ਉਹ ਕਦੇ ਵੀ ਸੁਤੰਤਰ ਨਹੀਂ ਹੋ ਸਕਦੀਆਂ। ਸਾਮਰਾਜਵਾਦ ਦੁਆਰਾ ਲੋਕਾਂ ਨੂੰ ਇਹ ਪੜ੍ਹਾਇਆ ਜਾਂਦਾ ਹੈ ਕਿ ਜੇਕਰ ਅੰਗਰੇਜ਼ੀ ਨਾ ਸਿੱਖੀ ਤਾਂ ਅਸੀਂ ਵਿੱਦਿਆ ਦੀ ਖੁੱਲ੍ਹੀ ਵਪਾਰਕ ਮੰਡੀ ਅੰਦਰ ਹੋਰਾਂ ਨਾਲੋਂ ਪਛੜ ਜਾਵਾਂਗੇ, ਜਿਸ ਦਾ ਪ੍ਰਭਾਵ ਪ੍ਰਤੱਖ ਤੌਰ ’ਤੇ ਪੰਜਾਬ ਵਿਚ ਨਜ਼ਰ ਆ ਰਿਹਾ ਹੈ। ਬੱਚਿਆਂ ਨੂੰ ਪੰਜਾਬੀ ਵਿਚ ਚੀਜ਼ ਦਾ ਨਾਂ ਪਤਾ ਨਹੀਂ ਹੁੰਦਾ ਅੰਗਰੇਜ਼ੀ ਵਿੱਚ ਜਾਣਦੇ ਹਨ। ਅੰਗਰੇਜ਼ੀ ਬੋਲਣ ਦਾ ਰਿਵਾਜ ਦਫ਼ਤਰਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਸੈਮੀਨਾਰਾਂ ਵਿਚ ਵੀ ਵਧ ਗਿਆ ਹੈ। ਇੱਥੋਂ ਸਾਡੀ ਗੁਲਾਮ ਮਾਨਸਿਕਤਾ ਬੋਲਦੀ ਹੈ, ਜਦੋਂ ਅਸੀਂ ਅੰਗਰੇਜ਼ੀ ਬੋਲਣ ਵਾਲੇ ਨੂੰ ਜ਼ਿਆਦਾ ਬੁੱਧੀਜੀਵੀ ਮੰਨਦੇ ਹਾਂ। ਆਪਣੀ ਮੂਲ ਪਛਾਣਨ ਅਤੇ ਇਸ ਦੇ ਨਾਲ ਜੁੜਨ ਦੀ ਥਾਂ ਬਾਹਰਲੀਆਂ ਪ੍ਰਸਥਿਤੀਆਂ ਦੇ ਦਬਾਓ ਹੇਠ ਆ ਕੇ ਆਪਣੀਆਂ ਜੜ੍ਹਾਂ ਖੋਰ ਰਹੇ ਹਾਂ। ਅੱਜ ਸੰਸਾਰ ਪੂੰਜੀਵਾਦ ਜਾਂ ਵਿਸ਼ਵੀਕਰਨ ਦੇ ਵਧਦੇ ਆਰਥਿਕ, ਰਾਜਨੀਤਕ, ਵਪਾਰੀ ਅਤੇ ਭਾਸ਼ਾਈ ਦਬਾਵਾਂ ਦਾ ਨਤੀਜਾ ਬਿਲਕੁਲ ਸਾਹਮਣੇ ਹੈ ਕਿ ਅੱਜ ਸ਼ਹਿਰੀ ਮੱਧਵਰਗੀ ਲੋਕ ਇੱਥੋਂ ਤਕ ਕਿ ਪਿੰਡਾਂ ਵਿਚ ਰਹਿਣ ਵਾਲੇ ਵੀ ਆਪਣੇ ਵਰਗੇ ਹੋਰਨਾਂ ਨਾਲੋਂ ਪਛੜ ਨਾ ਜਾਈਏ-ਪੰਜਾਬੀ ਛੱਡ ਕੇ ਅੰਗਰੇਜ਼ੀ ਭਾਸ਼ਾ ਵੱਲ ਰੁਚਿਤ ਹੋ ਰਹੇ ਹਨ। ਅਸੀਂ ਭੁੱਲ ਗਏ ਹਾਂ ਸੰਸਾਰ ਅੰਦਰ ਉਹ ਵੀ ਵਿਕਸਤ ਦੇਸ਼ ਹਨ ਜਿਵੇਂ ਰੂਸ, ਜਪਾਨ, ਜਰਮਨ, ਫਰਾਂਸ ਅਤੇ ਚੀਨ, ਇਨ੍ਹਾਂ ਮੁਲਕਾਂ ਵਿਚ ਕੇਵਲ ਮੁੱਢਲੀ ਸਿੱਖਿਆ ਹੀ ਨਹੀਂ ਸਗੋਂ ਹਰ ਤਰ੍ਹਾਂ ਦੀ ਉਚੇਰੀ ਸਿੱਖਿਆ ਵੀ ਮਾਤ ਭਾਸ਼ਾ ਵਿਚ ਦਿੱਤੀ ਜਾਂਦੀ ਹੈ। ਸਾਡੇ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਸਿਲੇਬਸ ਇੱਥੋਂ ਤਕ ਕਿ ਫਾਰਮ ਵੀ ਅੰਗਰੇਜ਼ੀ ਭਾਸ਼ਾ ਵਿਚ ਛਪਦੇ ਹਨ। ਦਫ਼ਤਰਾਂ ਵਿਚ ਨੌਕਰੀ ਦੇ ਜ਼ਰੂਰੀ ਕਾਗਜ਼ਾਤ ਵੀ ਅੰਗਰੇਜ਼ੀ ਭਾਸ਼ਾ ਵਿਚ ਮਿਲਦੇ ਹਨ। ਇੱਥੋਂ ਤਕ ਕਿ ਪੰਜਾਬ ਦੇ ਦਫ਼ਤਰਾਂ ਵਿਚ ਨੌਕਰੀ ਲਈ ਫਾਰਮ ਭਰਨਾ ਹੋਵੇ ਤਾਂ ਦਸਵੀਂ ਤਕ ਪੜ੍ਹਿਆਂ ਨੂੰ ਤਾਂ ਕਈ ਵਾਰੀ ਸਮਝ ਹੀ ਨਹੀਂ ਆਉਂਦਾ। ਇਹ ਵੀ ਗਲਤ ਹੈ ਕਿ ਅਸੀਂ ਅੰਗਰੇਜ਼ੀ ਭਾਸ਼ਾ ਨਾਲ ਨਫ਼ਰਤ ਕਰੀਏ ਕਿਉਂਕਿ ਹਰ ਇਕ ਭਾਸ਼ਾ ਦੀ ਆਪਣੀ-ਆਪਣੀ ਮਹਾਨਤਾ ਹੈ। ਸਾਡਾ ਤਾਂ ਸੁਆਲ ਇਹ ਹੈ ਕਿ ਕਿਸੇ ਦੀਆਂ ਗੱਲਾਂ ਵਿਚ ਆ ਕੇ ਆਪਣੀ ਮਾਂ-ਬੋਲੀ ਪੰਜਾਬੀ ਨਾ ਭੁੱਲ ਜਾਈਏ।

