History ਇਤਿਹਾਸ

ਹੜੱਪਾ : ਹੜੱਪਾ ਸਾਹੀਵਾਲ ਜ਼ਿਲੇ ਵਿੱਚ ਇੱਕ ਕਸਬੇ ਦਾ ਨਾਮ ਹੈ. ਇੱਥੇ ਇੱਕ ਪੁਰਾਣਾ ਥੇਹ ਖੋਦਣ ਤੋਂ ਬਹੁਤ ਪੁਰਾਣੀਆਂ ਚੀਜ਼ਾਂ ਨਿਕਲੀਆਂ ਹਨ. ਵਿਦਵਾਨਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਇਹ ਚੀਜ਼ਾਂ ਈਸਾ ਦੇ ਜਨਮ ਤੋਂ 3000 ਸਾਲ ਪਹਿਲਾਂ ਦੀਆਂ ਹਨ.

ਸਿਕੰਦਰ : سکندر Alexander. ਸਿਕੰਦਰ ਫੈਲਕੂਸ ਦਾ ਬੇਟਾ ਯੂਨਾਨ ਦਾ ਬਾਦਸ਼ਾਹ ਸੀ. ਇਸ ਨੇ ਈਰਾਨ ਦੇ ਬਾਦਸ਼ਾਹ ਨੂੰ ਫਤੇ ਕਰਕੇ ਈਸਵੀ ਸਨ ਤੋਂ 327 ਸਾਲ ਪਹਿਲਾਂ ਹਿੰਦੁਸਤਾਨ ਤੇ ਚੜ੍ਹਾਈ ਕੀਤੀ ਅਰ ਪੰਜਾਬ ਦੇ ਰਾਜਾ ਪੋਰਸ (Porus) ਨੂੰ ਜੇਹਲਮ ਦੇ ਕੰਢੇ ਹਾਰ ਦਿੱਤੀ ਅਤੇ ਬਿਆਸ ਨਦੀ ਤਕ ਆਕੇ ਦੇਸ ਨੂੰ ਮੁੜ ਗਿਆ. ਇਸ ਦਾ ਦੇਹਾਂਤ B.C. 323 ਵਿੱਚ ਹੋਇਆ.

ਚੰਦ੍ਰਗੁਪਤ : चन्द्रगुप्त. ਇਹ ਮਗਧ ਦੇਸ਼ ਦਾ ਮੌਰਯ ਰਾਜਾ ਸੀ. ਇਸ ਨੇ ਚਾਣਿਕ੍ਯ ਮੰਤ੍ਰੀ ਦੀ ਸਹਾਇਤਾ ਨਾਲ ਰਾਜਾ ਮਹਾਨੰਦ ਅਤੇ ਨੰਦਵੰਸ਼ ਦਾ ਨਾਸ਼ ਕਰਕੇ ਪਟਨੇ ਵਿੱਚ ਰਾਜਧਾਨੀ ਕਾਇਮ ਕੀਤੀ ਅਤੇ ਸਾਰੇ ਭਾਰਤ ਨੂੰ ਅਧੀਨ ਕੀਤਾ ਸੀ. ਇਸ ਦੇ ਰਾਜ ਵਿੱਚ ਅਫਗਾਨਿਸਤਾਨ, ਬਿਹਾਰ, ਕਾਠੀਆਵਾੜ ਅਤੇ ਪੰਜਾਬ ਆਦਿ ਦੇਸ਼ ਸ਼ਾਮਿਲ ਸਨ | ਚੰਦ੍ਰਗੁਪਤ ਨੇ ਯੂਨਾਨੀ ਰਾਜਾ Seleukos ਦੀ ਪੁਤ੍ਰੀ ਨਾਲ ਵਿਆਹ ਕੀਤਾ। ਮੁਦ੍ਰਾਰਾਕਸ਼ਸ ਨਾਟਕ ਵਿੱਚ ਚੰਦ੍ਰਗੁਪਤ ਦੀ ਸੁੰਦਰ ਕਥਾ ਮਿਲਦੀ ਹੈ. ਇਹ B.C. 322 ਵਿੱਚ ਰਾਜਸਿੰਘਾਸਨ ਤੇ ਬੈਠਾ ਅਤੇ B.C.298 ਵਿੱਚ ਰਾਜਸਿੰਘਾਸਨ ਛੱਡਕੇ ਬਨਬਾਸੀ ਹੋ ਗਿਆ. ਚੰਦ੍ਰਗੁਪਤ ਦੀ ਚਤੁਰੰਗਿਨੀ ਫੌਜ 6,90,000 ਸੀ. ਇਸ ਦਾ ਪੁਤ੍ਰ ਬਿੰਦੁਸਾਰ ਭੀ ਪ੍ਰਤਾਪੀ ਮਹਾਰਾਜਾ ਹੋਇਆ ਹੈ।

