ਰਾਂਝਾ ਸੁਟ ਖੂੰਡੀ ਉਤੋਂ ਲਾਹ ਭੂਰਾ ਛੱਡ ਚਲਿਆ ਸਭ ਮੰਗਵਾੜ ਮੀਆਂ
ਜੇਹਾ ਚੋਰ ਨੂੰ ਬੜੇ ਦਾ ਖੜਕ ਪਹੁੰਚੇ ਛੱਡ ਟੁਰੋ ਹੈ ਸੰਨ੍ਹ ਦਾ ਪਾੜ ਮੀਆਂ
ਦਿਲ ਚਾਇਆ ਦੇਸ ਤੇ ਮੁਲਕ ਉਤੋਂ ਉਸ ਦੇ ਭਾ ਦਾ ਬੋਲਿਆ ਹਾੜ ਮੀਆਂ
ਤੇਰੀਆਂ ਖੋਲੀਆਂ ਕਟਕ ਤੇ ਮਿਲਣ ਸਭੇ ਖੜ੍ਹੇ ਕੱਟੀਆਂ ਨੂੰ ਕਾਈ ਧਾੜ ਮੀਆਂ
ਮੈਨੂੰ ਮੱਝੀਂ ਦੀ ਕੁੱਝ ਪਰਵਾਹ ਨਾਹੀਂ ਨੱਢੀ ਪਈ ਸੀ ਇੱਤ ਰਹਾੜ ਮੀਆਂ
ਤੋਰੀ ਧੀਉ ਨੂੰ ਅਸੀਂ ਕੀ ਜਾਣਨੇ ਹਾਂ ਤੈਨੂੰ ਆਉਂਦੀ ਨਜ਼ਰ ਪਹਾੜ ਮੀਆਂ
ਤੇਰੀਆਂ ਮੱਝਾਂ ਦੇ ਕਾਰਨੇ ਰਾਧ ਅੱਤੀ ਫਿਰਾਂ ਭੰਨਦਾ ਕਹਿਰ ਦੇ ਝਾੜ ਮੀਆਂ
ਮੰਗੂ ਮਗਰ ਮੇਰੇ ਸਭੋ ਆਵੰਦਾ ਈ ਮੱਝੀਂ ਆਪਣੀਆਂ ਮਹਿਰ ਜਾ ਤਾੜ ਮੀਆਂ
ਘੁਟ ਬਹੇਂ ਚਰਾਈ ਤੂੰ ਮਾਹੀਆਂ ਦੀ ਸਹੀ ਕੀਤਾਈ ਕੋਈ ਕਰਾੜ ਮੀਆਂ
ਮਹੀਂ ਚਾਰਦੇ ਨੂੰ ਗਏ ਬਰਸ ਬਾਰਾਂ ਅੱਜ ਉਠਿਆ ਅੰਦਰੋਂ ਸਾੜ ਮੀਆਂ
ਵਹੀ ਖਤਰੀ ਦੀ ਰਹੀ ਖਤੜੇ ਬੇ ਲੇਖਾ ਗਿਆਈ ਹੋ ਪਹਾੜ ਮੀਆਂ
ਤੇਰੀ ਧਿਉ ਰਹੀ ਤੇਰੇ ਘਰੇ ਬੈਠੀ ਝਾੜਾ ਮੁਫਤ ਦਾ ਲਿਆ ਈ ਝਾੜ ਮੀਆਂ
ਹਟ ਭਰੇ ਬਹੁਗੁਣੇ ਨੂੰ ਸਾਂਭ ਲਿਉ ਕੱਢ ਛੱਡਿਉ ਨੰਗ ਕਰਾੜ ਮੀਆਂ
ਵਾਰਸ ਸ਼ਾਹ ਅੱਗੋਂ ਪੂਰੀ ਨਾ ਪਈ ਆ ਪਿੱਛੋਂ ਆਇਐ ਸੈਂ ਪੜਤਣੇ ਪਾੜ ਮੀਆਂ