ਇਹ ਕਿੰਨੀ ਸ਼ਰਮ ਦੀ ਗੱਲ ਹੈ ਕਿ ਆਪਣੇ ਹੀ ਘਰ ਅੰਦਰ ਆਪਣੀ ਹੀ ਬੋਲੀ ਨੂੰ ਮਾਣ ਦਿਵਾਉਣ ਲਈ ਸਰਕਾਰ ਨੂੰ ਕਦਮ ਪੁੱਟਣ ਲਈ ਕਿਹਾ ਜਾ ਰਿਹਾ ਹੈ। ਅਸੀਂ ਇਹ ਗੱਲ ਵੀ ਭਲੀਭਾਂਤ ਜਾਣਦੇ ਹਾਂ ਕਿ ਸਰਕਾਰ ਦੁਆਰਾ ਬਣਾਏ ਗਏ ਪੰਜਾਬੀ ਭਾਸ਼ਾ ਐਕਟ ਕਿੱਥੋਂ ਤਕ ਸਾਰਥਕ ਰੋਲ ਨਿਭਾ ਸਕੇ ਹਨ। ਸਰਕਾਰ ਦੇ ਨੁਮਾਇੰਦੇ ਸਿਆਸੀ ਹਿੱਤਾਂ ਲਈ ਸਿਧਾਂਤਕ ਪੱਧਰ ’ਤੇ ਭਾਵੇਂ ਹੇਜ ਪੰਜਾਬੀ ਭਾਸ਼ਾ ਨਾਲ ਜਤਾਉਂਦੇ ਹਨ, ਪਰ ਵਿਵਹਾਰਿਕ ਤੌਰ ’ਤੇ ਅੰਗਰੇਜ਼ੀ ਮਾਧਿਅਮ ਵਾਲੇ ਨਵੇਂ ਮਾਡਲ ਅਤੇ ਆਦਰਸ਼ ਸਕੂਲ ਖੋਲ੍ਹ ਕੇ ਕਿਸ ਗੱਲ ਦਾ ਪ੍ਰਗਟਾਵਾ ਹੋ ਰਿਹਾ ਹੈ। ਇਹ ਤਾਂ ਸਮਝਣ ਦੀ ਗੱਲ ਹੈ। ਕੀ ਸਰਕਾਰ ਇਸ ਰਵੱਈਏ ਰਾਹੀਂ ਮਾਂ-ਬੋਲੀ ਪ੍ਰਤੀ ਗੈਰ-ਸੁਹਿਰਦ ਅਤੇ ਗੈਰ-ਸੰਜੀਦਾ ਰਵੱਈਆ ਅਖ਼ਤਿਆਰ ਕਰਕੇ ਨਿੱਜੀ ਵਪਾਰਕ ਅਦਾਰਿਆਂ ਤੇ ਅੰਗਰੇਜ਼ੀ ਦਾ ਪੱਖ ਨਹੀਂ ਪੂਰ ਰਹੀ?