ਅਸ਼ੋਕ : अशोक. ਮਗਧ ਦੇਸ਼ ਦੀ ਮੌਰਯ ਵੰਸ਼ ਵਿੱਚ ਵਿੰਦੁਸਾਰ ਦਾ ਪੁਤ੍ਰ ਇੱਕ ਮਸ਼ਹੂਰ ਰਾਜਾ, ਜੋ ਚੰਦ੍ਰਗੁਪਤ ਦਾ ਪੋਤਾ ਸੀ. ਇਸ ਦਾ ਪੂਰਾ ਨਾਉਂ ਅਸ਼ੋਕ ਵਰਧਮਾਨ ਹੈ. ਬੁੱਧਮਤ ਦੇ ਇਤਿਹਾਸ ਨੇ ਇਸ ਦੀ ਵਡੀ ਵਡਿਆਈ ਕੀਤੀ ਹੈ. ਅਸ਼ੋਕ ਪਹਿਲਾਂ ਬ੍ਰਾਹਮਣਾਂ ਨੂੰ ਮੰਨਦਾ ਅਤੇ ਸ਼ੈਵ ਸੀ, ਪਰ ਮਗਰੋਂ ਬੌੱਧ ਹੋ ਗਿਆ. ਇਸ ਦੇ ਆਸਰੇ ਬੁੱਧਮਤ ਦੇ 64,000 ਪੁਜਾਰੀ ਗੁਜਾਰਾ ਕਰਦੇ ਸਨ, ਅਤੇ ਇਸ ਨੇ 84,000 ਕੀਰਤੀਸੰਭ (Columns of Fame) ਖੜੇ ਕਰਵਾਏ, ਜਿਨ੍ਹਾਂ ਉਤੇ ਰਾਜਸੀ ਅਤੇ ਧਾਰਮਿਕ ਹੁਕਮ ਉੱਕਰੇ ਹੋਏ ਸਨ. ਆਪਣੇ ਰਾਜ ਦੇ ਅਠਾਰ੍ਹਵੇਂ ਸਾਲ ਵਿੱਚ ਇਸ ਨੇ ਬੁੱਧਮਤ ਦਾ ਇੱਕ ਵਡਾ ਭਾਰੀ ਜਲਸਾ ਕੀਤਾ ਅਤੇ ਉਸ ਪਿਛੋਂ ਲੰਕਾ ਅਤੇ ਹੋਰ ਦੇਸ਼ਾਂ ਵੱਲ ਉਪਦੇਸ਼ਕ ਘੱਲੇ ਅਤੇ ਜੀਵਹਿੰਸਾ ਹੁਕਮਨ ਬੰਦ ਕੀਤੀ. ਅਫਗਾਨਿਸਤਾਨ ਤੋਂ ਲੈ ਕੇ ਲੰਕਾ ਤੀਕ ਕੁੱਲ ਦੇਸ਼ ਇਸ ਦੇ ਅਧੀਨ ਸੀ. ਇਨ੍ਹਾਂ ਗੱਲਾਂ ਦਾ ਪਤਾ ਉਨ੍ਹਾਂ ਸ਼ਿਲਾਲੇਖਾਂ ਤੋਂ ਲਗਦਾ ਹੈ, ਜੋ ਪਾਲੀ ਭਾਸ਼ਾ ਵਿੱਚ ਖੁਦੇ ਹੋਏ ਅਨੇਕ ਥਾਵਾਂ ਤੋਂ ਮਿਲੇ ਹਨ. ਅਨੇਕ ਲੇਖਕਾਂ ਨੇ ਇਸ ਦਾ ਨਾਉਂ ਪ੍ਰਿਯਦਰਸ਼ਨ ਭੀ ਲਿਖਿਆ ਹੈ. ਅਸ਼ੋਕ ਨੇ ਈਸਾ ਤੋਂ ਪਹਿਲਾਂ (B.C.) 269- 232 ਦੇ ਵਿਚਕਾਰ ਪਟਨੇ ਵਿੱਚ ਉੱਤਮ ਰੀਤਿ ਨਾਲ ਰਾਜ ਕੀਤਾ. ਅਸ਼ੋਕ ਦੀ ਪੁਤ੍ਰੀ ਧਰਮਾਤਮਾ ਚਾਰੁਮਤੀ ਬੌੱਧਧਰਮ ਦੀ ਪ੍ਰਸਿੱਧ ਪ੍ਰਚਾਰਿਕਾ ਹੋਈ ਹੈ.

