ਮੈਂ ਦੋਸਤੀ ਦੇ ਜਸ਼ਨ ‘ਤੇ
ਇਹ ਗੀਤ ਜੋ ਅੱਜ ਪੜ੍ਹ ਰਿਹਾਂ
ਮੈਂ ਦੋਸਤਾਂ ਦੀ ਦੋਸਤੀ
ਦੀ ਨਜ਼ਰ ਇਸ ਨੂੰ ਕਰ ਰਿਹਾਂ
ਮੈਂ ਦੋਸਤਾਂ ਲਈ ਫ਼ੇਰ ਅੱਜ
ਇਕ ਵਾਰ ਸੂਲੀ ਚੜ੍ਹ ਰਿਹਾਂ।
ਮੈਂ ਏਸ ਤੋਂ ਪਹਿਲਾਂ ਕਿ ਅੱਜ ਦੇ
ਗੀਤ ਦੀ ਸੂਲੀ ਚੜ੍ਹਾਂ
ਤੇ ਇਸ ਗੁਲਾਬੀ ਮਹਿਕਦੇ
ਮੈਂ ਜਸ਼ਨ ਨੂੰ ਸੋਗੀ ਕਰਾਂ
ਮੈਂ ਸੋਚਦਾ ਕਿ ਜੁਲਫ਼ ਦਾ ਨਹੀਂ
ਜੁਲਮ ਦਾ ਨਗ਼ਮਾ ਪੜ੍ਹਾਂ
ਤੇ ਦੋਸਤਾਂ ਦੀ ਤਲੀ ‘ਤੇ
ਕੁਝ ਸੁਲਗਦੇ ਅੱਖਰ ਧਰਾਂ।
ਦੋਸਤੋ ਅੱਜ ਦੋਸਤੀ ਦੀ
ਪੋਹ-ਸੁਦੀ ਸੰਗਰਾਂਦ ‘ਤੇ
ਇਹ ਜੋ ਮੈਂ ਅੱਜ ਅੱਗ ਦੇ
ਕੁਝ ਸ਼ਬਦ ਭੇਟਾ ਕਰ ਰਿਹਾਂ
ਮੈਂ ਜੋ ਗੀਤਾਂ ਦਾ ਮਸੀਹਾ
ਫੇਰ ਸੂਲੀ ਚੜ੍ਹ ਰਿਹਾਂ
ਮੈਂ ਦੋਸਤੀ ਦਾ ਖੂਬਸੂਰਤ
ਫ਼ਰਜ ਪੂਰਾ ਕਰ ਰਿਹਾਂ
ਮੈਂ ਦੋਸਤੀ ਦੇ ਮੌਸਮਾਂ ਦਾ
ਰੰਗ ਗੂੜ੍ਹਾ ਕਰ ਰਿਹਾਂ।
ਦੋਸਤੋ ਇਸ ਅੱਗ ਦੇ
ਤੇ ਧੁੱਪ ਦੇ ਤਹਿਵਾਰ ‘ਤੇ
ਮੈਂ ਵੇਖਦਾਂ ਕਿ ਸਾਡਿਆਂ
ਲਹੂਆਂ ਦਾ ਮੋਸਮ ਸਰਦ ਹੈ
ਮੈਂ ਵੇਖਦਾਂ ਕਿ ਹੱਕ ਲਈ
ਉੱਠੀ ਹੋਈ ਆਵਾਜ਼ ਦੇ
ਸ਼ਬਦਾਂ ਦਾ ਸਿੱਕਾ ਸੀਤ ਹੈ
ਬੋਲਾਂ ਦਾ ਲੋਹਾ ਸਰਦ ਹੈ
ਮੈਂ ਵੇਖਦਾ ਕਿ ਚਮਨ ਵਿਚ
ਆਈ ਹੋਈ ਬਹਾਰ ਦੇ