ਨਵੰਬਰ ਦੇ ਮਹੀਨੇ ਵਿਚ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਸਪਤਾਹ ਮਨਾਇਆ ਜਾਂਦਾ ਹੈ। ਇਕ ਨਵੰਬਰ ਨੂੰ ’ਪੰਜਾਬ ਦਿਵਸ’ ਦੇ ਨਾਂ ’ਤੇ ਇਨ੍ਹਾਂ ਪ੍ਰੋਗਰਾਮਾਂ ਦੀ ਸ਼ੁਰੂਆਤ ਹੁੰਦੀ ਹੈ। ਪੰਜਾਬੀ ਭਾਸ਼ਾ ਦੇ ਨਾਂ ਹੇਠ ਬਹੁਤ ਸਾਰੇ ਪ੍ਰੋਗਰਾਮ ਵੀ ਕਰਵਾਏ ਜਾਂਦੇ ਹਨ ਤੇ ਇਹ ਭੁਲੇਖਾ ਪਾਇਆ ਜਾਂਦਾ ਹੈ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਵਾਸਤੇ ਭਾਸ਼ਾ ਵਿਭਾਗ ਪ੍ਰਮੁੱਖ ਰੋਲ ਅਦਾ ਕਰਦਾ ਹੈ। ਇੱਥੋਂ ਇਹ ਸਾਬਤ ਹੁੰਦਾ ਹੈ ਕਿ ਪੰਜਾਬੀ ਭਾਸ਼ਾ ਦਾ ਜ਼ਿਆਦਾ ਫਿਕਰ ਭਾਸ਼ਾ ਵਿਭਾਗ ਨੂੰ ਹੈ ਜਿਸ ਦਾ ਰਸਮੀ ਪ੍ਰਗਟਾਵਾ ਨਵੰਬਰ ਦੇ ਮਹੀਨੇ ਵਿਚ ਕੀਤਾ ਜਾਂਦਾ ਹੈ ਪਰ ਇਸ ਵਿਚ ਕਿੰਨਾ ਕੁ ਸੱਚ ਹੈ। ਇਹ ਵੀ ਸਭ ਦੇ ਸਾਹਮਣੇ ਹੈ। ਪੰਜਾਬੀ ਭਾਸ਼ਾ ਨੂੰ ਰਾਜ ਭਾਸ਼ਾ ਦਾ ਪੂਰਨ ਰੁਤਬਾ ਦੇਣ ਲਈ ਸਮੇਂ-ਸਮੇਂ ’ਤੇ ਕਈ ਪੰਜਾਬੀ ਭਾਸ਼ਾ ਐਕਟ ਬਣਾਏ ਗਏ ਤੇ ਲਾਗੂ ਵੀ ਕੀਤੇ ਗਏ। ਕੀ ਇਨ੍ਹਾਂ ਦਾ ਪ੍ਰਭਾਵ ਅਸਰਦਾਇਕ ਸਾਬਤ ਹੋਇਆ ਹੈ। ਇਹ ਸਾਡੇ ਲਈ ਵਿਚਾਰਨਯੋਗ ਮਸਲਾ ਹੈ। 1967 ਵਿ ਪੰਜਾਬ ਰਾਜ ਭਾਸ਼ਾ ਐਕਟ ਹੋਂਦ ਵਿਚ ਆਇਆ। ਇਸ ਐਕਟ ਦੇ ਤਹਿਤ ਗੁਰਮੁਖੀ ਲਿੱਪੀ ਵਿਚ ਪੰਜਾਬੀ ਨੂੰ ਪੰਜਾਬ ਦੀ ਰਾਜ ਭਾਸ਼ਾ ਕਰਾਰ ਦਿੱਤਾ ਗਿਆ। ਪੰਜਾਬ ਸਰਕਾਰ ਵੱਲੋਂ 30 ਦਸੰਬਰ 1967 ਨੂੰ ਨੋਟੀਫਿਕੇਸ਼ਨ ਜਾਰੀ ਕਰਕੇ 1 ਜਨਵਰੀ 1968 ਤੋਂ ਜ਼ਿਲ੍ਹੇ ਤੋਂ ਲੈ ਕੇ ਹੇਠਲੀ ਪੱਧਰ ਤਕ ਰਾਜ ਪ੍ਰਬੰਧ ਵਿਚ ਪੰਜਾਬੀ ਦੀ ਵਰਤੋਂ ਦੀ ਹਦਾਇਤ ਕੀਤੀ ਗਈ। ਇਹ ਸਭ ਨਜ਼ਰਅੰਦਾਜ਼ ਹੋਇਆ। ਸਰਕਾਰ ਨੂੰ ਦੁਬਾਰਾ 2008 ਵਿਚ ਪੰਜਾਬੀ ਭਾਸ਼ਾ ਐਕਟ ਬਣਾਉਣਾ ਪਿਆ ਤੇ ਮੁੜ ਹਦਾਇਤਾਂ ਦਿੱਤੀਆਂ ਗਈਆਂ ਕਿ ਇਸ ਐਕਟ ਦੀ ਪਾਲਣਾ ਕਿਵੇਂ ਕਰਨੀ ਹੈ। ਇਹ ਸਾਰਾ ਕੁਝ ਇਸ ਗੱਲ ਦਾ ਹੀ ਪ੍ਰਗਟਾਵਾ ਕਰਦਾ ਹੈ ਕਿ ਸਾਡੀ ਪੰਜਾਬੀ ਭਾਸ਼ਾ ਖ਼ਤਰੇ ਤੋਂ ਖਾਲੀ ਨਹੀਂ ਹੈ।

