ਆ ਗਈਆਂ ਕਣੀਆਂ, ਸਹੀਓ ਆ ਗਈਆਂ ਕਣੀਆਂ ।
ਇੰਦਰ ਹੱਥੋਂ ਕਾਹਲੀ ਦੇ ਵਿਚ ਖਿੰਡ ਗਈਆਂ ਮਣੀਆਂ ।
ਜੱਟ ਵਿੰਹਦਾ ਸੀ ਬੱਦਲਾਂ ਵੱਲੇ,
ਜਿੱਦਾਂ ਸੋਚਣ ਜੋਗੀ ਝੱਲੇ,
ਕਦੀ ਬੋਲੇ ਕਦੀ ਅੱਡੇ ਪੱਲੇ,
ਨੈਣੀਂ ਸਾਗਰ ਹੰਝੂਆਂ ਮੱਲੇ ।
ਤਾਂਘੀਂ ਫੁੱਲ ਖਿੜਾ ਗਈਆਂ ਕਣੀਆਂ ।
ਲੂ ਕਰਦੀ ਏ ਮਾਰੋ-ਮਾਰਾਂ,
ਪਪੀਹਾ ਲੋਚੇ ਪੈਣ ਫੁਹਾਰਾਂ,
ਜੇਠ-ਹਾੜ ਵਿਚ ਆਣ ਬਹਾਰਾਂ,
ਤੀਆਂ ਯਾਦ ਕਰਨ ਮੁਟਿਆਰਾਂ,
ਤਪਦੀ ਅਗਨ ਬੁਝਾ ਗਈਆਂ ਕਣੀਆਂ ।
ਬੱਚੇ ਕਿਧਰੇ ਗੁੱਡੀਆਂ ਫੂਕਣ,
ਤੱਤੀ ਵਾਅ ਦੇ ਝੋਕੇ ਸ਼ੂਕਣ,
ਪਸ਼ੂ-ਪੰਛੀ ਵੀ ਪਏ ਕੂਕਣ,
ਵਾਅ-ਵਰੋਲੇ ਕਿਧਰੇ ਘੂਕਣ,
ਸਭਨਾਂ ਤਾਈਂ ਸੁਲਾ ਗਈਆਂ ਕਣੀਆਂ ।
ਮੱਲੋਮੱਲੀ ਪਸੀਨਾ ਚੋਵੇ,
ਪਿੰਡਾ ਪਾਣੀ ਬਾਝੋਂ ਧੋਵੇ,
ਕੋਈ ਦੱਸੋ ਕੰਮ ਕੀ ਹੋਵੇ,
ਰੁੱਖਾਂ ਦਾ ਵੀ ਸਾਹ ਬੰਦ ਹੋਵੇ,
ਸਭ ਵਿਚ ਜ਼ਿੰਦਗੀ ਪਾ ਗਈਆਂ ਕਣੀਆਂ ।
ਵੀਰ ਵਹੁਟੀਆਂ ਨਿਕਲ ਆਈਆਂ,
ਕੁੜੀਆਂ ਨੇ ਵੀ ਪੀਂਘਾਂ ਪਾਈਆਂ,
ਮੋਰਾਂ ਨੇ ਵੀ ਹੇਕਾਂ ਲਾਈਆਂ,
ਸਭ ਪਾਸੇ ਖ਼ੁਸ਼ੀਆਂ ਨੇ ਛਾਈਆਂ,
ਸੁੱਕੇ ਚਮਨ ਖਿੜਾ ਗਈਆਂ ਕਣੀਆਂ ।