ਜੀ ਆਇਆਂ ਨੂੰ
You are here: Home >> Punjab / ਪੰਜਾਬ

Punjab / ਪੰਜਾਬ

ਪੰਜਾਬ ਉੱਤਰ-ਪੱਛਮੀ ਭਾਰਤ ਦਾ ਇਕ ਰਾਜ ਹੈ, ਜੋ ਵੱਡੇ ਪੰਜਾਬ ਖੇਤ‍ਰ ਦਾ ਇਕ ਭਾਗ ਹੈ। ਇਸਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਪੰਜਾਬ ਦੀ ਸਰਹੱਦ ਉੱਤਰ ਵਿੱਚ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣੇ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲਗਦੀ ਹੈ| ਇਸਦਾ ਕੁਲ ਖੇਤਰਫਲ ੫੦੩੬੨ ਵਰਗ ਕਿਲੋਮੀਟਰ, ਅਤੇ ਜਨਸੰਖਿਆ ੨,੪੨,੮੯,੨੯੬ (ਸਨ੍ ੨੦੦੦ ਦੇ ਆਂਕੜਿਆਂ ਅਨੁਸਾਰ) ਹੈ। ਪੰਜਾਬ ਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਅਤੇ ਪਟਿਆਲਾ ਹਨ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ।
ਪੰਜਾਬ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ਪੰਜ ਪਾਣੀ ਜਿਸ ਦਾ ਸ਼ਾਬਦਿਕ ਅਰਥ ਹੈ ਪੰਜ ਦਰਿਆਵਾਂ ਦੀ ਧਰਤੀ। ਇਹ ਪੰਜ ਦਰਿਆ ਹਨ :ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ।

ਇਥੋਂ ਦੀਆ ਰੁੱਤਾਂ ਨੇ ਇੱਥੋਂ ਦੇ ਵਸਨੀਕਾਂ ਦਾ ਸੁਭਾਅ ਘੜਿਆ ਹੈ। ਜਿੱਥੇ ਕੜਕਦੀ ਧੁੱਪ ਅਤੇ ਵਗਦੀਆਂ ਲੂਹਾਂ ਨੇ ਕਣਕਾਂ ਦੀ ਵਾਢੀ ਕਰਦੇ ਪੰਜਾਬੀਆ ਨੂੰ ਬਹੁਤ ਅਣਖੀਲਾ ਗਰਮ ਖੂਨ ਦਿੱਤਾ ਹੈ ਉੱਤੇ ਪੋਹ ਮਾਘ ਦੇ ਕੱਕਰ-ਪਾਲੇ ਨੇ ਖੇਤਾ ਨੂੰ ਪਾਣੀ ਲਾਉਂਦੇ ਕਿਸਾਨਾਂ ਨੂੰ ਪਹਾੜ ਜਿੱਡਾ ਜੇਰਾ ਤੇ ਸਖਤ-ਜਾਨ ਬਣਾਇਆ ਹੈ। ਇੱਥੋਂ ਦੀ ਬਹਾਰ ਵਿੱਚ ਖਿੜ੍ਹਦੇ ਸਰੋਂ ਦੇ ਫੁੱਲ ਜਵਾਨੀਆਂ ਦੇ ਚਿਹਰੇ ਤੇ ਹੁਸਨ ਦਾ ਰੁਹਾਨੀ ਖੇੜਾ ਪੈਦਾ ਕਰਦੇ ਹਨ। ਭਾਦੋਂ ਦੀਆਂ ਘਟਾਵਾਂ ਅਤੇ ਗਰਮੀ ਦਾ ਉਤਰਾਅ-ਚੜਾਅ ਜ਼ਿੰਦਗੀ ਦੀਆਂ ਤਲਖ ਸਚਾਈਆਂ ਵਿੱਚ ਜੂਝਦੇ ਰਹਿਣ ਦਾ ਨਿਸਚਾ ਪੈਦਾ ਕਰਦੇ ਹਨ। ਸੌਣ ਦੀਆ ਘਟਾਵਾਂ ਵਿੱਚ ਅਥਰੀ ਜਵਾਨੀ ਨੱਚ ਉੱਠਦੀ ਹੈ ਅਤੇ ਪੰਜਾਬੀਆਂ ਦਾ ਸਿੱਧਾ-ਸਾਦਾ ਜਿਹਾ ਅਸ਼ਿਕਪੁਣਾ ਦੁਨੀਆ ਦੀਆਂ ਮੰਨੀਆ-ਪ੍ਰਮੰਨੀਆ ਪ੍ਰੇਮ-ਕਲੋਲਾਂ ਨੂੰ ਮਾਤ ਦਿੰਦਾ ਹੈ। ਜਦੋਂ ਪੱਤਝੜ ਦੀ ਰੁੱਤੇ ਰੁੱਖ ਰੁੰਡ-ਮਰੁੰਡ ਹੁੰਦੇ ਜਾਂਦੇ ਹਨ ਤਾਂ ਵਧਦੀਆਂ ਕਣਕਾਂ ਨਾਲ ਮਿਲ ਕੇ ਇਹ ਰੁੱਤ ਪੰਜਾਬੀਆਂ ਨੁੰ ਹਰ ਮੁਸਕਿਲ, ਹਰ ਕਹਿਰ ਵਿੱਚੋਂ ਜੇਤੂ ਹੋ ਕੇ ਨਿਕਲਣ ਦੀ ਤਾਕਤ ਦਿੰਦੀ ਹੈ।