ਅਸੀਂ ਭਾਵੇਂ ਜਿੰਨੇ ਮਰਜ਼ੀ ਪੰਜਾਬੀ ਦਿਵਸ ਮਨਾ ਲਈਏ, ਐਕਟ ਬਣਾ ਲਈਏ ਇਹ ਸਭ ਵਿਅਰਥ ਹੈ, ਜਿੰਨਾ ਚਿਰ ਪੰਜਾਬੀ ਭਾਸ਼ਾ ਦੀ ਖਸਤਾ ਹਾਲਤ ਬਾਰੇ ਸੋਚਣ ਲਈ ਅਸੀਂ ਪੂਰੀ ਤਰ੍ਹਾਂ ਚੇਤੰਨ ਨਹੀਂ ਹੁੰਦੇ, ਸਾਡੀ ਮਾਂ-ਬੋਲੀ ਦੇ ਰਸਤੇ ਵਿਚ ਪਈਆਂ ਰੁਕਾਵਟਾਂ ਨੂੰ ਖ਼ਤਮ ਕਰਨ ਲਈ ਅਸੀਂ ਗੰਭੀਰਤਾ ਨਾਲ ਨੋਟਿਸ ਨਹੀਂ ਲੈਂਦੇ ਤੇ ਉਸ ਵਰਤਾਰੇ ਪ੍ਰਤੀ ਲੋਕਾਂ ਨੂੰ ਸੁਚੇਤ ਨਹੀਂ ਕਰਦੇ, ਜਿਸ ਨੇ ਪੰਜਾਬੀ-ਬੋਲੀ ਦੇ ਰਸਤੇ ਵਿਚ ਗੰਭੀਰ ਖ਼ਤਰਾ ਖੜ੍ਹਾ ਕੀਤਾ ਹੈ, ਉਦੋਂ ਤਕ ਅਸੀਂ ਮਾਂ-ਬੋਲੀ ਨੂੰ ਇਨ੍ਹਾਂ ਚੁਣੌਤੀਆਂ ਤੋਂ ਨਹੀਂ ਬਚਾ ਸਕਦੇ।