ਸਕ : शक. ਉੱਤਰ ਦਿਸ਼ਾ ਵੱਲ ਵਸਣ ਵਾਲੀ ਇੱਕ ਜਾਤਿ. ਪਹਿਲਾਂ ਇਹ ਲੋਕ ਸਾਇਰ ਦਰਿਆ ਦੇ ਕਿਨਾਰੇ ਤੁਰਕਿਸਤਾਨ ਵਿੱਚ ਵਸਦੇ ਸਨ, ਸਨ ਈਸਵੀ ਤੋਂ 160 ਵਰ੍ਹੇ ਪਹਿਲੋਂ ਤੁਰਕਿਸਤਾਨ ਵਿੱਚੋਂ ਨਿਕਲਕੇ ਦੱਖਣ ਵੱਲ ਤੁਰ ਪਏ, ਸਰਹੱਦੀ ਯਵਨਾਂ ਦੇ ਰਾਜ ਨੂੰ ਗਾਹੁੰਦੇ ਹੋਏ ਹਿੰਦ ਵਿੱਚ ਆਵੜੇ. ਇਨ੍ਹਾਂ ਦੀ ਵਸੋਂ ਟੈਕਸਿਲਾ ਮਥੁਰਾ ਅਤੇ ਸੁਰਾਸ਼ਟ੍ਰ (ਕਾਠੀਆਵਾੜ) ਵਿੱਚ ਸੀ. ਸਨ 395 ਦੇ ਕਰੀਬ ਗੁਪਤ ਵੰਸ਼ ਦੇ ਰਾਜਾ ਚੰਦ੍ਰਗੁਪਤ ਵਿਕ੍ਰਮਾਦਿਤ੍ਯ ਨੇ ਇਨ੍ਹਾਂ ਨੂੰ ਜਿੱਤਕੇ ਪੱਛਮੀ ਹਿੰਦ ਨੂੰ ਆਪਣੇ ਰਾਜ ਨਾਲ ਮਿਲਾਇਆ, ਇਸੇ ਲਈ ਉਸ ਦਾ ਨਾਉਂ ਸ਼ਕਾਰਿ ਪਿਆ. ਸੀਸਤਾਨ (ਸ਼ਕ ਅਸਥਾਨ) ਦੇਸ਼ ਦਾ ਨਾਉਂ ਭੀ ਇਸ ਜਾਤੀ ਦੇ ਸੰਬੰਧ ਤੋਂ ਹੀ ਜਾਪਦਾ ਹੈ. ਮਹਾਭਾਰਤ ਵਿੱਚ ਸ਼ਕਾਂ ਦੀ ਉਤਪੱਤੀ ਵਸਿਸ਼ਠ ਦੀ ਗਾਂ ਦੇ ਪਸੀਨੇ ਤੋਂ ਲਿਖੀ ਹੈ।

