ਦਿੰਹੁ ਹੋਵੇ ਦੋਪਹਿਰ ਤਾਂ ਆਵੇ ਰਾਂਝਾ ਅਤੇ ਓਧਰੋਂ ਹੀਰ ਭੀ ਆਂਵਦੀ ਹੈ
ਇਹ ਮਹੀਂ ਲਿਆ ਬਹਾਂਵਦਾ ਏ ਓਹ ਨਾਲ ਸਹੇਲੀਆਂ ਲਿਆਂਵਦੀ ਹੈ
ਉਹ ਵੰਝਲੀ ਨਾਲ ਸਰੋਦ ਕਰਦਾ ਇਹ ਨਾਲ ਸਹੇਲੀਆਂ ਗਾਵਦੀ ਹੈ
ਕਾਈ ਜ਼ੁਲਫ ਨਚੋੜਦੀ ਰਾਂਝਣੇ ਤੇ ਕਾਈ ਆਨ ਗਲੇ ਲਾਂਵਦੀ ਹੈ
ਕਾਈ ਚੰਬੜੇ ਲਕ ਨੂੰ ਮੁਸ਼ਕ ਬੋਰੀ ਕਾਈ ਮੁਖ ਨੂੰ ਮੁਖ ਛੋਹਾਂਵਦੀ ਹੈ
ਕਾਹੀ ‘ਮੀਰੀ ਆਂ’ ਆਖ ਕੇ ਭੱਜ ਜਾਂਦੀ ਮਗਰ ਪਵੇ ਤਾਂ ਟੁੱਬੀਆਂ ਲਾਂਵਦੀ ਹੈ
ਕਾਈ ਆਖਦੀ ਮਾਹੀਆ ਮਾਹੀਆ ਵੇ ਤੇਰੀ ਮੱਝ ਕੱਟੀ ਕੱਟਾ ਜਾਂਵਦੀ ਹੈ
ਕਾਈ ਮਾਮੜੇ ਦਿਆਂ ਖ਼ਰਬੂਜ਼ਿਆਂ ਨੂੰ ਕੌੜੇ ਬਕਬਕੇ ਚਾ ਬਣਾਂਵਦੀ ਹੈ
ਕਾਈ ਆਖਦੀ ‘ਏਡੀ ਹੈ’ ਰਾਂਝਿਆ ਵੇ ਮਾਰ ਬਾਹਲੀ ਪਾਰ ਨੂੰ ਧਾਂਵਦੀ ਹੈ
ਕੁੱਤੇ ਤਾਰੀਆਂ ਤਰਨ ਚਵਾ ਕਰਕੇ ਇੱਕ ਛਾਲ ਘੁੜਮ ਦੀ ਲਾਂਵਦੀ ਹੈ
ਮੁਰਦੇ ਤਾਰੀਆਂ ਤਰਲ ਚੌਫਾਲ ਪੈ ਕੇ ਕੋਈ ਨਵਲ ਨਸਲ ਰੁੜ੍ਹੀ ਆਂਵਦੀ ਹੈ
ਇੱਕ ਸ਼ਰਤ ਬੱਧੀ ਟੁਭੀ ਮਾਰ ਜਾਏ ਤੇ ਪਤਾਲ ਦੀ ਮਿਟੜੀ ਲਿਆਂਵਦੀ ਹੈ
ਇੱਕ ਪੈਨ ਤੇ ਕਾਜ਼ ਚਤਰਾਂਗ ਹੋਕੇ ਸੁਰਖਾਬ ਤੇ ਕੂੰਜ ਬਣ ਆਂਵਦੀ ਹੈ
ਇੱਕ ਢੀਂਗ ਮੁਰਗਾਈ ਤੇ ਬਣੇ ਬਗਲਾ ਇੱਕ ਕਲਕਲਾ ਹੋ ਦਖਾਂਵਦੀ ਹੈ
ਇੱਕ ਵਾਂਗ ਕਕੋਹਿਆਂ ਸੰਘ ਟੱਡੇ ਇੱਕ ਊਤ ਦੇ ਵਾਂਗ ਬਲਾਉਂਦੀ ਹੈ
ਔਗਤ ਬੋਲਦੀ ਇੱਕ ਟਟੀਹਰੀ ਹੋਇੱਕ ਸੰਗ ਜਲਕਾਵਨੀ ਆਂਵਦੀ ਹੈ
ਇੱਕ ਲਧਰ ਹੋਇਕੇ ਕੁੜ ਕੁੜਾਵੇ ਇੱਕ ਹੋ ਸੰਸਾਰ ਸ਼ੂਕਾਂਵਦੀ ਹੈ
ਇੱਕ ਦੇ ਪਸਲੇਟੀਆਂ ਹੋ ਬੁਲ੍ਹਨ ਮਸ਼ਕ ਵਾਂਗਰੋ ਓਹ ਫੂਕਾਂਵਦੀ ਹੈ
ਹੀਰ ਤਰੇ ਚੌਤਰਫ ਹੀ ਰਾਂਝਣੇ ਦੇ ਮੋਰੀ ਮਛਲੀ ਬਨ ਬਨ ਆਂਵਦੀ ਹ
ਆਪ ਬਨੇ ਮਛਲੀ ਨਾਲ ਚਾਵੜਾਂ ਦੇ ਮੀਏਂ ਰਾਂਝੇ ਨੂੰ ਕੁਰਲ ਬਣਾਂਵਦੀ ਹੈ
ਏਸ ਤਖ਼ਤ ਹਜ਼ਾਰੇ ਦੇ ਡੰਬੜੇ ਨੂੰ ਰੰਗ ਰੰਗ ਦੀਆਂ ਜਾਲੀਆਂ ਪਾਂਵਦੀ ਹੈ
ਵਾਰਸ ਸ਼ਾਹ ਜੱਟੀ ਨਾਜ਼ ਨਿਆਜ਼ ਕਰਕੇ ਨਿਤ ਯਾਰ ਦਾ ਜਿਊ ਪਰਚਾਂਵਦੀ ਹੈ