ਆਓ ਸਾਰੇ ਮਿਲ ਕੇ ਆਪਾਂ ਚੇਤੰਨਤਾ ਦੀ ਜੋਤ ਜਗਾਈਏ।
ਜਿਹੜਾ ਸਾਡੇ ਰਾਹ ਵਿਚ ਅਟਕੂ ਉਹਨੂੰ ਜੜ੍ਹੋਂ ਮੁਕਾਈਏ।
ਮਾਖਿਓਂ ਮਿੱਠੀ ਮਾਂ ਬੋਲੀ ਹੈ ਕਹਿੰਦੇ ਨੇ ਲੋਕ ਸਿਆਣੇ,
ਐਵੇਂ ਨਾ ਕਿਸੇ ਦੇ ਪਿੱਛੇ ਲੱਗ ਕੇ, ਮਾਂ ਨੂੰ ਨਾ ਭੁੱਲ ਜਾਈਏ।

– ਅਰਵਿੰਦਰ ਕੌਰ ਕਾਕੜਾ –

2 comments

  1. Guddi

    ਬਹੁਤ ਹੀ ਵਧੀਆਂ ਨਿਬੰਧ ਹੈ। ਬਿਲਕੁਲ ਸਹੀ ਹੈ ਕੇ ਪੰਜਾਬੀ ਭਾਸ਼ਾ ਨੂੰ ਬਰਕਰਾਰ ਰੱਖਣ ਦੀ ਜਿੰਮੇਵਾਰੀ ਸਾਢੇ ਸੱਭ ਦੀ ਹੈ। ਜੇ ਅਸੀਂ ਆਪ ਇਸ ਨੂੰ ਮਾਨਤਾ ਨਹੀਂ ਦੇਵਾਂਗੇ ਤਾਂ ਹੋਰ ਕੌਣ ਦਵੇਗਾ ?

  2. ਬਹੁਤ ਵਧੀਆ ਨਿਬੰਧ ਹੈ ਜੀ

Click on a tab to select how you'd like to leave your comment

Leave a Reply to ਮਨਪ੍ਰੀਤ ਮਿਸ਼ਾਲ Cancel reply

Your email address will not be published. Required fields are marked *

*

Scroll To Top
Skip to toolbar