ਨਾਨਕ ਸਿੰਘ, (ਜਨਮ 4 ਜੁਲਾਈ 1897 ਹੰਸ ਰਾਜ ਵਜੋਂ – 28 ਦਸੰਬਰ 1971), ਇੱਕ ਭਾਰਤੀ ਕਵੀ, ਗੀਤਕਾਰ, ਪੰਜਾਬੀ ਭਾਸ਼ਾ ਦਾ ਨਾਵਲਕਾਰ ਸੀ। ਭਾਰਤ ਦੀ ਸੁਤੰਤਰਤਾ ਅੰਦੋਲਨ ਦੇ ਸਮਰਥਨ ਵਿੱਚ ਉਸਦੀਆਂ ਸਾਹਿਤਕ ਰਚਨਾਵਾਂ ਨੇ ਅੰਗਰੇਜ਼ਾਂ ਨੂੰ ਉਸ ਨੂੰ ਗ੍ਰਿਫਤਾਰ ਕਰਨ ਲਈ ਅਗਵਾਈ ਕੀਤੀ। ਉਸਨੇ ਨਾਵਲ ਪ੍ਰਕਾਸ਼ਿਤ ਕੀਤੇ ਜਿਨ੍ਹਾਂ ਨੇ ਉਸਨੂੰ ਸਾਹਿਤਕ ਪ੍ਰਸ਼ੰਸਾ ਪ੍ਰਾਪਤ ਕੀਤੀ।
ਮੁੱਢਲੀ ਜ਼ਿੰਦਗੀ
ਨਾਨਕ ਸਿੰਘ ਦਾ ਜਨਮ 4 ਜੁਲਾਈ 1897 ਨੂੰ ਪਿੰਡ ਚੱਕ ਹਮੀਦ, ਜ਼ਿਲਾ ਜਿਹਲਮ (ਹੁਣ ਪਾਕਿਸਤਾਨ) ਵਿੱਚ ਸ੍ਰੀ ਬਹਾਦਰ ਚੰਦ ਸੂਰੀ ਦੇ ਘਰ ਮਾਤਾ ਲੱਛਮੀ ਦੀ ਕੁੱਖੋਂ, ਬਤੌਰ ਹੰਸ ਰਾਜ, ਹੋਇਆ। ਉਹ ਪਿਸ਼ਾਵਰ ਦੇ ਗੁਰਦੁਆਰੇ ਦੇ ਗ੍ਰੰਥੀ ਬਾਗ ਸਿੰਘ ਦੀ ਪ੍ਰੇਰਨਾ ਨਾਲ਼ ਹੰਸ ਰਾਜ ਤੋਂ ਨਾਨਕ ਸਿੰਘ ਬਣ ਗਿਆ। ਪੰਜਵੀਂ ਜਮਾਤ ਪਿੰਡ ਦੇ ਹੀ ਸਕੂਲ ਤੋਂ ਪਾਸ ਕੀਤੀ। ਛੇਵੀਂ ਜਮਾਤ ਵਿੱਚ ਪੜ੍ਹਦੇ ਸਮੇਂ ਉਸ ਦੇ ਪਿਤਾ ਜੀ ਦੀ ਮੌਤ ਹੋ ਗਈ ਅਤੇ ਉਹ ਪੜ੍ਹਾਈ ਅਧੂਰੀ ਛੱਡ ਕੇ ਰੋਟੀ-ਰੋਜ਼ੀ ਕਮਾਉਣ ਲੱਗ ਪਿਆ। ਉਸ ਨੇ ਹਲਵਾਈ ਦੀ ਦੁਕਾਨ 'ਤੇ ਭਾਂਡੇ ਮਾਂਜੇ ਅਤੇ ਮੇਲਿਆਂ ਵਿੱਚ ਕੁਲਫ਼ੀਆਂ ਵੀ ਵੇਚੀਆਂ।
