ਆ ਸੱਜਣਾ ਤਕਦੀਰ ਦੇ ਬਾਗੀਂ,
ਕੱਚੀਆਂ ਕਿਰਨਾਂ ਪੈਲੀਂ ਪਾਈਏ !
ਆ ਹੋਠਾਂ ਦੀ ਸੰਘਣੀ ਛਾਂਵੇ,
ਸੋਹਲ ਮੁਸਕੜੀ ਬਣ ਸੌਂ ਜਾਈਏ !
ਆ ਨੈਣਾਂ ਦੇ ਨੀਲ-ਸਰਾਂ ਚੋਂ
ਚੁਗ ਚੁਗ ਮਹਿੰਗੇ ਮੋਤੀ ਖਾਈਏ !
ਆ ਸੱਜਣਾ ਤਕਦੀਰ ਦੇ ਬਾਗੀਂ,
ਕੱਚੀਆਂ ਕਿਰਨਾਂ ਪੈਲੀਂ ਪਾਈਏ !
ਆ ਸੱਜਣਾ ਤੇਰੇ ਸੌਂਫੀ ਸਾਹ ਦਾ,
ਪੱਤਝੜ ਨੂੰ ਇਕ ਜਾਮ ਪਿਆਈਏ !
ਆ ਕਿਸਮਤ ਦੀ ਟਾਹਣੀ ਉੱਤੋਂ,
ਅਕਲਾਂ ਦਾ ਅਜ ਕਾਗ ਉਡਾਈਏ !
ਆ ਅਜ ਖੁਸ਼ੀ-ਮਤੱਈ-ਮਾਂ ਦੇ,
ਪੈਰੀਂ ਆਪਣੇ ਸੀਸ ਨਿਵਾਈਏ !
ਆ ਸੱਜਣਾ ਤਕਦੀਰ ਦੇ ਬਾਗੀਂ,
ਕੱਚੀਆਂ ਕਿਰਨਾਂ ਪੈਲੀਂ ਪਾਈਏ !
ਆ ਸੱਜਣਾ ਅਜ ਮਹਿਕਾਂ ਕੋਲੋਂ,
ਮਾਲੀ ਕੋਈ ਜਿਬਾ ਕਰਾਈਏ !
ਆ ਪੁੰਨਿਆਂ ਦੀ ਰਾਤੇ ਰੋਂਦੀ,
ਚਕਵੀ ਕੋਈ ਮਾਰ ਮੁਕਾਈਏ !
ਆ ਉਮਰਾਂ ਦੀ ਚਾਦਰ ਉੱਤੇ,
ਫੁੱਲ ਫੇਰਵੇਂ ਗਮ ਦੇ ਪਾਈਏ !
ਆ ਸੱਜਣਾ ਤਕਦੀਰ ਦੇ ਬਾਗੀਂ,
ਕੱਚੀਆਂ ਕਿਰਨਾਂ ਪੈਲੀਂ ਪਾਈਏ !
ਆ ਸੱਜਣਾ ਹਰ ਸਾਹ ਦੇ ਮੱਥੇ,
ਪੈੜਾਂ ਦੀ ਅਜ ਦੌਣੀ ਲਾਈਏ !
ਹਰ ਰਾਹੀ ਦੇ ਨੈਣਾਂ ਦੇ ਵਿਚ,
ਚੁਟਕੀ ਚੁਟਕੀ ਚਾਨਣ ਪਾਈਏ !
ਹਰ ਮੰਜ਼ਲ ਦੇ ਪੈਰਾਂ ਦੇ ਵਿਚ
ਸੂਲਾਂ ਦੀ ਪੰਜੇਵ ਪੁਆਈਏ !
ਆ ਸੱਜਣਾ ਤਕਦੀਰ ਦੇ ਬਾਗੀਂ,
ਕੱਚੀਆਂ ਕਿਰਨਾਂ ਪੈਲੀਂ ਪਾਈਏ !
ਆ ਸੱਜਣਾ ਅਜ ਦਿਲ ਦੇ ਦਿਲ ਵਿਚ
ਬਿਰਹੋਂ ਦਾ ਇਕ ਬੀਜ ਬਿਜਾਈਏ !
ਛਿੰਦੀਆਂ ਪੀੜਾਂ ਲਾਡਲੀਆਂ ਦੇ,
ਆ ਯਾਦਾਂ ਤੋਂ ਸੀਸ ਗੁੰਦਾਈਏ !
ਆ ਸੱਜਣਾ ਅਜ ਦਿਲ ਦੀ ਸੇਜੇ,
ਮੋਈਆਂ ਕਲੀਆਂ ਭੁੰਜੇ ਲਾਹੀਏ !
ਆ ਸੱਜਣਾ ਤਕਦੀਰ ਦੇ ਬਾਗੀਂ,
ਕੱਚੀਆਂ ਕਿਰਨਾਂ ਪੈਲੀਂ ਪਾਈਏ !
ਆ ਸੱਜਣਾ ਅੱਜ ਗੀਤਾਂ ਕੋਲੋਂ,
ਪੀੜ -ਕੰਜਕ ਦੇ ਪੈਰ ਧੁਆਈਏ !
ਆ ਅਜ ਕੰਡੀਆਂ ਦੇ ਕੰਨ ਵਿੱਨੀਏ,
ਵਿੱਚ ਫੁੱਲਾਂ ਦੀਆਂ ਨੱਤੀਆਂ ਪਾਈਏ !
ਆ ਨੱਚੀਏ ਕੋਈ ਨਾਚ ਅਲੌਕਿਕ,
ਸਾਹਾਂ ਦੀ ਮਿਰਦੰਗ ਬਜਾਈਏ !
ਆ ਸੱਜਣਾ ਤਕਦੀਰ ਦੇ ਬਾਗੀਂ,
ਕੱਚੀਆਂ ਕਿਰਨਾਂ ਪੈਲੀਂ ਪਾਈਏ !
ਆ ਸੱਜਣਾ ਤਕਦੀਰ ਦੇ ਬਾਗੀਂ,
ਕੱਚੀਆਂ ਕਿਰਨਾਂ ਪੈਲੀਂ ਪਾਈਏ !
ਆ ਹੋਠਾਂ ਦੀ ਸੰਘਣੀ ਛਾਂਵੇ,
ਸੋਹਲ ਮੁਸਕੜੀ ਬਣ ਸੌਂ ਜਾਈਏ !
ਆ ਨੈਣਾਂ ਦੇ ਨੀਲ-ਸਰਾਂ ਚੋਂ
ਚੁਗ ਚੁਗ ਮਹਿੰਗੇ ਮੋਤੀ ਖਾਈਏ !
ਆ ਸੱਜਣਾ ਤਕਦੀਰ ਦੇ ਬਾਗੀਂ,
ਕੱਚੀਆਂ ਕਿਰਨਾਂ ਪੈਲੀਂ ਪਾਈਏ....