ਫਲੇ ਕੋਲ ਜਿੱਥੇ ਮੰਗੂ ਬੈਠਦਾ ਸੀ ਓਥੇ ਕੋਲ ਹੈਸੀ ਘਰ ਨਾਈਆਂ ਦਾ
ਮਿੱਠੀ ਨੈਣ ਘਰਾਂ ਸੰਦੀ ਖਸਮਣੀ ਸੀ ਨਾਈ ਕੰਮ ਕਰਦੇ ਫਿਰਨ ਸਾਈਆਂ ਦਾ
ਘਰ ਨਾਈਆਂ ਦੇ ਹੁਕਮ ਰਾਂਝਣੇ ਦਾ ਜਿਵੇਂ ਸਾਹੁਰੇ ਘਰੀਂ ਜਵਾਈਆਂ ਦਾ
ਚਾਨ ਭਾਨ ਮੱਠੀ ਫਿਰਨ ਵਾਲਿਆਂ ਦੀ ਬਾਰਾ ਖੁਲਦਾ ਲੇਫ ਤਲਾਈਆਂ ਦਾ
ਮਿੱਝੀ ਸੇਜ ਵਛਾਏ ਕੇ ਫੁਲ ਪੂਰੇ ਉੱਤੇ ਆਂਵਦਾ ਕਦਮ ਖ਼ੁਦਾਈਆ ਦਾ
ਦੋਵੇਂ ਹੀਰ ਰਾਂਝਾ ਰਾਤੀਂ ਕਰਨ ਮੌਜਾਂ ਖੜੀਆਂ ਖਾਣ ਮੱਝੀਂ ਸਿਰ ਸਾਈਆਂ ਦਾ
ਘੜੀ ਰਾਤ ਰਹਿੰਦੇ ਘਰੀਂ ਹੀਰ ਜਾਏ ਰਾਂਝਾ ਭਾਤ ਪੁਛਦਾ ਫਿਰ ਧਾਈਆਂ ਦਾ
ਆਪੇ ਆਪਣੀ ਕਾਰ ਵਿੱਚ ਜਾ ਰੁੱਝਨ ਬੂਹਾ ਫੇਰ ਨਾ ਦੇਖਦੇ ਨਾਈਆਂ ਦਾ