ਨਾਨਕ ਸਿੰਘ ਨੇ 13 ਸਾਲ ਦੀ ਛੋਟੀ ਉਮਰ ਵਿੱਚ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। 13 ਅਪ੍ਰੈਲ 1919 ਦੀ ਵਿਸਾਖੀ ਦੇ ਦਿਨ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਦੀ ਘਟਨਾ ਨੂੰ ਉਸ ਨੇ ਅੱਖੀਂ ਵੇਖਿਆ, ਜਿਸ ਦਾ ਉਸ ਦੇ ਮਨ ਤੇ ਡੂੰਘਾ ਅਸਰ ਹੋਇਆ ਕਿਉਂਕਿ ਉਸ ਦੇ ਦੋ ਦੋਸਤ ਵੀ ਇਸ ਹੱਤਿਆ-ਕਾਂਡ ਵਿੱਚ ਮਾਰੇ ਗਏ ਸਨ। ਉਸ ਨੇ ਬ੍ਰਿਟਿਸ਼ ਹਕੂਮਤ ਦੇ ਅੱਤਿਆਚਾਰ ਨੂੰ ਨੰਗਾ ਕਰਦੀ ਇੱਕ ਲੰਮੀ ਕਵਿਤਾ ਖ਼ੂਨੀ ਵਿਸਾਖੀ ਲਿਖੀ। ਹਕੂਮਤ ਨੇ ਇਸ ਤੇ ਪਾਬੰਦੀ ਲਾ ਦਿੱਤੀ ਅਤੇ ਜ਼ਬਤ ਕਰ ਲਈ।
1921 ਵਿੱਚ ਨਾਨਕ ਸਿੰਘ ਦਾ ਵਿਆਹ ਰਾਜ ਕੌਰ ਨਾਲ ਹੋਇਆ।
ਕੰਮ
1911 ਵਿੱਚ ਨਾਨਕ ਸਿੰਘ ਦਾ ਪਹਿਲਾ ਕਾਵਿ ਸੰਗ੍ਰਹਿ, ਸੀਹਰਫ਼ੀ ਹੰਸ ਰਾਜ, ਛਪਿਆ। ਕੁਝ ਧਾਰਮਿਕ ਗੀਤ ਵੀ ਲਿਖੇ ਜਿਹੜੇ ਸਤਿਗੁਰ ਮਹਿਮਾ ਨਾਂਅ ਹੇਠ ਛਪੇ। 1922 ਵਿੱਚ ਇਹ ਗੁਰੂ ਕਾ ਬਾਗ ਮੋਰਚੇ ਸਮੇਂ ਜੇਲ੍ਹ ਗਏ। ਇਸ ਸਮੇਂ ਉਸ ਨੇ ਆਪਣੀ ਦੂਸਰੀ ਕਾਵਿ ਪੁਸਤਕ ਜ਼ਖਮੀ ਦਿਲ ਲਿਖੀ ਜੋ 1923 ਵਿੱਚ ਛਪੀ ਤੇ ਜਿਸ ਤੇ ਮਹਿਜ ਦੋ ਹਫ਼ਤਿਆਂ ਬਾਅਦ ਪਾਬੰਦੀ ਲਾ ਦਿੱਤੀ ਗਈ। ਜੇਲ੍ਹ ਵਿੱਚ ਹੀ ਉਸ ਨੇ ਮੁਨਸ਼ੀ ਪ੍ਰੇਮ ਚੰਦ ਦੇ ਨਾਵਲ ਪੜ੍ਹੇ, ਜਿਹਨਾਂ ਤੋਂ ਪ੍ਰਭਾਵਿਤ ਹੋ ਕੇ ਉਸ ਜੇਲ੍ਹ ਵਿੱਚ ਹੀ ਆਪਣਾ ਪਹਿਲਾ ਨਾਵਲ ਅੱਧ ਖਿੜੀ ਕਲੀ ਲਿਖਿਆ, ਜੋ ਬਾਅਦ ਵਿੱਚ ਅੱਧ ਖਿੜਿਆ ਫੁੱਲ ਨਾਂਅ ਹੇਠ ਛਪਿਆ।