ਮੈਂ ਬਨਵਾਸੀ, ਮੈਂ ਬਨਵਾਸੀ
ਆਈਆ ਭੋਗਣ ਜੂਨ ਚੂਰਾਸੀ
ਕੋਈ ਲਛਮਣ ਨਹੀਂ ਮੇਰਾ ਸਾਥੀ
ਨਾ ਮੈਂ ਰਾਮ ਅਯੁੱਧਿਆ ਵਾਸੀ
ਮੈਂ ਬਨਵਾਸੀ, ਮੈਂ ਬਨਵਾਸੀ !
ਨਾ ਮੇਰਾ ਪੰਚ-ਵਟੀ ਵਿੱਚ ਡੇਰਾ
ਨਾ ਕੋਈ ਰਾਵਣ ਦੁਸ਼ਮਣ ਮੇਰਾ
ਕਣਕ-ਕਕਈ-ਮਾਂ ਦੀ ਖਾਤਿਰ
ਮੈਥੋਂ ਦੂਰ ਵਤਨ ਹੈ ਮੇਰਾ
ਪੱਕੀ ਸੜਕ ਦੀ ਪਟੜੀ ਉੱਤੇ
ਸੌਦਿਆਂ ਦੂਜਾ ਵਰਾ ਹੈ ਮੇਰਾ
ਮੇਰੇ ਖਾਬਾਂ ਵਿਚ ਰੋਂਦੀ ਏ
ਮੇਰੀ ਦੋ ਵਰਿਆਂ ਦੀ ਕਾਕੀ
ਜੀਕਣ ਪੌਣ ਸਰਕੜੇ ਵਿਚੋਂ
ਲੰਘ ਜਾਂਦੀ ਅੱਧੀ ਰਾਤੀਂ
ਮੈਂ ਬਨਵਾਸੀ, ਮੈਂ ਬਨਵਾਸੀ !
ਕੋਈ ਸਗਰੀਵ ਨਹੀਂ ਮੇਰਾ ਮਹਿਰਮ
ਨਾ ਕੋਈ ਪਵਨ-ਪੁੱਤ ਮੇਰਾ ਬੇਲੀ
ਨਾ ਕੋਈ ਨਖਾ ਹੀ ਕਾਮ ਦੀ ਖਾਤਿਰ
ਆਈ ਮੇਰੀ ਬਣ ਸਹੇਲੀ !
ਮੇਰੀ ਤਾਂ ਇਕ ਬੁੱਢੀ ਮਾਂ ਹੈ
ਜਿਸ ਨੂੰ ਮੇਰੀ ਹੀ ਬੱਸ ਛਾਂ ਹੈ
ਦਿਨ ਭਰ ਥੁੱਕੇ ਦਿੱਕ ਦੇ ਕੀੜੇ
ਜਿਸ ਦੀ ਬੱਸ ਲਬਾਂ ਤੇ ਜਾਂ ਹੈ
ਜਾਂ ਉਹਦੀ ਇਕ ਮੋਰਨੀ ਧੀ ਹੈ
ਜਿਸ ਦੇ ਵਰ ਲਈ ਲੱਭਣੀ ਥਾਂ ਹੈ
ਜਾਂ ਫਿਰ ਅਨਪੜ ਬੁੱਢਾ ਪਿਉ ਹੈ
ਜੋ ਇਕ ਮਿੱਲ ਵਿਚ ਹੈ ਚਪੜਾਸੀ
ਖਾਕੀ ਜਿਦੇ ਪਜਾਮੇ ਉੱਤੇ
ਲੱਗੀ ਹੋਈ ਹੈ ਚਿੱਟੀ ਟਾਕੀ !
ਕੋਈ ਭੀਲਣੀ ਨਹੀਂ ਮੇਰੀ ਦਾਸੀ !
ਨਾ ਮੇਰੀ ਸੀਤਾ ਕਿਤੇ ਗਵਾਚੀ !
ਮੇਰੀ ਸੀਤਾ ਕਰਮਾਂ ਮਾਰੀ
ਉਹ ਨਹੀ ਜਨਕ-ਦੁਲਾਰੀ
ਉਹ ਹੈ ਧੁਰ ਤੋਂ ਫਾਕਿਆਂ ਮਾਰੀ
ਪੀਲੀ ਪੀਲੀ ਮਾੜੀ ਮਾੜੀ
ਜੀਕਣ ਪੋਹਲੀ ਮਗਰੋਂ ਹਾੜੀ
ਪੋਲੇ ਪੈਰੀਂ ਟੁਰੇ ਵਿਚਾਰੀ
ਜਨਮ ਜਨਮ ਦੀ ਪੈਰੋਂ ਭਾਰੀ !
ਹਾਏ ਗੁਰਬਤ ਦੀ ਉੱਚੀ ਘਾਟੀ
ਕੀਕਣ ਪਾਰ ਕਰੇਗੀ ਸ਼ਾਲਾ-
ਉਹਦੀ ਤਰੀਮਤ-ਪਨ ਦੀ ਡਾਚੀ ?
ਹਿੱਕ ਸੰਗ ਲਾ ਕੇ ਮੇਰੀ ਕਾਕੀ ?
ਇਹ ਮੈਂ ਅੱਜ ਕੀ ਸੋਚ ਰਿਹਾ ਹਾਂ
ਕਿਉਂ ਦੁਖਦੀ ਹੈ ਮੇਰੀ ਛਾਤੀ ?
ਕਿਉਂ ਅੱਕ ਹੋ ਗਈ ਲੋਹੇ-ਲਾਖੀ !
ਮੈਂ ਉਹਦੀ ਅਗਨ ਪਰਿਖਿਆ ਲੈਸਾਂ
ਨਹੀਂ, ਇਹ ਤਾਂ ਹੈ ਗੁਸਤਾਖੀ
ਉਸ ਅੱਗ ਦੇ ਵਿਚ ਉਹ ਸੜ ਜਾਸੀ !
ਮੇਰੇ ਖਾਬਾਂ ਵਿਚ ਰੋਂਦੀ ਹੈ
ਮੇਰੀ ਦੋ ਵਰਿਆਂ ਦੀ ਕਾਕੀ
ਹਰ ਪਲ ਵੱਧਦੀ ਜਾਏ ਉਦਾਸੀ
ਜੀਕਣ ਵਰਦੇ ਬੱਦਲਾਂ ਦੇ ਵਿਚ
ਉੱਡਦੇ ਜਾਂਦੇ ਹੋਵਣ ਪੰਡੀ
ਮੱਠੀ ਮੱਠੀ ਟੋਰ ਨਿਰਾਸੀ !
ਮੈਂ ਬਨਵਾਸੀ, ਮੈਂ ਬਨਵਾਸੀ !...