ਉਹ ਜਦ ਮਿਲਦਾ ਮੁਸਕਾਂਦਾ
ਤੇ ਗੱਲਾਂ ਕਰਦਾ ਹੈ
ਸਾਦ-ਮੁਰਾਦਾ ਆਸ਼ਕ ਚਿਹਰਾ
ਝਮ ਝਮ ਕਰਦਾ ਹੈ
ਨਿਰਮਲ ਚੋਅ ਦੇ ਜਲ ਵਿਚ
ਪਹੁ ਦਾ ਸੂਰਜ ਤਰਦਾ ਹੈ
ਕੁਹਰਾਈਆਂ ਅੱਖੀਆਂ ਵਿਚ
ਘਿਉ ਦਾ ਦੀਵਾ ਬਲਦਾ ਹੈ
ਲੋਕ ਗੀਤ ਦਾ ਬੋਲ
ਦੰਦਾਸੀ ਅੱਗ ਵਿਚ ਸੜਦਾ ਹੈ
ਬੂਰੀ ਆਈ ਅੰਬਾਂ ‘ਤੇ
ਪੁਰਵੱਈਆ ਵਗਦਾ ਹੈ
ਝਿੜੀਆਂ ਦੇ ਵਿਚ ਕਾਲਾ ਬੱਦਲ
ਛਮ ਛਮ ਵਰ੍ਹਦਾ ਹੈ
ਆਸ਼ਕ, ਪੀਰ, ਫਕੀਰ ਕੋਈ ਸਾਈਂ
ਦੋਹਰੇ ਪੜ੍ਹਦਾ ਹੈ
ਤਕੀਏ ਉੱਗਿਆ ਥੋਹਰ ਦਾ ਬੂਟਾ
ਚੁੱਪ ਤੋਂ ਡਰਦਾ ਹੈ
ਵਣਜਾਰੇ ਦੀ ਅੱਗ ਦਾ ਧੂਆਂ
ਥੇਹ ‘ਤੇ ਤਰਦਾ ਹੈ,
ਮੜ੍ਹੀਆਂ ਵਾਲਾ ਮੰਦਿਰ
ਰਾਤੀਂ ਗੱਲਾਂ ਕਰਦਾ ਹੈ।