ਭੇਜੀਂ ਨੀ ਅੰਮਾ ਰਾਣੀ ਸੂਹੜੇ
ਸੂਹਿਆਂ ਦੇ ਦਿਨ ਚਾਰ
ਸਾਵਣ ਆਇਆ
ਕਿੱਕੂੰ ਨੀ ਭੇਜਾਂ ਸੂਹੜੇ
ਪਿਓ ਤੇਰਾ ਪਰਦੇਸ
ਸਾਵਣ ਆਇਆ
ਲਿਖ ਲਿਖ ਭੇਜਾਂ ਬਾਬਲ ਚੀਰੀਆਂ
ਤੂੰ ਪਰਦੇਸਾਂ ਤੋਂ ਆ
ਸਾਵਣ ਆਇਆ
ਕਿੱਕੂੰ ਨੀ ਆਵਾਂ ਜਾਈਏ ਮੇਰੀਏ
ਨਦੀਆਂ ਨੇ ਲਿਆ ਨੀ ਉਛਾਲ
ਸਾਵਣ ਆਇਆ
ਪਾਵੋ ਵੇ ਮਲਾਹੋ ਬੇੜੀਆਂ
ਮੇਰਾ ਬਾਬਲ ਪਾਰ ਲੰਘਾਓ
ਸਾਵਣ ਆਇਆ
ਹੱਥ ਦੀ ਵੇ ਦੇਵਾਂ ਮੁੰਦਰੀ
ਗਲ ਦਾ ਨੌਲੱਖਾ ਹਾਰ
ਸਾਵਣ ਆਇਆ
ਮਹਿੰਦੀ ਤਾਂ ਪਾ ਦੇ ਮਾਏਂ ਸੁੱਕਣੀ,
ਮਾਏਂ ਮੇਰੀਏ
ਮਹਿੰਦੀ ਦਾ ਰੰਗ ਨੀਂ ਉਦਾਸ,
ਸਾਵਣ ਆਇਆ
ਨੂੰਹਾਂ ਨੂੰ ਭੇਜੀਂ ਮਾਏਂ ਪੇਕੜੇ,
ਮਾਏਂ ਮੇਰੀਏ ਨੀਂ
ਧੀਆਂ ਨੂੰ ਲਈਂ ਨੀਂ ਮੰਗਾ,
ਸਾਵਣ ਆਇਆ
(ਤੀਆਂ ਲਈ ਲੈਣ ਆਏ ਵੀਰ ਤੋਂ
ਭੈਣ ਸੁੱਖ-ਸਾਂਦ ਪੁੱਛਦੀ ਹੈ)
ਸਾਵਣ ਆਇਆ ਨੀ ਸੱਸੀਏ
ਸਾਵਣ ਆਇਆ,
ਇਕ ਤਾਂ ਆਇਆ ਮੇਰਾ
ਅੰਮੀ ਦਾ ਜਾਇਆ,
ਚੜ੍ਹਦੇ ਸਾਵਣ ਮੇਰਾ ਵੀਰ ਨੀ ਆਇਆ
ਆ ਜਾ ਵੇ ਵੀਰਾ
ਸੱਸ ਨਿਨਾਣ ਮੁੱਖ ਮੋੜਿਆ,
ਆ ਜਾ ਵੀਰਾ, ਚੜ੍ਹ ਉੱਚੀ ਅਟਾਰੀ,
ਮੇਰੇ ਕਾਨ੍ਹ ਉਸਾਰੀ,
ਦੇ ਜਾ ਵੀਰਾ ਮੇਰੀ ਮਾਂ ਦੇ ਸਨੇਹੜੇ ।
ਮਾਂ ਤਾਂ ਤੇਰੀ ਭੈਣੇ ਪਲੰਘੇ ਬੈਠਾਈ ਪਲੰਘੋਂ ਪੀੜ੍ਹੇ ਬਿਠਾਈ,
ਸਾਥ ਅਟੇਰਨ ਸੂਹੀ ਰੰਗਲੀ ਰਾਮ ।
ਆ ਵੇ ਵੀਰਾ ਚੜ੍ਹੀਏ ਉੱਚੀ ਅਟਾਰੀ,