ਜਿਹੋ ਜਿਹੀ ਧਰਤੀ ਹੋਵੇ ਉਹੋ ਜਿਹਾ ਖਾਣ-ਪੀਣ ਦਾ ਢੰਗ ਵੀ ਰਚਿਆ ਜਾਂਦਾ ਹੈ। ਪੰਜਾਬੀਆ ਨੂੰ ਮਾਣ ਹੈ ਇੱਥੇ ਵਰਗਾ ਕੁਦਰਤੀ ਵੰਨ ਸੁਵੰਨਾ ਭੋਜਨ ਕਿਤੇ ਵੀ ਨਹੀਂ ਮਿਲਦਾ। ਇੱਥੋਂ ਦੇ ਦੁੱਧ, ਦਹੀਂ, ਲੱਸੀ, ਮੱਖਣ ਦੀ ਤਾਂ ਧਾਂਕ ਹੈ ਹੀ ਪਰ ਇੱਥੋਂ ਵਰਗੀ ਚਾਹ ਵੀ ਕੋਈ ਨਹੀਂ ਬਣਾ ਸਕਦਾ। ਪੰਜਾਬੀਆਂ ਦੀ ਭੋਜਨ ਬਣਾਉਣ ਦੀ ਕਲਾ ਵੀ ਕਮਾਲ ਦੀ ਹੈ। ਮੱਕੀ, ਬਾਜਰੇ, ਵੇਸਣ, ਕਣਕ ਦੀਆ ਰੋਟੀਆਂ, ਸਰੋਂ, ਪਾਲਕ ਦਾ ਸਾਗ, ਕਾਲੇ ਛੋਲੇ, ਕਾਬਲੀ ਛੋਲੇ, ਮੋਠ, ਅਰਹਰ, ਮੁੰਗੀ, ਮਸਰੀ, ਰਾਜਮਾਂਹ, ਮਾਂਹ ਕਾਲੇ ਅਦਿ ਦਾਲਾਂ ਵੀ ਇਸੇ ਧਰਤੀ ਦੀ ਪੈਦਾਇਸ਼ ਹਨ। ਘੀਆ ਕੱਦੂ, ਚੱਪਣ ਕੱਦੂ, ਟਿੰਡੇ, ਭਿੰਡੀਆ, ਤੋਰੀ, ਚੌਲੇ-ਫਲੀਆਂ, ਆਲੂ, ਸ਼ਲਗਮ, ਸ਼ਿਮਲਾ ਮਿਰਚ, ਬੈਂਗਣ, ਟਮਾਟਰ, ਕਟਲ, ਹਰੀ ਮਿਰਚ, ਧਨੀਆ, ਪੁਦੀਨਾ, ਕਕੜੀਆਂ, ਖੀਰੇ ਆਦਿ ਵੀ ਇਹ ਧਰਤੀ ਮਾਣ ਨਾਲ ਪੈਦਾ ਕਰਦੀ ਹੈ। ਜਿੱਥੇ ਇਨਾਂ ਕੁਝ ਹੋਵੇ ਉਥੇ ਫੇਰ ਕੁਝ ਮਿੱਠਾ ਵੀ ਹੋਣਾ ਚਾਹੀਦਾ ਹੈ ਅਤੇ ਪੰਜਾਬ ਦੀ ਧਰਤੀ ਨੂੰ ਇਸ ਗਲ ਦਾ ਖਾਸ ਖਿਆਲ ਹੈ। ਇਸ ਧਰਤੀ ਤੇ ਤੂਤੀਆਂ, ਜਾਮਨਾਂ, ਬਿੱਲ, ਕੇਲੇ, ਖਰਬੂਜੇ, ਤਰਬੂਜ਼, ਅੰਬ, ਆੜੂ, ਸੰਤਰੇ, ਮਾਲਟੇ, ਚੀਕੂ, ਅੰਗੂਰ, ਲੀਚੀਆ, ਨਾਖਾਂ, ਬੱਬੂਗੋਸ਼ੇ, ਅਮਰੂਦ, ਝਾੜ ਬੇਰ, ਲੀਲੂ ਬੇਰ, ਪਿਉਂਦੀ ਬੇਰ, ਕਰੀਰ ਆਦਿ ਮਿੱਠੇ ਫਲ ਪੈਦਾ ਹੁੰਦੇ ਹਨ। ਖਾਣ ਪੀਣ ਵਿੱਚ ਪੰਜਾਬੀਆਂ ਦੇ ਹੱਥਾਂ ਦੀ ਕਲਾਕਾਰੀ ਦਾ ਤਾਂ ਕੋਈ ਜਵਾਬ ਹੀ ਨਹੀਂ। ਖੋਆ ਮਾਰਨਾ, ਸ਼ਰਾਬ ਕੱਢਣੀ, ਸ਼ਰਦਾਈ ਰਗੜਨੀ, ਜਰਦਾ(ਭੁੱਜੇ ਮਿੱਠੇ ਚੌਲ), ਗੁੱਲਗਲੇ, ਮਾਹਲ ਪੂੜੇ, ਖੀਰ, ਨਵੀਂ ਸੂਈ ਮੱਝ ਦੇ ਦੁੱਧ ਦੀ ਬੋਹਲੀ, ਕਲਾਕੰਦ, ਲੱਡੂ, ਬਾਲੋਸ਼ਾਹੀਆਂ, ਕਈ ਪ੍ਰਕਾਰ ਦੀ ਚੱਟਣੀ, ਪਕੌੜੇ, ਮੁਰਗੇ ਅਤੇ ਬੱਕਰੇ; ਕੋਈ ਵੀ ਪਕਵਾਨ ਹੋਵੇ ਇਨਾਂ ਵਰਗਾ ਕੋਈ ਨਹੀਂ ਬਣਾ ਸਕਦਾ। ਦੇਸੀ ਘਿਓ ਤਾਂ ਜਿਵੇਂ ਬਣਿਆ ਹੀ ਇਨ੍ਹਾਂ ਲਈ ਹੈ। ਨਾ ਕੋਈ ਪੰਜਾਬੀਆ ਦਾ ਵੰਨ-ਸੁਵੰਨੇ ਖਾਣਿਆਂ ਦਾ ਏਕਾ-ਅਧਿਕਾਰ ਛੁੱਡਾ ਸਕਦਾ ਹੈ ਅਤੇ ਨਾ ਇਨ੍ਹਾਂ ਛੱਡਣਾ ਹੈ।

