ਅੱਧੀ ਰਾਤੀਂ ਪੌਣਾਂ ਵਿਚ
ਉੱਗੀਆਂ ਨੀ ਮਹਿਕਾਂ ਮਾਏ
ਮਹਿਕਾਂ ਵਿਚ ਉੱਗੀਆਂ ਸ਼ੁਆਵਾਂ
ਦੇਵੀਂ ਨੀ ਮਾਏ ਮੇਰਾ
ਚੰਨਣੇ ਦਾ ਗੋਡਨੂੰ
ਮਹਿਕਾਂ ਨੂੰ ਮੈਂ ਗੋਡਨੇ ਥੀਂ ਜਾਵਾਂ ।
ਦੇਵੀਂ ਨੀ ਮਾਏ ਪਰ
ਚੰਨਣੇ ਦਾ ਗੋਡਨੂੰ
ਟੁੱਕੀਆਂ ਨਾ ਜਾਣ ਸ਼ੁਆਵਾਂ
ਦੇਵੀਂ ਨੀ ਮਾਏ ਮੈਨੂੰ
ਸੂਈ ਕੋਈ ਮਹਨਿ ਜਿਹੀ
ਪੋਲੇ ਪੋਲੇ ਕਿਰਨਾਂ ਗੁਡਾਵਾਂ ।
ਦੇਵੀਂ ਨੀ ਮਾਏ ਮੇਰੇ
ਨੈਣਾਂ ਦੀਆਂ ਸਿੱਪੀਆਂ
ਕੋਸਾ ਕੋਸਾ ਨੀਰ ਪਿਆਵਾਂ
ਕੋਸਾ ਕੋਸਾ ਨੀਰ
ਨਾ ਪਾਈਂ ਮੁੱਢ ਰਾਤੜੀ ਦੇ
ਸੁੱਕ ਨਾ ਨੀ ਜਾਣ ਸ਼ੁਆਵਾਂ ।
ਦੇਵੀਂ ਨੀ ਚੁਲੀ ਭਰ
ਗੰਗਾ-ਜਲ ਸੁੱਚੜਾ
ਇਕ ਬੁੱਕ ਸੰਘਣੀਆਂ ਛਾਵਾਂ
ਦੇਵੀਂ ਨੀ ਛੱਟਾ ਇਕ
ਮਿੱਠੀ ਮਿੱਠੀ ਬਾਤੜੀ ਦਾ
ਇਕ ਘੁੱਟ ਠੰਢੀਆਂ ਹਵਾਵਾਂ ।
ਦੇਵੀਂ ਨੀ, ਨਿੱਕੇ ਨਿੱਕੇ
ਛੱਜ ਫੁੱਲ-ਪੱਤੀਆਂ ਦੇ
ਚਾਨਣੀ ਦਾ ਬੋਹਲ ਛਟਾਵਾਂ
ਦੇਵੀਂ ਨੀ ਖੰਭ ਮੈਨੂੰ
ਪੀਲੀ ਪੀਲੀ ਤਿਤਲੀ ਦੇ
ਖੰਭਾਂ ਦੀ ਮੈਂ ਛਾਨਣੀ ਬਣਾਵਾਂ ।
ਅੱਧੀ ਅੱਧੀ ਰਾਤੀਂ ਚੁਣਾਂ
ਤਾਰਿਆਂ ਦੇ ਕੋਰੜੂ ਨੀ
ਛੱਟ ਕੇ ਪਟਾਰੀ ਵਿਚ ਪਾਵਾਂ
ਦੇਵੀਂ ਨੀ ਮਾਏ ਮੇਰੀ
ਜਿੰਦੜੀ ਦਾ ਟੋਕਰੂ
ਚੰਨ ਦੀ ਮੈਂ ਮੰਜਰੀ ਲਿਆਵਾਂ ।
ਚੰਨ ਦੀ ਮੰਜਰੀ ਨੂੰ
ਘੋਲਾਂ ਵਿਚ ਪਾਣੀਆਂ ਦੇ
ਮੱਥੇ ਦੀਆਂ ਕਾਲਖਾਂ ਲੁਹਾਵਾਂ
ਕਾਲੀ ਕਾਲੀ ਬੱਦਲੀ ਦੇ
ਕਾਲੇ ਕਾਲੇ ਕੇਸਾਂ ਵਿਚ
ਚੰਨ ਦਾ ਮੈਂ ਚੌਂਕ ਗੁੰਦਾਵਾਂ ।
ਗਗਨਾਂ ਦੀ ਸੂਹੀ ਬਿੰਬ
ਅੱਧੋਰਾਣੀ ਚੁੰਨੜੀ ਤੇ
ਤਾਰਿਆਂ ਦੇ ਬਾਗ਼ ਕਢਾਵਾਂ ।
ਅੱਧੀ ਰਾਤੀਂ ਪੌਣਾਂ ਵਿਚ
ਉੱਗੀਆਂ ਨੀ ਮਹਿਕਾਂ ਮਾਏ
ਮਹਿਕਾਂ ਵਿਚ ਉੱਗੀਆਂ ਸ਼ੁਆਵਾਂ
ਦੇਵੀਂ ਨੀ ਮਾਏ ਮੇਰਾ
ਚੰਨਣੇ ਦਾ ਗੋਡਨੂੰ
ਮਹਿਕਾਂ ਨੂੰ ਮੈਂ ਗੋਡਨੇ ਥੀਂ ਜਾਵਾਂ ।