ਹੋਠਾਂ ‘ਤੇ ਡੂੰਘੀ ਚੁੱਪ ਹੈ
ਅੱਖਾਂ ‘ਚ ਗੂਹੜਾ ਦਰਦ ਹੈ
ਦੋਸਤੋ ਅਜ ਦੋਸਤੀ ਦੇ
ਸੂਰਜੀ ਇਸ ਦਿਵਸ ‘ਤੇ
ਇਹ ਜਿ਼ੰਦਗੀ ਦੀ ਜਿ਼ੰਦਗੀ ਦੇ
ਵਾਰਸਾਂ ਨੂੰ ਅਰਜ਼ ਹੈ
ਕਿ ਜਿ਼ੰਦਗੀ ਇਕ ਖ਼ਾਬ ਨਹੀਂ
ਸਗੋਂ ਜਿ਼ੰਦਗੀ ਇਕ ਫ਼ਰਜ਼ ਹੈ।
ਜਿ਼ੰਦਗੀ ਦੇ ਵਾਰਸੋ
ਇਸ ਫ਼ਰਜ਼ ਨੂੰ ਪੂਰਾ ਕਰੋ
ਤੇ ਦੋਸਤੀ ਦੇ ਰੰਗ ਨੂੰ
ਕੁਝ ਹੋਰ ਵੀ ਗੂਹੜਾ ਕਰੋ
ਇਹ ਜੋ ਸਾਡੀ ਦੋਸਤੀ ਦਾ
ਸਰਦ ਮੌਸਮ ਆ ਗਿਐ
ਏਸ ਮੌਸਮ ਦੀ ਤਲੀ ‘ਤੇ
ਸੁਲਗਦੇ ਸੂਰਜ ਧਰੋ
ਤੇ ਜਿ਼ੰਦਗੀ ਦੇ ਅਮਲ, ਇਸ਼ਕ
ਸੱਚ, ਸੁਹਜ, ਗਿਆਨ ਦੀ
ਸ਼ੌਕ ਦੇ ਸਿ਼ਵਾਲਿਆਂ ‘ਚ
ਬੈਠ ਕੇ ਪੂਜਾ ਕਰੋ
ਤੇ ਜਿ਼ੰਦਗੀ ਦੇ ਕਾਤਲਾਂ ਨੂੰ
ਕੂਕ ਕੇ ਅੱਜ ਇਹ ਕਹੋ
ਕਿ ਜਿ਼ੰਦਗੀ ਦੇ ਅਰਥ
ਬਹੁ-ਹੁਸੀਨ ਨੇ ਆਉ ਪੜ੍ਹੋ
ਤੇ ਆਉਣ ਵਾਲੇ ਸੂਰਜਾਂ ਦੀ
ਧੁੱਪ ਨਾ ਜ਼ਖਮੀ ਕਰੋ।
ਦੋਸਤੋ ਅੱਜ ਸੁਰਖ ਤੋਂ
ਸੂਹੇ ਦੁਪਹਿਰੇ-ਲਹੂ ਦਾ
ਉਮਰ ਦੇ ਧੁਪਿਆਏ
ਪੱਤਣਾਂ ‘ਤੇ ਜੋ ਮੇਲਾ ਹੋ ਰਿਹੈ
ਦੋਸਤੋ ਗੁਲਨਾਰ, ਗੂੜ੍ਹ
ਤੇ ਹਿਨਾਏ-ਸ਼ੌਕ ਦਾ
ਤੇ ਹੁਸਨ ਦੀ ਮਾਸੂਮੀਅਤ ਦਾ
ਪੁਰਬ ਜੋ ਅੱਜ ਹੋ ਰਿਹੈ
ਦੋਸਤੋ ਸੂਹੀ ਮੁਹੱਬਤ
ਦੇ ਸ਼ਰਾਬੀ ਜਿ਼ਕਰ ਦਾ
ਤੇ ਅੱਜ ਸੁਨਹਿਰੇ ਦਿਲਾਂ ਦਾ