ਹੁਣ ਜਦੋਂ ਇਨਾਂ ਕੁਝ ਖਾਧਾ ਜਾਂਦਾ ਹੋਵੇ ਫੇਰ ਉੱਥੇ ਇਨਾਂ ਨੂੰ ਹਜ਼ਮ ਕਰਨ ਦੇ ਢੰਗ ਵੀ ਕੱਢ ਲਏ ਜਾਂਦੇ ਹਨ। ਬੱਚਿਆਂ ਤੋਂ ਲੇਕੇ ਵੱਡਿਆਂ ਤੱਕ ਕਸਰਤ, ਸਵੈ-ਸੁਰੱਖਿਆ ਅਤੇ ਮਨ ਪ੍ਰਚਾਵੇ ਲਈ ਬਹੁਤ ਤਕੜਾ ਖੇਡਾਂ ਦਾ ਖਜ਼ਾਨਾ ਹੈ ਇਸ ਧਰਤੀ ਦੇ ਵਸਨੀਕਾਂ ਕੋਲ। ਪੀਚੋ-ਬੱਕਰੀ ਤੋਂ ਸ਼ੁਰੂ ਹੋ ਕੇ ਘਰ-ਘਰ, ਲੁਕਣ-ਮੀਚੀ, ਫੜਨ-ਫੜਾਈ, ਚਿੱੜੀ-ਉੱਡ, ਦੌੜ ਲਾਉਣਾ, ਪਿੱਠੂ-ਸੇਕਣਾ, ਊਚੀ-ਲੰਮੀ ਛਾਲ, ਬਾਜ਼ੀਆਂ ਪਾਉਣਾ, ਕਬੁੱਤਰਬਾਜ਼ੀ, ਘੋੜ ਸਵਾਰੀ, ਹਲਟਾਂ ਦੀ ਦੌੜ, ਗੱਡਿਆਂ ਦੀ ਦੌੜ, ਕੁਸ਼ਤੀ, ਕਬੱਡੀ, ਤਲਵਾਰਬਾਜ਼ੀ, ਡਾਂਗ-ਬਾਜ਼ੀ, ਬੋਰੀ ਚੁੱਕਣਾ, ਮੁੰਗਲੀਆ ਫੇਰਨੀਆਂ, ਰੱਸਾ-ਖਿਚਣਾ, ਕਣਕਾਂ ਦੀ ਵਾਢੀ ਅਤੇ ਜ਼ੀਰੀ ਲਾਉਣ ਦੇ ਮੁਕਾਬਲੇ, ਤੈਰਾਕੀ, ਹਲ-ਵਾਹੁਣ ਦੇ ਮੁਕਾਬਲੇ, ਕੰਚੇ ਜਾਂ ਬੰਟੇ, ਕਲੀ-ਜੋਟਾ, ਚੋਰ-ਸਿਪਾਹੀ, ਰੱਸੀ ਟੱਪਣਾ, ਪੀਂਘ ਝੂਟਣਾ, ਗੱਤਕਾ, ਬਾਂਦਰ ਕਿੱਲਾ ਆਦਿ। ਖਿੱਦੋ-ਖੂੰਡੀ(ਅੱਜ ਕੱਲ ਹਾਕੀ) ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਮਨਪਸੰਦ ਖੇਡ ਰਹੀ ਹੈ।

