ਹੋਠ ਸੁਰਖ਼ ਯਾਕੂਤ ਜਿਉਂ ਲਾਲ ਚਮਕਣ ਥੋਡੀ ਸੇਬ ਵਲਾਇਤੀ ਸਾਰ ਵਿੱਚੋਂ
ਨਕ ਅਲਫ ਹੁਸੈਲੀ ਦਾ ਪਿਪਲਾ ਸੀ ਜ਼ੁਲਫ ਨਾਗ ਖ਼ਜ਼ਾਨੇ ਦੀ ਬਾਰ ਵਿੱਚੋਂ
ਦੰਦ ਚੰਬੇ ਦੀ ਲੜੀ ਕਿ ਹੰਸ ਮੋਤੀ ਦਾਣੇ ਨਿਕਲੇ ਹੁਸਨ ਅਨਾਰ ਵਿੱਚੋਂ
ਲਖ਼ੀ ਚੀਨ ਕਸ਼ਮੀਰ ਤਸਵੀਰ ਜੱਟੀ ਕਦ ਸਰੂ ਬਹਿਸ਼ਤ ਗੁਲਜ਼ਾਰ ਵਿੱਚੋਂ
ਗਰਦਣ ਕੂੰਜ ਦੀ ਉਂਗਲਾਂ ਰੁਟਾਹ ਵਲੀਆਂ ਹਥ ਕੂਲਙੇ ਬਰਗ ਚਨਾਰ ਵਿੱਚੋਂ
ਬਾਹਾਂ ਵੇਲਣੇ ਵੇਲੀਆਂ ਗੁਨ੍ਹ ਮੱਖਣ ਛਾਤੀ ਸੰਗ ਮਰ ਮਰ ਗੰਗ ਧਾਰ ਵਿੱਚੋਂ
ਛਾਤੀ ਠਾਠ ਦੀ ਉਰ ਪਟ ਖਿਹਜ਼ ਸਿਊ ਬਲਖ ਦੇ ਚੁਣੇ ਅੰਬਾਰ ਵਿੱਚੋਂ
ਧੁੰਨੀ ਬਹਸ਼ਿਤ ਦੇ ਹੌਜ਼ ਦਾ ਮੁਸ਼ਕ ਕੁੱਬਾ ਪੇਟੂ ਮਖਮਲੀ ਖਾਸ ਸਰਕਾਰ ਵਿੱਚੋਂ
ਕਾਫੂਰ ਸ਼ਨਾਹ ਸਰੀਨ ਬਾਂਕੇ ਸਾਕ ਹੁਸਨ ਵਸਤੂਨ ਪਹਾੜ ਵਿੱਚੋਂ
ਸੁਰਖ਼ੀ ਹੋਠਾਂ ਦੀ ਲੋੜ੍ਹ ਦੰਦਾਸੜੇ ਦਾ ਖੋਜੇ ਖ਼ਤਰੀ ਕਤਲ ਬਾਜ਼ਾਰ ਵਿੱਚੋਂ
ਸ਼ਾਹ ਪਰੀ ਦੀ ਭੈਣ ਪੰਚ ਫੂਲ ਰਾਣੀ ਗੁਝੀ ਰਹੇ ਨਾ ਹੀਰ ਹਜ਼ਾਰ ਵਿੱਚੋਂ
ਸੱਈਆਂ ਨਾਲ ਲਟਕਦੀ ਮਾਨ ਮੱਤੀ ਜਿਵੇਂ ਹਰਨੀਆਂ ਤੁੱਠੀਆਂ ਬਾਰ ਵਿੱਚੋਂ
ਅਪਰਾਧ ਤੇ ਅਵਧ ਦਲਤ ਸਿਰੀ ਚਮਕ ਨਿਕਲੇ ਮਿਆਨ ਦੀ ਧਾਰ ਵਿੱਚੋਂ
ਫਿਰੇ ਚਿਣਕਦੀ ਚਾਉ ਦੇ ਨਾਲ ਜੱਟੀ ਚੜ੍ਹਿਆ ਜ਼ਜ਼ਬ ਦਾ ਕਟਕ ਕੰਧਾਰ ਵਿੱਚੋਂ
ਲੰਕ ਬਾਗ ਦੀ ਪਰੀ ਕਿ ਇੰਦਰਾਨੀ ਹੂਰ ਨਿਕਲੀ ਚੰਦ ਦੀ ਧਾਰ ਵਿੱਚੋਂ
ਪੁਤਲੀ ਪੀਕਣੇ ਦੀ ਨਕਸ਼ ਰੋਮ ਵਾਲੇ ਲੱਧਾ ਪੁਰੇ ਨੇ ਚੰਦ ਉਜਾੜ ਵਿੱਚੋਂ
ਏਵੇਂ ਸਰਕਦੀ ਆਂਵਦੀ ਲੋੜ੍ਹ ਲੁੱਟੀ ਜਿਵੇਂ ਕੂੰਜ ਤਰੰਗਲੀ ਡਾਰ ਵਿੱਚੋਂ
ਮੱਥੇ ਆਣ ਲੱਗਣ ਜਿਹੜੇ ਭੌਰ ਆਸ਼ਕ ਨਿੱਕਲ ਜਾਣ ਤਲਵਾਰ ਦੀ ਧਾਰ ਵਿੱਚੋਂ
ਇਸ਼ਕ ਬੋਲਦਾ ਨੱਢੀ ਦੇ ਥਾਂਉਂ ਥਾਂਈਂ ਰਾਗ ਨਿਕਲੇ ਜ਼ੀਲ ਦੀ ਤਾਰ ਵਿੱਚੋਂ
ਕਜ਼ਲਬਾਸ਼ ਅਸਵਾਰ ਜੱਲਾਦ ਖ਼ੂਨੀ ਨਿੱਕਲ ਦੌੜਿਆ ਉਰਦ ਬਾਜ਼ਾਰ ਵਿੱਚੋਂ
ਵਾਰਸ ਸ਼ਾਹ ਜਾਂ ਨੈਣਾਂ ਦਾ ਦਾਉ ਲੱਗੇ ਕੋਈ ਬਚੇ ਨਾ ਜੂਏ ਦੀ ਹਾਰ ਵਿੱਚੋਂ
http://www.youtube.com/watch?v=gpoJLJEB8WM