[3] ਅਠੱਤੀ ਨਾਵਲਾਂ ਤੋਂ ਬਿਨਾਂ ਚਾਰ ਕਾਵਿ ਸੰਗ੍ਰਹਿ, ਕਈ ਕਹਾਣੀ ਸੰਗ੍ਰਹਿ, ਸ੍ਵੈ-ਜੀਵਨੀ ਯਾਦਾਂ, ਤਰਜਮੇ, ਲੇਖ ਅਤੇ ਨਾਟਕ ਵੀ ਲਿਖੇ।
ਨਾਨਕ ਸਿੰਘ ਨੇ ਨਾਵਲਾਂ ਵਿੱਚ ਸਮਾਜਿਕ ਬੁਰਾਈਆਂ, ਆਰਥਿਕ ਅਸਮਾਨਤਾ, ਸਮਾਜ ਵਿਚਲੇ ਭ੍ਰਿਸ਼ਟਾਚਾਰ, ਪਾਖੰਡ, ਬਦਚਲਣੀ, ਵੱਢੀਖੋਰੀ ਅਤੇ ਫਿਰਕੂ-ਜਨੂੰਨ ਆਦਿ ਨੂੰ ਨੰਗਾ ਕੀਤਾ ਹੈ। ਆਪਣੀਆਂ ਕਹਾਣੀਆਂ ਉਸ ਸਮਾਜਿਕ ਜੀਵਨ ਵਿਚੋਂ ਲਈਆਂ।
ਰਚਨਾਵਾਂ
- ਕਾਵਿ ਰਚਨਾਵਾਂ
- ਸੀਹਰਫ਼ੀ ਹੰਸ ਰਾਜ
- ਸਤਿਗੁਰ ਮਹਿਮਾ
- ਜ਼ਖਮੀ ਦਿਲ
- ਕਹਾਣੀ ਸੰਗ੍ਰਹਿ
- ਹੰਝੂਆਂ ਦੇ ਹਾਰ (1934)
- ਸੱਧਰਾਂ ਦੇ ਹਾਰ (1936)
- ਮਿੱਧੇ ਹੋਏ ਫੁੱਲ (ਕਹਾਣੀ ਸੰਗ੍ਰਹਿ) (1938)
- ਠੰਡੀਆਂ ਛਾਵਾਂ (1940)
- ਸੁਪਨਿਆ ਦੀ ਕਬਰ (1950)
- ਸੁਨਹਿਰੀ ਜਿਲਦ
- ਵੱਡਾ ਡਾਕਟਰ ਤੇ ਹੋਰ ਕਹਾਣੀਆਂ
- ਤਾਸ ਦੀ ਆਦਤ
- ਤਸਵੀਰ ਦੇ ਦੋਵੇਂ ਪਾਸੇ
- ਭੂਆ
- ਸਵਰਗ ਤੇ ਉਸ ਦੇ ਵਾਰਸ
- ਪਰਭਾਤ ਦਾ ਸੁਪਨਾ
- ਨਾਵਲ
- ਮਿੱਧੇ ਹੋਏ ਫੁੱਲ
- ਆਸਤਕ ਨਾਸਤਕ
- ਆਦਮ ਖੋਰ
- ਅੱਧ ਖਿੜਿਆ ਫੁੱਲ
- ਅੱਗ ਦੀ ਖੇਡ
- ਅਣਸੀਤੇ ਜ਼ਖ਼ਮ
- ਬੀ.ਏ.ਪਾਸ
- ਬੰਜਰ
- ਚੜ੍ਹਦੀ ਕਲਾ
- ਛਲਾਵਾ
- ਚਿੱਤਰਕਾਰ
- ਚਿੱਟਾ ਲਹੂ
- ਚੌੜ ਚਾਨਣ
- ਧੁੰਦਲੇ ਪਰਛਾਵੇਂ