ਮੇਰੇ ਕਾਨ੍ਹ ਉਸਾਰੀ, ਮੇਰੀ ਭਾਬੋ ਦੇ ਦੇਹ ਸੁਨੇਹੜੇ ਰਾਮ ।
ਭਾਬੋ ਤਾਂ ਤੇਰੀ ਬੀਬਾ ਗੀਗੜਾ ਜਾਇਆ,
ਨੀ ਤੇਰਾ ਭਤੀਜੜਾ ਜਾਇਆ,
ਉਠਦੀ ਬਹਿੰਦੀ ਦਿੰਦੀ ਲੋਰੀਆਂ ਰਾਮ ।
ਆ ਜਾ ਵੀਰਾ, ਚੜ੍ਹ ਉੱਚੀ ਅਟਾਰੀ,
ਮੇਰੇ ਕਾਨ੍ਹ ਉਸਾਰੀ, ਮੇਰੀਆਂ ਸਹੀਆਂ ਦੇ ਦੇਹ ਸੁਨੇਹੜੇ ਰਾਮ ।
ਸਹੀਆਂ ਤਾਂ ਤੇਰੀਆਂ ਭੈਣੇ ਛੋਪ ਨੀ ਪਾਏ,
ਵੇਹੜੀਂ ਚਰਖੇ ਨੀ ਡਾਹੇ,
ਤੂੰ ਹੀ ਪ੍ਰਦੇਸਣ ਬੈਠੀ ਦੂਰ ਨੀ, ਰਾਮ ।
ਚਲ ਵੇ ਵੀਰਾ ਚਲੀਏ ਮਾਂ ਦੇ ਕੋਲੇ,
ਚੁਕ ਭਤੀਜੜਾ ਲੋਰੀ ਦੇਵਾਂਗੀ ਰਾਮ ।
(ਸਾਉਣ ਦੇ ਸੁਹਾਵਣੇ ਦ੍ਰਿਸ਼ ਵੇਖਕੇ ਸਈਆਂ ਨੂੰ
ਤੀਆਂ ਦਾ ਸੱਦਾ ਅਤੇ ਮਾਹੀ ਦੀ ਯਾਦ)
ਰਲ ਆਓ ਸਈਓ ਨੀ
ਸੱਭੇ ਤੀਆਂ ਖੇਡਣ ਜਾਈਏ
ਹੁਣ ਆ ਗਿਆ ਸਾਵਣ ਨੀ
ਪੀਂਘਾਂ ਪਿੱਪਲੀਂ ਜਾ ਕੇ ਪਾਈਏ
ਪਈ ਕੂ ਕੂ ਕਰਦੀ ਨੀ ਸਈਓ
ਕੋਇਲ ਹੰਝੂ ਡੋਲ੍ਹੇ
ਪਪੀਹਾ ਵੇਖੋ ਨੀ ਭੈੜਾ
ਪੀਆ ਪੀਆ ਬੋਲੇ
ਲੈ ਪੈਲਾਂ ਪਾਂਦੇ ਨੀ
ਬਾਗੀਂ ਮੋਰਾਂ ਸ਼ੋਰ ਮਚਾਇਆ
ਅਨੀ ਖਿੜ ਖਿੜ ਫੁੱਲਾਂ ਨੇ
ਸਾਨੂੰ ਮਾਹੀਆ ਯਾਦ ਕਰਾਇਆ
ਮੈਂ ਅੱਥਰੂ ਡੋਲ੍ਹਾਂ ਨੀ
ਕੋਈ ਸਾਰ ਨਾ ਲੈਂਦਾ ਮੇਰੀ
ਰਲ ਆਓ ਸਈਓ ਨੀ
ਸੱਭੇ ਤੀਆਂ ਖੇਡਣ ਜਾਈਏ
(ਪੀਂਘਾਂ ਝੂਟਦੀਆਂ ਭੈਣਾਂ ਪ੍ਰਦੇਸ
ਗਏ ਵੀਰਾਂ ਨੂੰ ਯਾਦ ਕਰਦੀਆਂ)