ਕੰਮਾਂ ਕਾਰਾਂ ਵਿੱਚ ਰੁੱਝੇ ਰਹਿਣਾ ਅਤੇ ਪੈਸੇ ਦੇ ਪੁੱਤ ਬਣ ਜਾਣਾ ਪੰਜਾਬੀਆਂ ਦੀ ਫਿਤਰਤ ਨਹੀਂ, ਮਨ ਪ੍ਰਚਾਵਾ ਬਹੁਤ ਜਿਆਦਾ ਕਰਦੇ ਹਨ। ਮੇਲੇ, ਛਿੰਝਾਂ, ਲੋਕ ਨਾਚਾਂ ਦੀਆਂ ਬਹੁਤ ਸੋਹਣੀਆਂ ਰਵਾਇਤਾਂ ਹਨ। ਸੂਫੀ ਫਕੀਰਾਂ ਦਾ ਜੱਲ੍ਹੀਆਂ ਪਾਉਣਾ, ਸੰਮੀ, ਗਿੱਧਾ, ਭੰਗੜਾ, ਮਲਵਈ ਗਿੱਧਾ ਪੰਜਾਬ ਦੇ ਵਿਹੜੇ ਦਾ ਸ਼ਿੰਗਾਰ ਹਨ। ਸਾਹਿਤਕ ਖਜ਼ਾਨਾ ਵੀ ਬਹੁਤ ਅਮੀਰ ਹੈ। ਕਿੱਸੇ, ਕਹਾਣੀਆਂ, ਸਲੋਕ, ਦੋਹਰੇ, ਛੰਦ, ਘੋੜੀਆਂ, ਸਿੱਠਣੀਆ, ਅਖਾਣ, ਮੁਹਾਵਰੇ, ਗੀਤ, ਕਵਿਤਾਵਾਂ, ਵਾਰਾਂ, ਸ਼ਬਦ, ਸ਼ੇਅਰ ਅਦਿ ਦਾ ਬਹੁਤ ਵੱਡਮੁੱਲਾ ਖਜਾਨਾ ਪੰਜਾਬ ਦੇ ਵਾਰਸਾਂ ਕੋਲ ਹੈ। ਪੰਜਾਬੀਆਂ ਕੋਲ ਘਰੇਲੂ ਕਲਾ ਵੀ ਬਹੁਤ ਉੱਚ ਪਾਏ ਦੀ ਹੈ। ਇਹ ਖੇਤੀਬਾੜੀ ਦੇ ਸੰਦ ਵੀ ਮੁੱਢੋਂ ਬਹੁਤ ਵਦੀਆ ਬਣਾਉਂਦੇ ਰਹੇ ਹਨ। ਸੂਤ ਕੱਤਣਾ, ਕੱਪੜਾ ਬੁਨਣਾ, ਕਢਾਈ ਕਰਨਾ, ਸਿਲਾਈ ਕਰਨਾ, ਬੁਨਣਾ ਆਦਿ ਕੁੜੀਆਂ ਇੰਨੀ ਮੁਹਾਰਤ ਨਾਲ ਕਰਦੀਆਂ ਰਹੀਆਂ ਹਨ ਕਿ ਮਸ਼ੀਨੀ ਕੰਮ ਅੱਜ ਵੀ ਇਸ ਦਾ ਮੁਕਾਬਲਾ ਨਹੀਂ ਕਰ ਸਕਦਾ।

