ਮੈਨੂੰ ਬੀਨ ’ਤੇ ਸੁਣਾ ਦੇ ਪੱਕਾ ਰਾਗ ਜੋਗੀਆ
ਕੀ ਮਿੱਟੀ ਸੰਗ ਰੁੱਸਣਾ ਅੜਿਆ ਕੀ ਪਾਣੀ ਸੰਗ ਲੜਨਾ
ਆਖਰ ਇੱਕੋ ਆਵੇ ਪੈਣਾ ਇੱਕੋ ਅੱਗ ਵਿੱਚ ਸੜਨਾ
ਡੂੰਘਾ ਹੋਈ ਜਾਵੇ ਦਿਲ ਦਾ ਵਰਾਗ ਜੋਗੀਆ
ਮੈਨੂੰ ਬੀਨ ’ਤੇ ਸੁਣਾ ਦੇ ਪੱਕਾ ਰਾਗ ਜੋਗੀਆ
ਰਹਿਗੀ ਮੱਠੀ-ਮੱਠੀ ਅੱਗ, ਹੋਇਆ ਨੀਵਾਂ ਨੀਵਾਂ ਪਾਣੀ
ਪਾਈ ਜਾਣ ਵੇ ਵਿਗੋਚੇ ਸਾਡੇ ਉਮਰਾਂ ਦੇ ਹਾਣੀ
ਕਿਰੇ ਪੱਤਾ ਪੱਤਾ ਜ਼ਿੰਦਗੀ ਦਾ ਬਾਗ਼ ਜੋਗੀਆ
ਮੈਨੂੰ ਬੀਨ ’ਤੇ ਸੁਣਾ ਦੇ ਪੱਕਾ ਰਾਗ ਜੋਗੀਆ
ਖੌਰੇ ਕਿੱਥੇ ਗਏ ਮਲਾਹ, ਕਿੱਥੇ ਆਸ਼ਕਾਂ ਦੇ ਡੇਰੇ
ਗਲ ਕੰਢਿਆਂ ਦੇ ਲੱਗ, ਹੰਝੂ ਬੇੜੀਆਂ ਨੇ ਕੇਰੇ
ਸੁੰਨੇ ਪੱਤਰਾਂ ’ਤੇ ਬੋਲਦੇ ਨੇ ਕਾਗ ਜੋਗੀਆ
ਮੈਨੂੰ ਬੀਨ ’ਤੇ ਸੁਣਾ ਦੇ ਪੱਕਾ ਰਾਗ ਜੋਗੀਆ
ਮੈਨੂੰ ਦੱਸ ਜੋਗੀਆ ਵੇ ਕਿੱਥੇ ਉੱਡ ਗਈਆਂ ਡਾਰਾਂ
ਵੇ ਉਹ ਪਿਆਰ ਵਿੱਚ ਡੁੱਬੇ ਹੋਏ ਗੱਭਰੂ ਤੇ ਨਾਰਾਂ
ਕਿੱਥੇ ਮਿਲਦਾ ਏ ਰੂਹਾਂ ਨੂੰ ਸੁਹਾਗ ਜੋਗੀਆ
ਮੈਨੂੰ ਬੀਨ ’ਤੇ ਸੁਣਾ ਕੇ ਪੱਕਾ ਰਾਗ ਜੋਗੀਆ
ਮੈਨੂੰ ਦੱਸ ਵੇ ਸੰਯੋਗ ਤੇ ਵਿਯੋਗ ਦੀਆਂ ਬਾਤਾਂ
ਕਿੱਥੇ ਡੁੱਬ ਜਾਂਦੇ ਦਿਨ ਕਿੱਥੇ ਛੁਪ ਜਾਣ ਰਾਤਾਂ
ਕਿਵੇਂ ਜਾਗਦੇ ਨੇ ਸੁੱਤੇ ਹੋਏ ਭਾਗ ਜੋਗੀਆ
ਮੈਨੂੰ ਬੀਨ ’ਤੇ ਸੁਣਾ ਕੇ ਪੱਕਾ ਰਾਗ ਜੋਗੀਆ
ਮੈਨੂੰ ਦੱਸ ਜੋਗੀਆ ਵੇ ਜੋਗੀ ਹੋਣ ਵਿੱਚ ਕੀ ਏ
ਦੱਸ ਧੂਣੀਆਂ ਦੇ ਓਹਲੇ ਬਹਿ ਕੇ ਰੋਣ ਵਿੱਚ ਕੀ ਏ
ਜੇ ਨਾ ਮੱਥੇ ਵਿੱਚ ਮਣੀ, ਕਾਹਦਾ ਨਾਗ ਜੋਗੀਆ
ਮੈਨੂੰ ਬੀਨ ’ਤੇ ਸੁਣਾ ਦੇ ਪੱਕਾ ਰਾਗ ਜੋਗੀਆ