ਉੱਚੀ ਉੱਚੀ ਰੋੜੀ
ਵੀਰਾ ਦਮ ਦਮ ਵੇ
ਕੰਗਣ ਰੁੜ੍ਹਿਆ ਜਾਏ
ਮੇਰਾ ਵੀਰ ਮਿਲ ਕੇ ਜਾਇਓ ਵੇ
ਕਿੱਕਣ ਮਿਲਾਂ ਭੈਣ ਮੇਰੀਏ
ਸਾਥੀ ਜਾਂਦੇ ਦੂਰ
ਮੇਰੀ ਭੈਣ ਫੇਰ ਮਿਲਾਂਗੇ ਨੀ
ਸਾਥੀਆਂ ਤੇਰਿਆਂ ਦੀ ਸੋਟੀ ਪਕੜਾਂ
ਤੇਰੀ ਪਕੜਾਂ ਬਾਂਹ
ਮੇਰਾ ਵੀਰ ਮਿਲ ਕੇ ਜਾਇਓ ਵੇ
ਕਿੱਕਣ ਮਿਲਾਂ ਭੈਣ ਮੇਰੀਏ
ਸਾਥੀ ਜਾਂਦੇ ਦੂਰ
ਮੇਰੀ ਭੈਣ ਫੇਰ ਮਿਲਾਂਗੇ ਨੀ
ਸਾਥੀਆਂ ਤੇਰਿਆਂ ਨੂੰ ਮੂਹੜਾ ਪੀਹੜੀ
ਤੈਨੂੰ ਪਲੰਘ ਬਛੌਣਾ
ਮੇਰਾ ਵੀਰ ਮਿਲ ਕੇ ਜਾਇਓ ਵੇ
ਕਿੱਕਣ ਮਿਲਾਂ ਨੀ ਭੈਣ ਮੇਰੀਏ
ਹੈਨੀ ਕੋਲ ਰੁਪਏ
ਮੇਰੀ ਭੈਣ ਫੇਰ ਮਿਲਾਂਗੇ ਨੀ
ਖੋਹਲ ਸੰਦੂਕ ਵੀਰਾ ਕੱਢਾਂ ਰੁਪਿਆ
ਨੌਂ ਕਰੂੰਗੀ ਤੇਰਾ ਵੇ
ਮੇਰਾ ਵੀਰ ਮਿਲ ਕੇ ਜਾਇਓ ਵੇ
(ਗਿੱਧੇ ਪੈਂਦਾ ਮੀਂਹ)
ਆਇਆ ਸਾਵਣ ਦਿਲ ਪਰਚਾਵਣ
ਝੜੀ ਲੱਗ ਗਈ ਭਾਰੀ
ਝੂਟੇ ਲੈਂਦੀ ਮਰੀਆਂ ਭਿੱਜ ਗਈ
ਨਾਲੇ ਰਾਮ ਪਿਆਰੀ
ਕੁੜਤੀ ਹਰੋ ਦੀ ਭਿੱਜੀ ਵਰੀ ਦੀ
ਕਿਸ਼ਨੋ ਦੀ ਫੁਲਕਾਰੀ
ਹਰਨਾਮੀ ਦੀ ਸੁੱਥਣ ਭਿੱਜਗੀ
ਬਹੁਤੇ ਗੋਟੇ ਵਾਲੀ
ਜੱਨਤ ਦੀਆਂ ਭਿੱਜੀਆਂ ਮੀਢੀਆਂ
ਗਿਣਤੀ ʼਚ ਪੂਰੀਆਂ ਚਾਲੀ
ਪੀਂਘ ਝੂਟਦੀ ਸੱਸੀ ਡਿਗ ਪਈ
ਨਾਲੇ ਨੂਰੀ ਨਾਭੇ ਵਾਲੀ
ਸ਼ਾਮੋ ਕੁੜੀ ਦੀ ਝਾਂਜਰ ਗੁਆਚ ਗਈ
ਆ ਰੱਖੀ ਨੇ ਭਾਲੀ
ਭਿੱਜ ਗਈ ਲਾਜੋ ਵੇ
ਬਹੁਤੇ ਹਿਰਖਾਂ ਵਾਲੀ