ਪੰਜਾਬ ਦਾ ਕੋਈ ਖਾਸ ਇਕ ਸੱਭਿਆਚਾਰ ਨਹੀਂ ਹੈ। ਇਥੇ ਵਸਦੇ ਧਰਮਾਂ ਦੇ ਆਪੋ ਆਪਣੇ ਰਸਮੋ-ਰਿਵਾਜ਼ ਅਤੇ ਰੀਤਾਂ ਹਨ। ਸਭ ਆਪੋ ਆਪਣੇ ਜੀਵਨ ਦੇ ਕਾਰਜ ਆਪਣੀਆਂ ਧਾਰਮਿਕ ਰੀਤਾਂ ਅਨੁਸਾਰ ਕਰਦੇ ਹਨ। ਇੱਸ਼ਟ ਵਖਰੇ ਹਨ, ਪੂਜਾ ਸਥਾਨ ਅਤੇ ਪੂਜਾ ਦੇ ਢੰਗ ਵੀ ਵੱਖਰੇ ਹਨ। ਪੰਜਾਬੀ ਬੋਲੀ ਸਭ ਦੇ ਧੁਰ ਅੰਦਰ ਤੱਕ ਵਸੀ ਹੈ ਪਰ ਫਿਰ ਵੀ ਮੁਸਲਮਾਨ ਫਾਰਸੀ ਅਤੇ ਉਰਦੂ, ਹਿੰਦੂ ਹਿੰਦੀ ਅਤੇ ਸੰਸਕ੍ਰਿਤ ਨੂੰ ਧਾਰਮਿਕ ਤੌਰ ਤੇ ਵਿਸ਼ੇਸ਼ ਸਤਿਕਾਰ ਦਿੰਦੇ ਹਨ। ਪੰਜਾਬੀ ਦੀ ਗੁਰਮੁਖੀ ਲਿੱਪੀ ਸਾਹਿਬ ਸ੍ਰੀ ਗੁਰੂ ਅੰਗਦ ਸਾਹਿਬ ਵਲੋਂ ਰਚੀ ਹੋਣ ਕਰਕੇ ਸਿੱਖ ਪੰਜਾਬੀ ਲਈ ਲੜਨਾ ਆਪਣਾ ਧਾਰਮਿਕ ਫਰਜ਼ ਸਮਝਦੇ ਹਨ। ਲਹਿੰਦੇ ਪੰਜਾਬ ਵਿੱਚ ਮੁਸਲਮਾਨ ਭਰਾ ਪੰਜਾਬੀ ਨੂੰ ਸ਼ਾਹਮੁਖੀ ਵਿੱਚ ਲਿਖਦੇ ਹਨ। ਪਰ ਇਨਾਂ ਕੁਝ ਹੁੰਦੇ ਹੋਏ ਵੀ ਇੱਥੇ ਲੋਕ ਗੀਤ, ਲੋਕ ਨਾਚ, ਬੋਲੀਆਂ, ਗੀਤ, ਲੋਕ ਖੇਡਾਂ ਆਦਿ ਸਾਂਝੇ ਹਨ। ਇਨ੍ਹਾਂ ਦਾ ਹਾਸਾ, ਰੋਣਾ, ਲੜਨਾ, ਰੁਸਨਾ, ਮਨਾਉਣਾ ਇੱਕੋ ਜਿਹਾ ਹੈ। ਇਹਨਾਂ ਦੀ ਬੜ੍ਹਕ ਵੀ ਸਾਂਝੀ ਹੈ ਅਤੇ ਵਾਰ ਵੀ ਇੱਕੋ ਜਿਹੀ ਸੂਰਮਤਾਈ ਨਾਲ ਕਰਦੇ ਹਨ। ਇਹੋ ਪੰਜਾਬ ਦੀ ਖਾਸੀਅਤ ਹੈ ਇੱਥੋਂ ਦਾ ਸੱਭਿਆਚਾਰ ਕੌਮੀ ਸੱਭਿਆਚਾਰਾਂ ਦੀ ਵੰਨ-ਸੁਵੰਨਤਾ ਦੇ ਹੁੰਦਿਆਂ ਵੀ ਸਾਂਝਾ ਪ੍ਰਤੀਤ ਹੁੰਦਾ ਹੈ।