ਗੁਪਤ : गुप्त. ਇੱਕ ਪ੍ਰਤਾਪੀ ਪੁਰਖ, ਜਿਸ ਤੋਂ ਵੰਸ਼ ਦੀ ਅੱਲ ਗੁਪਤ ਹੋਈ. ਇਸ ਦਾ ਪੁਤ੍ਰ ਘਟੋਤਕਚ ਬਲਵਾਨ ਅਤੇ ਵਡਾ ਉੱਦਮੀ ਸੀ. ਘਟੋਤਕਚ ਦਾ ਬੇਟਾ ਚੰਦ੍ਰਗੁਪਤ ਹੋਇਆ, ਜੋ ਆਪਣੀ ਇਸਤ੍ਰੀ ਕੁਮਾਰਦੇਵੀ ਦੀ ਸਹਾਇਤਾ ਨਾਲ ਸਨ 320 ਵਿੱਚ ਮਗਧ ਦਾ ਰਾਜਾ ਹੋਕੇ ਨੀਤਿਬਲ ਨਾਲ ਭਾਰਤ ਦਾ ਮਹਾਰਾਜਾ ਬਣਿਆ. ਇਸ ਦੀ ਰਾਜਧਾਨੀ ਪਟਨਾ ਸੀ. ਇਸ ਦਾ ਪੁਤ੍ਰ ਸਮੁਦ੍ਰਗੁਪਤ ਭੀ ਵਡਾ ਪ੍ਰਸਿੱਧ ਮਹਾਰਾਜਾ ਸਨ 330 ਵਿੱਚ ਹੋਇਆ, ਜਿਸ ਨੇ ਪਟਨੇ ਤੋਂ ਛੁੱਟ ਆਪਣੀ ਰਾਜਧਾਨੀ ਅਯੋਧ੍ਯਾ ਭੀ ਥਾਪੀ. ਧ੍ਰੁਵਦੇਵੀ ਦੇ ਉਦਰ ਤੋਂ ਸਮੁਦ੍ਰਗੁਪਤ ਦਾ ਪੁਤ੍ਰ ਚੰਦ੍ਰਗੁਪਤ ਦੂਜਾ, (ਜਿਸ ਦਾ ਨਾਉਂ ਵਿਕ੍ਰਮਾਦਿਤ੍ਯ ਭੀ ਹੈ) ਮਹਾ ਤੇਜਸੀ ਮਹਾਰਾਜਾ ਸਨ 380 ਵਿੱਚ ਹੋਇਆ, ਇਸ ਨੇ ਉੱਜਯਨ ਮਾਲਵਾ, ਗੁਜਰਾਤ ਤੇ ਸੁਰਾਸ਼ਟ੍ਰ ਨੂੰ ਫਤੇ ਕੀਤਾ. ਬਹੁਤ ਸਾਰੀ ਸਾਖੀਆਂ ਜੋ ਮਸ਼ਹੂਰ ਰਾਜਾ ਬਿਕ੍ਰਮਾਜੀਤ ਨਾਲ ਸੰਬੰਧ ਰਖਦੀਆਂ ਹਨ, ਉਹ ਇਸੇ ਪ੍ਰਤਾਪੀ ਰਾਜੇ ਦੇ ਜੀਵਨ ਤੋਂ ਲਈਆਂ ਗਈਆਂ ਹਨ. ਇਸ ਦੇ ਵੇਲੇ ਸੰਸਕ੍ਰਿਤ ਦੀ ਭਾਰੀ ਤਰੱਕੀ ਹੋਈ. ਬਹੁਤਿਆਂ ਨੇ ਕਾਲੀਦਾਸ ਮਹਾਂ ਕਵੀ ਇਸੇ ਦੇ ਸਮੇਂ ਹੋਣਾ ਮੰਨਿਆ ਹੈ. ਇਸ ਦਾ ਪੁਤ੍ਰ ਕੁਮਾਰਗੁਪਤ ਸਨ 413 ਅਥਵਾ 415 ਵਿੱਚ ਗੱਦੀ ਪੁਰ ਬੈਠਾ, ਪਰ ਇਸ ਦੇ ਸਮੇਂ ਤੋਂ ਗੁਪਤਵੰਸ਼ ਦਾ ਪ੍ਰਤਾਪ ਘਟਣ ਲਗ ਪਿਆ. ਕੁਮਾਰਗੁਪਤ ਦਾ ਪੁਤ੍ਰ ਸਕੰਦਗੁਪਤ ਸਨ 455 ਵਿੱਚ ਹੂਨ ਜਾਤਿ ਤੋਂ ਜਿੱਤਿਆ ਗਿਆ. ਇਸ ਨੂੰ ਗੁਪਤਵੰਸ਼ ਦਾ ਅਖੀਰੀ ਮਹਾਰਾਜਾ ਸਮਝਣਾ ਚਾਹੀਏ. ਭਾਵੇਂ ਇਸ ਕੁਲ ਦੇ, ਛੋਟੇ ਛੋਟੇ ਰਾਜੇ ਅਰ ਸਰਦਾਰ ਨਰਸਿੰਹਗੁਪਤ, ਕੁਮਾਰਗੁਪਤ ਦੂਜਾ ਆਦਿਕ ਹੋਏ, ਜਿਨ੍ਹਾਂ ਵਿੱਚੋਂ ਭਾਨੁਗੁਪਤ ਸਨ 510 ਵਿੱਚ ਅਖੀਰੀ ਹੋਇਆ, ਪਰ ਇਸ ਗੁਪਤਵੰਸ਼ ਦਾ ਰਾਜ ਪੂਰੇ ਪ੍ਰਤਾਪ ਵਿੱਚ ਸਨ 320 ਤੋਂ 455 ਤੀਕ ਰਿਹਾ. ਗੁਪਤ ਸੰਮਤ ਜੋ ਸਨ 320 ਤੋਂ ਆਰੰਭ ਹੋਇਆ ਸੀ, ਉਹ ਭੀ ਇਸ ਕੁਲ ਦੇ ਰਾਜ ਨਾਲ ਹੀ ਲੋਪ ਹੋ ਗਿਆ।

1 thought on “History ਇਤਿਹਾਸ

Leave a Reply

Your email address will not be published. Required fields are marked *