ਹੋਕਾ ਫਿਰੇ ਦਿੰਦਾ ਪਿੰਡਾਂ ਵਿੱਚ ਸਾਰੇ ਆਉ ਕਿਸੇ ਫਕੀਰ ਜੇ ਹੋਵਣਾ ਜੇ
ਮੰਗ ਖਾਵਨਾ ਕੰਮ ਨਾ ਕਾਜ ਕਰਨਾ ਨਾ ਕੋ ਚਾਰਨਾ ਤੇ ਨਾ ਹੀ ਚੋਵਨਾ ਜੇ
ਜ਼ਰਾ ਕੰਨ ਪੜਾਇਕੇ ਸਵਾਹ ਮਲਣੀ ਗੁਰੂ ਸਾਰੇ ਹੀ ਜੱਗ ਦਾ ਹੋਵਨਾ ਜੇ
ਨਾ ਦਿਹਾੜ ਨਾ ਕਸਬ ਰੁਜ਼ਗਾਰ ਕਰਨਾ ਨਾਢੂ ਸ਼ਾਹ ਫਿਰ ਮੁਫਤ ਦਾ ਹੋਵਨਾ ਜੇ
ਨਹੀਂ ਦੇਣੀ ਵਧਾਈ ਫਿਰ ਜੰਮਦੇ ਦੀ ਕਿਸੇ ਮੋਏ ਨੂੰ ਮੂਲ ਨਾ ਰੋਵਨਾ ਜੇ
ਮੰਗ ਖਾਵਣਾ ਅਤੇ ਮਸੀਤ ਸੌਣਾ ਨਾ ਕੁੱਝ ਬੋਵਣਾ ਤੇ ਨਾ ਕੁੱਝ ਲੋਵਣਾ ਜੇ
ਨਾਲੇ ਮੰਗਣਾ ਤੇ ਨਾਲੇ ਘੂਰਨਾ ਈ ਦੇਣਦਾਰ ਨਾ ਕਿਸੇ ਦਾ ਹੋਵਨਾ ਜੇ
ਖੁਸ਼ੀ ਆਪਣੀ ਉੱਠਣਾ ਮੀਆਂ ਵਾਰਸ ਅਤੇ ਆਪਣੀ ਨੀਂਦ ਹੀ ਸੋਵਨਾ ਜੇ