ਪੁਰਾਣੀ ਅੱਖ ਮੇਰੇ ਮੱਥੇ 'ਚੋ ਕੱਡ ਕੇ
ਸੁੱਟ ਦਿਉ ਕਿਧਰੇ
ਇਹ ਅੰਨੀ ਹੋ ਚੁੱਕੀ ਹੈ
ਮੈਨੂੰ ਇਸ ਅੱਖ ਸੰਗ
ਹੁਣ ਆਪਣਾ ਆਪਾ ਵੀ ਨਹੀ ਦਿਸਦਾ
ਤੁਹਾਨੂੰ ਕਿੰਝ ਵੇਖਾਗਾ
ਬਦਲਦੇ ਮੌਸਮ ਦੀ ਅੱਗ ਸਾਵੀ
ਕਿੰਝ ਸੇਕਾਗਾ?
ਇਹ ਅੱਖ ਕੈਸੀ ਹੇ ਜਿਸ ਵਿਚ
ਪੁਠੇ ਚਮਗਿੱਦੜਾਂ ਦਾ ਵਾਸਾ ਹੈ
ਤੇ ਪੁਸ਼ਤੋ-ਪੁਸ਼ਤ ਤੋ ਜੰਮੀ ਹੋਈ
ਬੁੱਢੀ ਨਿਰਾਸ਼ਾ ਹੈ
ਨਾ ਇਸ ਵਿਚ ਦਰਦ ਹੈ ਰਾਈ
ਤੇ ਨਾ ਚਾਨਣ ਹੀ ਮਾਸਾ ਹੈ !
ਇਹ ਅੱਖ ਮੇਰੇ ਆਦਿ ਪਿਤਰਾਂ ਨੂੰ
ਸਮੁੰਦਰ 'ਚੋ ਜਦੋ ਲੱਭੀ
ਉਹਨਾਂ ਸੂਰਾ ਦੇ ਵਾੜੇ ਵਿਚ
ਤृਕੀ ਬੋਅ ਚ ਆ ਦੱਬੀ
ਤੇ ਮੇਰੇ ਜਨਮ ਛਿਣ ਵੇਲੇ
ਮੇਰੇ ਮੱਥੇ ਚ ਆ ਗੱਡੀ
ਤੇ ਫਿਰ ਸੂਰਾਂ ਦੇ ਵਾੜੇ ਵਿਚ
ਕਈ ਦਿਨ ਡੋਲਕੀ ਵੱਜੀ !
ਤੇ ਫਿਰ ਸੂਰਾ ਦੇ ਵਾੜੇ ਨੂੰ
ਮੇ ਇੱਕ ਦਿਨ ਕਹਿੰਦੀਆ ਸੁਣਿਆ-
" ਇਹ ਅੱਖ ਲੈ ਕੇ ਕਦੇ ਵੀ ਇਸ ਘਰ ਚੋ
ਬਾਹਰ ਜਾਈ ਨਾ
ਜੇ ਬਾਹਰ ਜਾਏ ਤਾ ਪੁੱਤਰਾ
ਕਦੇ ਇਸਨੂੰ ਗਵਾਈਂ ਨਾ
ਇਹ ਅੱਖ ਜੱਦੀ ਅਮਾਨਤ ਹੈ
ਇਹ ਗੱਲ ਬਿਲਕੁੱਲ ਭੁਲਾਈਂ ਨਾ
ਤੇ ਕੁਲ ਨੂੰ ਦਾਗ ਲਾਈ ਨਾ
ਇਹ ਅੱਖ ਸੰਗ ਖੂਹ 'ਚ ਤਾਰੇ ਵੇਖ ਲਈਂ
ਸੂਰਜ ਨਾ ਪਰ ਵੇਖੀ
ਇਸ ਅੱਖ ਦੇ ਗਾਹਕ ਲੱਖਾ ਮਿਲਣਗੇ
ਪਰ ਅੱਖ ਨਾ ਵੇਚੀਂ
ਬਦਲਦੇ ਮੌਸਮ ਦੀ ਅੱਗ ਸਾਵੀ
ਕਦੇ ਨਾ ਸੇਕੀ !
