ਕਿੱਕਰੇ ਨੀ ਕੰਡਿਆਲੀਏ,
ਕੀਹਨੇ ਤੋਡ਼ੇ ਤੇਰੇ ਟਾਹਲੇ,
ਨੀ ਹਰਿਆਂ ਨੀ ਪੱਤਾਂ ਵਾਲੇ।
ਏਨ੍ਹੀ ਏਨ੍ਹੀ ਰਾਹੀਂ ਰਾਜਾ ਲੰਘਿਆ,
ਓਹਨੇ ਤੋਡ਼ੇ ਮੇਰੇ ਟਾਹਲੇ,
ਨੀ ਹਰਿਆਂ ਨੀ ਪੱਤਾਂ ਵਾਲੇ।
ਕੀਹਨੇ ਉਸਾਰੀਆਂ ਮਹਿਲ ਤੇ ਮਾਡ਼ੀਆਂ,
ਕੀਹਨੇ ਚਮਕਾਇਆ ਬੂਹਾ ਬਾਰ,
ਨੀ ਸ਼ਰੀਹਾਂ ਦੇ ਪੱਤੇ ਹਰੇ।
ਬਾਬਲ ਉਸਾਰੀਆਂ ਮਹਿਲ ਤੇ ਮਾਡ਼ੀਆਂ,
ਅੰਮਡ਼ੀ ਨੇ ਚਮਕਾਏ ਬੂਹੇ ਬਾਰ,
ਨੀ ਸ਼ਰੀਹਾਂ ਦੇ ਪੱਤੇ ਹਰੇ।
ਕੀਹਨੇ ਉਸਾਰੀਆਂ ਉਹ ਉੱਚੀਆਂ ਬਾਰੀਆਂ,
ਕੀਹਨੇ ਲਿਖੇ ਤਿੱਤਰ ਮੋਰ,
ਨੀ ਸ਼ਰੀਹਾਂ ਦੇ ਪੱਤੇ ਹਰੇ।
ਵੀਰਨ ਉਸਾਰੀਆਂ ਉੱਚੀਆਂ ਬਾਰੀਆਂ,
ਭਾਬੇ ਨੇ ਲਿਖੇ ਤਿੱਤਰ ਮੋਰ,
ਨੀ ਸ਼ਰੀਹਾਂ ਦੇ ਪੱਤੇ ਹਰੇ।
ਕੌਣ ਸੁੱਤਾ ਚਡ਼੍ਹ ਉੱਚੀਆਂ ਬਾਰੀਆਂ,
ਕੌਣ ਝੋਲੇ ਠੰਡੀ ਹਵਾ,
ਨੀ ਸ਼ਰੀਹਾਂ ਦੇ ਪੱਤੇ ਹਰੇ।
ਉੱਚੇ ਚਡ਼੍ਹ ਸੁੱਤਾ ਸ੍ਰੀ ਰਾਮ ਕ੍ਰਿਸ਼ਨ,
ਰੁਕਮਣੀ ਝੋਲੇ ਠੰਡੀ ਹਵਾ,
ਨੀ ਸ਼ਰੀਹਾਂ ਦੇ ਪੱਤੇ ਹਰੇ।