- ਦੂਰ ਕਿਨਾਰਾ
- ਫੌਲਾਦੀ ਫੁੱਲ
- ਫਰਾਂਸ ਦਾ ਡਾਕੂ (ਤਰਜਮਾ)
- ਗਗਨ ਦਮਾਮਾ ਬਾਜਿਓ
- ਗੰਗਾ ਜਲੀ ਵਿੱਚ ਸ਼ਰਾਬ
- ਗਰੀਬ ਦੀ ਦੁਨੀਆਂ
- ਇਕ ਮਿਆਨ ਦੋ ਤਲਵਾਰਾਂ
- ਜੀਵਨ ਸੰਗਰਾਮ
- ਕਾਗਤਾਂ ਦੀ ਬੇੜੀ
- ਕਾਲ ਚੱਕਰ
- ਕਟੀ ਹੋਈ ਪਤੰਗ
- ਕੱਲੋ
- ਖ਼ੂਨ ਦੇ ਸੋਹਲੇ
- ਕੋਈ ਹਰਿਆ ਬੂਟ ਰਹਿਓ ਰੀ
- ਲੰਮਾ ਪੈਂਡਾ
- ਲਵ ਮੈਰਿਜ
- ਮੰਝਧਾਰ
- ਮਤਰੇਈ ਮਾਂ
- ਮਿੱਠਾ ਮਹੁਰਾ
- ਨਾਸੂਰ
- ਪਾਪ ਦੀ ਖੱਟੀ
- ਪ੍ਰਾਸ਼ਚਿਤ
- ਪੱਥਰ ਦੇ ਖੰਭ
- ਪੱਥਰ ਕਾਂਬਾ (ਤਰਜਮਾ)
- ਪਤਝੜ ਦੇ ਪੰਛੀ (ਤਰਜਮਾ)
- ਪਵਿੱਤਰ ਪਾਪੀ (ਨਾਵਲ)
- ਪਿਆਰ ਦਾ ਦੇਵਤਾ
- ਪਿਆਰ ਦੀ ਦੁਨੀਆਂ
- ਪ੍ਰੇਮ ਸੰਗੀਤ
- ਪੁਜਾਰੀ
- ਰੱਬ ਆਪਣੇ ਅਸਲੀ ਰੂਪ ਵਿੱਚ
- ਰਜਨੀ
- ਸਾੜ੍ਹਸਤੀ
- ਸੰਗਮ
- ਸਰਾਪੀਆਂ ਰੂਹਾਂ
- ਸੂਲਾਂ ਦੀ ਸੇਜ (ਤਰਜਮਾ)
- ਸੁਮਨ ਕਾਂਤਾ
- ਸੁਪਨਿਆਂ ਦੀ ਕਬਰ
- ਟੁੱਟੇ ਖੰਭ
- ਟੁੱਟੀ ਵੀਣਾ
- ਵਰ ਨਹੀਂ ਸਰਾਪ
- ਵਿਸ਼ਵਾਸਘਾਤ
- ਹੋਰ
- ਮੇਰੀ ਦੁਨੀਆ (ਆਤਮਕਥਾ)
- ਮੇਰੀਆਂ ਸਦੀਵੀ ਯਾਦਾਂ
ਸਨਮਾਨ
ਇਤਿਹਾਸਕ ਨਾਵਲ ਇਕ ਮਿਆਨ ਦੋ ਤਲਵਾਰਾਂ ਨੂੰ 1961 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ।
1968 ਵਿੱਚ ਪਵਿੱਤਰ ਪਾਪੀ ਦੇ ਅਧਾਰਿਤ ਇੱਕ ਹਿੰਦੀ ਫ਼ਿਲਮ ਵੀ ਬਣ ਚੁੱਕੀ ਹੈ।