ਜੀ ਆਇਆਂ ਨੂੰ

ਯਾਦਾਂ

———————ਯਾਦਾਂ——————–

 

ਹਾਂ ਸੱਜਣ ਬੜੇ ਦਿਨਾਂ ਬਾਜੋਂ ਤੇਰੇ ਸ਼ਹਿਰ ਦਾ ਗੇੜਾ ਲਾਇਆ ਸੀ,

ਫਿਰ ਓਹੀ ਗੀਤ ਜਿਹਾ ਛਿੜਿਆ ਸੀ, ਫਿਰ ਓਹੀ ਰਾਗ ਸੁਣਾਇਆ ਸੀ,

ਫਿਰ ਯਾਦ ਆਏ ਕਈ ਬੀਤੇ ਪੱਲ, ਉਹਨਾਂ ਪਿਆਰ ਭਰੇ ਚਾਰ ਚੁਫੇਰਿਆਂ ਦੀ,

ਇਸ ਸ਼ਹਿਰ ਨਾਲ ਜੁੜੀਆਂ ਨੇ ਯਾਦਾਂ, ਕੁਝ ਤੇਰੀਆਂ ਵੀ ਕੁਝ ਮੇਰੀਆਂ ਵੀ,

 

ਜਦੋਂ ਸ਼ਹਿਰ ਤੇਰੇ ਵਿਚ ਪੈਰ ਰੱਖਿਆ, ਓਹੀ ਮਹਿਕ ਫਿਰ ਆਈ ਸੀ,

ਇਸੇ ਆਸ ਤੇ ਤੂੰ ਕਿਤੇ ਦੇਖ ਰਹੀ, ਉਠ ਮੈਂ ਵੀ ਨਜ਼ਰ ਘੁਮਾਈ ਸੀ,

ਫਿਰ ਯਾਦ ਆਇਆ ਸਬ ਵਹਿਮ ਹੀ ਸੀ, ਹੁਣ ਕਿਥੇ ਓਹ ਅੱਖਾਂ ਤੇਰੀਆਂ ਵੀ,

ਇਸ ਸ਼ਹਿਰ ਨਾਲ ਜੁੜੀਆਂ ਨੇ ਯਾਦਾਂ, ਕੁਝ ਤੇਰੀਆਂ ਵੀ ਕੁਝ ਮੇਰੀਆਂ ਵੀ,

 

ਜਦੋਂ ਗਲੀ ਤੇਰੀ ਵਿੱਚ ਵੜਿਆ ਤਾਂ, ਪਹਿਲਾਂ ਤੇਰਾ ਚੁਬਾਰਾ ਹੀ ਦਿਖਿਆ ਸੀ,

ਹੁਣ ਓਹ ਦੀਵਾਰ ਵੀ ਪੋਚੀ ਗਈ, ਜਿਥੇ ਤੇਰਾ ਮੇਰਾ ਨਾਂ ਲਿਖਿਆ ਸੀ,

ਫਿਰ ਯਾਦ ਆਈ ਉਹਨਾਂ ਸ਼ਾਮਾਂ ਦੀ, ਤੇਰੇ ਕੋਠੇ ਤੇ ਬਣੇ ਬਨੇਰੀਆਂ ਦੀ,

ਇਸ ਸ਼ਹਿਰ ਨਾਲ ਜੁੜੀਆਂ ਨੇ ਯਾਦਾਂ, ਕੁਝ ਤੇਰੀਆਂ ਵੀ ਕੁਝ ਮੇਰੀਆਂ ਵੀ,

 

ਜੱਦ ਘਰ ਤੇਰੇ ਮੂਹਰੋਂ ਲੰਘਿਆ ਤਾਂ, ਓਹ ਨਿੱਕੀ ਬਾਰੀ ਵੀ ਦਿਖਦੀ ਸੀ,

ਜਿਹੜੀ ਤੇਰੇ ਕਮਰੇ ਨੂੰ ਖੁਲਦੀ ਸੀ, ਜਿਥੇ ਬਹਿ ਕੇ ਚਿਠੀਆਂ ਲਿਖਦੀ ਸੀ,

ਫਿਰ ਯਾਦ ਆਈ ਤੈਨੂੰ ਦੇਖਣ ਲਈ, ਜਾਣ ਬੁਝ ਕੇ ਮਾਰੀਆਂ ਗੇੜੀਆਂ ਦੀ,

ਇਸ ਸ਼ਹਿਰ ਨਾਲ ਜੁੜੀਆਂ ਨੇ ਯਾਦਾਂ, ਕੁਝ ਤੇਰੀਆਂ ਵੀ ਕੁਝ ਮੇਰੀਆਂ ਵੀ,

 