ਆਰਥਿਕ ਪੱਖ ਤੋਂ ਪੰਜਾਬ ਮੁੱਢੋਂ ਖੁਸ਼ਹਾਲ ਰਿਹਾ ਹੈ ਅਤੇ ਮੁੱਢੋਂ ਹੀ ਇਹ ਹਮਲਾਵਰਾਂ ਦਾ ਸ਼ਿਕਾਰ ਵੀ ਬਣਦਾ ਰਿਹਾ ਹੈ ਅਤੇ ਸ਼ਿਕਾਰ ਕਰਦਾ ਵੀ ਰਿਹਾ ਹੈ। ਇਸ ਦੀ ਖੁਸ਼ਹਾਲੀ ਹਮੇਸ਼ਾ ਹਮਲਾਵਰਾਂ ਦਾ ਨਿਸ਼ਾਨਾ ਬਣਦੀ ਰਹੀ ਹੈ ਅਤੇ ਪੰਜਾਬ ਹਮੇਸ਼ਾ ਇਸ ਮੁਸੀਬਤ ਵਿੱਚੋਂ ਉੱਭਰ ਕੇ ਮੁੜ ਪੈਰਾਂ ਸਿਰ ਹੁੰਦਾ ਰਿਹਾ ਹੈ। ਮੁੜ ਸਥਾਪਤੀ ਦੇ ਮਾਮਲੇ ਵਿੱਚ ਪੰਜਾਬੀ ਬਹੁਤ ਜਿੱਦੀ ਹਨ। ਜਦੋਂ ਮਨ ਵਿੱਚ ਧਾਰ ਲਿਆ ਤਾਂ ਫੇਰ ਕੋਈ ਨਹੀਂ ਟਾਲ ਸਕਦਾ। ਇਸੇ ਜਿੱਦ ਕਰਕੇ ਅੱਜ ਪੰਜਾਬੀ ਦੁਨੀਆ ਦੇ ਹਰ ਦੇਸ਼ ਵਿੱਚ, ਹਰ ਹਲਾਤ ਵਿੱਚ ਆਪਣੀ ਕਾਮਯਾਬੀ ਦੇ ਝੰਡੇ ਗੱਡ ਚੁੱਕੇ ਹਨ ਅਤੇ ਨਵੇਂ ਮੈਦਾਨਾਂ ਵਿੱਚ ਝੰਡੇ ਗੱਡ ਰਹੇ ਹਨ।

