ਪੰਜਾਂ ਪੀਰਾਂ ਨੂੰ ਰਾਂਝਣੇ ਯਾਦ ਕੀਤਾ ਜਦੋਂ ਹੀਰ ਸਨੇਹੜਾ ਘੱਲਿਆ ਈ
ਮਾਂ ਬਾਪ ਕਾਜ਼ੀ ਸਭ ਗਿਰਦ ਹੋਏ ਗਿਲਾ ਸਭਨਾ ਦਾ ਅਸਾਂ ਝੱਲਿਆ ਈ
ਆਏ ਪੀਰ ਪੰਜੇ ਅੱਗੇ ਹਥ ਜੋੜੇ ਨੀਰ ਰੋਂਦਿਆਂ ਮੂਲ ਨਾਲ ਠੱਲਿਆ ਈ
ਬੱਚਾ ਕੌਣ ਮੁਸੀਬਤਾਂ ਪੇਸ਼ ਆਈਆਂ ਵਿੱਚੋਂ ਜਿਉ ਸਾਡਾ ਥੱਰਲਆ ਈ
ਮੇਰੀ ਹੀਰ ਨੂੰ ਵੀਰ ਹੈਰਾਨ ਕੀਤਾ ਕਾਜ਼ੀ ਮਾਉ ਤੇ ਬਾਪ ਪੱਥਲਿਆ ਈ
ਮਦਦ ਕਰੋ ਖੁਦਾਇ ਦੇ ਵਾਸਤੇ ਦੀ ਮੇਰਾ ਇਸ਼ਕ ਖਰਾਬ ਹੋ ਚੱਲਿਆ ਈ
ਬਹੁਤ ਪਿਆਰ ਦਿਲਾਸੜੇ ਨਾਲ ਪੀਰਾਂ ਮੀਏਂ ਰਾਂਝੇ ਦਾ ਜਿਉ ਤਸੱਲਿਆ ਈ
ਤੇਰੀ ਈਰ ਦੀ ਮੱਦਤੇ ਮੀਆਂ ਰਾਂਝਾ ਮਖਦੂਮ ਜਹਾਨੀਆਂ ਘੱਲਿਆ ਈ
ਦੋ ਸੱਦ ਸੁਣਾ ਖਾਂ ਵੰਝਲੀ ਦੇ ਸਾਡਾ ਗਾਵਨੇ ਤੇ ਜਿਉ ਚੱਲਿਆ ਈ
ਵਾਰਸ ਸ਼ਾਹ ਅੱਗੇ ਜੱਟ ਗਾਂਵਦਾਈ ਵੇਖੋ ਰਾਗ ਸੁਣ ਕੇ ਜਿਉ ਹੱਲਿਆ ਈ