ਜਦ ਵਾਪਸ ਸੀ ਮੈਂ ਤੁਰਨ ਲੱਗਾ ਓਹ ਨਹਿਰ ਦਾ ਪੁੱਲ ਵੀ ਨਜ਼ਰ ਆਇਆ,

ਜਿਥੇ ਅਸੀਂ ਦੋਹਾਂ ਨੇ ਬਹਿਕੇ, ਬੁਣਿਆ ਸੀ ਪਿਆਰ ਦਾ ਸਰਮਾਇਆ,

ਫਿਰ ਯਾਦ ਆਇਆ ਓਹ ਨਦੀ ਦਾ ਸ਼ੋਰ, ਓਹ ਤੇਜ ਵਗੀਆਂ ਹਨੇਰੀਆਂ ਦੀ,

ਇਸ ਸ਼ਹਿਰ ਨਾਲ ਜੁੜੀਆਂ ਨੇ ਯਾਦਾਂ, ਕੁਝ ਤੇਰੀਆਂ ਵੀ ਕੁਝ ਮੇਰੀਆਂ ਵੀ,

 

ਹੁਣ ਸ਼ਹਿਰ ਤੇਰੇ ਤੋਂ ਜਾਣ ਲੱਗਾ, ਤਾਂ ਓਹ ਸੱਥ ਵੀ ਸੀ ਨਜ਼ਰ ਆਈ,

ਜਿਥੇ ਦੋਹਾਂ ਦੀ ਕਿਸਮਤ ਬੁਣੀ ਗਈ, ਜਿਥੇ ਹੋਈ ਸੀ ਪਿਆਰ ਦੀ ਸੁਣਵਾਈ,

ਫਿਰ ਯਾਦ ਆਈ ਸਾਡੀ ਮਜਬੂਰੀ, ਸਾਡੇ ਪਿਆਰ ਦੀਆਂ ਉੱਡੀਆਂ ਪਖੇਰੀਆਂ ਦੀ,

ਇਸ ਸ਼ਹਿਰ ਨਾਲ ਜੁੜੀਆਂ ਨੇ ਯਾਦਾਂ, ਕੁਝ ਤੇਰੀਆਂ ਵੀ ਕੁਝ ਮੇਰੀਆਂ ਵੀ,

 

ਚੱਲ ਸੱਜਣ ਹੋਰ ਕੀ ਲਿਖਾਂ, ਜੇ ਦਿਲ ਦੁੱਖਿਆ ਤਾਂ ਮਾਫੀ ਹੈ,

ਕੀ ਹੋਇਆ ਜੇ ਨਹੀਂ ਮਿਲ ਪਾਏ, ਮੇਰੇ ਲਈ ਯਾਦ ਇਹ ਕਾਫੀ ਹੈ,

ਜਦ ਵੀ ਬੋਝ ਭਾਰੀ ਹੁੰਦਾ ਹੈ, ਓਹ ਪੱਲ ਕਰ ਯਾਦ ਮੁਸਕਾਉਂਦਾ ਹਾਂ,

ਜਦ ਵੀ ਤੇਰੀ ਜਿਆਦਾ ਯਾਦ ਆਏ, ਤੇਰੇ ਸ਼ਹਿਰ ਦਾ ਗੇੜਾ ਲਾਉਂਦਾ ਹਾਂ,

ਇਹਨਾਂ ਯਾਦਾਂ ਦੇ ਸਹਾਰੇ ਹੀ ਕੱਟ ਲੈਣੀਆਂ ਇਹ ਉਮਰਾਂ ਲਮੇਰੀਆਂ ਵੀ,

ਇਸ ਸ਼ਹਿਰ ਨਾਲ ਜੁੜੀਆਂ ਨੇ ਯਾਦਾਂ, ਕੁਝ ਤੇਰੀਆਂ ਵੀ ਕੁਝ ਮੇਰੀਆਂ ਵੀ…..

About bikram_jit_singh

I am Bikramjit Singh..Engineer by profession working for Indian Railways and loves to write..:)
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar