ਮਹੀਂ ਟੁਰਨ ਨਾ ਬਾਝ ਰੰਝੇਟੜੇ ਦੇ ਭੂਏ ਹੋਇਕੇ ਪਿੰਡ ਭਜਾਇਉ ਨੇ
ਪੁਟ ਝੁੱਘੀਆਂ ਲੋਕਾਂ ਨੂੰ ਢੁਡ ਮਾਰਨ ਭਾਂਡੇ ਭੰਨ ਕੇ ਸ਼ੋਰ ਘਤਾਇਉ ਨੇ
ਚੌ ਚਾਇਕੇ ਬੂਥੀਆਂ ਉਤਾਂਹ ਕਰਕੇ ਸ਼ੌਕਾ ਥੀ ਧੁਮਲਾ ਲਾਇਉ ਨੇ
ਲੋਕਾਂ ਆਖਿਆ ਰਾਂਝੇ ਦੀ ਕਰੋ ਮਿੰਨਤ ਪੈਰ ਚੁੰਮ ਕੇ ਆਨ ਜਗਾਇਉ ਨੇ
ਚਸ਼ਮਾ ਪੈਰ ਦੀ ਖ਼ਾਕ ਦਾ ਲਾ ਮੱਥੇ ਵਾਂਗ ਸੇਵਕਾਂ ਸਖੀ ਮਨਾਇਉ ਨੇ
ਭੜਥੂ ਮਾਰਿਉ ਨੇ ਦਵਾਲੇ ਰਾਂਝਣੇ ਦੇ ਲਾਲ ਬੇਗ ਦਾ ਥੜਾ ਪੁਜਾਇਉ ਨੇ
ਪਕਵਾਲ ਤੇ ਪਿੰਨੀਆ ਰੱਖ ਅੱਗੇ ਭੋਲੂ ਰਾਮ ਨੂੰ ਖੁਸ਼ੀ ਕਰਾਇਉ ਨੇ
ਮਗਰ ਮਹੀਂ ਦੇ ਛੇੜ ਕੇ ਨਾਲ ਸ਼ਫਕਤ ਸਿਰ ਟਮਕ ਚਾ ਚਵਾਇਉ ਨੇ
ਵਾਹੋ ਦਾਹੀ ਚਲੇ ਰਾਤੋ ਰਾਤ ਖੇੜੇ ਦਿੰਹੁ ਜਾਇਕੇ ਪਿੰਡ ਚੜ੍ਹਾਇਉ ਨੇ
ਦੇ ਚੂਰੀ ਤੇ ਖਿਚੜੀ ਦੀਆ ਸੱਤ ਬੁਰਕਾਂ ਨਢਾ ਦੇਵਰਾ ਗੋਦ ਬਹਾਇਉ ਨੇ
ਅੱਗੋਂ ਲੈਣ ਆਈਆਂ ਸਈਆਂ ਵੋਹਟੜੀ ਨੂੰ ‘ਜੇ ਤੂੰ ਆਂਦੜੀ ਵੇ ਵੀਰਆ’ ਗਾਇਉ ਨੇ
ਸਿਰੋਂ ਲਾਹ ਟਮਕ ਭੂਰਾ ਖਸ ਲੀਤਾ ਆਦਮ ਬਹਿਸ਼ਤ ਕੀਂ ਵੇਖ ਤ੍ਰਾਹਿਉ ਨੇ
ਵਾਰਸ ਸ਼ਾਹ ਮੀਆਂ ਵੇਖ ਕੁਦਰਤਾਂ ਨੀ ਭੁੱਖਾ ਜੰਨਤੋਂ ਰੂਹ ਕਢਾਇਉ ਨੇ