ਜੋ ਸ਼ੋਰ ਉੱਚੀ ਹੋ ਰਿਹੈ
ਮੈਂ ਸ਼ੋਰ ਵਿਚ ਵੀ ਸੁਣ ਰਿਹਾਂ
ਇਕ ਹਰਫ਼ ਬੈਠਾ ਰੋ ਰਿਹੈ
ਇਕ ਦੋਸਤੀ ਦਾ ਹਰਫ਼
ਜਿਹੜਾ ਰੋਜ਼ ਜ਼ਖ਼ਮੀ ਹੋ ਰਿਹੈ।
ਦੋਸਤੋ ਇਸ ਹਰਫ਼ ਨੂੰ
ਹੁਣ ਹੋਰ ਜ਼ਖ਼ਮੀ ਨਾ ਕਰੋ
ਆਉਣ ਵਾਲੇ ਸੂਰਜਾਂ ਦੀ
ਧੁੱਪ ਦੀ ਰਾਖੀ ਕਰੋ
ਇਹ ਜੋ ਸਾਡੀ ਖੁਦਕਸ਼ੀ ਦਾ
ਸਰਦ ਮੌਸਮ ਆ ਰਿਹੈ
ਏਸ ਮੌਸਮ ਤੋਂ ਬਚਣ ਦਾ
ਕੋਈ ਤਾਂ ਹੀਲਾ ਕਰੋ
ਏਸ ਮੌਸਮ ਦੀ ਤਲੀ ‘ਤੇ
ਕੋਈ ਤਾਂ ਸੂਰਜ ਧਰੋ।
ਦੋਸਤੋ ਅੱਜ ਦੋਸਤੀ ਦੀ
ਅਰਗਵਾਨੀ ਸ਼ਾਮ ‘ਤੇ
ਜੇ ਦੋਸਤ ਮੇਰੇ ਗੀਤ ਦੇ
ਅੱਜ ਪਾਕ ਹਰਫ਼ ਪੜ੍ਹ ਸਕੇ
ਜੇ ਦੋਸਤ ਅੱਜ ਦੀ ਦੋਸਤੀ
ਦੀ ਮੁਸਕਰਾਂਦੀ ਸ਼ਾਮ ‘ਤੇ
ਜੇ ਜੰਗ ਦੇ ਤੇ ਅਮਨ ਦੇ
ਅੱਜ ਠੀਕ ਅਰਥ ਕਰ ਸਕੇ
ਤਾਂ ਦੋਸਤਾਂ ਦੀ ਕਸਮ ਹੈ
ਮੈਂ ਦੋਸਤਾਂ ਲਈ ਮਰਾਂਗਾ
ਮੈਂ ਦੋਸਤੀ ਦੇ ਮੌਸਮਾਂ ਨੂੰ
ਹੋਰ ਗੂਹੜਾ ਕਰਾਂਗਾ
ਮੈਂ ਮਸੀਹਾ ਦੋਸਤੀ ਦਾ
ਰੋਜ਼ ਸੂਲੀ ਚੜ੍ਹਾਂਗਾ।
ਦੋਸਤੋ ਓ ਮਹਿਰਮੋੰ
ਓ ਸਾਥਿਓ ਓ ਬੇਲੀਓ
ਮੈਂ ਮੁਹੱਬਤ ਦੀ ਕਸਮ ਖਾ ਕੇ
ਇਹ ਵਾਅਦਾ ਕਰ ਰਿਹਾਂ
ਮੈਂ ਦੋਸਤੀ ਦੇ ਨਾਮ ਤੋਂ
ਸਭ ਕੁਝ ਨਿਛਾਵਰ ਕਰ ਰਿਹਾਂ
ਤੇ ਇਨਕਲਾਬ ਆਉਣ ਤਕ
ਮੈਂ ਰੋਜ਼ ਸੂਲੀ ਚੜ੍ਹ ਰਿਹਾਂ।