ਪੰਜਾਬ ਦਾ ਮੌਜੂਦਾ ਰੂਪ ਦੇਖ ਕੇ ਦਿਲ ਨੂੰ ਦੁੱਖ ਵੀ ਹੁੰਦਾ ਹੈ। ਬੇਸ਼ੱਕ ਪੰਥ ਖਾਲਸਾ ਚੜ੍ਹਦੀਕਲਾ ਵਿੱਚ ਹੈ ਪਰ ਇਸ ਖਿੱਤੇ ਨੂੰ ਵਿਕਸਤ ਕਰਨ ਵਾਲੇ ਖਾਲਸਾ ਰਾਜ ਦਾ ਅੱਜ ਕਿਤੇ ਨਾਮ ਨਿਸ਼ਾਨ ਵੀ ਨਹੀਂ ਰਿਹਾ ਅਤੇ ਇਸ ਖਿੱਤੇ ਦੀ ਛਾਂ ਹੇਠ ਪਲਣ ਵਾਲੇ ਲੋਕ ਅੱਜ ਮੌਜਾ ਮਾਣ ਰਹੇ ਹਨ। ਹਮੇਸ਼ਾ ਹੀ ਪੰਜਾਬ ਦੀ ਬਾਦਸ਼ਾਹੀ ਔਕੜਾਂ ਸਹਿ ਕਿ ਪੂਰਬੀ ਖੇਤਰ ਨੂੰ ਬਚਾ ਕੇ ਰੱਖਦੀ ਰਹੀ ਹੈ। ਹੁਣ ਦਾ ਰਕਬਾ ਵੀ ਬਹੁਤ ਥੋੜਾ ਹੈ। ਯਮੁਨਾ ਤੋਂ ਲੇ ਕੇ ਕਾਬਲ ਤੱਕ ਅਤੇ ਰਾਜਸਥਾਨ ਤੋਂ ਲਦਾਖ ਤੱਕ ਫੈਲਿਆ ਪੰਜਾਬ ਅੱਜ ਚਿੱੜੀ ਦੇ ਪੌਂਚੇ ਵਰਗਾ ਹੋ ਗਿਆ ਹੈ।

ਪਰ ਰੱਬੀ ਬਖਸ਼ਿੱਸ ਅਤੇ ਪੰਜਾਬ ਦੇ ਬਸ਼ਿੰਦਿਆਂ ਦੇ ਜ਼ੇਰੇ ਦਾ ਸਦਕਾ ਕਿੰਨੇ ਹੀ ਘੱਲੂਘਾਰਿਆਂ ਅਤੇ ਕਤਲਿਆਮਾਂ ਵਿੱਚੋਂ ਨਿੱਕਲ ਕੇ ਪੰਜਾਬ ਅੱਜ ਵੀ ਦੁਨੀਆ ਮੂਹਰੇ ਖੜ੍ਹ ਕੇ ਬੜ੍ਹਕ ਮਾਰਨ ਦੀ ਜੁਰਅਤ ਰੱਖਦਾ ਹੈ। ਫਿਰੋਜ਼ਦੀਨ ਸ਼ਰਫ ਨੇ ਬਹੁਤ ਸੋਹਣਾ ਲਿਖਿਆ ਹੈ:
ਜਿਵੇਂ ਫੁੱਲਾਂ ਵਿੱਚੋਂ ਫੁੱਲ ਗੁਲਾਬ ਨੀ ਸਈਓ,
ਦੇਸਾਂ ਵਿੱਚੋਂ ਦੇਸ ਪੰਜਾਬ ਨੀ ਸਈਓ।