ਇਹ ਅੱਖ ਲੈ ਕੇ ਜਦੋ ਵੀ ਮੈ ਕਿਤੇ
ਪਰਦੇਸ ਨੂੰ ਜਾਂਦਾ
ਮੇਰੇ ਕੰਨਾਂ 'ਚੋ ਪਿਤਰਾ ਦਾ
ਕਿਹਾ ਹਰ ਬੋਲ ਕੁਰਲਾਂਦਾ
'ਤੇ ਮੈ ਮੱਥੇ ਚੋ ਅੱਖ ਕੱਡ ਕੇ
ਸਦਾ ਬੋਜੇ 'ਚ ਪਾ ਲੈਂਦਾ
ਮੈ ਕੋਈ ਸੂਰਜ ਤਾਂ ਕੀ
ਸੂਰਜ ਦੀਆ ਕਿਰਨਾ ਵੀ ਨਾ ਤੱਕਦਾ
ਹਮਿਸ਼ਾ ਖੂਹ'ਚ ਰਹਿੰਦੇ
ਤਾਰਿਆ ਨਾਲ ਹੀ ਹੱਸਦਾ
ਤੇ ਬਲ ਕੇ ਬੁਝ ਗਈ ਅੱਖ ਸੰਗ
ਕਈ ਰਾਇਆ ਨੂੰ ਰਾਹ ਦੱਸਦਾ !
ਪਰ ਅੱਜ ਇਸ ਅੱਖ ਨੂੰ
ਮੱਥੇ 'ਚ ਲਾ ਜਦ ਆਪ ਨੂੰ ਲੱਭਿਆ
ਮੈਨੂੰ ਮੇਰਾ ਆਪ ਨਾ ਲੱਭਿਆ
ਮੈਨੂੰ ਮੇਰੀ ਅੱਖ ਪੁਰਾਣੀ ਹੋਣ ਦਾ
ਧੱਕਾ ਜਿਹਾ ਲੱਗਿਆ
ਤੇ ਹਰ ਇੱਕ ਮੋੜ ਤੇ ਮੇਰੇ ਪੈਰ ਨੂੰ
ਠੇਡਾ ਜਿਹਾ ਵੱਜਿਆ !
ਮੇਰੇ ਮਿਤਰੋ ! ਇਸ ਦੋਸ਼ ਨੂੰ
ਮੇਰੇ 'ਤੇ ਹੀ ਛੱਡੋ
ਤੁਸੀ ਹੋਛੇ ਬਣੋਗੇ
ਜੇ ਮੇਰੇ ਪਿਤਰਾ ਦੇ ਮੁੰਹ ਲੱਗੋ
ਤੁਸੀ ਕੁਤਿਆ ਦੀ ਪਿੱਠ ਤੇ ਬੈਠ ਕੇ
ਜਲੂਸ ਨਾ ਕੱਢੋ
ਤੇ ਲੋਕਾਂ ਸਾਹਮਣੇ ਮੈਨੂੰ
ਅੰਨਾ ਤਾਂ ਨਾ ਸੱਦੋ
ਸਗੋ ਮੈਨੂੰ ਤੁਸੀ ਸੂਰਾ ਦੇ ਵਾੜੇ
ਤੀਕ ਤਾਂ ਛੱਡੋ
ਮੈ ਸ਼ਾਇਦ ਗੁੰਮ ਗਿਆ ਹਾ ਦੋਸਤੋ
ਮੇਰਾ ਘਰ ਕਿਤੋਂ ਲੱਭੋ !
ਮੈ ਇਹ ਅੱਖ ਅੱਜ ਹੀ
ਸੂਰਾ ਨੂੰ ਜਾ ਕੇ ਮੋੜ ਆਵਾਗਾ
ਤੇ ਆਪਣੇ ਸੀਸ ਵਿਚ
ਬਲਦੀ ਸੁਲਗਦੀ ਅੱਖ ਉਗਾਵਾਂਗਾ
ਜੋ ਰਾਹ ਸੂਰਜ ਨੂੰ ਜਾਂਦਾ ਹੈ
ਤੁਹਾਡੇ ਨਾਲ ਜਾਵਾਂਗਾ
ਬਦਲਦੇ ਮੌਸਮ ਦੀ ਅੱਗ
ਤੁਹਾਡੇ ਨਾਲ ਸੇਕਾਂਗਾ
ਬਦਲਦੇ ਮੌਸਮ ਦੀ ਅੱਗ
ਤੁਹਾਡੇ ਨਾਲ ਖਾਵਾਂਗਾ !
ਸ਼ਿਵ ਕੁਮਾਰ ਬਟਾਲਵੀ