ਸਾਨੂੰ ਪ੍ਰਭ ਜੀ,ਇਕ ਅੱਧ ਗੀਤ ਉਧਾਰਾ ਹੋਰ ਦਿਉ
ਸਾਡੀ ਬੁੱਝਦੀ ਜਾਂਦੀ ਅੱਗ
ਅੰਗਾਰਾ ਹੋਰ ਦਿਉ
ਮੈਂ ਨਿੱਕੀ ਉਮਰੇ,ਸਾਰਾ ਦਰਦ ਹੰਢਾ ਬੈਠਾ
ਸਾਡੀ ਜੋਬਨ-ਰੁੱਤ ਲਈ
ਦਰਦ ਕੁਆਰਾ ਹੋਰ ਦਿਉ
ਗੀਤ ਦਿਉ ਮੇਰੇ ਜੋਬਨ ਵਰਗਾ
ਸੌਲਾ ਟੁਣੇ-ਹਾਰਾ
ਦਿਨ ਚੜਦੇ ਦੀ ਲਾਲੀ ਦਾ ਜਿਉਂ
ਭਰ ਸਰਵਰ ਲਿਸ਼ਕਾਰਾ
ਰੁੱਖ-ਵਿਹੂਣੇ ਥਲ ਵਿਚ ਜੀਕਣ
ਪਹਿਲਾ ਸੰਝ ਦਾ ਤਾਰਾ
ਸੰਝ ਹੋਈ ਸਾਡੇ ਵੀ ਥਲ ਥੀਂ
ਇਕ ਅੱਧ ਤਾਰਾ ਹੋਰ ਦਿਉ
ਜਾਂ ਸਾਨੂੰ ਵੀ ਲਾਲੀ ਵਾਕਣ
ਭਰ ਸਰਵਰ ਵਿਚ ਖੋਰ ਦਿਉ
ਪ੍ਰਭ ਜੀ ਦਿਹੁੰ, ਬਿਨ ਮੀਤ ਤਾਂ ਬੀਤੇ
ਗੀਤ ਬਿਨਾਂ ਨਾ ਬੀਤੇ
ਅਉਧ ਹੰਢਾਣੀ ਹਰ ਕੋਈ ਜਾਣੇ
ਦਰਦ ਨਸੀਬੇ ਸੀਤੇ
ਹਰ ਪੱਤਨ ਦੇ ਪਾਣੀ ਪ੍ਰਭ ਜੀ
ਕਿਹੜੇ ਮਿਰਗਾਂ ਪੀਤੇ
ਸਾਡੇ ਵੀ ਪੱਤਨਾਂ ਦੇ ਪਾਣੀ
ਅਣਪੀਤੇ ਹੀ ਰੋੜ ਦਿਉ
ਜਾਂ ਜੋ ਗੀਤ ਲਿਖਾਏ ਸਾਥੋਂ
ਉਹ ਵੀ ਪ੍ਰਭ ਜੀ ਮੋੜ ਦਿਉ
ਪ੍ਰਭ ਜੀ ਰੂਪ ਨਾ ਕਦੇ ਸਲਾਹੀਏ
ਜਿਹੜਾ ਅੱਗ ਤੋਂ ਊਣਾ
ਓਸ ਅੱਖ ਦੀ ਸਿਫਤ ਨਾ ਕਰੀਏ
ਜਿਸ ਦਾ ਹੰਝ ਅਲੂਣਾ
ਦਰਦ-ਵਿਛੁੰਨਾ ਗੀਤ ਨਾ ਕਹੀਏ
ਬੋਲ ਨਾ ਮਹਿਕ ਵਿਹੂਣਾ
ਬੋਲ ਜੇ ਸਾਡੇ ਮਹਿਕ-ਵਿਹੂਣਾ
ਤਾਂ ਡਾਲੀ ਤੋਂ ਤੋੜ ਦਿਉ
ਜਾਂ ਸਾਨੂੰ ਸਾਡੇ ਜੋਬਨ ਵਰਗਾ
ਗੀਤ ਉਧਾਰਾ ਹੋਰ ਦਿਉ
ਮੈਂ ਨਿੱਕੀ ਉਮਰੇ,ਸਾਰਾ ਦਰਦ ਹੰਢਾ ਬੈਠਾ
ਸਾਡੀ ਜੋਬਨ-ਰੁੱਤ ਲਈ
ਦਰਦ ਕੁਆਰਾ ਹੋਰ ਦਿਉ ll