ਖਾਸ ਲੇਖਕ

 • ਵਾਰਿਸ ਸ਼ਾਹ
 • ਜਾਕਾ ਸ਼ਾਹ
 • ਬੁੱਲ੍ਹੇ ਸ਼ਾਹ
 • ਹਾਸ਼ਿਮ
 • ਸੁਲਤਾਨ ਬਾਹੂ
 • ਨਵਤੇਜ ਘੁਮਾਣ
 • ਸ਼ਿਵ ਕੁਮਾਰ ਬਟਾਲਵੀ
 • ਅੰਮ੍ਰਿਤਾ ਪ੍ਰੀਤਮ
 • ਕਰਤਾਰ ਸਿੰਘ ਦੁੱਗਲ
 • ਮੋਹਨ ਸਿੰਘ
 • ਪਾਸ਼
 • ਰਾਮ ਸਰੂਪ ਅਣਖੀ
 • ਗੁਰਬਖਸ਼ ਸਿੰਘ ਪ੍ਰੀਤਲੜੀ
 • ਨਾਨਕ ਸਿੰਘ
 • ਇਲਆਸ ਘੁਮਾਣ
 • ਸੁਰਜੀਤ ਪਾਤਰ
 • ਭਾਈ ਵੀਰ ਸਿੰਘ
 • ਧਨੀ ਰਾਮ ਚਾਤ੍ਰਿਕ
 • ਹਰਜਦਰ ਸਿੰਘ ਦਿਲਗਰ
 • ਗੁਰਦਿਆਲ ਸਿੰਘ
 • ਸੋਹਣ ਸਿੰਘ ਸੀਤਲ
 • ਸੰਤ ਸਿੰਘ ਸੇਖੋਂ
 • ਜਸਵੰਤ ਸਿੰਘ ਕੰਵਲ
 • ਪ੍ਰੋ. ਪੂਰਨ ਸਿੰਘ
 • ਪ੍ਰੋ. ਪਿਆਰਾ ਸਿੰਘ ਪਦਮ
 • ਦੇਵ ਥਰੀਕੇ ਵਾਲੇ

ਪੰਜਾਬੀ ਟੀਵੀ ਚੈਨਲ

ਪੰਜਾਬੀ ਟੀਵੀ ਚੈਨਲਾਂ ਦੀ ਸੂਚੀ-

 • ਡੀ.ਡੀ. ਪੰਜਾਬੀ
 • ਈਟੀਸੀ ਪੰਜਾਬੀ
 • ਜੀ.ਟੀਵੀ ਪੰਜਾਬੀ
 • ਪੀ.ਟੀ.ਸੀ. ਪੰਜਾਬੀ
 • ਪੀ.ਟੀ.ਸੀ. ਨਿਊਜ਼
 • ਪੀ.ਟੀ.ਸੀ. ਚੱਕ ਦੇ
 • ਚੜ੍ਹਦੀਕਲਾ ਟਾਈਮ ਟੀਵੀ
 • ਟਾਈਮ ਟੀਵੀ
 • ਐਮ.ਐਚ. ਵਨ

ਪ੍ਰਮੁੱਖ ਪੰਜਾਬੀ ਟੀਵੀ ਚੈਨਲ ਹਨ।

2 comments

  • ਬਹੁਤ ਧੰਨਵਾਦ ਜੀ | ਕਿਰਪਾ ਕਰਕੇ ਹੋਰ ਸੁਝਾਹ ਵੀ ਦਿੰਦੇ ਰਹੇ !

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar